ਐਸੇ ਮੇਰਾ ਮਨੁ ਬਿਖਿਆ ਬਿਮੋਹਿਆ, ਕਛੁ ਆਰਾ ਪਾਰੁ ਨ ਸੂਝ ॥੧॥ ਸਗਲ ਭਵਨ ਕੇ ਨਾਇਕਾ, ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥ ਮਲਿਨ ਭਈ ਮਤਿ ਮਾਧਵਾ, ਤੇਰੀ ਗਤਿ ਲਖੀ ਨ ਜਾਇ ॥ ਕਰਹੁ ਕ੍ਰਿਪਾ ਭ੍ਰਮੁ ਚੂਕਈ, ਮੈ ਸੁਮਤਿ ਦੇਹੁ ਸਮਝਾਇ ॥੨॥ ਜੋਗੀਸਰ ਪਾਵਹਿ ਨਹੀ, ਤੁਅ ਗੁਣ ਕਥਨੁ ਅਪਾਰ ॥ ਪ੍ਰੇਮ ਭਗਤਿ ਕੈ ਕਾਰਣੈ, ਕਹੁ ਰਵਿਦਾਸ ਚਮਾਰ ॥੩॥ |
ਪਦ ਅਰਥ :— ਕੂਪੁ — ਖੂਹ । ਦਾਦਿਰਾ — ਡੱਡੂ । ਬਿਦੇਸੁ — ਪਰਦੇਸ । ਬੂਝ — ਸਮਝ, ਵਾਕਫ਼ੀਅਤ । ਐਸੇ — ਇਸੇ ਤਰ੍ਹਾਂ । ਬਿਖਿਆ — ਮਾਇਆ । ਬਿਮੋਹਿਆ — ਚੰਗੀ ਤਰ੍ਹਾਂ ਮੋਹਿਆ ਹੋਇਆ । ਆਰਾ ਪਾਰੁ — ਉਰਲਾ ਤੇ ਪਾਰਲਾ ਬੰਨਾ । ਨ ਸੂਝ — ਨਹੀਂ ਸੁੱਝਦਾ ।੧। ਨਾਇਕਾ — ਹੇ ਮਾਲਕਾ ! ਦਰਸੁ — ਦੀਦਾਰ ।੧। ਰਹਾਉ । ਮਲਿਨ — ਮਲੀਨ, ਮੈਲੀ । ਮਤਿ — ਅਕਲ । ਮਾਧਵਾ — ਹੇ ਪ੍ਰਭੂ ! ਗਤਿ — ਹਾਲਤ । ਲਖੀ ਨ ਜਾਇ — ਪਛਾਣੀ ਨਹੀਂ ਜਾ ਸਕਦੀ । ਭ੍ਰਮੁ — ਭਟਕਣਾ । ਚੂਕਈ — ਮੁੱਕ ਜਾਏ । ਮੈ — ਮੈਨੂੰ [੨। ਜੋਗੀਸਰ — ਜੋਗੀ + ਈਸਰ, ਵੱਡੇ ਵੱਡੇ ਜੋਗੀ । ਕਥਨੁ ਨਹੀ ਪਾਵਹਿ — ਅੰਤ ਨਹੀਂ ਪਾ ਸਕਦੇ । ਕੈ ਕਾਰਣੈ — ਦੀ ਖ਼ਾਤਰ । ਪ੍ਰੇਮ ਕੈ ਕਾਰਣੈ — ਪ੍ਰੇਮ (ਦੀ ਦਾਤਿ) ਹਾਸਲ ਕਰਨ ਲਈ । ਕਹੁ — ਆਖ । ਗੁਣ ਕਹੁ — ਗੁਣ ਬਿਆਨ ਕਰ, ਸਿਫ਼ਤਿ-ਸਾਲਾਹ ਕਰ । ਤੁਅ — ਤੇਰੇ ।੩। |
ਕੂਪੁ ਭਰਿਓ ਜੈਸੇ ਦਾਦਿਰਾ, ਕਛੁ ਦੇਸੁ ਬਿਦੇਸੁ ਨ ਬੂਝ ॥ ਐਸੇ ਮੇਰਾ ਮਨੁ ਬਿਖਿਆ ਬਿਮੋਹਿਆ, ਕਛੁ ਆਰਾ ਪਾਰੁ ਨ ਸੂਝ ॥੧॥ ਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, ਉਹਨਾਂ ਡੱਡੂਆਂ ਨੂੰ ਖੂਹ ਤੋਂ ਇਲਾਵਾ ਬਾਹਰਲੀ ਦੁਨੀਆਂ ਬਾਰੇ ਕੋਈ ਵਾਕਫ਼ੀ ਨਹੀਂ ਹੁੰਦੀ ਕਿ ਇਸ ਖੂਹ ਤੋਂ ਬਾਹਰ ਕੋਈ ਹੋਰ ਦੇਸ ਪਰਦੇਸ ਭੀ ਹੈ, ਬਿਲਕੁਲ ਓਸੇ ਤਰਾਂ ਹੀ ਮੇਰਾ ਮਨ ਮਨ ਵੀ ਮਾਇਆ ਦੇ ਜ਼ਾਲ ਵਿੱਚ ਇਸ ਤਰਾਂ ਮੋਹਿਆ ਗਿਆ ਹੈ ਕਿ ਮੈਂਨੂੰ ਕੋਈ ਉਰਲਾ ਪਾਰਲਾ ਬੰਨਾ ਸੁੱਝਦਾ ਹੀ ਨਹੀ ਹੈ, ਮੇਰੀ ਸੂਝ ਬੂਝ ਵੀ ਖੂਹ ਦੇ ਡੱਡੂ ਦੀ ਨਿਆਈਂ ਹੀ ਹੋ ਗਈ ਹੈ । ਸਗਲ ਭਵਨ ਕੇ ਨਾਇਕਾ, ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥ ਹੇ ਸਗਲ ਭਵਨਾਂ ਦਿਆ ਨਾਇਕ,ਪਾਲਣਹਾਰੇ ਭਾਵੇਂ ਇਕ ਛਿਨ ਲਈ ਹੀ ਹੋਵੇ ਪਰ ਮੈਨੂੰ ਦਰਸ਼ਨ ਦੇਉ ਜੀ ।੧।ਰਹਾਉ। ਮਲਿਨ ਭਈ ਮਤਿ ਮਾਧਵਾ, ਤੇਰੀ ਗਤਿ ਲਖੀ ਨ ਜਾਇ ॥ ਕਰਹੁ ਕ੍ਰਿਪਾ ਭ੍ਰਮੁ ਚੂਕਈ, ਮੈ ਸੁਮਤਿ ਦੇਹੁ ਸਮਝਾਇ ॥੨॥ ਹੇ ਮਾਧਵਾ, ਮੇਰੀ ਮੱਤ ਵਿਕਾਰਾਂ ਨਾਲ ਮਲੌਨ ਹੋਈ ਪਈ ਹੈ ਜਿਸ ਕਰਕੇ ਮੈਂ ਤੇਰੀ ਗਤੀ ਦੀ ਪਛਾਣ ਨਹੀ ਕਰ ਪਾ ਰਿਹਾ । ਮੈਂਨੂੰ ਕੁੱਖ ਸਮਝ ਨਹੀ ਆ ਰਿਹਾ । ਹੇ ਪ੍ਰਭੂ ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ ਦਿਓ ਤਾਂਕਿ ਮੇਰੀ ਭਟਕਣਾ ਮੁੱਕ ਜਾਵੇ, ਅਤੇ ਮੇਰੇ ਸਾਰੇ ਹੀ ਭਰਮ ਚੁੱਕੇ ਜਾਣ ।੨। ਜੋਗੀਸਰ ਪਾਵਹਿ ਨਹੀ, ਤੁਅ ਗੁਣ ਕਥਨੁ ਅਪਾਰ ॥ ਪ੍ਰੇਮ ਭਗਤਿ ਕੈ ਕਾਰਣੈ, ਕਹੁ ਰਵਿਦਾਸ ਚਮਾਰ ॥੩॥ (ਹੇ ਪ੍ਰਭੂ !) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ, (ਪਰ) ਹੇ ਰਵਿਦਾਸ ਚਮਾਰ ! ਤੂੰ ਪ੍ਰਭੂ ਪ੍ਰੇਮ ਅਤੇ ਭਗਤੀ ਦੀ ਦਾਤ ਪ੍ਰਾਪਤ ਕਰਨ ਲਈ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ।੩।੧। |