ਪੰਨਾ ਨ: ੪੮੬
ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ਸਤਿਗੁਰ ਪ੍ਰਸਾਦਿ॥
   
ਕਹਾ ਭਇਓ, ਜਉ ਤਨੁ ਭਇਓ ਛਿਨੁ ਛਿਨੁ ॥
ਪ੍ਰੇਮੁ ਜਾਇ, ਤਉ ਡਰਪੈ ਤੇਰੋ ਜਨੁ ॥੧॥
ਤੁਝਹਿ ਚਰਨ ਅਰਬਿੰਦ ਭਵਨ ਮਨੁ ॥
ਪਾਨ ਕਰਤ ਪਾਇਓ, ਪਾਇਓ ਰਾਮਈਆ ਧਨੁ ॥੧॥ ਰਹਾਉ ॥

ਸੰਪਤਿ ਬਿਪਤਿ ਪਟਲ ਮਾਇਆ ਧਨੁ ॥
ਤਾ ਮਹਿ ਮਗਨ, ਹੋਤ ਨ ਤੇਰੋ ਜਨੁ ॥੨॥
ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥
ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥
ਕਹਾ ਭਇਓ — ਕੀਹ ਹੋਇਆ ? ਕੋਈ ਪਰਵਾਹ ਨਹੀਂ । ਜਉ — ਜੇ । ਤਨੁ — ਸਰੀਰ । ਛਿਨੁ ਛਿਨੁ — ਰਤਾ ਰਤਾ, ਟੋਟੇ ਟੋਟੇ । ਤਉ — ਤਦੋਂ, ਤਾਂ ਹੀ । ਡਰਪੈ — ਡਰਦਾ ਹੈ । ਜਨੁ — ਦਾਸ ।੧। ਤੁਝਹਿ — ਤੇਰੇ । ਅਰਬਿੰਦ — ਕਉਲ ਫੁੱਲ । ਚਰਨ ਅਰਬਿੰਦ — ਚਰਨ ਕਮਲ, ਕਉਲ ਫੁੱਲਾਂ ਵਰਗੇ ਸੋਹਣੇ ਚਰਨ । ਭਵਨ — ਟਿਕਾਣਾ । ਪਾਨ ਕਰਤ — ਪੀਂਦਿਆਂ । ਪਾਇਓ ਪਾਇਓ — ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ । ਰਾਮਈਆ ਧਨੁ — ਸੋਹਣੇ ਰਾਮ ਦਾ (ਨਾਮ-ਰੂਪ) ਧਨ ।੧। ਰਹਾਉ । ਸੰਪਤਿ —  ਧਨ ਦੀ ਬਹੁਲਤਾ । ਬਿਪਤਿ — ਬਿਪਤਾ, ਮੁਸੀਬਤ । ਪਟਲ — ਪਰਦੇ । ਤਾ ਮਹਿ — ਇਹਨਾਂ ਵਿਚ ।੨। ਜੇਵਰੀ — ਰੱਸੀ (ਨਾਲ) । ਕਹਿ — ਕਹੇ, ਆਖਦਾ ਹੈ । ਛੂਟਿਬੋ — ਖ਼ਲਾਸੀ ਪਾਣ ਦਾ । ਕਵਨ ਗੁਨ — ਕੀਹ ਲਾਭ ? ਕੀਹ ਲੋੜ ? ਲੋੜ ਨਹੀਂ, ਮੇਰਾ ਜੀ ਨਹੀਂ ਕਰਦਾ ।੩।
ਕਹਾ ਭਇਓ, ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ, ਤਉ ਡਰਪੈ ਤੇਰੋ ਜਨੁ ॥੧॥
ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ ।
ਹੇ ਰਾਮ ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ।੧।

ਤੁਝਹਿ ਚਰਨ ਅਰਬਿੰਦ ਭਵਨ ਮਨੁ ॥
ਪਾਨ ਕਰਤ ਪਾਇਓ, ਪਾਇਓ ਰਾਮਈਆ ਧਨੁ ॥੧॥ ਰਹਾਉ ॥

ਮੇਰਾ ਮਨ ਕਉਲ ਫੁੱਲ ਵਰਗੇ ਸੋਹਣੇ ਤੇਰੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ;
(ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ ।੧।ਰਹਾਉ ।

ਸੰਪਤਿ ਬਿਪਤਿ ਪਟਲ ਮਾਇਆ ਧਨੁ ॥ ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥੨॥

ਸੌਖ, ਬਿਪਤਾ, ਧਨ — ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ); ਹੇ ਪ੍ਰਭੂ ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ।੨।

ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥ ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥
ਰਵਿਦਾਸ ਜੀ ਆਖਦੇ ਹਨ — ਹੇ ਪ੍ਰਭੂ ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ । ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ।੩।੪।