ਪੰਨਾ ਨ: ੭੯੩
ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ
   
ਸਹ ਕੀ ਸਾਰ ਸੁਹਾਗਨਿ ਜਾਨੈ ॥
ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥
ਤਨੁ ਮਨੁ ਦੇਇ ਨ ਅੰਤਰੁ ਰਾਖੈ ॥
ਅਵਰਾ ਦੇਖਿ ਨ ਸੁਨੈ ਅਭਾਖੈ ॥੧॥
ਸੋ ਕਤ ਜਾਨੈ ਪੀਰ ਪਰਾਈ ॥
ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥

ਦੁਖੀ ਦੁਹਾਗਨਿ ਦੁਇ ਪਖ ਹੀਨੀ ॥
ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
ਪੁਰਸਲਾਤ ਕਾ ਪੰਥੁ ਦੁਹੇਲਾ ॥
ਸੰਗਿ ਨ ਸਾਥੀ ਗਵਨੁ ਇਕੇਲਾ ॥੨॥
ਦੁਖੀਆ ਦਰਦਵੰਦੁ ਦਰਿ ਆਇਆ ॥
ਬਹੁਤੁ ਪਿਆਸ ਜਬਾਬੁ ਨ ਪਾਇਆ ॥
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥
ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥

ਸਹ — ਖਸਮ । ਸਾਰ — ਕਦਰ । ਸੁਹਾਗਨਿ — ਸੁਹਾਗ ਵਾਲੀ, ਖਸਮ ਨਾਲ ਪਿਆਰ ਕਰਨ ਵਾਲੀ । ਤਜਿ — ਛੱਡ ਕੇ । ਅੰਤਰੁ — ਵਿੱਥ । ਦੇਇ — ਹਵਾਲੇ ਕਰਦੀ ਹੈ । ਅਭਾਖੈ — ਮੰਦੀ ਪ੍ਰੇਰਨਾ ।੧। ਪਰਾਈ ਪੀਰ — ਹੋਰਨਾਂ (ਗੁਰਮੁਖਿ ਸੁਹਾਗਣਾਂ) ਦੀ ਵਿਛੋੜੇ ਦੀ ਪੀੜ । ਜਾ ਕੈ ਅੰਤਰਿ — ਜਿਸ ਦੇ ਹਿਰਦੇ ਵਿਚ । ਦਰਦੁ — ਪ੍ਰਭੂ-ਪਤੀ ਨਾਲੋਂ ਵਿਛੋੜੇ ਦੀ ਪੀੜ ।੧।ਰਹਾਉ। ਦੁਇ ਪਖ — ਸਹੁਰਾ ਪੇਕਾ, ਲੋਕ ਪਰਲੋਕ । ਹੀਨੀ — ਵਾਂਜੀ ਹੋਈ । ਜਿਨਿ — ਜਿਸ ਨੇ । ਨਾਹ ਭਗਤਿ — ਖਸਮ-ਪ੍ਰਭੂ ਦੀ ਬੰਦਗੀ । ਨਿਰੰਤਰਿ — ਇੱਕ-ਰਸ । ਪੁਰਸਲਾਤ — {ਪੁਲ ਸਿਰਾਤ} ਮੁਸਲਮਾਨੀ ਖ਼ਿਆਲ ਅਨੁਸਾਰ ਇਹ ਪੁਲ ਦੋਜ਼ਕ ਦੀ ਅੱਗ ਉੱਤੇ ਬਣਿਆ ਹੋਇਆ ਹੈ, ਵਾਲ ਜਿੰਨਾ ਬਰੀਕ ਹੈ, ਹਰੇਕ ਨੂੰ ਇਸ ਦੇ ਉੱਤੋਂ ਦੀ ਲੰਘਣਾ ਪੈਂਦਾ ਹੈ । ਦੁਹੇਲਾ — ਔਖਾ ।੨। ਦਰਿ — ਪ੍ਰਭੂ ਦੇ ਦਰ ਤੇ । ਪਿਆਸ — ਦਰਸਨ ਦੀ ਤਾਂਘ । ਜਬਾਬੁ — ਉੱਤਰ । ਗਤਿ — ਉੱਚੀ ਆਤਮਕ ਹਾਲਤ ।੩।

ਸਹ ਕੀ ਸਾਰ ਸੁਹਾਗਨਿ ਜਾਨੈ ॥ ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥
ਤਨੁ ਮਨੁ ਦੇਇ ਨ ਅੰਤਰੁ ਰਾਖੈ ॥ ਅਵਰਾ ਦੇਖਿ ਨ ਸੁਨੈ ਅਭਾਖੈ ॥੧॥

ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ, ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ, ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ; ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ।੧।

ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ, ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ ? ।੧।ਰਹਾਉ।

ਦੁਖੀ ਦੁਹਾਗਨਿ ਦੁਇ ਪਖ ਹੀਨੀ ॥ ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
ਪੁਰਸਲਾਤ ਕਾ ਪੰਥੁ ਦੁਹੇਲਾ ॥ ਸੰਗਿ ਨ ਸਾਥੀ ਗਵਨੁ ਇਕੇਲਾ ॥੨॥

ਪਰ ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ, ਉਹ ਛੱੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ; ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ, (ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ।੨।

ਦੁਖੀਆ ਦਰਦਵੰਦੁ ਦਰਿ ਆਇਆ ॥ ਬਹੁਤੁ ਪਿਆਸ ਜਬਾਬੁ ਨ ਪਾਇਆ ॥
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥ ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥

ਹੇ ਪ੍ਰਭੂ ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ, ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ । ਰਵਿਦਾਸ ਜੀ ਆਖਦੇ ਹਨ — ਹੇ ਪ੍ਰਭੂ ! ਮੈਂ ਤੇਰੀ ਸ਼ਰਨ ਆਇਆ ਹਾਂ, ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ।੩।