ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ ॥੧॥ ਮਾਧੋ, ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥੧॥ ਰਹਾਉ ॥ ਤ੍ਰਿਗਦ ਜੋਨਿ ਅਚੇਤ, ਸੰਭਵ ਪੁੰਨ ਪਾਪ ਅਸੋਚ ॥ ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ ॥੨॥ ਜੀਅ ਜੰਤ ਜਹਾ ਜਹਾ ਲਗੁ, ਕਰਮ ਕੇ ਬਸਿ ਜਾਇ ॥ ਕਾਲ ਫਾਸ ਅਬਧ ਲਾਗੇ, ਕਛੁ ਨ ਚਲੈ ਉਪਾਇ ॥੩॥ ਰਵਿਦਾਸ ਦਾਸ, ਉਦਾਸ, ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ ਭਗਤ ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ ॥੪॥੧॥ |
ਪਦ ਅਰਥ : — ਮ੍ਰਿਗ — ਹਰਨ । ਮੀਨ — ਮੱਛੀ । ਭ੍ਰਿੰਗ — ਭੌਰਾ । ਪਤੰਗ — ਭੰਬਟ । ਕੁੰਚਰ — ਹਾਥੀ । ਦੋਖ — ਐਬ (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ) । ਅਸਾਧ — ਜੋ ਵੱਸ ਵਿਚ ਨਾ ਆ ਸਕਣ । ਜਾ ਮਹਿ — ਜਿਸ (ਮਨੁੱਖ) ਵਿਚ ।੧। ਮਾਧੋ — {ਮਾਧਵ} ਹੇ ਮਾਇਆ ਦੇ ਪਤੀ ਪ੍ਰਭੂ ! ਅਬਿਦਿਆ — ਅਗਿਆਨਤਾ । ਹਿਤ — ਮੋਹ, ਪਿਆਰ । ਮਲੀਨ — ਮੈਲਾ, ਧੁੰਧਲਾ ।੧।ਰਹਾਉ। ਤ੍ਰਿਗਦ ਜੋਨਿ — ਉਹਨਾਂ ਜੂਨਾਂ ਦੇ ਜੀਵ ਜੋ ਵਿੰਗੇ ਹੋ ਕੇ ਤੁਰਦੇ ਹਨ, ਪਸ਼ੂ ਆਦਿਕ । ਅਚੇਤ — ਗ਼ਾਫ਼ਲ; ਰੱਬ ਵਲੋਂ ਗ਼ਾਫ਼ਲ, ਵਿਚਾਰ-ਹੀਣ । ਅਸੋਚ — ਸੋਚ-ਰਹਿਤ, ਬੇ-ਪਰਵਾਹ । ਸੰਭਵ — ਮੁਮਕਿਨ, ਕੁਦਰਤੀ । ਅਵਤਾਰ — ਜਨਮ । ਪੋਚ — ਨੀਚ । ਤਿਹੀ — ਇਸ ਦੀ ਭੀ ।੨। ਜਾਇ — ਜਨਮ ਲੈ ਕੇ, ਜੰਮ ਕੇ । ਅਬਧ — ਅ+ਬਧ, ਜੋ ਨਾਹ ਨਾਸ ਹੋ ਸਕੇ । ਉਪਾਇ — ਹੀਲਾ ।੩। ਨਿਦਾਨ — ਆਖ਼ਰ । ਉਦਾਸ — ਵਿਕਾਰਾਂ ਤੋਂ ਉਪਰਾਮ ।੪। |
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ ॥੧॥ ਹਰਨ, ਮੱਛੀ, ਭੌਰਾ, ਭੰਬਟ, ਹਾਥੀ — ਇਕ ਇਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ ? ।੧। ਮਾਧੋ, ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥੧॥ ਰਹਾਉ ॥ ਹੇ ਪ੍ਰਭੂ ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ; ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ।੧।ਰਹਾਉ। ਤ੍ਰਿਗਦ ਜੋਨਿ ਅਚੇਤ, ਸੰਭਵ ਪੁੰਨ ਪਾਪ ਅਸੋਚ ॥ ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ ॥੨॥ ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ; ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤਿ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ।੨। ਜੀਅ ਜੰਤ ਜਹਾ ਜਹਾ ਲਗੁ, ਕਰਮ ਕੇ ਬਸਿ ਜਾਇ ॥ ਕਾਲ ਫਾਸ ਅਬਧ ਲਾਗੇ, ਕਛੁ ਨ ਚਲੈ ਉਪਾਇ ॥੩॥ ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ, ਸਾਰੇ ਜੀਅ ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ ।੩। ਰਵਿਦਾਸ ਦਾਸ, ਉਦਾਸ, ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ ਭਗਤ ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ ॥੪॥੧॥ ਹੇ ਰਵਿਦਾਸ ! ਹੇ ਪ੍ਰਭੂ ਦੇ ਦਾਸ ਰਵਿਦਾਸ ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ । ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ੋ (ਮੈਂ ਤੇਰੀ ਸਰਨ ਆਇਆ ਹਾਂ) ।੪।੧। |