ਪੰਨਾ ਨ: ੭੧੦
ੴ ਸਤਿਗੁਰ ਪ੍ਰਸਾਦਿ ॥ ਜੈਤਸਰੀ ਬਾਣੀ ਭਗਤਾ ਕੀ ।।
   
ਨਾਥ ਕਛੂਅ ਨ ਜਾਨਉ ॥
ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥

ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥
ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥
ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥
ਜਤ ਦੇਖਉ ਤਤ ਦੁਖ ਕੀ ਰਾਸੀ ॥
ਅਜੌਂ ਨ ਪਤ੍ਯਾਇ ਨਿਗਮ ਭਏ ਸਾਖੀ ॥੩॥
ਗੋਤਮ ਨਾਰਿ ਉਮਾਪਤਿ ਸ੍ਵਾਮੀ ॥
ਸੀਸੁ ਧਰਨਿ ਸਹਸ ਭਗ ਗਾਂਮੀ ॥੪॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥
ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥
ਕਹਿ ਰਵਿਦਾਸ ਕਹਾ ਕੈਸੇ ਕੀਜੈ ॥
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥

ਨਾਥ — ਹੇ ਨਾਥ ! ਹੇ ਪ੍ਰਭੂ ! ਨ ਜਾਨਉ — ਮੈਂ ਨਹੀਂ ਜਾਣਦਾ। ਕਛੂਅ ਨ ਜਾਨਉ — ਮੈਂ ਕੁਝ ਭੀ ਨਹੀਂ ਜਾਣਦਾ, ਮੈਨੂੰ ਕੁਛ ਭੀ ਨਹੀਂ ਅਹੁੜਦਾ, ਮੇਰੀ ਕੋਈ ਪੇਸ਼ ਨਹੀਂ ਜਾਂਦੀ । ਬਿਕਾਨਉ — ਮੈਂ ਵੇਚ ਦਿੱਤਾ ਹੈ ।੧। ਰਹਾਉ। ਕਹੀਅਤ ਹੌ — ਤੂੰ ਅਖਵਾਉਂਦਾ ਹੈਂ । ਕਾਮੀ — ਵਿਸ਼ਈ ।੧। ਪੰਚਨ — ਕਾਮਾਦਿਕ ਪੰਜ ਵਿਕਾਰਾਂ ਨੇ । ਜੁ — ਇਤਨ-ਕੁ । ਤੇ — ਤੋਂ । ਅੰਤਰੁ — ਵਿੱਥ ।੨। ਜਤ — ਜਿੱਧਰ । ਦੇਖਉ — ਮੈਂ ਵੇਖਦਾ ਹਾਂ । ਰਾਸੀ — ਖਾਣ, ਸਾਮਾਨ । ਨ ਪਤ੍ਯਾਇ — ਪਤੀਜਦਾ ਨਹੀਂ, ਮੰਨਦਾ ਨਹੀਂ । ਨਿਗਮ — ਵੇਦ ਆਦਿਕ ਧਰਮ-ਪੁਸਤਕ । ਸਾਖੀ — ਗਵਾਹ ।੩। ਗੋਤਮ ਨਾਰਿ — ਗੌਤਮ ਦੀ ਵਹੁਟੀ, ਅਹੱਲਿਆ । ਉਮਾਪਤਿ — ਪਾਰਵਤੀ ਦਾ ਪਤੀ, ਸ਼ਿਵ । ਸੀਸੁ ਧਰਨਿ — (ਬ੍ਰਹਮਾ ਦਾ) ਸਿਰ ਧਾਰਨ ਵਾਲਾ ਸ਼ਿਵ (ਨੋਟ : — ਜਦੋਂ ਬ੍ਰਹਮਾ ਆਪਣੀ ਹੀ ਧੀ ਉੱਤੇ ਮੋਹਿਤ ਹੋ ਗਿਆ, ਤੇ ਜਿੱਧਰ ਉਹ ਜਾਏ ਉੱਧਰ ਬ੍ਰਹਮਾ ਆਪਣਾ ਨਵਾਂ ਮੂੰਹ ਬਣਾਈ ਜਾਏ; ਉਹ ਅਕਾਸ਼ ਵੱਲ ਉੱਡ ਖਲੋਤੀ, ਬ੍ਰਹਮਾ ਨੇ ਪੰਜਵਾਂ ਮੂੰਹ ਉੱਪਰ ਵਲ ਬਣਾ ਲਿਆ । ਸ਼ਿਵ ਜੀ ਨੇ ਇਹ ਅੱਤ ਵੇਖ ਕੇ ਬ੍ਰਹਮਾ ਦਾ ਇਹ ਸਿਰ ਕੱਟ ਦਿਤਾ, ਪਰ ਬ੍ਰਹਮ-ਹਤਿਆ ਦਾ ਪਾਪ ਹੋ ਜਾਣ ਕਰਕੇ ਇਹ ਸਿਰ ਸ਼ਿਵ ਜੀ ਦੇ ਹੱਥਾਂ ਨਾਲ ਹੀ ਚੰਬੜ ਗਿਆ) । ਸਹਸ — ਹਜ਼ਾਰ । ਭਗ — ਤ੍ਰੀਮਤ ਦਾ ਗੁਪਤ ਅੰਗ । ਸਹਸ ਭਗ ਗਾਂਮੀ — ਹਜ਼ਾਰਾਂ ਭਗਾਂ ਦੇ ਨਿਸ਼ਾਨਾਂ ਵਾਲਾ (ਨੋਟ : — ਜਦੋਂ ਇੰਦਰ ਨੇ ਗੌਤਮ ਦੀ ਵਹੁਟੀ ਨਾਲ ਵਿਭਚਾਰ ਕੀਤਾ, ਤਾਂ ਗੌਤਮ ਦੇ ਸ੍ਰਾਪ ਨਾਲ ਉਸ ਦੇ ਪਿੰਡੇ ਤੇ ਹਜ਼ਾਰ ਭਗਾਂ ਬਣ ਗਈਆਂ) ।੪। ਦੂਤਨ — ਦੂਤਾਂ ਨੇ, ਭੈੜਿਆਂ ਨੇ । ਖਲੁ — ਮੂਰਖ । ਬਧੁ — ਮਾਰ ਕੁਟਾਈ । ਬਧੁ ਕਰਿ ਮਾਰਿਓ — ਮਾਰ ਮਾਰ ਕੇ ਮਾਰਿਆ ਹੈ, ਬੁਰੀ ਤਰ੍ਹਾਂ ਮਾਰਿਆ ਹੈ ।੫। ਕਹਿ — ਕਹੇ, ਆਖਦਾ ਹੈ । ਕਹਾ — ਕਿੱਥੇ (ਜਾਵਾਂ) ? ਰਘੁਨਾਥ — ਪਰਮਾਤਮਾ ।੬।

ਨਾਥ ਕਛੂਅ ਨ ਜਾਨਉ ॥ ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
ਹੇ ਪ੍ਰਭੂ ! ਮੈਂ ਕੁੱਝ ਵੀ ਨਹੀ ਜਾਣਦਾ ਹਾਂ । ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ, ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ ।੧।ਰਹਾਉ।

ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥ ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥

ਹੇ ਨਾਥ ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ, ਅਸੀ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ।੧।

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥ ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥
ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ।੨।

ਜਤ ਦੇਖਉ ਤਤ ਦੁਖ ਕੀ ਰਾਸੀ ॥ ਅਜੌਂ ਨ ਪਤ੍ਯਾਇ ਨਿਗਮ ਭਏ ਸਾਖੀ ॥੩॥
(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ । ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ ।੩।

ਗੋਤਮ ਨਾਰਿ ਉਮਾਪਤਿ ਸ੍ਵਾਮੀ ॥ ਸੀਸੁ ਧਰਨਿ ਸਹਸ ਭਗ ਗਾਂਮੀ ॥੪॥
ਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ, ਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ — (ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ) ।੪।

ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥ ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥
ਇਹਨਾਂ ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ, ਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ ।੫।

ਕਹਿ ਰਵਿਦਾਸ ਕਹਾ ਕੈਸੇ ਕੀਜੈ ॥ ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥
ਰਵਿਦਾਸ ਜੀ ਆਖਦੇ ਹਨ — ਹੋਰ ਕਿੱਥੇ ਜਾਵਾਂ ? ਹੋਰ ਕੀਹ ਕਰਾਂ ? (ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ।੬।੧।

ਨੋਟ : — ਇਸ ਸ਼ਬਦ ਵਿਚ ਜਿਸ ਨੂੰ ਲਫ਼ਜ਼ 'ਰਘੁਨਾਥ' ਨਾਲ ਯਾਦ ਕੀਤਾ ਹੈ, ਉਸ ਦੇ ਵਾਸਤੇ ਲਫ਼ਜ਼ 'ਜਗਤ-ਗੁਰ ਸੁਆਮੀ' ਭੀ ਵਰਤਿਆ ਹੈ । ਲਫ਼ਜ਼ 'ਰਘੁਨਾਥ' ਸਤਿਗੁਰੂ ਜੀ ਨੇ ਆਪ ਭੀ ਕਈ ਵਾਰੀ ਵਰਤਿਆ ਹੈ, ਪਰਮਾਤਮਾ ਦੇ ਅਰਥ ਵਿਚ ।