ਪੰਨਾ ਨ: ੬੫੮
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ॥
   
ਚਮਰਟਾ ਗਾਂਠਿ ਨ ਜਨਈ ॥
ਲੋਗੁ ਗਠਾਵੈ ਪਨਹੀ ॥੧॥ ਰਹਾਉ ॥

ਆਰ ਨਹੀ ਜਿਹ ਤੋਪਉ ॥
ਨਹੀ ਰਾਂਬੀ ਠਾਉ ਰੋਪਉ ॥੧॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥
ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥
ਰਵਿਦਾਸੁ ਜਪੈ ਰਾਮ ਨਾਮਾ ॥
ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥
ਗ਼ਰੀਬ ਚਮਿਆਰ । ਗਾਂਠਿ ਨ ਜਨਈ — ਗੰਢਣਾ ਨਹੀਂ ਜਾਣਦਾ । ਗਠਾਵੈ — ਗੰਢਾਉਂਦਾ ਹੈ । ਪਨਹੀ — ਜੁੱਤੀ ।੧।ਰਹਾਉ। ਜਿਹ — ਜਿਸ ਨਾਲ । ਤੋਪਉ — ਤੋਪਉਂ, ਤੋ੍ਰਪਾ ਲਾਵਾਂ । ਠਾਉ — ਥਾਂ ਜੁੱਤੀ ਦੀ ਟੁੱਟੀ ਹੋਈ ਥਾਂ । ਰੋਪਉ — ਰੋਪਉਂ, ਟਾਕੀ ਲਾਵਾਂ ।੧। ਗੰਠਿ ਗੰਠਿ — ਗੰਢ ਗੰਢ ਕੇ । ਖਰਾ — ਬਹੁਤ । ਬਿਗੂਚਾ — ਖ਼ੁਆਰ ਹੋ ਰਿਹਾ ਹੈ । ਹਉ — ਮੈਂ । ਬਿਨੁ ਗਾਂਠੇ — ਗੰਢਣ ਦਾ ਕੰਮ ਛੱਡ ਕੇ ।੨। ਮੋਹਿ — ਮੈਨੂੰ । ਸਿਉ — ਨਾਲ । ਕਾਮਾ — ਵਾਸਤਾ ।੩।

ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥੧॥ ਰਹਾਉ ॥
ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ, ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ ।੧।ਰਹਾਉ ।

ਆਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ ਰੋਪਉ ॥੧॥
ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤੋ੍ਰਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ) । ਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ।੧।

ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥

ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ); ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ।੨।

ਰਵਿਦਾਸੁ ਜਪੈ ਰਾਮ ਨਾਮਾ ॥ ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥
ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ; ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ।੩।੭।

ਨੋਟ : — ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ । ਬ੍ਰਾਹਮਣਾਂ ਦੀ ਅਗਵਾਈ ਵਿਚ ਇੱਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਸੀ । ਇਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ, ਇਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗ਼ਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ — ਇਹ ਇਕ ਅਜੀਬ ਜਹੀ ਖੇਡ ਬਨਾਰਸ ਵਿਚ ਹੋ ਰਹੀ ਸੀ । ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖ਼ੌਲ ਕਰਨਾ ਭੀ ਇਕ ਸੁਭਾਵਿਕ ਜਿਹੀ ਗੱਲ ਸੀ । ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ ।ਇਸ ਸ਼ਬਦ ਵਿਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ, ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ । ਇਹ ਜਿਸਮ, ਮਾਨੋ, ਇਕ ਜੁੱਤੀ ਹੈ । ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ । ਇਸੇ ਤਰ੍ਹਾਂ ਮਾਇਆ ਦੇ ਮੋਹ ਵਿਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹਨ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿਚ ਜੁੱਟੇ ਰਹਿੰਦੇ ਹਨ, ਤੇ ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ । ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ-ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖ਼ੁਰਾਕਾਂ ਪੁਸ਼ਾਕਾਂ ਤੇ ਦਵਾਈਆਂ ਆਦਿਕ ਦੇ ਗਾਂਢੇ ਤੋ੍ਰਪੇ ਲਾਉਂਦਾ ਰਹਿੰਦਾ ਹੈ । ਸੋ ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ । ਪਰ, ਰਵਿਦਾਸ ਜੀ ਆਖਦੇ ਹਨ, ਮੈਂ ਮੋਹ ਮੁਕਾ ਕੇ ਸਰੀਰ ਨੂੰ ਗਾਂਢੇ-ਤੋਪੇ ਲਾਉਣੇ ਛੱਡ ਬੈਠਾ ਹਾਂ, ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿਚ ਨਹੀਂ ਰਹਿੰਦਾ, ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ-ਧਰਮ ਬਣਾਇਆ ਹੈ, ਤਾਹੀਏਂ ਮੈਨੂੰ ਕਿਸੇ ਜਮ ਆਦਿਕ ਦਾ ਡਰ ਨਹੀਂ ਰਿਹਾ ।