ਪੰਨਾ ਨ: ੧੧੯੬
ੴ ਸਤਿਗੁਰ ਪ੍ਰਸਾਦਿ ॥
ਬਸੰਤੁ ਬਾਣੀ ਰਵਿਦਾਸ ਜੀ ਕੀ
   
ਤੁਝਹਿ ਸੁਝੰਤਾ ਕਛੂ ਨਾਹਿ ॥
ਪਹਿਰਾਵਾ ਦੇਖੇ ਊਭਿ ਜਾਹਿ ॥
ਗਰਬਵਤੀ ਕਾ ਨਾਹੀ ਠਾਉ ॥
ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥
ਤੂ ਕਾਂਇ ਗਰਬਹਿ ਬਾਵਲੀ ॥
ਜੈਸੇ ਭਾਦਉ ਖੂੰਬਰਾਜੁ,
ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥

ਜੈਸੇ ਕੁਰੰਕ ਨਹੀ ਪਾਇਓ ਭੇਦੁ ॥
ਤਨਿ ਸੁਗੰਧ, ਢੂਢੈ ਪ੍ਰਦੇਸੁ ॥
ਅਪ ਤਨ ਕਾ ਜੋ ਕਰੇ ਬੀਚਾਰੁ ॥
ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥
ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥
ਠਾਕੁਰੁ ਲੇਖਾ ਮਗਨਹਾਰੁ ॥
ਫੇੜੇ ਕਾ ਦੁਖੁ ਸਹੈ ਜੀਉ ॥
ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥
ਸਾਧੂ ਕੀ ਜਉ ਲੇਹਿ ਓਟ ॥
ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥
ਕਹਿ ਰਵਿਦਾਸ ਜੋ ਜਪੈ ਨਾਮੁ ॥
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥

ਤੁਝਹਿ — ਤੈ । ਪਹਿਰਾਵਾ — (ਸਰੀਰ ਦਾ) ਠਾਠ, ਪੁਸ਼ਾਕ । ਊਭਿ ਜਾਹਿ — ਆਕੜਦੀ ਹੈਂ । ਗਰਬਵਤੀ — ਅਹੰਕਾਰਨ । ਠਾਉ — ਥਾਂ । ਗਰਦਨਿ — ਧੌਣ । ਲਵੈ ਕਾਉ — ਕਾਂ ਲਉਂਦਾ ਹੈ ।੧। ਕਾਂਇ — ਕਿਉਂ ? ਕਾਹਦੇ ਲਈ ? ਗਰਬਹਿ — ਅਹੰਕਾਰ ਕਰਦੀ ਹੈਂ । ਖੂੰਬਰਾਜੁ — ਵੱਡੀ ਖੁੰਬ । ਖਰੀ — ਵਧੀਕ । ਉਤਾਵਲੀ — ਕਾਹਲੀ, ਛੇਤੀ ਜਾਣ ਵਾਲੀ ।੧।ਰਹਾਉ । ਕੁਰੰਕ — ਹਰਨ । ਤਨਿ — ਸਰੀਰ ਵਿਚ । ਸੁਗੰਧ — ਕਸਤੂਰੀ । ਅਪ — ਆਪਣਾ । ਜਮ ਕੰਕਰੁ — ਜਮ ਦੂਤ ।੨। ਕਲਤ੍ਰ — ਇਸਤ੍ਰੀ । ਫੇੜੇ — ਕੀਤੇ (ਮੰਦੇ) ਕਰਮ । ਪਾਛੇ — (ਜਿੰਦ ਦੇ ਨਿਕਲ ਜਾਣ) ਪਿਛੋਂ । ਪੀਉ — ਪਿਆਰਾ । ਪੁਕਾਰਹਿ — ਤੂੰ ਵਾਜਾਂ ਮਾਰੇਂਗੀ ।੩। ਸਾਧੂ — ਗੁਰੂ । ਓਟ — ਆਸਰਾ । ਕੋਟਿ — ਕੋ੍ਰੜਾਂ । ਜੋਨਿ ਕਾਮੁ — ਜੂਨਾਂ ਨਾਲ ਵਾਸਤਾ ।੪।
ਤੁਝਹਿ ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੇ ਊਭਿ ਜਾਹਿ ॥
ਗਰਬਵਤੀ ਕਾ ਨਾਹੀ ਠਾਉ ॥ ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥

(ਹੇ ਕਾਇਆਂ !) ਤੂੰ ਆਪਣਾ ਠਾਠ ਵੇਖ ਕੇ ਆਕੜਦੀ ਹੈਂ, (ਇਸ ਆਕੜ ਵਿਚ) ਤੈਨੂੰ ਕੁਝ ਭੀ ਸੁਰਤ ਨਹੀਂ ਰਹੀ । (ਵੇਖ) ਅਹੰਕਾਰਨ ਦਾ ਕੋਈ ਥਾਂ ਨਹੀਂ (ਹੁੰਦਾ), ਤੇਰੇ ਮੰਦੇ ਦਿਨ ਆਏ ਹੋਏ ਹਨ (ਕਿ ਤੂੰ ਝੂਠਾ ਮਾਣ ਕਰ ਰਹੀ ਹੈਂ) ।

ਤੂ ਕਾਂਇ ਗਰਬਹਿ ਬਾਵਲੀ ॥
ਜੈਸੇ ਭਾਦਉ ਖੂੰਬਰਾਜੁ, ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥

ਹੇ ਮੇਰੀ ਕਮਲੀ ਕਾਇਆਂ ! ਤੂੰ ਕਿਉਂ ਮਾਣ ਕਰਦੀ ਹੈਂ ? ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ ਜੋ ਭਾਦਰੋਂ ਵਿਚ (ਉੱਗਦੀ ਹੈ) ।੧। ਰਹਾਉ ।

ਜੈਸੇ ਕੁਰੰਕ ਨਹੀ ਪਾਇਓ ਭੇਦੁ ॥ ਤਨਿ ਸੁਗੰਧ, ਢੂਢੈ ਪ੍ਰਦੇਸੁ ॥
ਅਪ ਤਨ ਕਾ ਜੋ ਕਰੇ ਬੀਚਾਰੁ ॥ ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥

(ਹੇ ਕਾਇਆਂ !) ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਸ ਦੇ ਆਪਣੇ ਸਰੀਰ ਵਿਚੋਂ (ਆਉਂਦੀ ਹੈ), ਪਰ ਉਹ ਪਰਦੇਸ ਢੂੰਢਦਾ ਫਿਰਦਾ ਹੈ (ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਸੁਖਾਂ ਦਾ ਮੂਲ-ਪ੍ਰਭੂ ਤੇਰੇ ਆਪਣੇ ਅੰਦਰ ਹੈ) । ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ (ਕਿ ਇਹ ਸਦਾ-ਥਿਰ ਰਹਿਣ ਵਾਲਾ ਨਹੀਂ), ਉਸ ਨੂੰ ਜਮਦੂਤ ਖ਼ੁਆਰ ਨਹੀਂ ਕਰਦਾ ।੨।

ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥ ਠਾਕੁਰੁ ਲੇਖਾ ਮਗਨਹਾਰੁ ॥
ਫੇੜੇ ਕਾ ਦੁਖੁ ਸਹੈ ਜੀਉ ॥ ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥

(ਹੇ ਕਾਇਆਂ !) ਤੂੰ ਪੁੱਤਰ ਤੇ ਵਹੁਟੀ ਦਾ ਮਾਣ ਕਰਦੀ ਹੈਂ (ਤੇ ਪ੍ਰਭੂ ਨੂੰ ਭੁਲਾ ਬੈਠੀ ਹੈਂ, ਚੇਤਾ ਰੱਖ) ਮਾਲਕ-ਪ੍ਰਭੂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ (ਭਾਵ), ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ । (ਹੇ ਕਾਇਆਂ ! ਜਿੰਦ ਦੇ ਨਿਕਲ ਜਾਣ ਪਿੱਛੋਂ) ਤੂੰ ਕਿਸ ਨੂੰ 'ਪਿਆਰਾ, ਪਿਆਰਾ' ਆਖ ਕੇ ਵਾਜਾਂ ਮਾਰੇਂਗੀ ? ।੩।

ਸਾਧੂ ਕੀ ਜਉ ਲੇਹਿ ਓਟ ॥ ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥
ਕਹਿ ਰਵਿਦਾਸ ਜੋ ਜਪੈ ਨਾਮੁ ॥ ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥

(ਹੇ ਕਾਇਆਂ !) ਜੇ ਤੂੰ ਗੁਰੂ ਦਾ ਆਸਰਾ ਲਏਂ, ਤੇਰੇ ਕੋ੍ਰੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ । ਰਵਿਦਾਸ  ਜੀ ਆਖਦੇ ਹਨ — ਜੋ ਮਨੁੱਖ ਨਾਮ ਜਪਦਾ ਹੈ, ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ।੪।੧।