ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥ ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ, ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥੩॥ ੨॥ |
ਪਦ ਅਰਥ :—ਬੇਗਮ — ਬੇ—ਗ਼ਮ, ਜਿਥੇ ਕੋਈ ਗ਼ਮ ਨਹੀਂ । ਕੋ — ਦਾ । ਅੰਦੋਹੁ — ਚਿੰਤਾ । ਤਿਹਿ ਠਾਉ — ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ । ਤਸਵੀਸ — ਸੋਚ, ਘਬਰਾਹਟ । ਖਿਰਾਜ — ਕਰ, ਮਸੂਲ, ਟੈਕਸ । ਖਤਾ — ਦੋਸ਼, ਪਾਪ । ਤਰਸੁ — ਡਰ । ਜਵਾਲ — ਜ਼ਵਾਲ, ਘਾਟਾ ।੧। ਮੋਹਿ — ਮੈਂ । ਵਤਨ ਗਹ — ਵਤਨ ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ । ਖੈਰਿ — ਖ਼ੈਰੀਅਤ, ਸੁਖ ।੧। ਰਹਾਉ। ਕਾਇਮੁ — ਥਿਰ ਰਹਿਣ ਵਾਲੀ । ਦਾਇਮੁ — ਸਦਾ । ਦੋਮ ਸੇਮ — ਦੂਜਾ ਤੀਜਾ (ਦਰਜਾ) । ਏਕ ਸੋ — ਇਕੋ ਜੈਸੇ । ਆਹੀ — ਹਨ । ਆਬਾਦਾਨੁ — ਆਬਾਦ, ਵੱਸਦਾ । ਗਨੀ — ਧਨੀ, ਧਨਾਢ । ਮਾਮੂਰ — ਰੱਜੇ ਹੋਏ ।੨। ਸੈਲ ਕਰਹਿ — ਮਨ—ਮਰਜ਼ੀ ਨਾਲ ਤੁਰਦੇ ਫਿਰਦੇ ਹਨ । ਮਹਰਮ — ਵਾਕਿਫ਼ । ਮਹਰਮ ਮਹਲ — ਮਹਿਲ ਦੇ ਵਾਕਿਫ਼ । ਕੋ — ਕੋਈ । ਨ ਅਟਕਾਵੈ — ਰੋਕਦਾ ਨਹੀਂ । ਕਹਿ — ਕਹੈ, ਆਖਦਾ ਹੈ । ਖਲਾਸ — ਜਿਸ ਨੇ ਦੁੱਖ—ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ । ਹਮ ਸਹਰੀ — ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ—ਵਤਨ, ਸਤਸੰਗੀ ।੩।
ਨੋਟ :—ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ—ਭਿਸ਼ਤ ਦੇ ਮੁਕਾਬਲੇ ਤੇ ਸੱਚ—ਮੁੱਚ ਦੀ ਆਤਮਕ ਅਵਸਥਾ ਦਾ ਵਰਨਣ ਹੈ । ਸੁਰਗ—ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ, ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ । |
ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ॥੧॥ (ਜਿਸ ਆਤਮਕ ਅਵਸਥਾ—ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ—ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ); ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ।੧। ਅਬ ਮੋਹਿ ਖੂਬ ਵਤਨ ਗਹ ਪਾਈ॥ ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥ ਹੇ ਮੇਰੇ ਵੀਰ ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ ।੧।ਰਹਾਉ । ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ, ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ॥ ਊਹਾਂ ਗਨੀ ਬਸਹਿ ਮਾਮੂਰ॥੨॥ ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ।੨। ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ਜੋ ਹਮ ਸਹਰੀ ਸੁ ਮੀਤੁ ਹਮਾਰਾ॥੩॥ ੨॥ (ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ ।ਰਵਿਦਾਸ ਚਮਾਰ ਜਿਸ ਨੇ (ਦੁਖ—ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦੇ ਹਨ—ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ ।੩।੨। ਹੇ ਰਵਿਦਾਸ ! (ਪ੍ਰਭੂ-ਦਰ ਤੇ) ਆਖ—(ਹੇ ਪ੍ਰਭੂ !) ਮੈਂ ਤੇਰੀ ਸ਼ਰਨ ਪਿਆ ਹਾਂ, ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ । ੩ । ੧ । |