ਪੰਨਾ ਨ: ੬੯੪
ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ।।
   
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥

ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ,
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ,
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ,
ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਨਾਮ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ ॥੨॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ,
ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ,
ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
ਦਸ ਅਠਾ ਅਠਸਠੇ ਚਾਰੇ ਖਾਣੀ,
ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ,
ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥
ਆਰਤੀ — {ਆਰਤਿ} ਥਾਲ ਵਿਚ ਫੁੱਲ ਰੱਖ ਕੇ ਜਗਦਾ ਦੀਵਾ ਰੱਖ ਕੇ ਚੰਦਨ ਆਦਿਕ ਸੁਗੰਧੀਆਂ ਲੈ ਕੇ ਕਿਸੇ ਮੂਰਤੀ ਅੱਗੇ ਉਹ ਥਾਲ ਹਿਲਾਈ ਜਾਣਾ ਤੇ ਉਸ ਦੀ ਉਸਤਤਿ ਵਿਚ ਭਜਨ ਗਾਉਣੇ — ਇਹ ਉਸ ਮੂਰਤੀ ਦੀ ਆਰਤੀ ਕਹੀ ਜਾਂਦੀ ਹੈ । ਮੁਰਾਰੇ — ਹੇ ਮੁਰਾਰਿ ! {ਮੁਰ+ਅਰਿ । ਅਰਿ — ਵੈਰੀ, ਮੁਰ ਦੈਂਤ ਦਾ ਵੈਰੀ । ਕ੍ਰਿਸ਼ਨ ਜੀ ਦਾ ਨਾਮ ਹੈ} ਹੇ ਪਰਮਾਤਮਾ ! ਪਾਸਾਰੇ — ਖਿਲਾਰੇ, ਅਡੰਬਰ (ਨੋਟ : — ਉਹਨਾਂ ਅਡੰਬਰਾਂ ਦਾ ਜ਼ਿਕਰ ਬਾਕੀ ਦੇ ਸ਼ਬਦ ਵਿਚ ਹੈ — ਚੰਦਨ ਚੜ੍ਹਾਉਣਾ, ਦੀਵਾ, ਮਾਲਾ, ਨੈਵੇਦ ਦਾ ਭੋਗ) ।੧।ਰਹਾਉ।  ਆਸਨੋ — ਉੱਨ ਆਦਿਕ ਦਾ ਕੱਪੜਾ ਜਿਸ ਤੇ ਬੈਠ ਕੇ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ । ਉਰਸਾ — ਚੰਦਨ ਰਗੜਨ ਵਾਲੀ ਸਿਲ । ਲੇ — ਲੈ ਕੇ । ਛਿਟਕਾਰੇ — ਛਿੜਕਾਈਦਾ ਹੈ । ਅੰਭੁਲਾ — ਟੲਰ} ਪਾਣੀ । ਜਪੇ — ਜਪਿ, ਜਪ ਕੇ । ਤੁਝਹਿ ਕਉ — ਤੈਨੂੰ ਹੀ । ਚਾਰੇ — ਚੜ੍ਹਾਈਦਾ ਹੈ ।੧। ਬਾਤੀ — ਵੱਟੀ (ਦੀਵੇ ਦੀ) । ਮਾਹਿ — ਦੀਵੇ ਮਾਹਿ, ਦੀਵੇ ਵਿਚ । ਪਸਾਰੇ — ਪਾਈਦਾ ਹੈ । ਉਜਿਆਰੋ — ਚਾਨਣ । ਸਗਲਾਰੇ — ਸਾਰੇ । ਭਵਨ — ਭਵਨਾਂ ਵਿਚ, ਮੰਡਲਾਂ ਵਿਚ ।੨। ਤਾਗਾ — (ਮਾਲਾ ਪਰੋਣ ਲਈ) ਧਾਗਾ । ਭਾਰ ਅਠਾਰਹ — ਸਾਰੀ ਬਨਸਪਤੀ, ਜਗਤ ਦੀ ਸਾਰੀ ਬਨਸਪਤੀ ਦੇ ਹਰੇਕ ਕਿਸਮ ਦੇ ਬੂਟੇ ਦਾ ਇੱਕ ਇੱਕ ਪੱਤਰ ਲੈ ਕੇ ਇਕੱਠੇ ਕੀਤਿਆਂ ੧੮ ਭਾਰ ਬਣਦੇ ਹਨ; ਇੱਕ ਭਾਰ ਪੰਜ ਮਣ ਕੱਚੇ ਦਾ ਹੈ — ਇਹ ਪੁਰਾਣਾ ਖ਼ਿਆਲ ਚਲਿਆ ਆ ਰਿਹਾ ਹੈ । ਜੂਠਾਰੇ — ਜੂਠੇ, ਕਿਉਂਕਿ ਭੌਰੇ ਆਦਿਕਾਂ ਨੇ ਸੁੰਘੇ ਹੋਏ ਹਨ । ਅਰਪਉ — ਮੈਂ ਭੇਟਾ ਕਰਾਂ । ਤੁਹੀ — ਤੈਨੂੰ ਹੀ । ਢੋਲਾਰੇ — ਝੁਲਾਈਦਾ ਹੈ ।੩। ਦਸ ਅਠਾ — ੧੮ ਪੁਰਾਣ । ਅਠਸਠੇ — ੬੮ ਤੀਰਥ । ਵਰਤਣਿ — ਨਿੱਤ ਦੀ ਕਾਰ, ਪਰਚਾ । ਭੋਗ — ਨੈਵੇਦ, ਦੁਧ ਖੀਰ ਆਦਿਕ ਦੀ ਭੇਟਾ ।੪।

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
ਹੇ ਪ੍ਰਭੂ ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ । (ਹੇ ਭਾਈ !) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ।੧।ਰਹਾਉ।

ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥

ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ । ਹੇ ਮੁਰਾਰਿ ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ।੧।

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ, ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥

ਹੇ ਪ੍ਰਭੂ ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ; ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ।੨।

ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ, ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ, ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥

ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ ।(ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ ।੩।

ਦਸ ਅਠਾ ਅਠਸਠੇ ਚਾਰੇ ਖਾਣੀ, ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥

ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ । ਸਤਿਗੁਰੂ ਰਵਿਦਾਸ ਅਖਦੇ ਹਨ, ਪ੍ਰਭੂ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ।੪।੩।