ਪੰਨਾ ਨ: ੮੫੮
ੴ ਸਤਿਗੁਰ ਪ੍ਰਸਾਦਿ ॥
ਬਿਲਾਵਲੁ ਬਾਣੀ ਰਵਿਦਾਸ ਭਗਤ ਕੀ
   
ਦਾਰਿਦੁ ਦੇਖਿ ਸਭ ਕੋ ਹਸੈ, ਐਸੀ ਦਸਾ ਹਮਾਰੀ ॥
ਅਸਟ ਦਸਾ ਸਿਧਿ ਕਰ ਤਲੈ, ਸਭ ਕ੍ਰਿਪਾ ਤੁਮਾਰੀ ॥੧॥
ਤੂ ਜਾਨਤ ਮੈ ਕਿਛੁ ਨਹੀ, ਭਵ ਖੰਡਨ ਰਾਮ ॥
ਸਗਲ ਜੀਅ ਸਰਨਾਗਤੀ,
ਪ੍ਰਭ ਪੂਰਨ ਕਾਮ ॥੧॥ ਰਹਾਉ ॥

ਜੋ ਤੇਰੀ ਸਰਨਾਗਤਾ, ਤਿਨ ਨਾਹੀ ਭਾਰੁ ॥
ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥
ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ ॥
ਜੈਸਾ ਤੂ ਤੈਸਾ ਤੁਹੀ, ਕਿਆ ਉਪਮਾ ਦੀਜੈ ॥੩॥੧॥
ਦਾਰਿਦੁ — ਗ਼ਰੀਬੀ । ਸਭ ਕੋ — ਹਰੇਕ ਬੰਦਾ । ਹਸੈ — ਮਖ਼ੌਲ ਕਰਦਾ ਹੈ । ਦਸਾ — ਦਸ਼ਾ, ਹਾਲਤ । ਅਸਟ ਦਸਾ — ਅਠਾਰਾਂ {ਅੱਠ ਤੇ ਦਸ} । ਕਰ ਤਲੈ — ਹੱਥ ਦੀ ਤਲੀ ਉਤੇ, ਇਖ਼ਤਿਆਰ ਵਿਚ ।੧। ਮੈ ਕਿਛੁ ਨਹੀ — ਮੇਰੀ ਕੋਈ ਪਾਂਇਆਂ ਨਹੀਂ । ਭਵਖੰਡਨ — ਹੇ ਜਨਮ ਮਰਨ ਨਾਸ ਕਰਨ ਵਾਲੇ ! ਜੀਅ — ਜੀਵ। ਪੂਰਨ ਕਾਮ — ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ ! ।੧।ਰਹਾਉ । ਸਰਨਾਗਤਾ — ਸਰਨ ਆਏ ਹਨ । ਭਾਰੁ — ਬੋਝ (ਵਿਕਾਰਾਂ ਦਾ) । ਤੁਮ ਤੇ — ਤੇਰੀ ਮਿਹਰ ਨਾਲ । ਤੇ — ਤੋਂ । ਆਲਜੁ {ਨੋਟ : — ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ । 'ਆਲਜੁ' ਦਾ ਅਰਥ 'ਅਲਜੁ' ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ । ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ । ਆਮ ਬੋਲੀ ਵਿਚ ਅਸੀ ਆਖਦੇ ਭੀ 'ਨਿਰਲਜ' ਹੀ ਹਾਂ} ਆਲ+ਜੁ । ਆਲ — ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲਾ । ਆਲਜੁ — ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ ।੨। ਅਕਥ — ਅ+ਕਥ, ਬਿਆਨ ਤੋਂ ਪਰੇ । ਬਹੁ — ਬਹੁਤ ਗੱਲ । ਕਾਇ — ਕਾਹਦੇ ਲਈ ? ਉਪਮਾ — ਤਸ਼ਬੀਹ, ਬਰਾਬਰੀ, ਤੁਲਨਾ ।੩।
ਦਾਰਿਦੁ ਦੇਖਿ ਸਭ ਕੋ ਹਸੈ, ਐਸੀ ਦਸਾ ਹਮਾਰੀ ॥
ਅਸਟ ਦਸਾ ਸਿਧਿ ਕਰ ਤਲੈ, ਸਭ ਕ੍ਰਿਪਾ ਤੁਮਾਰੀ ॥੧॥

ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ), ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ ! ਇਹ ਸਾਰੀ ਤੇਰੀ ਹੀ ਮਿਹਰ ਹੈ ।੧।

ਤੂ ਜਾਨਤ ਮੈ ਕਿਛੁ ਨਹੀ, ਭਵ ਖੰਡਨ ਰਾਮ ॥
ਸਗਲ ਜੀਅ ਸਰਨਾਗਤੀ, ਪ੍ਰਭ ਪੂਰਨ ਕਾਮ ॥੧॥ ਰਹਾਉ ॥

ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ ।੧।ਰਹਾਉ ।

ਜੋ ਤੇਰੀ ਸਰਨਾਗਤਾ, ਤਿਨ ਨਾਹੀ ਭਾਰੁ ॥
ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥

ਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੇ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ, ਇਸ ਵਾਸਤੇ ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ।੨।

ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ ॥
ਜੈਸਾ ਤੂ ਤੈਸਾ ਤੁਹੀ, ਕਿਆ ਉਪਮਾ ਦੀਜੈ ॥੩॥੧॥

ਰਵਿਦਾਸ ਜੀ ਆਖਦੇ ਹਨ — ਹੇ ਪ੍ਰਭੂ ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ; ਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ।੩।੧।