ਤਾਸ ਸਮ ਤੁਲਿ ਨਹੀ ਆਨ ਕੋਊ ॥ ਏਕ ਹੀ ਏਕ ਅਨੇਕ ਹੋਇ ਬਿਸਥਰਿਓ, ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥ ਜਾ ਕੈ ਭਾਗਵਤੁ ਲੇਖੀਐ, ਅਵਰੁ ਨਹੀ ਪੇਖੀਐ, ਤਾਸ ਕੀ ਜਾਤਿ ਆਛੋਪ ਛੀਪਾ ॥ ਬਿਆਸ ਮਹਿ ਲੇਖੀਐ, ਸਨਕ ਮਹਿ ਪੇਖੀਐ, ਨਾਮ ਕੀ ਨਾਮਨਾ ਸਪਤ ਦੀਪਾ ॥੧॥ ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ, ਮਾਨੀਅਹਿ ਸੇਖ ਸਹੀਦ ਪੀਰਾ ॥ ਜਾ ਕੈ ਬਾਪ ਵੈਸੀ ਕਰੀ, ਪੂਤ ਐਸੀ ਸਰੀ, ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥ ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ, ਅਜਹੁ ਬੰਨਾਰਸੀ ਆਸ ਪਾਸਾ ॥| ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ, ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥ |
ਤੇਊ — ਉਹੀ ਮਨੁੱਖ । ਜਨਾ — (ਪ੍ਰਭੂ ਦੇ) ਸੇਵਕ । ਪਦਮ ਕਵਲਾਸ ਪਤਿ — ( ਕਮਲਾਪਤਿ) ਪਦਮਾਪਤਿ, ਕਮਲਾਪਤਿ । ਪਦਮਾ — ਲੱਛਮੀ, ਮਾਇਆ । ਕਮਲਾ — ਲੱਛਮੀ, ਮਾਇਆ । ਪਦਮਾਪਤਿ — ਪਰਮਾਤਮਾ । ਕਵਲਾਸਪਤਿ — ਪਰਮਾਤਮਾ, ਮਾਇਆ ਦਾ ਪਤੀ । ਤਾਸ ਸਮ — ਉਸ ਪ੍ਰਭੂ ਦੇ ਸਮਾਨ, ਉਸ ਪ੍ਰਭੂ ਵਰਗਾ । ਤਾਸ ਤੁਲਿ — ਉਸ ਪਰਮਾਤਮਾ ਦੇ ਬਰਾਬਰ ਦਾ । ਕੋਊ ਆਨ — ਕੋਈ ਹੋਰ । ਹੋਇ — ਹੋ ਕੇ, ਬਣ ਕੇ । ਬਿਸਥਰਿਓ — ਖਿਲਰਿਆ ਹੋਇਆ, ਵਿਆਪਕ । ਰੇ — ਹੇ ਭਾਈ ! ਆਨ ਆਨ — ( ਅਯਨ ਅਯਨ) ਘਰ ਘਰ ਵਿਚ, ਘਟ ਘਟ ਵਿਚ । ਸੋਊ — ਉਹੀ ਪ੍ਰਭੂ ।ਰਹਾਉ। ਜਾ ਕੈ — ਜਿਸ ਦੇ ਘਰ ਵਿਚ । ਭਾਗਵਤੁ — ਪਰਮਾਤਮਾ ਦੀ ਸਿਫ਼ਤਿ-ਸਾਲਾਹ । ਅਵਰੁ — (ਪ੍ਰਭੂ ਤੋਂ ਬਿਨਾ) ਕੋਈ ਹੋਰ । ਆਛੋਪ — ਅਛੋਹ, ਅਛੂਤ । ਛੀਪਾ — ਛੀਂਬਾ । ਪੇਖੀਐ — ਵੇਖਣ ਵਿਚ ਆਉਂਦਾ ਹੈ । ਨਾਮਨਾ — ਵਡਿਆਈ । ਸਪਤ ਦੀਪਾ — ਸੱਤਾਂ ਦੀਪਾਂ ਵਿਚ, ਸਾਰੇ ਸੰਸਾਰ ਵਿਚ ।੧। ਜਾ ਕੈ — ਜਿਸ ਦੀ ਕੁਲ ਵਿਚ । ਬਕਰੀਦਿ — ਉਹ ਈਦ ਜਿਸ ਤੇ ਗਊ ਦੀ ਕੁਰਬਾਨੀ ਦੇਂਦੇ ਹਨ (ਬਕਰ — ਗਊ) । ਬਧੁ ਕਰਹਿ — ਜ਼ਬਹ ਕਰਦੇ ਹਨ, ਕੁਰਬਾਨੀ ਦੇਂਦੇ ਹਨ । ਮਾਨੀਅਹਿ — ਮੰਨੇ ਜਾਂਦੇ ਹਨ, ਪੂਜੇ ਜਾਂਦੇ ਹਨ । ਜਾ ਕੈ — ਜਿਸ ਦੇ ਖ਼ਾਨਦਾਨ ਵਿਚ । ਬਾਪ — ਪਿਉ ਦਾਦਿਆਂ, ਵੱਡਿਆਂ ਨੇ । ਐਸੀ ਸਰੀ — ਇਹੋ ਜਿਹੀ ਸਰ ਆਈ, ਅਜਿਹੀ ਹੋ ਸਕੀ । ਤਿਹੂ ਲੋਕ — ਤਿੰਨਾਂ ਹੀ ਲੋਕਾਂ ਵਿਚ, ਸਾਰੇ ਜਗਤ ਵਿਚ । ਪਰਸਿਧ — ਮਸ਼ਹੂਰ ।੨। ਢੇਢ — ਨੀਚ ਜਾਤ ਦੇ ਬੰਦੇ । ਅਜਹੁ — ਅਜੇ ਤਕ । ਆਚਾਰ — ਕਰਮ-ਕਾਂਡ । ਆਚਾਰ ਸਹਿਤ — ਕਰਮ-ਕਾਂਡੀ, ਸ਼ਾਸਤ੍ਰਾਂ ਦੀ ਮਰਯਾਦਾ ਤੇ ਤੁਰਨ ਵਾਲੇ । ਤਿਨ ਤਨੈ — ਉਹਨਾਂ ਦੇ ਪੁੱਤਰ (ਰਵਿਦਾਸ) ਨੂੰ । ਦਾਸਾਨ ਦਾਸਾ — ਪ੍ਰਭੂ ਦੇ ਦਾਸਾਂ ਦਾ ਦਾਸ ।੩। |
ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥ ਏਕ ਹੀ ਏਕ ਅਨੇਕ ਹੋਇ ਬਿਸਥਰਿਓ, ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥ ਜੋ ਮਨੁੱਖ ਮਾਇਆ ਦੇ ਪਤੀ ਪਰਮਾਤਮਾ ਨੂੰ ਸਿਮਰਦੇ ਹਨ, ਉਹ ਪ੍ਰਭੂ ਦੇ (ਅਨਿੰਨ) ਸੇਵਕ ਬਣ ਜਾਂਦੇ ਹਨ, ਉਹਨਾਂ ਨੂੰ ਉਸ ਪ੍ਰਭੂ ਵਰਗਾ, ਉਸ ਪ੍ਰਭੂ ਦੇ ਬਰਾਬਰ ਦਾ, ਕੋਈ ਹੋਰ ਨਹੀਂ ਦਿੱਸਦਾ (ਇਸ ਵਾਸਤੇ ਉਹ ਕਿਸੇ ਦਾ ਦਬਾ ਨਹੀਂ ਮੰਨਦੇ) ਹੇ ਭਾਈ ! ਉਹਨਾਂ ਨੂੰ ਇਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ, ਘਟ ਘਟ ਵਿਚ ਭਰਪੂਰ ਦਿੱਸਦਾ ਹੈ ।ਰਹਾਉ। ਜਾ ਕੈ ਭਾਗਵਤੁ ਲੇਖੀਐ, ਅਵਰੁ ਨਹੀ ਪੇਖੀਐ, ਤਾਸ ਕੀ ਜਾਤਿ ਆਛੋਪ ਛੀਪਾ ॥ ਬਿਆਸ ਮਹਿ ਲੇਖੀਐ, ਸਨਕ ਮਹਿ ਪੇਖੀਐ, ਨਾਮ ਕੀ ਨਾਮਨਾ ਸਪਤ ਦੀਪਾ ॥੧॥ ਜਿਸ (ਨਾਮਦੇਵ) ਦੇ ਘਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖੀ ਜਾ ਰਹੀ ਹੈ, (ਪ੍ਰਭੂ-ਨਾਮ ਤੋਂ ਬਿਨਾ) ਕੁਝ ਹੋਰ ਵੇਖਣ ਵਿਚ ਨਹੀਂ ਆਉਂਦਾ (ਉੱਚੀ ਜਾਤ ਵਾਲਿਆਂ ਦੇ ਭਾਣੇ) ਉਸ ਦੀ ਜਾਤ ਛੀਂਬਾ ਹੈ ਤੇ ਉਹ ਅਛੂਤ ਹੈ (ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿਚ ਹੋ ਰਹੀ ਹੈ); ਬਿਆਸ (ਦੇ ਧਰਮ-ਪੁਸਤਕ) ਵਿਚ ਲਿਖਿਆ ਮਿਲਦਾ ਹੈ, ਸਨਕ (ਆਦਿਕ ਦੇ ਪੁਸਤਕ) ਵਿਚ ਭੀ ਵੇਖਣ ਵਿਚ ਆਉਂਦਾ ਹੈ ਕਿ ਹਰੀ-ਨਾਮ ਦੀ ਵਡਿਆਈ ਸਾਰੇ ਸੰਸਾਰ ਵਿਚ ਹੁੰਦੀ ਹੈ ।੧। ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ, ਮਾਨੀਅਹਿ ਸੇਖ ਸਹੀਦ ਪੀਰਾ ॥ ਜਾ ਕੈ ਬਾਪ ਵੈਸੀ ਕਰੀ, ਪੂਤ ਐਸੀ ਸਰੀ, ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥ (ਨੋਟ: — ਚੂੰਕਿ ਇਹ ਬਹਿਸ ਉੱਚੀ ਜਾਤ ਵਾਲਿਆਂ ਨਾਲ ਹੈ, ਇਸ ਵਾਸਤੇ ਉਹਨਾਂ ਦੇ ਆਪਣੇ ਹੀ ਘਰ ਵਿਚੋਂ ਬਿਆਸ ਸਨਕ ਆਦਿਕ ਦਾ ਹਵਾਲਾ ਦਿੱਤਾ ਹੈ । ਰਵਿਦਾਸ ਜੀ ਖ਼ੁਦ ਇਹਨਾਂ ਦੇ ਸ਼ਰਧਾਲੂ ਨਹੀਂ ਹਨ ।) ਹੇ ਭਾਈ ! ਜਿਸ (ਕਬੀਰ) ਦੀ ਜਾਤ ਦੇ ਲੋਕ (ਮੁਸਲਮਾਨ ਬਣ ਕੇ) ਈਦ ਬਕਰੀਦ ਦੇ ਸਮੇ (ਹੁਣ) ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੀਂ ਹੁਣ ਸੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ, ਜਿਸ (ਕਬੀਰ) ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿਚ ਜੰਮੇ ਪੁੱਤਰ ਤੋਂ ਅਜਿਹੀ ਸਰ ਆਈ (ਕਿ ਮੁਸਲਮਾਨੀ ਹਕੂਮਤ ਤੋਂ ਨਿਡਰ ਰਹਿ ਕੇ ਹਰੀ-ਨਾਮ ਸਿਮਰ ਕੇ) ਸਾਰੇ ਸੰਸਾਰ ਵਿਚ ਮਸ਼ਹੂਰ ਹੋ ਗਿਆ ।੨। ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ, ਅਜਹੁ ਬੰਨਾਰਸੀ ਆਸ ਪਾਸਾ ॥| ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ, ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥ ਜਿਸ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ (ਵੱਸਦੇ ਹਨ ਤੇ) ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ, ਉਹਨਾਂ ਦੀ ਕੁਲ ਵਿਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ ।੩।੨। ਨੋਟ: — ਫ਼ਰੀਦ ਜੀ ਅਤੇ ਕਬੀਰ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਇਕ ਗੱਲ ਸਾਫ਼ ਪ੍ਰਤੱਖ ਦਿੱਸਦੀ ਹੈ । ਫ਼ਰੀਦ ਜੀ ਹਰ ਥਾਂ ਮੁਸਲਮਾਨੀ ਲਫ਼ਜ਼ ਵਰਤਦੇ ਹਨ — ਮਲ-ਕੁਲਮੌਤ, ਪੁਰਸਲਾਤ (ਪੁਲਸਿਰਾਤ), ਅਕਲਿ ਲਤੀਫ਼, ਗਿਰੀਵਾਨ, ਮਰਗ ਆਦਿਕ ਸਭ ਮੁਸਲਮਾਨੀ ਲਫ਼ਜ਼ ਹੀ ਹਨ; ਖ਼ਿਆਲ ਭੀ ਇਸਲਾਮ ਵਾਲੇ ਹੀ ਦਿੱਤੇ ਹਨ; ਜਿਵੇਂ 'ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ'; ਇਥੇ ਮੁਰਦੇ ਦੱਬਣ ਵਲ ਇਸ਼ਾਰਾ ਹੈ । ਪਰ ਕਬੀਰ ਜੀ ਦੀ ਬਾਣੀ ਪੜ੍ਹੋ, ਸਭ ਲਫ਼ਜ਼ ਹਿੰਦੂਆਂ ਵਾਲੇ ਹਨ, ਸਿਰਫ਼ ਉੱਥੇ ਹੀ ਮੁਸਲਮਾਨ ਲਫ਼ਜ਼ ਮਿਲਣਗੇ ਜਿੱਥੇ ਕਿਸੇ ਮੁਸਲਮਾਨ ਨਾਲ ਬਹਿਸ ਹੈ । ਪਰਮਾਤਮਾ ਵਾਸਤੇ ਆਮ ਤੌਰ ਤੇ ਉਹੀ ਨਾਮ ਵਰਤੇ ਹਨ ਜੋ ਹਿੰਦੂ ਲੋਕ ਆਪਣੇ ਅਵਤਾਰਾਂ ਵਾਸਤੇ ਵਰਤਦੇ ਹਨ, ਤੇ, ਜੋ ਨਾਮ ਸਤਿਗੁਰੂ ਜੀ ਨੇ ਭੀ ਬਹੁਤੀ ਵਾਰੀ ਵਰਤੇ ਹਨ-ਪੀਤਾਂਬਰ,ਰਾਮ, ਹਰਿ, ਨਾਰਾਇਨ,ਸਾਰਿੰਗਧਰ, ਠਾਕੁਰ ਆਦਿਕ ਇਸ ਉਪਰਲੀ ਵਿਚਾਰ ਤੋਂ ਸੁਤੇ ਹੀ ਇਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਫ਼ਰੀਦ ਜੀ ਮੁਸਲਮਾਨੀ ਘਰ ਅਤੇ ਮੁਸਲਮਾਨੀ ਖ਼ਿਆਲਾਂ ਵਿਚ ਪਲੇ ਸਨ; ਕਬੀਰ ਜੀ ਹਿੰਦੂ ਘਰ ਅਤੇ ਹਿੰਦੂ ਸੱਭਿਅਤਾ ਵਿਚ । ਦੂਜੇ ਲਫ਼ਜ਼ਾਂ ਵਿਚ ਇਹ ਕਹਿ ਸਕੀਦਾ ਹੈ ਕਿ ਫ਼ਰੀਦ ਜੀ ਮੁਸਲਮਾਨ ਸਨ, ਅਤੇ ਕਬੀਰ ਜੀ ਹਿੰਦੂ । ਹਾਂ, ਹਿੰਦੂ ਕੁਰੀਤੀਆਂ ਅਤੇ ਕੁ-ਰਸਮਾਂ ਨੂੰ ਉਹਨਾਂ ਦਿਲ ਖੋਲ੍ਹ ਕੇ ਨਸ਼ਰ ਕੀਤਾ ਹੈ; ਇਹ ਗੱਲ ਭੀ ਇਹੀ ਜ਼ਾਹਰ ਕਰਦੀ ਹੈ ਕਿ ਹਿੰਦੂ ਘਰ ਵਿਚ ਜਨਮ ਹੋਣ ਅਤੇ ਪਲਣ ਕਰਕੇ ਕਬੀਰ ਜੀ ਹਿੰਦੂ ਰਸਮਾਂ ਤੇ ਮਰਯਾਦਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ । ਰਵਿਦਾਸ ਜੀ ਦੇ ਇਸ ਸ਼ਬਦ ਦੇ ਦੂਜੇ ਬੰਦ ਵਿਚੋਂ ਕਈ ਸੱਜਣ ਟਪਲਾ ਖਾ ਰਹੇ ਹਨ ਕਿ ਕਬੀਰ ਜੀ ਮੁਸਲਮਾਨ ਸਨ । ਪਰ ਆਸਾ ਰਾਗ ਵਿਚ ਕਬੀਰ ਜੀ ਦਾ ਆਪਣਾ ਸ਼ਬਦ ਪੜ੍ਹ ਕੇ ਵੇਖੋ; ਲਿਖਦੇ ਹਨ: — "ਸਕਤਿ ਸਨੇਹੁ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ || ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ, ਆਪਨ ਹੀ ਕਟਿ ਜਾਈ ||੨|| ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤਿ ਕਾ ਕਿਆ ਕਰੀਐ || ਅਰਧ ਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ ||੩||"ਇੱਥੇ ਸਾਫ਼ ਹੈ ਕਿ ਕਬੀਰ ਜੀ ਦੀ ਸੁੰਨਤ ਨਹੀਂ ਸੀ ਹੋਈ, ਜੇ ਉਹ ਮੁਸਲਮਾਨੀ ਘਰ ਵਿਚ ਪਲਦੇ, ਤਾਂ ਛੋਟੀ ਉਮਰੇ ਹੀ ਮਾਪੇ ਸੁੰਨਤ ਕਰਾ ਦੇਂਦੇ, ਜਿਵੇਂ ਮੁਸਲਮਾਨਾਂ ਦੀ ਸ਼ਰਹ ਕਹਿੰਦੀ ਹੈ । ਕਬੀਰ ਜੀ ਮੁਸਲਮਾਨੀ ਪੱਖ ਦਾ ਜ਼ਿਕਰ ਕਰਦੇ ਹੋਏ ਘਰ ਦੀ ਸਾਥਣ ਵਾਸਤੇ ਮੁਸਲਮਾਨੀ ਲਫ਼ਜ਼ 'ਅਉਰਤਿ' ਵਰਤਦੇ ਹਨ, ਪਰ ਆਪਣਾ ਪੱਖ ਦੱਸਣ ਲੱਗੇ ਹਿੰਦੂ-ਲਫ਼ਜ਼ "ਅਰਧ ਸਰੀਰੀ ਨਾਰਿ" ਵਰਤਦੇ ਹਨ । ਪਰ, ਕੀ ਰਵਿਦਾਸ ਜੀ ਨੇ ਕਬੀਰ ਜੀ ਨੂੰ ਮੁਸਲਮਾਨ ਦੱਸਿਆ ਹੈ ? ਨਹੀਂ । ਗਹੁ ਨਾਲ ਪੜ੍ਹ ਕੇ ਵੇਖੋ । "ਰਹਾਉ" ਦੀ ਤੁਕ ਵਿਚ ਰਵਿਦਾਸ ਜੀ ਉਹਨਾਂ ਮਨੁੱਖਾਂ ਦੀ ਆਤਮਕ ਅਵਸਥਾ ਬਿਆਨ ਕਰਦੇ ਹਨ, ਜੋ ਹਰਿ-ਨਾਮ ਸਿਮਰਦੇ ਹਨ । ਕਹਿੰਦੇ ਹਨ — ਉਹਨਾਂ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ; ਉਹਨਾਂ ਨੂੰ ਪ੍ਰਭੂ ਹੀ ਸਭ ਤੋਂ ਵੱਡਾ ਦਿੱਸਦਾ ਹੈ । ਦੂਜੇ ਲਫ਼ਜ਼ਾਂ ਵਿਚ ਇਹ ਕਹਿ ਸਕਦੇ ਹਾਂ ਕਿ ਉਹ ਨਿਡਰ ਤੇ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦੇ ਹਨ । ਅੱਗੇ ਨਾਮਦੇਵ ਦੀ, ਕਬੀਰ ਦੀ ਤੇ ਆਪਣੀ ਮਿਸਾਲ ਦੇਂਦੇ ਹਨ — ਹਰਿ-ਨਾਮ ਦੀ ਬਰਕਤਿ ਨਾਲ ਨਾਮਦੇਵ ਦੀ ਸੋਭਾ ਉਹ ਹੋਈ ਜੋ ਸਨਕ ਤੇ ਵਿਆਸ ਵਰਗੇ ਰਿਸ਼ੀ ਲਿਖ ਗਏ, ਕਬੀਰ ਇਸਲਾਮੀ ਰਾਜ ਦੇ ਦਬਾ ਤੋਂ ਨਿਡਰ ਰਹਿ ਕੇ ਹਰਿ-ਨਾਮ ਸਿਮਰ ਕੇ ਹੀ ਉੱਘਾ ਹੋਇਆ, ਆਪਣੀ ਕੁਲ ਦੇ ਹੋਰ ਜੁਲਾਹਿਆਂ ਵਾਂਗ ਮੁਸਲਮਾਨ ਨਹੀਂ ਬਣਿਆ; ਹਰਿ-ਨਾਮ ਦੀ ਬਰਕਤਿ ਨੇ ਹੀ ਰਵਿਦਾਸ ਜੀ ਨੂੰ ਇਤਨਾ ਉੱਚਾ ਕੀਤਾ ਕਿ ਉੱਚੀ ਕੁਲ ਦੇ ਬ੍ਰਾਹਮਣ ਚਰਨੀਂ ਲੱਗਦੇ ਰਹੇ ।ਸਤਿਗੁਰੂ ਜੀ ਨੇ ਫ਼ਰੀਦ ਜੀ ਨੂੰ 'ਸ਼ੇਖ਼' ਲਿਖਿਆ ਹੈ, ਲਫ਼ਜ਼ 'ਸ਼ੇਖ਼' ਮੁਸਲਮਾਨੀ ਹੈ, ਪਰ ਕਬੀਰ ਜੀ ਨੂੰ 'ਭਗਤ' ਲਿਖਦੇ ਹਨ,'ਭਗਤ' ਲਫ਼ਜ਼ ਹੇਂਦਕਾ ਹੈ । ਸੋ, ਰਵਿਦਾਸ ਜੀ ਦੇ ਇਸ ਸ਼ਬਦ ਤੋਂ ਇਹ ਅੰਦਾਜ਼ਾ ਲਾਉਣਾ ਹੈ ਕਿ ਕਬੀਰ ਜੀ ਮੁਸਲਮਾਨ ਸਨ, ਭਾਰਾ ਟਪਲਾ ਖਾਣ ਵਾਲੀ ਗੱਲ ਹੈ । |