ਪੰਨਾ ਨ: ੩੪੫
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗਉਰੇਰੀ
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥
   
ਮੇਰੀ ਸੰਗਤਿ ਪੋਚ, ਸੋਚ ਦਿਨੁ ਰਾਤੀ ॥
ਮੇਰਾ ਕਰਮੁ ਕੁਟਿਲਤਾ, ਜਨਮੁ ਕੁਭਾਂਤੀ॥੧॥
ਰਾਮ ਗੁਸਈਆ, ਜੀਅ ਕੇ ਜੀਵਨਾ॥
ਮੋਹਿ ਨ ਬਿਸਾਰਹੁ, ਮੈ ਜਨੁ ਤੇਰਾ॥੧॥ਰਹਾਉ॥

ਮੇਰੀ ਹਰਹੁ ਬਿਪਤਿ, ਜਨ ਕਰਹੁ ਸੁਭਾਈ॥
ਚਰਣ ਨ ਛਾਡਉ, ਸਰੀਰ ਕਲ ਜਾਈ॥੨॥
ਕਹੁ ਰਵਿਦਾਸ ਪਰਉ ਤੇਰੀ ਸਾਭਾ॥
ਬੇਗਿ ਮਿਲਹੁ ਜਨ, ਕਰਿ ਨ ਬਿਲਾਂਬਾ॥੩॥੧॥
ਪਦ ਅਰਥ :—ਸੰਗਤਿ — ਬਹਿਣ-ਖਲੋਣ । ਪੋਚ — ਨੀਚ, ਮਾੜਾ । ਸੋਚ  - ਚਿੰਤਾ, ਫਿਕਰ । ਕੁਟਿ — ਡਿੰਗੀ ਲਕੀਰ । ਕੁਟਿਲ — ਵਿੰਗੀਆਂ ਚਾਲਾਂ ਚੱਲਣ ਵਾਲਾ; ਖੋਟਾ । ਕੁਟਿਲਤਾ — ਵਿੰਗੀਆਂ ਚਾਲਾਂ ਚੱਲਣ ਦਾ ਸੁਭਾਉ, ਖੋਟ । ਕੁਭਾਂਤੀ — ਕੁ-ਭਾਂਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤਿ ਵਿਚੋਂ ।੧। ਗੁਸਈਆ — ਹੇ ਗੋਸਾਈਂ ! ਹੇ ਧਰਤੀ ਦੇ ਸਾਈਂ । ਜੀਅ ਕੇ — ਜਿੰਦ ਦੇ । ਮੋਹਿ — ਮੈਨੂੰ ।੧।ਰਹਾਉ।  ਹਰਹੁ — ਦੂਰ ਕਰੋ । ਬਿਪਤਿ — ਮੁਸੀਬਤ, ਭੈੜੀ ਸੰਗਤਿ-ਰੂਪ ਬਿਪਤਾ । ਜਨ — ਮੈਨੂੰ ਦਾਸ ਨੂੰ । ਕਰਰਹੁ — ਬਣਾ ਲਵੋ । ਸੁਭਾਈ — ਸੁ-ਭਾਈ, ਚੰਗੇ ਭਾਓ ਵਾਲਾ, ਚੰਗੀ ਭਾਵਨਾ ਵਾਲਾ । ਨ ਛਾਡਉ — ਮੈਂ ਨਹੀਂ ਛੱਡਾਂਗਾ । ਕਲ — ਸੱਤਿਆ । ਜਾਈ — ਚਲੀ ਜਾਏ, ਨਾਸ ਹੋ ਜਾਏ । ੨ । ਕਹੁ — ਆਖ । ਰਵਿਦਾਸ — ਹੇ ਰਵਿਦਾਸ ! ਪਰਉ —ਮੈਂ ਪੈਂਦਾ ਹਾਂ, ਮੈਂ ਪਿਆਂ ਹਾਂ । ਸਾਭਾ — ਸਾਂਭ, ਸੰਭਾਲ, ਸਰਨ । ਬਗਿ — ਛੇਤੀ । ਬਿਲਾਂਬਾ — ਦੇਰ,ਢਿੱਲ । ੩ ।੧ ।
ਮੇਰੀ ਸੰਗਤਿ ਪੋਚ, ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ, ਜਨਮੁ ਕੁਭਾਂਤੀ॥੧॥
(ਹੇ ਪ੍ਰਭੂ !) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ, ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ । ੧ ।

ਰਾਮ ਗੁਸਈਆ, ਜੀਅ ਕੇ ਜੀਵਨਾ॥ ਮੋਹਿ ਨ ਬਿਸਾਰਹੁ, ਮੈ ਜਨੁ ਤੇਰਾ॥੧॥ਰਹਾਉ॥
ਹੇ ਮੇਰੇ ਰਾਮ ! ਹੇ ਧਰਤੀ ਦੇ ਸਾਈਂ ! ਹੇ ਮੇਰੀ ਜਿੰਦ ਦੇ ਆਸਰੇ ! ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ । ੧ । ਰਹਾਉ ।

ਮੇਰੀ ਹਰਹੁ ਬਿਪਤਿ, ਜਨ ਕਰਹੁ ਸੁਭਾਈ॥ ਚਰਣ ਨ ਛਾਡਉ, ਸਰੀਰ ਕਲ ਜਾਈ॥੨॥

(ਹੇ ਪ੍ਰਭੂ ! ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ; ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ !) ਮੈਂ ਤੇਰੇ ਚਰਨ ਨਹੀਂ ਛੱਡਾਂਗਾ । ੨ ।

ਕਹੁ ਰਵਿਦਾਸ ਪਰਉ ਤੇਰੀ ਸਾਭਾ॥ ਬੇਗਿ ਮਿਲਹੁ ਜਨ, ਕਰਿ ਨ ਬਿਲਾਂਬਾ॥੩॥੧॥

ਰਵਿਦਾਸ ਜੀ ਬੇਨਤੀ ਕਰਦੇ ਹਨ, ਮੈਂ ਤੇਰੀ ਸ਼ਰਨ ਪਿਆ ਹਾਂ, ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ । ੩ । ੧ ।

ਨੋਟ :—ਰਵਿਦਾਸ ਜੀ ਕੇ ਪਦੇ—ਰਵਿਦਾਸ ਜੀ ਦੇ ੫ ਸ਼ਬਦ ਹਨ; ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਪਦ (ਬੰਦ— Stanzas ) ਹਨ; ੧ ਸ਼ਬਦ ਚਾਰ ਬੰਦਾਂ ਵਾਲਾ ਹੈ ਅਤੇ ੧ ਸ਼ਬਦ ੮ ਬੰਦਾਂ ਵਾਲਾ ਹੈ । ਸੋ; ਸਭਨਾਂ ਵਾਸਤੇ ਸਾਂਝਾ ਲਫ਼ਜ਼ 'ਪਦੇ' ਵਰਤ ਦਿੱਤਾ ਹੈ; ਤਿਪਦੇ, ਚਉਪਦਾ, ਅਸ਼ਟਪਦੀ ਲਿਖਣ ਦੇ ਥਾਂ ।