ਪੰਨਾ ਨ: ੧੨੯੩
ੴ ਸਤਿਗੁਰ ਪ੍ਰਸਾਦਿ ॥
ਮਲਾਰ ਬਾਣੀ ਭਗਤ ਰਵਿਦਾਸ ਜੀ ਕੀ
   
ਨਾਗਰ ਜਨਾਂ, ਮੇਰੀ ਜਾਤਿ ਬਿਖਿਆਤ ਚੰਮਾਰੰ ॥
ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ,
ਸੰਤ ਜਨ ਕਰਤ ਨਹੀ ਪਾਨੰ ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ,
ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ,
ਜੈਸੇ ਕਾਗਰਾ ਕਰਤ ਬੀਚਾਰੰ ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ,
ਪੂਜੀਐ ਕਰਿ ਨਮਸਕਾਰੰ ॥੨॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ,
ਨਿਤਹਿ ਬਾਨਾਰਸੀ ਆਸ ਪਾਸਾ ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ,
ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥

ਨਾਗਰ — ਨਗਰ ਦੇ । ਬਿਖਿਆਤ — ਮਸ਼ਹੂਰ, ਪ੍ਰਤੱਖ, ਮੰਨੀ-ਪ੍ਰਮੰਨੀ । ਰਿਦੈ — ਹਿਰਦੇ ਵਿਚ । ਸਾਰੰ — ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ ।੧।ਰਹਾਉ। ਸੁਰਸਰੀ — ਸੁਰਸਰਿਤੱ , ਗੰਗਾ । ਸਲਲ — ਪਾਣੀ । ਕ੍ਰਿਤ — ਬਣਾਇਆ ਹੋਇਆ । ਬਾਰੁਨੀ — ( ਵਾ{ਣੀ) ਸ਼ਰਾਬ । ਰੇ — ਹੇ ਭਾਈ ! ਕਰਤ ਨਹੀ ਪਾਨੰ  — ਨਹੀਂ ਪੀਂਦੇ । ਸੁਰਾ — ਸ਼ਰਾਬ । ਨਤ — ਭਾਵੇਂ । ਅਵਰ — ਹੋਰ । ਆਨੰ — ਹੋਰ ਵੱਖਰੇ ।੧। ਤਰ — ਰੁੱਖ । ਤਰ ਤਾਰਿ — ਤਾੜੀ ਦੇ ਰੱ ਜਿਨ੍ਹਾਂ ਵਿਚੋਂ ਨਸ਼ਾ ਦੇਣ ਵਾਲਾ ਰਸ ਨਿਕਲਦਾ ਹੈ । ਕਾਗਰਾ — ਕਾਗ਼ਜ਼ । ਕਰਤ ਬੀਚਾਰੰ — ਵਿਚਾਰ ਕਰਦੇ ਹਨ ।੨। ਕੁਟ ਬਾਂਢਲਾ — (ਚੰਮ) ਕੁੱਟਣ ਤੇ ਵੱਢਣ ਵਾਲਾ । ਢੋਰ — ਮੋਏ ਹੋਏ ਪਸ਼ੂ । ਨਿਤਹਿ — ਸਦਾ । ਬਿਪ੍ਰ — ਬ੍ਰਾਹਮਣ । ਤਿਹਿ — ਉਸ ਨੂੰ । ਡੰਡਉਤਿ — ਨਮਸਕਾਰ । ਨਾਮ ਸਰਣਾਇ — ਨਾਮ ਦੀ ਸਰਨ ਵਿਚ । ਤਿਹਿ — ਉਸ ਕੁਲ ਵਿਚ ।੩।
ਨਾਗਰ ਜਨਾਂ, ਮੇਰੀ ਜਾਤਿ ਬਿਖਿਆਤ ਚੰਮਾਰੰ ॥
ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥

ਹੇ ਨਗਰ ਦੇ ਲੋਕੋ ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਹੈ ਚਮਾਰ (ਜਿਸ ਨੂੰ ਤੁਸੀ ਲੋਕ ਬੜੀ ਨੀਵੀਂ ਸਮਝਦੇ ਹੋ, ਪਰ) ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ।੧।ਰਹਾਉ।

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀ ਪਾਨੰ ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥

ਹੇ ਭਾਈ ! ਗੰਗਾ ਦੇ (ਭੀ) ਪਾਣੀ ਤੋਂ ਬਚਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ; ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿਤ੍ਰ ਜਾਤ ਦਾ ਕੀਤਾ ਜਾਏ), ਪਰ ਹੇ ਭਾਈ ! ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ।੧।

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ, ਜੈਸੇ ਕਾਗਰਾ ਕਰਤ ਬੀਚਾਰੰ ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ, ਪੂਜੀਐ ਕਰਿ ਨਮਸਕਾਰੰ ॥੨॥

ਹੇ ਭਾਈ ! ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ), ਪਰ ਜਦੋਂ ਭਗਵਾਨ ਦੀ ਸਿਫ਼ਤਿ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ।੨।

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ, ਨਿਤਹਿ ਬਾਨਾਰਸੀ ਆਸ ਪਾਸਾ ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ, ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥

ਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ; ਪਰ (ਹੇ ਪ੍ਰਭੂ !) ਉਸੇ ਕੁਲ ਵਿਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ ।੩।੧।

ਨੋਟ: —  ਇਸ ਸ਼ਬਦ ਦੀ ਰਹਾਉ ਦੀ ਤੁਕ ਵਿਚ ਰਵਿਦਾਸ ਜੀ ਲਿਖਦੇ ਹਨ — "ਮੈਂ ਰਾਮ ਦੇ ਗੁਣ ਸੰਭਾਲਦਾ ਹਾਂ, ਮੈਂ ਗੋਬਿੰਦ ਦੇ ਗੁਣ ਸੰਭਾਲਦਾ ਹਾਂ" ਪਰ ਜੇ ਅਵਤਾਰ-ਪੂਜਾ ਦੇ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ 'ਰਾਮ' ਸ੍ਰੀ ਰਾਮ ਚੰਦਰ ਜੀ ਦਾ ਨਾਮ ਹੈ, ਤੇ, 'ਗੋਬਿੰਦ' ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੈ । ਇਹਨਾਂ ਦੋਹਾਂ ਲਫ਼ਜ਼ਾਂ ਦੀ ਇਕੱਠੀ ਵਰਤੋਂ ਤੋਂ ਸਾਫ਼ ਪ੍ਰਤੱਖ ਹੈ ਕਿ ਰਵਿਦਾਸ ਜੀ ਕਿਸੇ ਖ਼ਾਸ ਅਵਤਾਰ ਦੇ ਉਪਾਸ਼ਕ ਨਹੀਂ ਸਨ । ਉਹ ਉਸ ਪਰਮਾਤਮਾ ਦੇ ਭਗਤ ਸਨ, ਜਿਸ ਦੇ ਵਾਸਤੇ ਇਹ ਸਾਰੇ ਲਫ਼ਜ਼ ਵਰਤੇ ਜਾ ਸਕਦੇ ਹਨ।