ਪੰਨਾ ਨ: ੪੮੬
ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ਸਤਿਗੁਰ ਪ੍ਰਸਾਦਿ॥
   
ਮਾਟੀ ਕੋ ਪੁਤਰਾ, ਕੈਸੇ ਨਚਤੁ ਹੈ ॥
ਦੇਖੈ ਦੇਖੈ ਸੁਨੈ ਬੋਲੈ, ਦਉਰਿਓ ਫਿਰਤੁ ਹੈ ॥੧॥ ਰਹਾਉ ॥

ਜਬ ਕਛੁ ਪਾਵੈ, ਤਬ ਗਰਬੁ ਕਰਤੁ ਹੈ ॥
ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥
ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥
ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥
ਕਹਿ ਰਵਿਦਾਸ ਬਾਜੀ ਜਗੁ ਭਾਈ ॥
ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ ॥੩॥੬॥

ਕੋ — ਦਾ । ਪੁਤਰਾ — ਪੁਤਲਾ । ਕੈਸੇ — ਕਿਵੇਂ, ਅਚਰਜ ਤਰ੍ਹਾਂ, ਹਾਸੋ — ਹੀਣਾ ਹੋ ਕੇ ।੧।ਰਹਾਉ । ਕਛੁ — ਕੁਝ ਮਾਇਆ । ਪਾਵੈ — ਹਾਸਲ ਕਰਦਾ ਹੈ । ਗਰਬੁ — ਅਹੰਕਾਰ । ਗਈ — ਗੁਆਚ ਜਾਣ ਤੇ । ਰੋਵਨੁ ਲਗਤੁ — ਰੋਂਦਾ ਹੈ, ਦੁੱਖੀ ਹੁੰਦਾ ਹੈ ।੧। ਬਚ — ਬਚਨ, ਗੱਲਾਂ । ਕ੍ਰਮ — ਕਰਮ, ਕਰਤੂਤ । ਰਸ ਕਸਹਿ — ਰਸਾਂ ਕਸਾਂ ਵਿਚ, ਸੁਆਦਾਂ ਵਿਚ, ਚਸਕਿਆਂ ਵਿਚ । ਲੁਭਾਨਾ — ਮਸਤ । ਬਿਨਸਿ ਗਇਆ — ਜਦੋਂ ਇਹ ਪੁਤਲਾ ਨਾਸ ਹੋ ਗਿਆ । ਜਾਇ — ਜੀਵ ਇਥੋਂ ਜਾ ਕੇ । ਕਹੂੰ — (ਪ੍ਰਭੂ-ਚਰਨਾਂ ਦੇ ਥਾਂ) ਕਿਸੇ ਹੋਰ ਥਾਂ ।੨। ਕਹਿ — ਕਹੇ, ਆਖਦਾ ਹੈ । ਭਾਈ — ਹੇ ਭਾਈ ! ਸਉ — ਸਿਉ, ਨਾਲ । ਮੋਹਿ — ਮੈਨੂੰ {ਅੱਖਰ 'ਮ' ਦੇ ਨਾਲ ਦੋ ਲਗਾਂ ਹਨ ( ਮੋ) ਅਤੇ (   ਮੁ ) । ਅਸਲ ਲਫ਼ਜ਼ ਹੈ 'ਮੋਹਿ', ਪਰ ਇਥੇ ਪੜ੍ਹਨਾ ਹੈ 'ਮੁਹਿ'} ।੩।
ਮਾਟੀ ਕੋ ਪੁਤਰਾ, ਕੈਸੇ ਨਚਤੁ ਹੈ ॥ ਦੇਖੈ ਦੇਖੈ ਸੁਨੈ ਬੋਲੈ, ਦਉਰਿਓ ਫਿਰਤੁ ਹੈ ॥੧॥ ਰਹਾਉ ॥
(ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ); (ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ।੧।ਰਹਾਉ ।

ਜਬ ਕਛੁ ਪਾਵੈ, ਤਬ ਗਰਬੁ ਕਰਤੁ ਹੈ ॥ ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥
ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ;
ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ।੧।

ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥ ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥
ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ, (ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ।੨।

ਕਹਿ ਰਵਿਦਾਸ ਬਾਜੀ ਜਗੁ ਭਾਈ ॥ ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ ॥੩॥੬॥

ਰਵਿਦਾਸ ਜੀ ਆਖਦੇ ਹਨ — ਹੇ ਭਾਈ ! ਇਹ ਜਗਤ ਇਕ ਖੇਡ ਹੀ ਹੈ, ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ।੩।੬।