ਪੰਨਾ ਨ: ੭੯੩
ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ
   
ਜੋ ਦਿਨ ਆਵਹਿ ਸੋ ਦਿਨ ਜਾਹੀ ॥
ਕਰਨਾ ਕੂਚੁ ਰਹਨੁ ਥਿਰੁ ਨਾਹੀ ॥
ਸੰਗੁ ਚਲਤ ਹੈ ਹਮ ਭੀ ਚਲਨਾ ॥
ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥
ਕਿਆ ਤੂ ਸੋਇਆ ਜਾਗੁ ਇਆਨਾ ॥
ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥

ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥
ਸਭ ਘਟ ਭੀਤਰਿ ਹਾਟੁ ਚਲਾਵੈ ॥
ਕਰਿ ਬੰਦਿਗੀ ਛਾਡਿ ਮੈ ਮੇਰਾ ॥
ਹਿਰਦੈ ਨਾਮੁ ਸਮ੍ਹਾਰਿ ਸਵੇਰਾ ॥੨॥
ਜਨਮੁ ਸਿਰਾਨੋ ਪੰਥੁ ਨ ਸਵਾਰਾ ॥
ਸਾਂਝ ਪਰੀ ਦਹਦਿਸ ਅੰਧਿਆਰਾ ॥
ਕਹਿ ਰਵਿਦਾਸ ਨਿਦਾਨਿ ਦਿਵਾਨੇ ॥
ਚੇਤਸਿ ਨਾਹੀ ਦੁਨੀਆ ਫਨਖਾਨੇ ॥੩॥੨॥
ਜੋ ਦਿਨ — ਜੇਹੜੇ ਦਿਨ । ਜਾਹੀ — ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ । ਰਹਨੁ — ਟਿਕਾਣਾ, ਟਿਕਣਾ । ਥਿਰੁ — ਸਦਾ ਦਾ । ਸੰਗੁ — ਸਾਥ । ਗਵਨੁ — ਪੈਂਡਾ, ਮੁਸਾਫ਼ਰੀ । ਦੂਰਿ ਗਵਨੁ — ਦੂਰ ਦਾ ਪੈਂਡਾ । ਮਰਨਾ — ਮੌਤ ।੧। ਕਿਆ — ਕਿਉਂ ? ਇਆਨਾ — ਹੇ ਅੰਞਾਣ ! ਤੈ — ਤੂੰ । ਜਗਿ — ਜਗਤ ਵਿਚ । ਸਚੁ — ਸਦਾ ਕਾਇਮ ਰਹਿਣ ਵਾਲਾ ।੧। ਰਹਾਉ। ਜਿਨਿ — ਜਿਸ (ਪ੍ਰਭੂ) ਨੇ । ਜੀਉ — ਜਿੰਦ । ਅੰਬਰਾਵੈ — ਅਪੜਾਉਂਦਾ ਹੈ । ਭੀਤਰਿ — ਅੰਦਰ । ਹਾਟੁ — ਹੱਟੀ । ਹਾਟੁ ਚਲਾਵੈ — ਰਿਜ਼ਕ ਦਾ ਪ੍ਰਬੰਧ ਕਰਦਾ ਹੈ । ਸਵੇਰਾ — ਸੁਵਖਤੇ ਹੀ, ਵੇਲੇ ਸਿਰ ।੨। ਸਿਰਾਨੋ — ਗੁਜ਼ਰ ਰਿਹਾ ਹੈ । ਪੰਥੁ — ਜ਼ਿੰਦਗੀ ਦਾ ਰਸਤਾ । ਸਵਾਰਾ — ਸੋਹਣਾ ਬਣਾਇਆ । ਸਾਂਝ — ਸ਼ਾਮ । ਦਹਦਿਸ — ਦਸੀਂ ਪਾਸੀਂ । ਕਹਿ — ਕਹੇ, ਆਖਦਾ ਹੈ । ਨਿਦਾਨਿ — ਓੜਕ ਨੂੰ, ਅੰਤ ਨੂੰ । ਦਿਵਾਨੇ — ਹੇ ਦੀਵਾਨੇ ! ਹੇ ਕਮਲੇ ! ਫਨਖਾਨੇ — ਫ਼ਨਾਹ ਦਾ ਘਰ, ਨਾਸਵੰਤ ।੩।
ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥
ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥

(ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ), (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ । ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ; ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ।੧।

ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥

ਹੇ ਅੰਞਾਣ ! ਹੋਸ਼ ਕਰ । ਤੂੰ ਕਿਉਂ ਸੌਂ ਰਿਹਾ ਹੈਂ ? ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ।੧।ਰਹਾਉ।

ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥
ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ ਸਮ੍ਹਾਰਿ ਸਵੇਰਾ ॥੨॥

(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ । ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ) — ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ।੨।

ਜਨਮੁ ਸਿਰਾਨੋ ਪੰਥੁ ਨ ਸਵਾਰਾ ॥ ਸਾਂਝ ਪਰੀ ਦਹਦਿਸ ਅੰਧਿਆਰਾ ॥
ਕਹਿ ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ ਦੁਨੀਆ ਫਨਖਾਨੇ ॥੩॥੨॥

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ; ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ । ਰਵਿਦਾਸ ਜੀ ਆਖਦੇ ਹਨ — ਹੇ ਕਮਲੇ ਮਨੁੱਖ ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ।੩।੨।

ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੈ; ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ — "ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥" {ਗੌਂਡ ਇਸ ਪਰਮਾਣ ਵਿਚ ਦਾ ਲਫ਼ਜ਼ "ਨਿੰਦਕੁ" ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤੇ ਲਫ਼ਜ਼ "ਪਾਪੀ" ਦੇ ਨਾਲ ਵਰਤਣਾ ਪੈਂਦਾ ਹੈ ।