ਪੰਨਾ ਨ: ੬੯੪
ਧਨਾਸਰੀ ਭਗਤ ਰਵਿਦਾਦ ਜੀ ਕੀ।।
ੴ ਸਤਿਗੁਰ ਪ੍ਰਸਾਦਿ ॥
   
ਚਿਤ ਸਿਮਰਨੁ ਕਰਉ, ਨੈਨ ਅਵਿਲੋਕਨੋ,
ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
ਮਨੁ ਸੁ ਮਧੁਕਰੁ ਕਰਉ, ਚਰਨ ਹਿਰਦੇ ਧਰਉ,
ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥

ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ,
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ,
ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥
ਕਰਉ — ਕਰਉਂ, ਮੈਂ ਕਰਾਂ । ਨੈਨ — ਅੱਖਾਂ ਨਾਲ । ਅਵਿਲੋਕਨੋ — ਮੈਂ ਵੇਖਾਂ । ਸ੍ਰਵਨ — ਕੰਨਾਂ ਵਿਚ । ਸੁਜਸੁ — ਸੋਹਣਾ ਜਸ । ਪੂਰਿ ਰਾਖਉ — ਮੈਂ ਭਰ ਰੱਖਾਂ । ਮਧੁਕਰੁ — ਭੌਰਾ । ਕਰਉ — ਮੈਂ ਬਣਾਵਾਂ । ਰਸਨ — ਜੀਭ ਨਾਲ । ਭਾਖਉ — ਮੈਂ ਉਚਾਰਨ ਕਰਾਂ ।੧। ਜਨਿ — ਮਤਾਂ । ਜਿਨਿ ਘਟੈ — ਮਤਾਂ ਘਟ ਜਾਏ, ਕਿਤੇ ਘਟ ਨਾਹ ਜਾਏ । ਜੀਅ ਸਟੈ — ਜਿੰਦ ਦੇ ਵੱਟੇ ।੧।ਰਹਾਉ। ਭਾਉ — ਪ੍ਰੇਮ । ਰਾਜਾ ਰਾਮ — ਹੇ ਰਾਜਨ ! ਹੇ ਰਾਮ ! ਪੈਜ — ਇੱਜ਼ਤ ।੨।

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥

(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ, ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ।੧।

ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥
(ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ, ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ।੧।ਰਹਾਉ।

ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥

(ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ । ਰਵਿਦਾਸ ਜੀ ਪ੍ਰਭੂ ਅੱਗੇ ਅਰਦਾਸ ਕਰਦੇ ਹਨ — ਹੇ ਰਾਜਨ ! ਜੇ ਮੇਰੇ ਰਾਮ ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ ।੨।੨।