ਪੰਨਾ ਨ: ੧੧੦੬
ੴ ਸਤਿਗੁਰ ਪ੍ਰਸਾਦਿ ॥
ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ
   
ਸੁਖਸਾਗਰ ਸੁਰਿਤਰੁ ਚਿੰਤਾਮਨਿ,
ਕਾਮਧੇਨ ਬਸਿ ਜਾ ਕੇ ਰੇ ॥
ਚਾਰਿ ਪਦਾਰਥ ਅਸਟ ਮਹਾ ਸਿਧਿ,
ਨਵਨਿਧਿ ਕਰ ਤਲ ਤਾ ਕੈ ॥੧॥

ਹਰਿ ਹਰਿ ਹਰਿ ਨ ਜਪਸਿ ਰਸਨਾ ॥
ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥

ਨਾਨਾ ਖਿਆਨ ਪੁਰਾਨ ਬੇਦ ਬਿਧਿ,
ਚਉਤੀਸ ਅਛਰ ਮਾਹੀ ॥
ਬਿਆਸ ਬੀਚਾਰਿ ਕਹਿਓ ਪਰਮਾਰਥੁ,
ਰਾਮ ਨਾਮ ਸਰਿ ਨਾਹੀ ॥੨॥
ਸਹਜ ਸਮਾਧਿ ਉਪਾਧਿ ਰਹਤ ਹੋਇ,
ਬਡੇ ਭਾਗਿ ਲਿਵ ਲਾਗੀ ॥
ਕਹਿ ਰਵਿਦਾਸ ਉਦਾਸ ਦਾਸ ਮਤਿ,
ਜਨਮ ਮਰਨ ਭੈ ਭਾਗੀ ॥੩॥੨॥੧੫॥

ਪਦ ਅਰਥ : — ਸੁਰਤਰ — ਸੁਰਗ ਦੇ ਰੁੱਖ, ਇਹ ਗਿਣਤੀ ਵਿਚ ਪੰਜ ਹਨ — ਮੰਦਾਰ, ਪਾਰਿਜਾਤਿ, ਸੰਤਾਨ, ਕਲਪ ਰੁੱਖ, ਚਿੰਤਾਮਨਿ — ਉਹ ਮਣੀ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ । ਕਾਮਧੇਨੁ — {ਕਾਮ — ਵਾਸ਼ਨਾ । ਧੇਨੁ — ਗਾਂ} ਹਰੇਕ ਵਾਸ਼ਨਾ ਪੂਰੀ ਕਰਨ ਵਾਲੀ ਗਾਂ (ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ) । ਬਸਿ — ਵੱਸ ਵਿਚ । ਜਾ ਕੇ — ਜਿਸ ਪਰਮਾਤਮਾ ਦੇ । ਚਾਰਿ ਪਦਾਰਥ ਧਰਮ, ਅਰਥ, ਕਾਮ, ਮੋਖ ਅਸਟ ਦਸਾ — {੮+੧੦} ਅਠਾਰਾਂ । ਨਵ ਨਧਿ — ਕੁਬੇਰ ਦੇਵਤੇ ਦੇ ਨੌ ਖ਼ਜ਼ਾਨੇ । ਕਰ ਤਲ — ਹੱਥਾਂ ਦੀਆਂ ਤਲੀਆਂ ਉੱਤੇ ।੧। ਰਸਨਾ — ਜੀਭ ਨਾਲ । ਬਚਨ ਰਚਨਾ — ਫੋਕੀਆਂ ਗੱਲਾਂ । ਤਿਆਗਿ — ਤਿਆਗ ਕੇ ।੧।ਰਹਾਉ। ਨਾਨਾ — ਕਈ ਕਿਸਮ ਦੇ । ਖਿਆਨ — ਪ੍ਰਸੰਗ । ਬੇਦ ਬਿਧਿ — ਵੇਦਾਂ ਵਿਚ ਦੱਸੀਆਂ ਧਾਰਮਿਕ ਵਿਧੀਆਂ । ਚਉਤੀਸ ਅਖਰ — {ਅ ੲ ੳ ਸ=੪, ਪੰਜ ਵਰਗ, ਕ-ਵਰਗ ਆਦਿਕ=੨੫, ਯ ਰ ਵ ਲ ਹ=੫, ਕੁੱਲ ਜੋੜ =੩੪ । ਨੋਟ : — ਅਸਲ 'ਹ੍ਰਸ੍ਵ' ਸਿਰਫ਼ ੩ ਹਨ, 'ੳ, ਅ, ੲ', ਬਾਕੀ ਦੇ ਇਹਨਾਂ ਤੋਂ ਹੀ ਬਣੇ ਹਨ ਲਗਾਂ ਮਾਤ੍ਰਾਂ ਲਾ ਕੇ} । ਚਉਤੀਸ ਅਖਰ ਮਾਂਹੀ — ੩੪ ਅੱਖਰਾਂ ਵਿਚ ਹੀ, ਨਿਰੀ ਵਾਕ ਰਚਨਾ, ਨਿਰੀਆਂ ਗੱਲਾਂ ਜੋ ਆਤਮਕ ਜੀਵਨ ਤੋਂ ਹੇਠਾਂ ਹਨ । ਪਰਮਾਰਥੁ — ਪਰਮ+ਅਰਥ, ਸਭ ਤੋਂ ਉੱਚੀ ਗੱਲ । ਸਰਿ — ਬਰਾਬਰ ।੨। ਸਹਜ ਸਮਾਧਿ — ਮਨ ਦਾ ਪੂਰਨ ਟਿਕਾਉ । ਸਹਜ — ਆਤਮਕ ਅਡੋਲਤਾ । ਉਪਾਧਿ — ਕਲੇਸ਼ । ਫੁਨਿ — ਫਿਰ, ਮੁੜ । ਬਡੈ ਭਾਗਿ — ਵੱਡੀ ਕਿਸਮਤ ਨਾਲ । ਕਹਿ — ਕਹੇ, ਆਖਦਾ ਹੈ । ਰਿਦੈ — ਹਿਰਦੇ ਵਿਚ । ਭਾਗੀ — ਦੂਰ ਹੋ ਜਾਂਦੇ ਹਨ ।੩।
ਸੁਖਸਾਗਰ ਸੁਰਿਤਰੁ ਚਿੰਤਾਮਨਿ, ਕਾਮਧੇਨ ਬਸਿ ਜਾ ਕੇ ਰੇ ॥
ਚਾਰਿ ਪਦਾਰਥ ਅਸਟ ਮਹਾ ਸਿਧਿ, ਨਵਨਿਧਿ ਕਰ ਤਲ ਤਾ ਕੈ ॥੧॥

(ਹੇ ਪੰਡਿਤ) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜ ਰੁੱਖ, ਚਿੰਤਾਮਣਿ ਅਤੇ ਕਾਮਧੇਨ ਹਨ; ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅੱਠ ਵੱਡੀਆਂ ਅਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ ।੧।

ਹਰਿ ਹਰਿ ਹਰਿ ਨ ਜਪਸਿ ਰਸਨਾ ॥
ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥

(ਹੇ ਪੰਡਿਤ !) ਤੂੰ ਹੋਰ ਸਭ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ? ।੧।ਰਹਾਉ ।

ਨਾਨਾ ਖਿਆਨ ਪੁਰਾਨ ਬੇਦ ਬਿਧਿ, ਚਉਤੀਸ ਅਛਰ ਮਾਹੀ ॥
ਬਿਆਸ ਬੀਚਾਰਿ ਕਹਿਓ ਪਰਮਾਰਥੁ, ਰਾਮ ਨਾਮ ਸਰਿ ਨਾਹੀ ॥੨॥

(ਹੇ ਪੰਡਿਤ !) ਪੁਰਾਣਾਂ ਦੇ ਅਨੇਕਾਂ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਹੈ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ ! ਵੇਦਾਂ ਦੇ ਖੋਜੀ) ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹੀ ਪਰਮ ਤੱਤ ਦੱਸਿਆ ਹੈ ਕਿ ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ।੨।

ਸਹਜ ਸਮਾਧਿ ਉਪਾਧਿ ਰਹਤ ਹੋਇ, ਬਡੇ ਭਾਗਿ ਲਿਵ ਲਾਗੀ ॥
ਕਹਿ ਰਵਿਦਾਸ ਉਦਾਸ ਦਾਸ ਮਤਿ, ਜਨਮ ਮਰਨ ਭੈ ਭਾਗੀ ॥੩॥੨॥੧੫॥

ਰਵਿਦਾਸ ਜੀ ਆਖਦੇ ਹਨ — (ਹੇ ਪੰਡਿਤ !) ਵੱਡੀ ਕਿਸਮਤਿ ਨਾਲ ਸਹਿਜ ਅਵਸਥਾ ਵਿੱਚ ਹੀ  ਬਿਨਾ ਕੁੱਝ ਉਪਾਧ ( ਕਰਮ-ਕਾਂਡ ) ਕਰਨ ਦੇ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਕੋਈ ਵਿਕਾਰ ਉਸ ਵਿਚ ਨਹੀਂ ਉਠਦਾ, ਉਸ ਸੇਵਕ ਦੀ ਮੱਤ (ਮਾਇਆ ਵਲੋਂ) ਨਿਰਮੋਹ ਰਹਿੰਦੀ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ।੩।੨।੧੫।