ਪੰਨਾ ਨ: ੧੧੬੭
ੴ ਸਤਿਗੁਰ ਪ੍ਰਸਾਦਿ ॥
ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨
   
ਬਿਨੁ ਦੇਖੇ ਉਪਜੈ ਨਹੀ ਆਸਾ ॥
ਜੋ ਦੀਸੈ ਸੋ ਹੋਇ ਬਿਨਾਸਾ ॥
ਬਰਨ ਸਹਿਤ ਜੋ ਜਾਪੈ ਨਾਮੁ ॥
ਸੋ ਜੋਗੀ ਕੇਵਲ ਨਿਹਕਾਮੁ ॥੧॥
ਪਰਚੈ, ਰਾਮੁ ਰਵੈ ਜਉ ਕੋਈ ॥
ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥

ਸੋ ਮੁਨਿ, ਮਨ ਕੀ ਦੁਬਿਧਾ ਖਾਇ ॥
ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
ਮਨ ਕਾ ਸੁਭਾਉ ਸਭੁ ਕੋਈ ਕਰੈ ॥
ਕਰਤਾ ਹੋਇ ਸੁ ਅਨਭੈ ਰਹੈ ॥੨॥
ਫਲ ਕਾਰਨ ਫੂਲੀ ਬਨਰਾਇ ॥
ਫਲੁ ਲਾਗਾ ਤਬ ਫੂਲੁ ਬਿਲਾਇ ॥
ਗਿਆਨੈ ਕਾਰਨ ਕਰਮ ਅਭਿਆਸੁ ॥
ਗਿਆਨੁ ਭਇਆ ਤਹ ਕਰਮਹ ਨਾਸੁ ॥੩॥
ਘ੍ਰਿਤ ਕਾਰਨ ਦਧਿ ਮਥੈ ਸਇਆਨ ॥
ਜੀਵਤ ਮੁਕਤ ਸਦਾ ਨਿਰਬਾਨ ॥
ਕਹਿ ਰਵਿਦਾਸ ਪਰਮ ਬੈਰਾਗ ॥
ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥

ਮੁੱਖ-ਭਾਵ : — ਜੋ ਮਨੁੱਖ ਨਾਮ ਸਿਮਰਦਾ ਹੈ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਪਾਰਸ-ਪ੍ਰਭੂ ਨੂੰ ਛੋਹ ਕੇ ਉਹ, ਮਾਨੋ, ਸੋਨਾ ਹੋ ਜਾਂਦਾ ਹੈ । ਬਾਕੀ ਦੇ ਸ਼ਬਦ ਵਿਚ ਉਸ ਸੋਨਾ ਬਣ ਗਏ ਮਨੁੱਖ ਦੇ ਜੀਵਨ ਦੀ ਤਸਵੀਰ ਦਿੱਤੀ ਹੈ —
(੧) 'ਨਿਹਕਾਮੁ', ਵਾਸ਼ਨਾ-ਰਹਿਤ ਹੋ ਜਾਂਦਾ ਹੈ;
(੨) ਦੁਬਿਧਾ ਮਿਟ ਜਾਂਦੀ ਹੈ ਤੇ ਉਹ ਨਿਰਭਉ ਹੋ ਜਾਂਦਾ ਹੈ;
(੩) ਕਿਰਤ-ਕਾਰ ਦਾ ਮੋਹ ਮਿਟ ਜਾਂਦਾ ਹੈ;
(੪) ਮੁੱਕਦੀ ਗੱਲ ਇਹ ਕਿ ਜਿਊਂਦਾ ਹੀ ਮੁਕਤ ਹੋ ਜਾਂਦਾ ਹੈ ।


ਪਦ ਅਰਥ : — ਆਸਾ — (ਪਾਰਸ-ਪ੍ਰਭੂ ਨਾਲ ਛੋਹਣ ਦੀ) ਤਾਂਘ । ਬਰਨ — ਵਰਣਨ, ਪ੍ਰਭੂ ਦੇ ਗੁਣਾਂ ਦਾ ਵਰਣਨ, ਸਿਫ਼ਤਿ-ਸਾਲਾਹ । ਸਹਿਤ — ਸਮੇਤ । ਜਾਪੈ — ਜਪਦਾ ਹੈ । ਨਿਹਕਾਮੁ — ਕਾਮਨਾ-ਰਹਿਤ, ਵਾਸ਼ਨਾ-ਰਹਿਤ ।੧। ਪਰਚੈ — ਪਰਚ ਜਾਂਦਾ ਹੈ, ਗਿੱਝ ਜਾਂਦਾ ਹੈ, ਅਮੋੜ-ਪੁਣੇ ਵਲੋਂ ਹਟ ਜਾਂਦਾ ਹੈ, ਵਿਕਾਰਾਂ ਵਲੋਂ ਹਟ ਜਾਂਦਾ ਹੈ । ਜਉ — ਜਦੋਂ । ਪਰਸੈ — ਛੁੰਹਦਾ ਹੈ ।੧। ਰਹਾਉ । ਖਾਇ — ਖਾ ਜਾਂਦਾ ਹੈ, ਮੁਕਾ ਦੇਂਦਾ ਹੈ । ਦੁਬਿਧਾ — ਦੁਚਿੱਤਾ-ਪਨ, ਮੇਰ-ਤੇਰ, ਪ੍ਰਭੂ ਨਾਲੋਂ ਵਖੇਵਾਂ । ਤ੍ਰੈਲੋਕ — ਤਿੰਨਾਂ ਲੋਕਾਂ ਵਿਚ ਵਿਆਪਕ ਪ੍ਰਭੂ ਵਿਚ । ਬਿਨੁ ਦੁਆਰੇ — ਜਿਸ ਪ੍ਰਭੂ ਦਾ ਦਸ ਦੁਆਰਿਆਂ ਵਾਲਾ ਸਰੀਰ ਨਹੀਂ ਹੈ । ਸਭੁ ਕੋਈ — ਹਰੇਕ ਜੀਵ । ਕਰਤਾ ਹੋਇ — (ਨਾਮ ਸਿਮਰਨ ਵਾਲਾ ਮਨੁੱਖ) ਕਰਤਾਰ ਦਾ ਰੂਪ ਹੋ ਜਾਂਦਾ ਹੈ । ਅਨਭੈ — ਭੈ-ਰਹਿਤ ਅਵਸਥਾ ਵਿਚ ।੨। ਕਾਰਨ — ਵਾਸਤੇ । ਬਨਰਾਇ — ਬਨਸਪਤੀ । ਫੂਲੀ — ਫੁੱਲਦੀ ਹੈ, ਖਿੜਦੀ ਹੈ । ਬਿਲਾਇ — ਦੂਰ ਹੋ ਜਾਂਦਾ ਹੈ । ਕਰਮ — ਦੁਨੀਆ ਦੀ ਕਿਰਤ-ਕਾਰ । ਅਭਿਆਸੁ — ਮੁੜ ਮੁੜ ਕਰਨਾ । ਕਰਮ ਅਭਿਆਸੁ — ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ । ਗਿਆਨੈ ਕਾਰਨ — ਗਿਆਨ ਦੀ ਖ਼ਾਤਰ, ਪ੍ਰਭੂ ਵਿਚ ਪਰਚਣ ਦੀ ਖ਼ਾਤਰ, ਉੱਚੇ ਜੀਵਨ ਦੀ ਸੂਝ ਵਾਸਤੇ, ਜੀਵਨ ਦਾ ਸਹੀ ਰਸਤਾ ਲੱਭਣ ਲਈ । ਤਹ — ਉਸ ਅਵਸਥਾ ਵਿਚ ਅੱਪੜ ਕੇ । ਕਰਮਹ ਨਾਸੁ — ਕਰਮਾਂ ਦਾ ਨਾਸ, ਕਿਰਤ-ਕਾਰ ਦਾ ਨਾਸ, ਕਿਰਤ-ਕਾਰ ਦੇ ਮੋਹ ਦਾ ਨਾਸ ।੩। ਘ੍ਰਿਤ — ਘਿਉ । ਦਧਿ — ਨਹੀਂ । ਮਥੈ — ਰਿੜਕਦੀ ਹੈ । ਸਇਆਨ — ਸਿਆਣੀ ਇਸਤ੍ਰੀ । ਨਿਰਬਾਨ — ਵਾਸ਼ਨਾ-ਰਹਿਤ । ਕੀ ਨ — ਕਿਉਂ ਨਹੀਂ ? ਅਭਾਗ — ਹੇ ਭਾਗ ਹੀਣ ! ।੪।
ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥
ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ ਕੇਵਲ ਨਿਹਕਾਮੁ ॥੧॥

(ਪਰ ਪਾਰਸ-ਪ੍ਰਭੂ ਦੇ ਚਰਨ ਛੋਹਣੇ ਸੌਖਾ ਕੰਮ ਨਹੀਂ ਹੈ, ਕਿਉਂਕਿ ਉਹ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ ਹੈ, ਤੇ) ਉਸ ਨੂੰ ਵੇਖਣ ਤੋਂ ਬਿਨਾ (ਉਸ ਪਾਰਸ-ਪ੍ਰਭੂ ਦੇ ਚਰਣ ਛੋਹਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ,) ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ । ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ, ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ ।੧।

ਪਰਚੈ, ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥

ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ।੧।ਰਹਾਉ ।

ਸੋ ਮੁਨਿ, ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
ਮਨ ਕਾ ਸੁਭਾਉ ਸਭੁ ਕੋਈ ਕਰੈ ॥ ਕਰਤਾ ਹੋਇ ਸੁ ਅਨਭੈ ਰਹੈ ॥੨॥

(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ, ਤੇ, ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਕੋਈ ਖ਼ਾਸ ਸਰੀਰ ਨਹੀਂ ਹੈ । (ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ (ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ।੨।

ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥
ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥੩॥

(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ; ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ । ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਰਮ ਅਤੇ ਰੀਤਾਂ ਇਤਿਆਦਿ ਗਿਆਨ ਦੀ ਪ੍ਰਾਪਤੀ ਖ਼ਾਤਰ ਹਨ ।(ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ), ਜਦੋਂ ਉੱਚ-ਜੀਵਨ ਦੀ ਸੂਝ ( ਗਿਆਨ) ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਰਮ-ਕਾਂਡਾਂ ਦਾ (ਮਾਇਕ ਉੱਦਮਾਂ ਦਾ) ਨਾਸ ਹੋ ਜਾਂਦਾ ਹੈ,ਮੋਹ ਮਿਟ ਜਾਂਦਾ ਹੈ ।੩।

ਘ੍ਰਿਤ ਕਾਰਨ ਦਧਿ ਮਥੈ ਸਇਆਨ ॥ ਜੀਵਤ ਮੁਕਤ ਸਦਾ ਨਿਰਬਾਨ ॥
ਕਹਿ ਰਵਿਦਾਸ ਪਰਮ ਬੈਰਾਗ ॥ ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥

ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ (ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ । ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ । ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦੇ ਹਨ; ਹੇ ਭਾਗ-ਹੀਣ ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ ? ।੪।੧।

ਇਸ ਸ਼ਬਦ ਵਿੱਚ ਵੀ ਸਤਿਗੁਰਾਂ ਨੇ ਕਰਮ-ਕਾਂਡਾਂ ਤੋ ਹਟਣ ਲਈ, ਕਰਮ-ਕਾਂਡ  ਛੱਡਣ ਲਈ ਪ੍ਰੇਰਿਤ ਕੀਤਾ ਹੈ । ਸਤਿਗੁਰਾਂ ਦਾ ਫੁਰਮਾਨ ਹੈ  ਭਾਂਵੇ ਇਹ ਸਹੀ ਹੈ ਕਿ ਦੇਖਣ ਤੋਂ ਬਿਨਾ ਆਸ ਨਹੀ ਬੱਝਦੀ, ਯਕੀਨ ਨਹੀ ਹੁੰਦਾ ਹੈ ਪਰ ਦਿਸਣ ਵਾਲੀ ਤਾਂ ਹਰੇਕ ਚੀਜ਼ ਹੀ ਨਾਸ਼ਵਾਨ ਹੈ ( ਬੇਸ਼ੱਕ ਉਹ ਤਸਵੀਰਾਂ, ਮੂਰਤੀਆਂ ਜਾਂ ਹੋਰ ਅਜਿਹਾ ਕੁੱਝ ਵੀ ਹੋਵੇ)  ਫਲ ਦੀ ਪ੍ਰਾਪਤੀ ਲਈ ਦਰਖਤਾਂ ਨੂੰ ਫੁੱਲ ਲੱਗਦੇ ਹਨ ਪਰ ਫਲ ਲੱਗਣ ਤੋਂ ਬਾਦ ਫੁੱਲ ਝੜ ਜਾਂਦੇ ਹਨ, ਕਿਓਕਿ ਉਹਨਾਂ ਦੀ ਜਰੂਰਤ ਨਹੀ ਰਹਿੰਦੀ। ਗਿਆਨ ਦੀ ਪ੍ਰਾਪਤੀ ਲਈ ਕਈ ਕਿਰਤਾਂ-ਕਾਰਾਂ ਕਰਨੀਆਂ ਪੈਂਦੀਆਂ ਹਨ ਪਰ ਗਿਆਨ ਪ੍ਰਤਪਤੀ ਤੋਂ ਬਾਦ ਉਹਨਾਂ ਸੱਭ ਕਰਮ-ਕਾਂਡਾਂ ਦਾ ਨਾਸ ਹੋਣਾ ਚਾਹੀਦਾ ਹੈ । ਜਿਵੇਂ ਇਕ ਬੱਚੇ ਨੂੰ ਪਹਿਲਾਂ ਤਖਤੀ ਤੇ ਪੂਰਨੇ ਪਾਕੇ ਦਈਦੇ ਹਨ ਤੇ ਉਹ ਉਹਨਾਂ ਪੂਰਨਿਆਂ ਦੇ ਉਪਰ ਲਿਖਣਾ ਸਿਖਦਾ ਹੈ ਜਦ ਉਸਨੂੰ ਅੱਖਰਾਂ ਦਾ ਗਿਆਨ ਹੋ ਜਾਂਦਾ ਹੈ ਤਾਂ ਫਿਰ ਅਸੀ ਉਸਨੂੰ ਪੂਰਨੇ ਪਾਕੇ ਨਹੀ ਦਿੰਦੇ । ਇਸੇ ਤਰਾਂ ਭਾਵੇਂ ਗਿਆਨ ਦੀ ਸਮਝ ਲਿਆਉਣ ਵਾਸਤੇ ਆਰੰਭ ਵਿੱਚ ਕੁੱਝ ਕਰਮ ( ਸਿਖਣ ਹਿੱਤ) ਕਰਨੇ ਵੀ ਪੈਣ ਪਰ ਗਿਆਨ ਦੀ ਪ੍ਰਾਪਤੀ ਹੁੰਦਿਆਂ ਹੀ ਉਹਨਾਂ ਸੱਭ ਕਰਮ-ਕਾਂਡਾਂ ਦਾ ਆਪਣੇ ਆਪ ਨਾਸ ਹੋ ਜਾਂਦਾ ਹੈ । ਅਗਰ ਕੋਈ ਆਦਮੀ  ਗੁਰਵਾਕਾਂ ਅਨੁਸਾਰ ਵਿਵਰਜਿਤ ਕਰਮ ਕਰਨ ਤੋਂ ਨਹੀ ਹਟਦਾ ਤਾਂ ਇਸਦਾ ਮਤਲਬ ਤਾਂ ਇਹ ਹੀ ਹੋਇਆ ਕਿ ਉਸਨੂੰ ਗਿਆਨ ਦੀ ਪ੍ਰਾਪਤੀ ਹੀ ਨਹੀ ਹੋਈ ਹੈ ।

ਇਸੇ ਹੀ ਰਾਗ ਵਿਚ ਦਿੱਤਾ ਹੋਇਆ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਬਦ ਰਵਿਦਾਸ ਜੀ ਦੇ ਇਸ ਸ਼ਬਦ ਦਾ ਆਨੰਦ ਲੈਣ ਵਾਸਤੇ ਬੜਾ ਸੁਆਦਲਾ ਸਹਾਈ ਬਣੇਗਾ ।

ਭੈਰਉ ਮਹਲਾ ੩ ॥
ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥
ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ ਮਮਤਾ ਲਾਇ ਭਰਮਿ ਭੋੁਲਾਇਆ ॥੨॥
ਇਸੁ ਮਨ ਤੇ ਸਭ ਪਿੰਡ ਪਰਾਣਾ ॥ ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥
ਕਰਮੁ ਹੋਵੈ ਗੁਰੁ ਕਿਰਪਾ ਕਰੈ ॥ ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥
ਮਨ ਕਾ ਸੁਭਾਉ ਸਦਾ ਬੈਰਾਗੀ ॥ ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥
ਕਹਤ ਨਾਨਕੁ ਜੋ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥੬॥੫॥
{ਪੰਨਾ ੧੧੨੮}