ਪੰਨਾ ਨ: ੬੫੮
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ॥
   
ਜਉ ਤੁਮ ਗਿਰਿਵਰ ਤਉ ਹਮ ਮੋਰਾ ॥
ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥
ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥

ਜਉ ਤੁਮ ਦੀਵਰਾ ਤਉ ਹਮ ਬਾਤੀ ॥
ਜਉ ਤੁਮ ਤੀਰਥ ਤਉ ਹਮ ਜਾਤੀ ॥੨॥
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥
ਜਹ ਜਹ ਜਾਉ ਤਹਾ ਤੇਰੀ ਸੇਵਾ ॥
ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥
ਤੁਮਰੇ ਭਜਨ ਕਟਹਿ ਜਮ ਫਾਂਸਾ ॥
ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥
ਪਦ ਅਰਥ : — ਜਉ — ਜੇ । ਗਿਰਿ — ਪਹਾੜ । ਗਿਰਿਵਰ — ਸੋਹਣਾ ਪਹਾੜ । ਤਉ — ਤਾਂ । ਭਏ ਹੈ — ਬਣਾਂਗਾ ।੧। ਨ ਤੋਰਹੁ — ਨਾਹ ਤੋੜ । ਹਮ ਨਹੀ ਤੋਰਹਿ — ਅਸੀ ਨਹੀਂ ਤੋੜਾਂਗੇ, ਮੈਂ ਨਹੀਂ ਤੋੜਾਂਗਾ । ਤੋਰਿ — ਤੋੜ ਕੇ । ਸਿਉ — ਨਾਲੋਂ ।੧। ਰਹਾਉ । ਦੀਵਰਾ — ਸੋਹਣਾ ਜਿਹਾ ਦੀਵਾ । ਬਾਤੀ — ਵੱਟੀ । ਜਾਤੀ — ਜਾਤ੍ਰੀ ।੨। ਅਵਰ ਸੰਗਿ — ਹੋਰਨਾਂ ਨਾਲੋਂ ।੩। ਜਹ ਜਹ — ਜਿੱਥੇ ਜਿੱਥੇ । ਤੁਮ ਸੋ — ਤੇਰੇ ਵਰਗਾ । ਠਾਕੁਰੁ — ਮਾਲਕ । ਦੇਵਾ — ਹੇ ਦੇਵ ! ।੪। ਕਟਹਿ — ਕੱਟੇ ਜਾਂਦੇ ਹਨ । ਫਾਂਸਾ — ਫਾਹੇ । ਭਗਤਿ ਹੇਤਿ — ਭਗਤੀ ਹਾਸਲ ਕਰਨ ਲਈ ।੫।
ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥
ਹੇ ਮੇਰੇ ਮਾਧੋ ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ) । ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ।੧।

ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥
ਹੇ ਮਾਧੋ ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ; ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ ? (ਹੋਰ ਕੋਈ, ਹੇ ਮਾਧੋ ! ਤੇਰੇ ਵਰਗਾ ਹੈ ਹੀ ਨਹੀਂ) ।੧। ਰਹਾਉ

ਜਉ ਤੁਮ ਦੀਵਰਾ ਤਉ ਹਮ ਬਾਤੀ ॥ ਜਉ ਤੁਮ ਤੀਰਥ ਤਉ ਹਮ ਜਾਤੀ ॥੨॥
ਹੇ ਮਾਧੋ ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ । ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰ¨ ਬਣ ਜਾਵਾਂਗਾ ।੨।

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥

ਹੇ ਪ੍ਰਭੂ ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ । ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ।੩।

ਜਹ ਜਹ ਜਾਉ ਤਹਾ ਤੇਰੀ ਸੇਵਾ ॥ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥

ਹੇ ਮਾਧੋ ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ । ਹੇ ਦੇਵ ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ।੪।

ਤੁਮਰੇ ਭਜਨ ਕਟਹਿ ਜਮ ਫਾਂਸਾ ॥ ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥
ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ, (ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ।੫।੫।