ਪੰਨਾ ਨ: ੯੩
ਸ੍ਰੀ ਰਾਗੁ ॥  ੴ ਸਤਿਗੁਰ ਪ੍ਰਸਾਦਿ
   
ਤੋਹੀ ਮੋਹੀ ਮੋਹੀ ਤੋਹੀ, ਅੰਤਰੁ ਕੈਸਾ ॥
ਕਨਕ ਕਟਿਕ, ਜਲ ਤਰੰਗ ਜੈਸਾ ॥੧॥

ਜਉਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ ॥
ਪਤਿਤ ਪਾਵਨ ਨਾਮੁ, ਕੈਸੇ ਹੁੰਤਾ ॥੧॥ਰਹਾਉ ॥
ਤੁਮ ਜੁ ਨਾਇਕ ਆਛਹੁ ਅੰਤਰਜਾਮੀ ॥  
ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥ ੨॥  
ਸਰੀਰੁ ਅਰਾਧੈ ਮੋ ਕਉ ਬੀਚਾਰੁ ਦੇਹੂ ॥  
ਰਵਿਦਾਸ ਸਮ ਦਲ ਸਮਝਾਵੈ ਕੋਊ ॥ ੩॥

ਪਦ ਅਰਥ :—ਤੋਹੀ ਮੋਹੀ — ਤੇਰੇ ਮੇਰੇ ਵਿਚ । ਮੋਹੀ ਤੋਹੀ — ਮੇਰੇ ਤੇਰੇ ਵਿਚ । ਅੰਤਰੁ — ਵਿੱਥ, ਭੇਦ, ਫ਼ਰਕ । ਕੈਸਾ — ਕਿਹੋ ਜਿਹਾ ਹੈ ? ਅੰਤਰੁ ਕੈਸਾ — ਕੋਈ ਅਸਲੀ ਵਿੱਥ ਨਹੀਂ ਹੈ । ਕਨਕ —ਸੋਨਾ । ਕਟਿਕ — ਕੜੇ, ਕੰਗਣਾ । ਜਲ ਤਰੰਗ — ਪਾਣੀ ਦੀਆਂ ਲਹਿਰਾਂ । ਜੈਸਾ — ਜਿਵੇਂ । ੧ । ਜਉ ਪੈ — ਜੇਕਰ, ਜੇ । ਹਮ — ਅਸੀ ਜੀਵ । ਨ ਕਰੰਤਾ — ਨਾਹ ਕਰਦੇ । ਅਹੇ ਅਨੰਤਾ — ਹੇ ਬੇਅੰਤ (ਪ੍ਰਭੂ) ! ਪਤਿਤ — ਡਿੱਗੇ ਹੋਏ, ਨੀਚ, ਵਿਕਾਰਾਂ ਵਿਚ ਪਏ ਹੋਏ । ਪਾਵਨ — ਪਵਿਤ੍ਰ ਕਰਨ ਵਾਲਾ । ਪਤਿਤ ਪਾਵਨ — ਨੀਚਾਂ ਨੂੰ ਉੱਚਾ ਕਰਨ ਵਾਲਾ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ । ਕੈਸੇ — ਕਿਵੇਂ ? ਹੁੰਤਾ — ਹੁੰਦਾ । ੧ । ਰਹਾਉ । ਨਾਇਕ — ਆਗੂ, ਸਿੱਧੇ ਰਾਹ ਪਾਣ ਵਾਲਾ, ਤਾਰਨਹਾਰ । ਆਛਹੁ — ਹੈਂ । ਪ੍ਰਭ ਤੇ — ਮਾਲਕ ਤੋਂ, ਮਾਲਕ ਨੂੰ ਪਰਖ ਕੇ । ਜਨੁ — ਸੇਵਕ, ਨੌਕਰ । ਜਾਨੀਜੈ — ਪਛਾਣਿਆ ਜਾਂਦਾ ਹੈ । ਜਨ ਤੇ — ਸੇਵਕ ਤੋਂ, ਸੇਵਕ ਨੂੰ ਜਾਚਿਆਂ । ੨ ।  ਅਰਾਧੈ — ਸਿਮਰਨ ਕਰੇ । ਸਰੀਰੁ ਅਰਾਧੈ — ਸਰੀਰ ਸਿਮਰਨ ਕਰੇ, ਜਦ ਤਕ ਸਰੀਰ ਕਾਇਮ ਹੈ ਮੈਂ ਸਿਮਰਨ ਕਰਾਂ । ਮੋ ਕਉ — ਮੈਨੂੰ । ਬੀਚਾਰੁ — ਸੁਮੱਤ, ਸੂਝ । ਦੇਹੂ — ਦੇਹ । ਸਮ ਦਲ — ਦਲਾਂ ਵਿਚ ਸਮਾਨ ਵਰਤਣ ਵਾਲਾ, ਸਭ ਜੀਵਾਂ ਵਿਚ ਵਿਆਪਕ । ਕੋਊ — ਕੋਈ (ਸੰਤ ਜਨ) । ੩ ।
ਤੋਹੀ ਮੋਹੀ ਮੋਹੀ ਤੋਹੀ, ਅੰਤਰੁ ਕੈਸਾ ॥ ਕਨਕ ਕਟਿਕ, ਜਲ ਤਰੰਗ ਜੈਸਾ ॥੧॥
(ਹੇ ਪਰਮਾਤਮਾ !) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ ? (ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ,ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ । ੧ ।

 ਜਉਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ ॥ ਪਤਿਤ ਪਾਵਨ ਨਾਮੁ, ਕੈਸੇ ਹੁੰਤਾ ॥੧॥ਰਹਾਉ ॥
ਹੇ ਬੇਅੰਤ (ਪ੍ਰਭੂ) ਜੀ ! ਜੇ ਅਸੀ ਜੀਵ ਪਾਪ ਨਾਹ ਕਰਦੇ ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) 'ਪਤਿਤ-ਪਾਵਨ' ਕਿਵੇਂ ਹੋ ਜਾਂਦਾ ? । ੧ । ਰਹਾਉ । 

ਤੁਮ ਜੁ ਨਾਇਕ ਆਛਹੁ ਅੰਤਰਜਾਮੀ ॥  ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥ ੨॥

ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-ਪਾਵਨ' ਨਾਮ ਦੀ ਲਾਜ ਰੱਖ) । ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ । ੨ । 

ਸਰੀਰੁ ਅਰਾਧੈ ਮੋ ਕਉ ਬੀਚਾਰੁ ਦੇਹੂ ॥  ਰਵਿਦਾਸ ਸਮ ਦਲ ਸਮਝਾਵੈ ਕੋਊ ॥ ੩॥
(ਸੋ, ਹੇ ਪ੍ਰਭੂ !) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ । (ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ । ੩ ।