ਪੰਨਾ ਨ: ੩੪੬
ਗਉੜੀ ਬੈਰਾਗਣਿ, ਰਵਿਦਾਸ ਜੀਉ ॥
ੴ ਸਤਿਗੁਰ ਪ੍ਰਸਾਦਿ
   
ਸਤਜੁਗਿ ਸਤੁ, ਤੇਤਾ ਜਗੀ, ਦੁਆਪਰਿ ਪੂਜਾਚਾਰ ॥
ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ ਅਧਾਰ ॥੧॥
ਪਾਰੁ ਕੈਸੇ ਪਾਇਬੋ ਰੇ ॥
ਮੋ ਸਉ ਕੋਊ ਨ ਕਹੈ ਸਮਝਾਇ ॥
ਜਾ ਤੇ ਆਵਾਗਵਨੁ ਬਿਲਾਇ ॥੧॥ ਰਹਾਉ ॥
ਬਹੁ ਬਿਧਿ ਧਰਮ ਨਿਰੂਪੀਐ, ਕਰਤਾ ਦੀਸੈ ਸਭ ਲੋਇ ॥
ਕਵਨ ਕਰਮ ਤੇ ਛੂਟੀਐ, ਜਿਹ ਸਾਧੇ ਸਭ ਸਿਧਿ ਹੋਇ ॥੨॥
ਕਰਮ ਅਕਰਮ ਬੀਚਾਰੀਐ, ਸੰਕਾ ਸੁਨਿ ਬੇਦ ਪੁਰਾਨ ॥
ਸੰਸਾ ਸਦ ਹਿਰਦੈ ਬਸੈ, ਕਉਨੁ ਹਿਰੈ ਅਭਿਮਾਨੁ ॥੩॥
ਬਾਹਰੁ ਉਦਕਿ ਪਖਾਰੀਐ, ਘਟ ਭੀਤਰਿ ਬਿਬਿਧਿ ਬਿਕਾਰ ॥
ਸੁਧ ਕਵਨ ਪਰ ਹੋਇਬੋ, ਸੁਚ ਕੁੰਚਰ ਬਿਧਿ ਬਿਉਹਾਰ ॥੪॥
ਰਵਿ ਪ੍ਰਗਾਸ ਰਜਨੀ ਜਥਾ ਗਤਿ, ਜਾਨਤ ਸਭ ਸੰਸਾਰ ॥
ਪਾਰਸ ਮਾਨੋ ਤਾਬੋ ਛੁਏ, ਕਨਕ ਹੋਤ ਨਹੀ ਬਾਰ ॥੫॥
ਪਰਮ ਪਰਸ ਗੁਰੁ ਭੇਟੀਐ, ਪੂਰਬ ਲਿਖਤ ਲਿਲਾਟ ॥
ਉਨਮਨ ਮਨ ਮਨ ਹੀ ਮਿਲੇ, ਛੁਟਕਤ ਬਜਰ ਕਪਾਟ ॥੬॥
ਭਗਤਿ ਜੁਗਤਿ ਮਤਿ ਸਤਿ ਕਰੀ, ਭ੍ਰਮ ਬੰਧਨ ਕਾਟਿ ਬਿਕਾਰ ॥
ਸੋਈ ਬਸਿ ਰਸਿ ਮਨ ਮਿਲੇ, ਗੁਨ ਨਿਰਗੁਨ ਏਕ ਬਿਚਾਰ ॥੭॥
ਅਨਿਕ ਜਤਨ ਨਿਗ੍ਰਹ ਕੀਏ, ਟਾਰੀ ਨ ਟਰੈ ਭ੍ਰਮ ਫਾਸ ॥
ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ ॥੮॥੧॥
ਪਦ ਅਰਥ : — ਸਤਜੁਗਿ — ਸਤਜੁਗ ਵਿਚ । ਸਤੁ — ਦਾਨ, ਸ਼ਾਸਤ੍ਰਾਂ ਦੀ ਵਿਧੀ ਅਨੁਸਾਰ ਕੀਤੇ ਹੋਏ ਦਾਨ ਆਦਿਕ ਕਰਮ । ਤੇਤਾ ਜਗੀ — ਤ੍ਰੇਤਾ ਜੁਗ ਜੁੱਗਾਂ ਵਿਚ (ਪ੍ਰਵਿਰਤ ਹੈ) । ਦੁਆਪਰਿ — ਦੁਆਪਰ ਵਿਚ । ਪੂਜਾਚਾਰ — ਪੂਜਾ ਆਚਾਰ, ਦੇਵਤਿਆਂ ਦੀ ਪੂਜਾ ਆਦਿਕ ਕਰਮ । ਦਿੜੇ — ਦ੍ਰਿੜ੍ਹ ਕਰ ਰਹੇ ਹਨ, ਪਕਿਆਈ ਕਰ ਰਹੇ ਹਨ, ਜ਼ੋਰ ਦੇ ਰਹੇ ਹਨ । ਨਾਮ ਅਧਾਰ — (ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਅਵਤਾਰ ਦੇ) ਨਾਮ ਦਾ ਆਸਰਾ, ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਵਿਚ ਸੁਰਤਿ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ ।੧। ਪਾਰੁ — ਸੰਸਾਰ-ਸਮੁੰਦਰ ਦਾ ਪਾਰਲਾ ਕੰਢਾ । ਪਾਇਬੋ — ਪਾਉਗੇ । ਰੇ — ਹੇ ਭਾਈ ! ਹੇ ਪੰਡਿਤ ! ਮੋ ਸਉ — ਮੈਨੂੰ । ਕੋਊ — ਇਹਨਾਂ ਕਰਮ-ਕਾਂਡੀ ਪੰਡਿਤਾਂ ਵਿਚੋਂ ਕੋਈ ਭੀ । ਆਵਾਗਵਨੁ — ਜੰਮਣਾ ਮਰਨਾ, ਜਨਮ ਮਰਨ ਦਾ ਗੇੜ । ਬਿਲਾਇ — ਦੂਰ ਹੋ ਜਾਏ ।੧।ਰਹਾਉ ।ਬਹੁ ਬਿਧਿ — ਕਈ ਤਰੀਕਿਆਂ ਨਾਲ । ਬਿਧਿ — ਵਿਧੀ, ਤਰੀਕਾ । ਧਰਮ — ਸ਼ਾਸਤ੍ਰਾਂ ਅਨੁਸਾਰ ਦੱਸੇ ਹੋਏ ਹਰੇਕ ਵਰਨ ਆਸ਼ਰਮ ਦੇ ਵੱਖ ਵੱਖ ਕਰਤੱਬ । ਨਿਰੂਪੀਐ — ਮਿਥੇ ਗਏ ਹਨ, ਹੱਦ-ਬੰਦੀ ਕੀਤੀ ਗਈ ਹੈ । ਸਭ ਲੋਇ — ਸਾਰਾ ਜਗਤ । ਕਰਤਾ ਦੀਸੈ — ਉਹਨਾਂ ਧਾਰਮਿਕ ਰਸਮਾਂ ਨੂੰ ਕਰਦਾ ਦਿੱਸ ਰਿਹਾ ਹੈ । ਜਿਹ ਸਾਧੇ — ਜਿਸ ਦੇ ਸਾਧਨ ਨਾਲ, ਜਿਸ ਧਾਰਮਿਕ ਰਸਮ ਦੇ ਕਰਨ ਨਾਲ । ਸਿਧਿ — ਕਾਮਯਾਬੀ, ਮਨੁੱਖਾ ਜਨਮ ਦੇ ਮਨੋਰਥ ਦੀ ਸਫਲਤਾ ।੨। ਕਰਮ — ਉਹ ਧਾਰਮਿਕ ਰਸਮਾਂ ਜੋ ਸ਼ਾਸਤ੍ਰਾਂ ਨੇ ਨਿਯਮ ਕੀਤਿਆਂ ਹਨ । ਅਕਰਮ — ਅ+ਕਰਮ, ਉਹ ਕੰਮ ਜੋ ਸ਼ਾਸਤ੍ਰਾਂ ਨੇ ਵਰਜੇ ਹੋਏ ਹਨ । ਸੁਨਿ — ਸੁਣ ਕੇ । ਸੰਸਾ — ਸੰਹਸਾ, ਸਹਿਮ, ਫ਼ਿਕਰ । ਹਿਰੈ — ਦੂਰ ਕਰੇ ।੩। ਬਾਹਰੁ — (ਸਰੀਰ ਦਾ) ਬਾਹਰਲਾ ਪਾਸਾ {ਨੋਟ : — ਲਫ਼ਜ਼ 'ਬਾਹਰੁ' ਅਤੇ 'ਬਾਹਰਿ' ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ । 'ਬਾਹਰੁ' ਨਾਂਵ ਹੈ, ਅਤੇ 'ਬਾਹਰਿ, ਕ੍ਰਿਆ ਵਿਸ਼ੇਸ਼ਣ ਹੈ} । ਉਦਕਿ — ਉਦਕ ਨਾਲ, ਪਾਣੀ ਨਾਲ । ਪਖਾਰੀਐ — ਧੋ ਦੇਈਏ । ਘਟ — ਹਿਰਦਾ । ਬਿਬਿਧਿ — ਵਿ+ਵਿਧਿ, ਕਈ ਵਿਧੀਆਂ ਦੇ, ਕਈ ਕਿਸਮ ਦੇ । ਹੋਇਬੋ — ਹੋਵੋਗੇ । ਕੁੰਚਰ — ਹਾਥੀ । ਬਿਉਹਾਰ — ਵਿਹਾਰ, ਕੰਮ ।੪। ਰਵਿ — ਸੂਰਜ । ਰਜਨੀ — ਰੈਣਿ, ਰਾਤ । ਜਥਾ ਗਤਿ — ਜਿਵੇਂ ਦੂਰ ਹੋ ਜਾਂਦੀ ਹੈ । ਮਾਨੋ — ਜਾਣੋ । ਕਨਕ — ਸੋਨਾ । ਹੋਤ ਨਹੀ ਬਾਰ — ਚਿਰ ਨਹੀਂ ਲੱਗਦਾ ।੫। ਪਰਮ ਪਰਸ — ਸਭ ਪਾਰਸਾਂ ਤੋਂ ਵਧੀਆ ਪਾਰਸ । ਭੇਟੀਐ — ਮਿਲ ਪਏ । ਲਿਲਾਟ — ਮੱਥੇ ਉੱਤੇ । ਉਨਮਨ — ਤਾਂਘ  ਤਾਂਘ-ਭਰਿਆ । ਉਨਮਨ ਮਨ — ਉਹ ਹਿਰਦਾ ਜਿਸ ਵਿਚ ਪ੍ਰਭੂ-ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ ।ਮਨ ਹੀ — ਮਨਿ ਹੀ, ਮਨ ਵਿਚ ਹੀ, ਅੰਦਰ ਹੀ, ਅੰਤਰ-ਆਤਮੇ ਹੀ । ਬਜਰ — ਕਰੜੇ, ਸਖ਼ਤ, ਪੱਕੇ । ਕਪਾਟ — ਕਵਾੜ, ਦਰਵਾਜ਼ੇ ਦੇ ਭਿੱਤ ।੬। ਜੁਗਤਿ — ਤਰੀਕਾ, ਸਾਧਨ । ਭਗਤਿ ਜੁਗਤਿ — ਬੰਦਗੀ-ਰੂਪ ਸਾਧਨ (ਵਰਤ ਕੇ) । ਮਤਿ — ਬੁੱਧੀ, ਅਕਲ । ਸਤਿ ਕਰੀ — ਪੱਕੀ ਕਰ ਲਈ, ਦ੍ਰਿੜ੍ਹ ਕਰ ਲਈ, ਮਾਇਆ ਵਿਚ ਡੋਲਣ ਤੋਂ ਰੋਕ ਲਈ । ਕਾਟਿ — ਕੱਟ ਕੇ । ਸੋਈ — ਉਹੀ ਮਨੁੱਖ । ਬਸਿ — ਵੱਸ ਕੇ, ਟਿਕ ਕੇ, ਪ੍ਰਭੂ ਦੀ ਯਾਦ ਵਿਚ ਟਿਕ ਕੇ । ਰਸਿ — ਆਨੰਦ ਨਾਲ । ਮਨ ਮਿਲੇ — ਮਨ ਹੀ ਮਿਲੇ, ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦੇ ਹਨ । ਨਿਰਗੁਨ — ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਪ੍ਰਭੂ । ਗੁਨ ਬਿਚਾਰ — ਗੁਣਾਂ ਦੀ ਵਿਚਾਰ, ਗੁਣਾਂ ਦੀ ਯਾਦ ।੭। ਨਿਗ੍ਰਹ — ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਵਿਕਾਰਾਂ ਵਲੋਂ ਰੋਕਣਾ । ਟਾਰੀ ਨ ਟਰੈ  ਟਾਲਿਆਂ ਟਲਦੀ ਨਹੀਂ । ਭ੍ਰਮ ਫਾਸ — ਭਟਕਣਾ ਦੀ ਫਾਹੀ । ਪ੍ਰੇਮ ਭਗਤਿ — ਪਿਆਰ-ਭਰੀ ਯਾਦ, ਪ੍ਰਭੂ ਦੀ ਪਿਆਰ-ਭਰੀ ਯਾਦ । ਉਦਾਸ — ਇਹਨਾਂ ਜਤਨਾਂ ਤੋਂ ਉਪਰਾਮ, ਇਹਨਾਂ ਕਰਮਾਂ ਧਰਮਾਂ ਤੋਂ ਉਪਰਾਮ । ੮ ।
ਸਤਜੁਗਿ ਸਤੁ, ਤੇਤਾ ਜਗੀ, ਦੁਆਪਰਿ ਪੂਜਾਚਾਰ ॥
ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ ਅਧਾਰ ॥੧॥

(ਹੇ ਪੰਡਿਤ ਜੀ ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤੇ੍ਰਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ; (ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ।੧।

ਪਾਰੁ ਕੈਸੇ ਪਾਇਬੋ ਰੇ ॥ ਮੋ ਸਉ ਕੋਊ ਨ ਕਹੈ ਸਮਝਾਇ ॥ ਜਾ ਤੇ ਆਵਾਗਵਨੁ ਬਿਲਾਇ ॥੧॥ ਰਹਾਉ ॥

ਪਰ, ਹੇ ਪੰਡਿਤ ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ ? (ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ, ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ।੧।ਰਹਾਉ।

ਬਹੁ ਬਿਧਿ ਧਰਮ ਨਿਰੂਪੀਐ, ਕਰਤਾ ਦੀਸੈ ਸਭ ਲੋਇ ॥
ਕਵਨ ਕਰਮ ਤੇ ਛੂਟੀਐ, ਜਿਹ ਸਾਧੇ ਸਭ ਸਿਧਿ ਹੋਇ ॥੨॥

(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ । ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ ? (ਇਹ ਗੱਲ ਤੁਸੀ ਨਹੀਂ ਦੱਸ ਸਕੇ) ।੨।

ਕਰਮ ਅਕਰਮ ਬੀਚਾਰੀਐ, ਸੰਕਾ ਸੁਨਿ ਬੇਦ ਪੁਰਾਨ ॥
ਸੰਸਾ ਸਦ ਹਿਰਦੈ ਬਸੈ, ਕਉਨੁ ਹਿਰੈ ਅਭਿਮਾਨੁ ॥੩॥

ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ । ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ । (ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ ? ।੩।

ਬਾਹਰੁ ਉਦਕਿ ਪਖਾਰੀਐ, ਘਟ ਭੀਤਰਿ ਬਿਬਿਧਿ ਬਿਕਾਰ ॥
ਸੁਧ ਕਵਨ ਪਰ ਹੋਇਬੋ, ਸੁਚ ਕੁੰਚਰ ਬਿਧਿ ਬਿਉਹਾਰ ॥੪॥

(ਹੇ ਪੰਡਿਤ ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ, (ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ।੪।

ਰਵਿ ਪ੍ਰਗਾਸ ਰਜਨੀ ਜਥਾ ਗਤਿ, ਜਾਨਤ ਸਭ ਸੰਸਾਰ ॥
ਪਾਰਸ ਮਾਨੋ ਤਾਬੋ ਛੁਏ, ਕਨਕ ਹੋਤ ਨਹੀ ਬਾਰ ॥੫॥

(ਪਰ ਹੇ ਪੰਡਿਤ !) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ । ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ।੫।

ਪਰਮ ਪਰਸ ਗੁਰੁ ਭੇਟੀਐ, ਪੂਰਬ ਲਿਖਤ ਲਿਲਾਟ ॥
ਉਨਮਨ ਮਨ ਮਨ ਹੀ ਮਿਲੇ, ਛੁਟਕਤ ਬਜਰ ਕਪਾਟ ॥੬॥

(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ । (ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ।੬।

ਭਗਤਿ ਜੁਗਤਿ ਮਤਿ ਸਤਿ ਕਰੀ, ਭ੍ਰਮ ਬੰਧਨ ਕਾਟਿ ਬਿਕਾਰ ॥
ਸੋਈ ਬਸਿ ਰਸਿ ਮਨ ਮਿਲੇ, ਗੁਨ ਨਿਰਗੁਨ ਏਕ ਬਿਚਾਰ ॥੭॥

ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ, ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ।੭।

ਅਨਿਕ ਜਤਨ ਨਿਗ੍ਰਹ ਕੀਏ, ਟਾਰੀ ਨ ਟਰੈ ਭ੍ਰਮ ਫਾਸ ॥
ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ ॥੮॥੧॥

(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ । (ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ । ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ । ੮ । ੧ ।