ਪੰਨਾ ਨ: ੩੪੫
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗਉਰੇਰੀ
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥
   
ਘਟ ਅਵਘਟ ਡੂਗਰ ਘਣਾ, ਇਕੁ ਨਿਰਗੁਣੁ ਬੈਲੁ ਹਮਾਰ ॥
ਰਮਈਏ ਸਿਉ ਇਕ ਬੇਨਤੀ, ਮੇਰੀ ਪੂੰਜੀ ਰਾਖੁ ਮੁਰਾਰਿ ॥੧॥
ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
ਹਉ ਬਨਜਾਰੋ ਰਾਮ ਕੋ, ਸਹਜ ਕਰਉ ਬਾਪਾਰੁ ॥
ਮੈ ਰਾਮ ਨਾਮ ਧਨੁ ਲਾਦਿਆ, ਬਿਖੁ ਲਾਦੀ ਸੰਸਾਰਿ ॥੨॥
ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
ਮੋਹਿ ਜਮ ਡੰਡੁ ਨ ਲਾਗਈ, ਤਜੀਲੇ ਸਰਬ ਜੰਜਾਲ ॥੩॥
ਜੈਸਾ ਰੰਗੁ ਕਸੁੰਭ ਕਾ, ਤੈਸਾ ਇਹੁ ਸੰਸਾਰੁ ॥
ਮੇਰੇ ਰਮਈਏ ਰੰਗੁ ਮਜੀਠ ਕਾ, ਕਹੁ ਰਵਿਦਾਸ ਚਮਾਰ ॥੪॥੧॥
ਪਦ ਅਰਥ :  — ਘਟ — ਰਸਤੇ । ਅਵਘਟ — ਔਖੇ । ਡੂਗਰ — ਪਹਾੜੀ, ਪਹਾੜ ਦਾ । ਘਣਾ — ਬਹੁਤਾ । ਨਿਰਗੁਨੁ — ਗੁਣ — ਹੀਨ, ਮਾੜਾ ਜਿਹਾ । ਹਮਾਰ — ਅਸਾਡਾ, ਮੇਰਾ । ਰਮਈਆ — ਸੋਹਣਾ ਰਾਮ । ਮੁਰਾਰੀ — ਹੇ ਮੁਰਾਰੀ ! ਹੇ ਪ੍ਰਭੂ ! ।੧। ਕੋ — ਕੋਈ । ਬਨਜਾਰੋ — ਵਣਜ ਕਰਨ ਵਾਲਾ, ਵਪਾਰੀ । ਟਾਂਡਾ — ਬਲਦਾਂ ਜਾਂ ਗੱਡਿਆਂ ਰੇੜ੍ਹਿਆਂ ਦਾ ਸਮੂੰਹ ਜਿਨ੍ਹਾਂ ਉਤੇ ਵਪਾਰ — ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ । ਰੇ — ਹੇ ਭਾਈ ! ਲਾਦਿਆ ਜਾਇ — ਲੱਦਿਆ ਜਾ ਸਕੇ ।੧।ਰਹਾਉ । ਸਹਜ ਬਾਪਾਰੁ — ਸਹਜ ਦਾ ਵਾਪਾਰ, ਅਡੋਲਤਾ ਦਾ ਵਣਜ, ਉਹ ਵਣਜ ਜਿਸ ਵਿਚੋਂ ਸ਼ਾਂਤੀ — ਰੂਪ ਖੱਟੀ ਹਾਸਲ ਹੋਵੇ । ਕਰਉ — ਕਰਉਂ, ਮੈਂ ਕਰਦਾ ਹਾਂ। ਹਉ — ਮੈਂ । ਬਿਖੁ — ਜ਼ਹਿਰ, ਆਤਮਕ ਜੀਵਨ ਨੂੰ ਮਾਰ ਦੇਣ ਵਾਲੀ ਵਸਤ । ਸੰਸਾਰਿ —  ਸੰਸਾਰ ਨੇ, ਦੁਨੀਆ — ਦਾਰਾਂ ਨੇ ।੨। ਦਾਨੀਆ  —  ਜਾਣਨ ਵਾਲਿਓ ! ਉਰਵਾਰ ਪਾਰ ਕੇ ਦਾਨੀਆ — ਉਰਲੇ ਤੇ ਪਾਰਲੇ ਪਾਸੇ ਦੀਆਂ ਜਾਣਨ ਵਾਲਿਓ ! ਜੀਵਾਂ ਦੇ ਲੋਕ ਪਰਲੋਕ ਵਿਚ ਕੀਤੇ ਕੰਮਾਂ ਨੂੰ ਜਾਣਨ ਵਾਲਿਓ ! ਆਲ ਪਾਤਾਲੁ — ਊਲ ਜਲੂਲ, ਮਨ — ਮਰਜ਼ੀ ਦੀਆਂ ਗੱਲਾਂ । ਮੋਹਿ — ਮੈਨੂੰ । ਡੰਡੁ — ਡੰਨ । ਤਜੀਲੇ — ਛੱਡ ਦਿੱਤੇ ਹਨ ।੩। ਰਮਈਏ ਰੰਗੁ — ਸੋਹਣੇ ਰਾਮ (ਦੇ ਨਾਮ) ਦਾ ਰੰਗ । ਮਜੀਨ ਰੰਗੁ — ਮਜੀਠ ਦਾ ਰੰਗ, ਪੱਕਾ ਰੰਗ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਕਦੇ ਨਾਹ ਉਤਰਨ ਵਾਲਾ ਰੰਗ ।੪।
ਘਟ ਅਵਘਟ ਡੂਗਰ ਘਣਾ, ਇਕੁ ਨਿਰਗੁਣੁ ਬੈਲੁ ਹਮਾਰ ॥
ਰਮਈਏ ਸਿਉ ਇਕ ਬੇਨਤੀ, ਮੇਰੀ ਪੂੰਜੀ ਰਾਖੁ ਮੁਰਾਰਿ ॥੧॥

(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ — ) ਬਲਦ ਮਾੜਾ ਜਿਹਾ ਹੈ; ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ  —
ਹੇ ਪ੍ਰਭੂ ! ਮੇਰੀ ਰਾਸਿ — ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ।੧।

ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
ਹੇ ਭਾਈ ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ  ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ — ਨਾਮ — ਰੂਪ ਦਾ ਵਣਜ ਕਰ ਸਕਾਂ) ।੧।ਰਹਾਉ ।

{ਨੋਟ :  — ਅੱਖ ਕੰਨ ਜੀਭ ਆਦਿਕ ਗਿਆਨ — ਇੰਦ੍ਰਿਆਂ ਦਾ ਇਕੱਠ ਮਨੁੱਖ — ਵਣਜਾਰੇ ਦਾ ਟਾਂਡਾ ਹੈ, ਇਹਨਾਂ ਨੇ ਨਾਮ — ਵਪਾਰ ਲੱਦਣਾ ਹੈ, ਪਰ ਇਹਨਾਂ ਦੇ ਰਾਹ ਵਿਚ ਰੂਪ ਰਸ ਆਦਿਕ ਔਖੀਆਂ ਘਾਟੀਆਂ ਹਨ ।}

ਹਉ ਬਨਜਾਰੋ ਰਾਮ ਕੋ, ਸਹਜ ਕਰਉ ਬਾਪਾਰੁ ॥
ਮੈ ਰਾਮ ਨਾਮ ਧਨੁ ਲਾਦਿਆ, ਬਿਖੁ ਲਾਦੀ ਸੰਸਾਰਿ ॥੨॥

ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ । (ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ — ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ ।੨।

ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
ਮੋਹਿ ਜਮ ਡੰਡੁ ਨ ਲਾਗਈ, ਤਜੀਲੇ ਸਰਬ ਜੰਜਾਲ ॥੩॥

ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਜਾਣਨ ਵਾਲੇ ਹੇ ਚਿਤ੍ਰਗੁਪਤ ਜੀ, (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ  ਲੱਭਣੀ ਹੀ ਨਹੀਂ, ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ  ਜਮ ਦਾ ਡੰਨ ਲੱਗਣਾ ਹੀ ਨਹੀਂ ।੩।

ਜੈਸਾ ਰੰਗੁ ਕਸੁੰਭ ਕਾ, ਤੈਸਾ ਇਹੁ ਸੰਸਾਰੁ ॥
ਮੇਰੇ ਰਮਈਏ ਰੰਗੁ ਮਜੀਠ ਕਾ, ਕਹੁ ਰਵਿਦਾਸ ਚਮਾਰ ॥੪॥੧॥

ਹੇ ਰਵਿਦਾਸ ਚਮਾਰ ! ਆਖ  — (ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ, ਤੇ ਮੇਰੇ ਪਿਆਰੇ ਰਾਮ ਦਾ ਨਾਮ — ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ ।੪।

ਨੋਟ :  — ਇਸ ਸ਼ਬਦ ਦੇ ਪਹਿਲੇ ਬੰਦ ਵਿਚ ਰਵਿਦਾਸ ਜੀ 'ਰਮਈਏ' ਅਗੇ ਬੇਨਤੀ ਕਰਨ ਵੇਲੇ ਉਸ ਨੂੰ 'ਮੁਰਾਰਿ' ਲਫ਼ਜ਼ ਨਾਲ ਸੰਬੋਧਨ ਕਰਦੇ ਹਨ । ਜੇ ਇਹ ਕਿਸੇ ਖ਼ਾਸ ਇਕ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਸ੍ਰੀ ਰਾਮਚੰਦਰ ਜੀ ਵਾਸਤੇ ਲਫ਼ਜ਼ 'ਮੁਰਾਰਿ' ਨਾਹ ਵਰਤਦੇ, ਕਿਉਂਕਿ 'ਮੁਰਾਰਿ' ਤਾਂ ਕ੍ਰਿਸ਼ਨ ਜੀ ਦਾ ਨਾਮ ਹੈ ।