ਪੰਨਾ ਨ: ੧੧੨੪
ੴ ਸਤਿਗੁਰ ਪ੍ਰਸਾਦਿ ॥
ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ
   
ਖਟੁ ਕਰਮ ਕੁਲ ਸੰਜੁਗਤੁ ਹੈ,
ਹਰਿ ਭਗਤਿ ਹਿਰਦੈ ਨਾਹਿ ॥
ਚਰਨਾਰਬਿੰਦ ਨ ਕਥਾ ਭਾਵੈ,
ਸੁਪਚ ਤੁਲਿ ਸਮਾਨਿ ॥੧॥

ਰੇ ਚਿਤ ਚੇਤਿ ਚੇਤ ਅਚੇਤ ॥
ਕਾਹੇ ਨ ਬਾਲਮੀਕਹਿ ਦੇਖ ॥
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ,
ਰਾਮ ਭਗਤਿ ਬਿਸੇਖ ॥੧॥ ਰਹਾਉ ॥

ਸੁਆਨ ਸਤ੍ਰੁ ਅਜਾਤੁ ਸਭ ਤੇ,
ਕ੍ਰਿਸ਼ਨ ਲਾਵੈ ਹੇਤੁ ॥
ਲੋਗੁ ਬਪੁਰਾ ਕਿਆ ਸਰਾਹੈ,
ਤੀਨਿ ਲੋਕ ਪ੍ਰਵੇਸ ॥੨॥
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ,
ਗਏ ਹਰਿ ਕੈ ਪਾਸਿ ॥
ਐਸੇ ਦੁਰਮਤਿ ਨਿਸਤਰੇ,
ਤੂ ਕਿਉ ਨ ਤਰਹਿ ਰਵਿਦਾਸ ॥੩॥੧॥

ਖਟੁ ਕਰਮ — ਮਨੂ-ਸਿਮ੍ਰਿਤੀ ਵਿਚ ਦੱਸੇ ਛੇ ਕਰਮ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ । ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ । ਸੰਜੁਗਤੁ — ਸਮੇਤ, ਸਹਿਤ । ਚਰਨਾਰਬਿੰਦ — ਚਰਨ+ਅਰਬਿੰਦ, ਚਰਨ ਕਮਲ । ਸੁ ਪਚ — ਚੰਡਾਲ, ਜੋ ਕੁੱਤੇ ਨੂੰ ਰਿੰਨ੍ਹ ਲਏ । ਤੁਲਿ — ਬਰਾਬਰ । ਸਮਾਨਿ — ਵਰਗਾ ।੧। ਰੇ ਅਚੇਤ ਚਿਤ — ਹੇ ਗ਼ਾਫ਼ਲ ਮਨ ! ਕਾਹੇ ਨ — ਕਿਉਂ ਨਹੀਂ ? ਪਦਹਿ — ਦਰਜੇ ਉੱਤੇ । ਅਮਰਿਓ — ਅੱਪੜਿਆ । ਬਿਸੇਖ — ਵਿਸ਼ੇਸ਼ਤਾ, ਵਡਿਆਈ ।੧।ਰਹਾਉ । ਸੁਆਨ ਸਤ੍ਰੁ — ਕੁੱਤਿਆਂ ਦਾ ਵੈਰੀ, ਕੁੱਤੇ ਨੂੰ ਮਾਰ ਕੇ ਖਾ ਜਾਣ ਵਾਲਾ । ਅਜਾਤੁ — ਨੀਚ, ਚੰਡਾਲ । ਹੇਤੁ — ਪਿਆਰ । ਬਪੁਰਾ — ਵਿਚਾਰਾ, ਨਿਮਾਣਾ । ਸਰਾਹੈ — ਸਿਫ਼ਤਿ ਕਰੇ ।੨। ਲੁਭਤੁ — ਲੁਬਧਕ, ਸ਼ਿਕਾਰੀ । ਕੁੰਚਰੁ — ਹਾਥੀ । ਦੁਰਮਤਿ — ਭੈੜੀ ਮੱਤ ਵਾਲੇ ।੩। ਅਜਾਮਲ — ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇਕ ਵੇਸਵਾ ਨਾਲ ਵਿਆਹ ਕੀਤਾ ਸੀ । ਉਸ ਵੇਸਵਾ ਦੇ ਉਦਰ ਤੋਂ ੧੦ ਪੁੱਤਰ ਜਨਮੇ । ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ, ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ । ਕੁੰਚਰੁ — ਹਾਥੀ, ਗਜ । ਇਕ ਗੰਧਰਵ ਜੋ ਦੈਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ । ਵਰੁਣ ਦੇਵਤੇ ਦੇ ਤਲਾਬ ਵਿਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ । ਜਦੋਂ ਨਿਰਬਲ ਹੋ ਕੇ ਇਹ ਡੁੱਬਣ ਲੱਗਾ, ਤਦ ਕਮਲ ਸੁੰਡ ਵਿਚ ਲੈ ਕੇ ਈਸ਼੍ਵਰ ਨੂੰ ਅਰਾਧਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ । ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ । ਇਹ ਕਥਾ ਭਾਗਵਤ ਦੇ ਅਠਵੇਂ ਅਸਕੰਧ ਦੇ ਦੂਜੇ ਅਧਿਆਇ ਵਿਚ ਹੈ । ਪਿੰਗੁਲਾ — ਜਨਕਪੁਰੀ ਵਿਚ ਇਕ ਗਨਕਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗੁਲਾ ਸੀ । ਉਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਵੇਖਿਆ, ਉਸ ਉੱਤੇ ਮੋਹਿਤ ਹੋ ਗਈ । ਪਰ ਉਹ ਉਸ ਪਾਸ ਨਾਹ ਆਇਆ । ਪਿੰਗੁਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ । ਅੰਤ ਨੂੰ ਉਸ ਦੇ ਮਨ ਵਿਚ ਵੈਰਾਗ ਪੈਦਾ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿਚ ਲਾਂਦੀ, ਤਾਂ ਕੇਹਾ ਚੰਗਾ ਫਲ ਮਿਲਦਾ । ਪਿੰਗੁਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ ।
ਖਟੁ ਕਰਮ ਕੁਲ ਸੰਜੁਗਤੁ ਹੈ, ਹਰਿ ਭਗਤਿ ਹਿਰਦੈ ਨਾਹਿ ॥
ਚਰਨਾਰਬਿੰਦ ਨ ਕਥਾ ਭਾਵੈ, ਸੁਪਚ ਤੁਲਿ ਸਮਾਨਿ ॥੧॥

ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ, ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ।੧।

ਰੇ ਚਿਤ ਚੇਤਿ ਚੇਤ ਅਚੇਤ ॥ ਕਾਹੇ ਨ ਬਾਲਮੀਕਹਿ ਦੇਖ ॥
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ, ਰਾਮ ਭਗਤਿ ਬਿਸੇਖ ॥੧॥ ਰਹਾਉ ॥

ਹੇ ਮੇਰੇ ਗ਼ਾਫ਼ਲ ਮਨ ! ਪ੍ਰਭੂ ਨੂੰ ਸਿਮਰ । ਹੇ ਮਨ ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ ? ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ — ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ।੧।ਰਹਾਉ ।

ਸੁਆਨ ਸਤ੍ਰੁ ਅਜਾਤੁ ਸਭ ਤੇ, ਕ੍ਰਿਸ਼ਨ ਲਾਵੈ ਹੇਤੁ ॥
ਲੋਗੁ ਬਪੁਰਾ ਕਿਆ ਸਰਾਹੈ, ਤੀਨਿ ਲੋਕ ਪ੍ਰਵੇਸ ॥੨॥

ਉਹ ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ । ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ।੨।

ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ, ਗਏ ਹਰਿ ਕੈ ਪਾਸਿ ॥
ਐਸੇ ਦੁਰਮਤਿ ਨਿਸਤਰੇ, ਤੂ ਕਿਉ ਨ ਤਰਹਿ ਰਵਿਦਾਸ ॥੩॥੧॥

ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ — ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ । ਹੇ ਰਵਿਦਾਸ ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ ? ।੩।੧।