ਪੰਨਾ ਨ: ੪੮੬
ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ਸਤਿਗੁਰ ਪ੍ਰਸਾਦਿ॥
   
ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ॥
ਹਰਿ ਸਿਮਰਤ, ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥

ਹਰਿ ਕੇ ਨਾਮ ਕਬੀਰ ਉਜਾਗਰ ॥
ਜਨਮ ਜਨਮ ਕੇ ਕਾਟੇ ਕਾਗਰ ॥੧॥
ਨਿਮਤ, ਨਾਮਦੇਉ ਦੂਧੁ ਪੀਆਇਆ ॥
ਤਉ ਜਗ ਜਨਮ ਸੰਕਟ ਨਹੀ ਆਇਆ ॥੨॥
ਜਨ ਰਵਿਦਾਸ ਰਾਮ ਰੰਗਿ ਰਾਤਾ॥
ਇਉ, ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥
ਹਰਿ......ਹਰੇ ਹਰਿ ਸਿਮਰਤ — ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ । ਜਨ — (ਹਰੀ ਦੇ) ਦਾਸ । ਗਏ ਤਰੇ — ਤਰੇ ਗਏ, ਤਰ ਗਏ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ । ਨਿਸਤਰਿ — ਚੰਗੀ ਤਰ੍ਹਾਂ ਤਰ ਕੇ ।੧।ਰਹਾਉ । ਹਰਿ ਕੇ ਨਾਮ — ਹਰਿ-ਨਾਮ ਦੀ ਬਰਕਤਿ ਨਾਲ । ਉਜਾਗਰ — ਉੱਘਾ, ਮਸ਼ਹੂਰ । ਕਾਗਰ — ਕਾਗ਼ਜ਼ । ਜਨਮ ਜਨਮ ਕੇ ਕਾਗਰ — ਕਈ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ।੧। ਨਿਮਤ-ਇਹ ਲਫ਼ਜ਼ ਕਿਸੇ 'ਸਮਾਸ' ਦੇ ਅਖ਼ੀਰ ਤੇ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ ਹੁੰਦਾ ਹੈ 'ਇਸ ਕਾਰਨ ਕਰਕੇ,  ਦੇ ਕਾਰਨ, ਦੀ ਬਰਕਤਿ ਨਾਲ ।(ਹਰਿ ਕੇ ਨਾਮ) ਨਿਮਤ — ਹਰਿ-ਨਾਮ ਦੀ ਬਰਕਤਿ ਨਾਲ ।ਤਉ — ਤਦੋਂ, ਹਰਿ-ਨਾਮ ਸਿਮਰਨ ਨਾਲ । ਸੰਕਟ — ਕਸ਼ਟ ।੨।ਰਾਮ ਰੰਗਿ — ਪ੍ਰਭੂ ਦੇ ਪਿਆਰ ਵਿਚ ।ਰਾਤਾ — ਰੰਗਿਆ ਹੋਇਆ । ਇਉ — ਇਸ ਤਰ੍ਹਾਂ, ਪ੍ਰਭੂ ਦੇ ਰੰਗ ਵਿਚ ਰੰਗੇ ਜਾਣ ਨਾਲ । ਪਰਸਾਦਿ — ਕਿਰਪਾ ਨਾਲ ।੩।
ਹਰਿ ਹਰਿ, ਹਰਿ ਹਰਿ, ਹਰਿ ਹਰਿ ਹਰੇ ॥
ਹਰਿ ਸਿਮਰਤ, ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥

ਸੁਆਸ ਸੁਆਸ ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ।੧। ਰਹਾਉ ।

ਹਰਿ ਕੇ ਨਾਮ ਕਬੀਰ ਉਜਾਗਰ ॥ ਜਨਮ ਜਨਮ ਕੇ ਕਾਟੇ ਕਾਗਰ ॥੧॥
ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ, ਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ । ੧ ।

ਨਿਮਤ, ਨਾਮਦੇਉ ਦੂਧੁ ਪੀਆਇਆ ॥ ਤਉ ਜਗ ਜਨਮ ਸੰਕਟ ਨਹੀ ਆਇਆ ॥੨॥

ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ('ਗੋਬਿੰਦ ਰਾਇ') ਨੂੰ ਦੁੱਧ ਪਿਆਇਆ ਸੀ, ਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ ।੨।

ਜਨ ਰਵਿਦਾਸ ਰਾਮ ਰੰਗਿ ਰਾਤਾ॥ ਇਉ, ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥
ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ । ਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ । ੩ । ੫ ।

ਨੋਟ : — ਹਰੇਕ ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ । ਇਥੇ ਹਰਿ-ਸਿਮਰਨ ਦੀ ਵਡਿਆਈ ਦੱਸੀ ਹੈ ਕਿ ਜਿਨ੍ਹਾਂ ਬੰਦਿਆਂ ਨੇ ਸੁਆਸ ਸੁਆਸ ਪ੍ਰਭੂ ਨੂੰ ਯਾਦ ਰੱਖਿਆ, ਉਹਨਾਂ ਨੂੰ ਜਗਤ ਦੀ ਮਾਇਆ ਵਿਆਪ ਨਹੀਂ ਸਕੀ । ਇਹ ਅਸੂਲ ਦੱਸ ਕੇ ਦੋ ਭਗਤਾਂ ਦੀ ਮਿਸਾਲ ਦੇਂਦੇ ਹਨ । ਭਗਤ ਕਬੀਰ ਜੀ ਨੇ ਭਗਤੀ ਕੀਤੀ, ਉਹ ਜਗਤ ਵਿਚ ਪ੍ਰਸਿੱਧ ਹੋਏ; ਭਗਤ ਨਾਮਦੇਵ ਜੀ ਨੇ ਭਗਤੀ ਕੀਤੀ, ਤੇ ਉਨ੍ਹਾਂ ਨੇ ਪ੍ਰਭੂ ਨੂੰ ਵੱਸ ਵਿਚ ਕਰ ਲਿਆ । ਇਸ ਵਿਚਾਰ ਵਿਚ ਦੋ ਗੱਲਾਂ ਬਿਲਕੁਲ ਸਾਫ਼ ਹਨ । ਇੱਕ ਇਹ, ਕਿ ਭਗਤ ਨਾਮਦੇਵ ਜੀ ਨੇ ਕਿਸੇ ਠਾਕੁਰ-ਮੂਰਤੀ ਨੂੰ ਦੁੱਧ ਨਹੀਂ ਪਿਆਇਆ; ਦੂਜੀ, ਦੁੱਧ ਪਿਲਾਉਣ ਤੋਂ ਪਿਛੋਂ ਭਗਤ ਨਾਮਦੇਵ ਜੀ ਨੂੰ ਭਗਤੀ ਦੀ ਲਾਗ ਨਹੀਂ ਲੱਗੀ, ਪਹਿਲਾਂ ਹੀ ਉਹ ਪ੍ਰਵਾਨ ਭਗਤ ਸਨ । ਕਿਸੇ ਮੂਰਤੀ ਨੂੰ ਦੁੱਧ ਪਿਆ ਕੇ, ਕਿਸੇ ਮੂਰਤੀ ਦੀ ਪੂਜਾ ਕਰ ਕੇ, ਨਾਮਦੇਵ ਭਗਤ ਨਹੀਂ ਬਣੇ, ਸਗੋਂ ਸੁਆਸ ਸੁਆਸ ਹਰਿ-ਸਿਮਰਨ ਦੀ ਹੀ ਇਹ ਬਰਕਤਿ ਸੀ, ਕਿ ਪ੍ਰਭੂ ਨੇ ਕਈ ਕੌਤਕ ਵਿਖਾ ਕੇ ਭਗਰ ਨਾਮਦੇਵ ਜੀ ਦੇ ਕਈ ਕੰਮ ਸਵਾਰੇ ਤੇ ਉਨਾਂ ਨੂੰ ਜਗਤ ਵਿਚ ਉੱਘਾ ਕੀਤਾ ।