ਪੰਨਾ ਨ: ੧੩੭੭
ਸਲੋਕ
   
ਹਰਿ ਸੋ ਹੀਰਾ ਛਾਡਿ ਕੈ, ਕਰਹਿ ਆਨ ਕੀ ਆਸ ॥
ਤੇ ਨਰ ਦੋਜਕ ਜਾਹਿਗੇ, ਸਤਿ ਭਾਖੈ ਰਵਿਦਾਸ ॥੨੪੨॥
ਸੋ — ਵਰਗਾ । ਕਰਹਿ — ਕਰਦੇ ਹਨ । ਆਨ — ਹੋਰ ਹੋਰ । ਦੋਜਕ — ਨਰਕ; ਉਹ ਥਾਂ ਜਿਥੇ ਜੀਵਾਂ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ । ਜਾਹਿਗੇ — (ਭਾਵ,) ਜਾਂਦੇ ਹਨ, ਪੈਂਦੇ ਹਨ । ਦੋਜਕ ਜਾਹਿਗੇ — ਦੋਜ਼ਕਾਂ ਵਿਚ ਪੈਂਦੇ ਹਨ, ਦੁੱਖ ਹੀ ਦੁੱਖ ਭੋਗਦੇ ਹਨ । ਸਤਿ — ਸੱਚ, ਸਹੀ ਗੱਲ । ਭਾਖੈ — ਆਖਦਾ ਹੈ ।
(ਸਾਰੇ ਸੁਖ ਪ੍ਰਭੂ ਦੇ ਸਿਮਰਨ ਵਿਚ ਹਨ, ਪਰ) ਜੋ ਮਨੁੱਖ ਪਰਮਾਤਮਾ ਦਾ ਨਾਮ-ਹੀਰਾ ਛੱਡ ਕੇ ਹੋਰ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ ਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ — ਇਹ ਸੱਚੀ ਗੱਲ ਰਵਿਦਾਸ ਜੀ ਦੱਸਦੇ ਹੈ ।