ਪੰਨਾ ਨ: ੮੫੮
ੴ ਸਤਿਗੁਰ ਪ੍ਰਸਾਦਿ ॥
ਬਿਲਾਵਲੁ ਬਾਣੀ ਰਵਿਦਾਸ ਭਗਤ ਕੀ
   
ਜਿਹ ਕੁਲ ਸਾਧੁ ਬੈਸਨੌ ਹੋਇ ॥
ਬਰਨ ਅਬਰਨ ਰੰਕੁ ਨਹੀ ਈਸੁਰੁ,
ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥

ਬ੍ਰਹਮਨ ਬੈਸ ਸੂਦ ਅਰੁ ਖ੍ਯਤ੍ਰੀ,
ਡੋਮ ਚੰਡਾਰ ਮਲੇਛ ਮਨ ਸੋਇ ॥
ਹੋਇ ਪੁਨੀਤ ਭਗਵੰਤ ਭਜਨ ਤੇ,
ਆਪੁ ਤਾਰਿ ਤਾਰੇ ਕੁਲ ਦੋਇ ॥੧॥
ਧੰਨਿ ਸੁ ਗਾਉ ਧੰਨਿ ਸੋ ਠਾਉ,
ਧੰਨਿ ਪੁਨੀਤ ਕੁਟੰਬ ਸਭ ਲੋਇ ॥
ਜਿਨਿ ਪੀਆ ਸਾਰ ਰਸੁ, ਤਜੇ ਆਨ ਰਸ,
ਹੋਇ ਰਸ ਮਗਨ, ਡਾਰੇ ਬਿਖੁ ਖੋਇ ॥੨॥
ਪੰਡਿਤ ਸੂਰ ਛਤ੍ਰਪਤਿ ਰਾਜਾ,
ਭਗਤ ਬਰਾਬਰਿ ਅਉਰੁ ਨ ਕੋਇ ॥
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ,
ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥
ਜਿਹ ਕੁਲ — ਜਿਸ ਕਿਸੇ ਭੀ ਕੁਲ ਵਿਚ । ਬੈਸਨੌ — ਪਰਮਾਤਮਾ ਦਾ ਭਗਤ । ਹੋਇ — ਜੰਮ ਪਏ । ਬਰਨ — ਉੱਚੀ ਜਾਤ । ਅਬਰਨ — ਨੀਵੀਂ ਜਾਤ । ਰੰਕੁ — ਗ਼ਰੀਬ । ਈਸੁਰੁ — ਧਨਾਢ, ਅਮੀਰ । ਬਿਮਲ ਬਾਸੁ — ਨਿਰਮਲ ਸੋਭਾ ਵਾਲਾ । ਬਾਸੁ — ਸੁਗੰਧੀ, ਚੰਗੀ ਸੋਭਾ । ਜਗਿ — ਜਗਤ ਵਿਚ । ਸੋਇ — ਉਹ ਮਨੁੱਖ ।੧।ਰਹਾਉ। ਡੋਮ — ਡੂਮ, ਮਿਰਾਸੀ । ਮਲੇਛ ਮਨ — ਮਲੀਨ ਮਨ ਵਾਲਾ । ਆਪੁ — ਆਪਣੇ ਆਪ ਨੂੰ । ਤਾਰਿ — ਤਾਰ ਕੇ । ਦੋਇ — ਦੋਵੇਂ ।੧। ਧੰਨਿ — ਭਾਗਾਂ ਵਾਲਾ । ਗਾਉ — ਪਿੰਡ । ਠਾਉ — ਥਾਂ । ਲੋਇ — ਜਗਤ ਵਿਚ । ਜਿਨਿ — ਜਿਸ ਨੇ । ਸਾਰ — ਸ੍ਰੇਸ਼ਟ । ਤਜੇ — ਤਿਆਗੇ । ਆਨ — ਹੋਰ । ਮਗਨ — ਮਸਤ । ਬਿਖੁ — ਜ਼ਹਿਰ । ਖੋਇ ਡਾਰੇ — ਨਾਸ ਕਰ ਦਿੱਤਾ ।੨। ਸੂਰ — ਸੂਰਮਾ । ਛਤ੍ਰਪਤਿ — ਛੱਤਰਧਾਰੀ । ਪੁਰੈਨ ਪਾਤ — ਚੁਪੱਤੀ । ਸਮੀਪ — ਨੇੜੇ । ਰਹੈ — ਰਹਿ ਸਕਦੀ ਹੈ, ਜੀਊ ਸਕਦੀ ਹੈ । ਭਨਿ — ਭਨੈ, ਆਖਦਾ ਹੈ । ਜਨਮੇ — ਜੰਮੇ ਹਨ । ਜਨਮੇ ਓਇ — ਉਹੀ ਜੰਮੇ ਹਨ, ਉਹਨਾਂ ਦਾ ਹੀ ਜੰਮਣਾ ਸਫਲ ਹੈ । ਓਇ — {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ ।੩।
ਜਿਹ ਕੁਲ ਸਾਧੁ ਬੈਸਨੌ ਹੋਇ ॥
ਬਰਨ ਅਬਰਨ ਰੰਕੁ ਨਹੀ ਈਸੁਰੁ, ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥

ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ, ਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ।੧।ਰਹਾਉ।

ਬ੍ਰਹਮਨ ਬੈਸ ਸੂਦ ਅਰੁ ਖ੍ਯਤ੍ਰੀ, ਡੋਮ ਚੰਡਾਰ ਮਲੇਛ ਮਨ ਸੋਇ ॥
ਹੋਇ ਪੁਨੀਤ ਭਗਵੰਤ ਭਜਨ ਤੇ, ਆਪੁ ਤਾਰਿ ਤਾਰੇ ਕੁਲ ਦੋਇ ॥੧॥

ਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ, ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ।੧।

ਧੰਨਿ ਸੁ ਗਾਉ ਧੰਨਿ ਸੋ ਠਾਉ, ਧੰਨਿ ਪੁਨੀਤ ਕੁਟੰਬ ਸਭ ਲੋਇ ॥
ਜਿਨਿ ਪੀਆ ਸਾਰ ਰਸੁ, ਤਜੇ ਆਨ ਰਸ, ਹੋਇ ਰਸ ਮਗਨ, ਡਾਰੇ ਬਿਖੁ ਖੋਇ ॥੨॥

ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ, (ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ ।੨।

ਪੰਡਿਤ ਸੂਰ ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰੁ ਨ ਕੋਇ ॥
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ, ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥

ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ । ਰਵਿਦਾਸ ਜੀ ਆਖਦੇ ਹਨ — ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ।੩।੨।