UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

              

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥

ਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ । ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ । ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ । ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ । ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ) ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ ।

ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ । ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ । ੧੦ ।

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥ ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥ ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥ ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥ ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥ ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥

ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ । ਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ । ਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ । ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ । ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ । ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ । ੧੩ ।

ਭਾਵ:- ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕਿਆ ਰਹਿੰਦਾ ਹੈ, ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਬੱਝ ਜਾਂਦੀ ਹੈ । ਜਗਤ ਦਾ ਕੋਈ ਭੀ ਦੁੱਖ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ