}
                                                                                 

Articles

Home


ਅਜ਼ਾਦੀ ਘੁਲਾਟੀਏ, ਗਦਰ ਲਹਿਰ ਅਤੇ ਆਦਿ ਧਰਮ ਆਗੂ

ਬਾਬੂ ਮੰਗੂ ਰਾਮ ਮੂਗੋਵਾਲੀਆ


ਕੁਲਦੀਪ ਚੰਦ

ਸਾਡੇ ਦੇਸ਼ ਦੀ ਸਮਾਜਿਕ ਬਣਤਰ ਅਤੇ ਮੰਨੂਵਾਦੀ ਕੁਪ੍ਰਥਾ ਕਾਰਨ ਭਾਰਤੀ ਸਮਾਜ ਵੱਖ ਵੱਖ ਵਰਗਾਂ ਵਿੱਚ ਵੰਡਿਆਂ ਰਿਹਾ ਹੈ ਅਤੇ ਕੁੱਝ ਵਰਗਾਂ ਵਿਸ਼ੇਸ਼ ਤੋਰ ਤੇ ਚੋਥੇ ਵਰਣ ਸ਼ੂਦਰਾਂ ਨੂੰ ਵਿਦੇਸ਼ੀ ਸ਼ਾਸ਼ਕਾਂ ਤੋਂ ਇਲਾਵਾ ਅਪਣੇ ਦੇਸ਼ ਦੇ ਲੋਕਾਂ ਦੀ ਗੁਲਾਮੀ ਦਾ ਵੀ ਸ਼ਿਕਾਰ ਰਹਿਣਾ ਪਿਆ ਹੈ। ਇਸ ਕੁਪ੍ਰਥਾ ਨੂੰ ਖਤਮ ਕਰਨ ਅਤੇ ਦੇਸ਼ ਵਾਸੀਆਂ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਮੇਂ ਸਮੇਂ ਤੇ ਕਈ ਸਮਾਜ ਸੁਧਰਾਕਾਂ ਨੇ ਅੰਦੋਲਨ ਚਲਾਏ ਹਨ ਜਿਨ੍ਹਾਂ ਵਿੱਚ ਇੱਕ ਨਾਮ ਅਜ਼ਾਦੀ ਘੁਲਾਟੀਏ, ਗਦਰ ਲਹਿਰ ਅਤੇ ਆਦਿ ਧਰਮ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਸਨੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ। ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਛੂਤ ਪਰਿਵਾਰ ਵਿੱਚ  ਮਾਤਾ ਅਤਰੀ ਅਤੇ ਪਿਤਾ ਹਰਨਾਮ ਦਾਸ ਦੇ ਘਰ ਹੋਇਆ। ਆਪ ਦੇ ਪਿਤਾ ਚਮੜੇ ਦੇ ਧੰਦੇ ਨਾਲ ਜੁੜ੍ਹੇ ਹੋਏ ਸਨ ਅਤੇ ਵਪਾਰ ਸਬੰਧੀ ਅੰਗਰੇਜੀ ਵਿੱਚ ਆਏ ਆਰਡਰਾਂ ਨੂੰ ਪੜ੍ਹਣ ਲਈ ਉੱਚ ਜਾਤੀ ਦੇ ਪੜ੍ਹੇ ਲਿਖੇ ਵਿਅਕਤੀਆਂ ਤੋਂ ਮੱਦਦ ਲੈਣੀ ਪੈਂਦੀ ਸੀ। ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਆਤਮ ਨਿਰਭਰ ਬਣਨ ਲਈ ਜਰੂਰੀ ਵਿੱਦਿਆ ਪ੍ਰਾਪਤ ਕਰਨ। ਆਪ ਦੀ ਉਮਰ ਲੱਗਭੱਗ ਤਿੰਨ ਸਾਲ ਦੀ ਸੀ ਜਦੋਂ ਮਾਤਾ ਦੀ ਮੋਤ ਹੋ ਗਈ। ਆਪ ਨੇ ਜਾਤ ਅਧਾਰਿਤ ਵਿੱਤਕਰੇ ਨੂੰ ਅਪਣੇ ਅੱਖੀਂ ਵੇਖਿਆ ਅਤੇ ਪਿੰਡੇ ਤੇ ਹੰਢਾਇਆ। ਆਪ ਨੇ ਪੰਜਾਬੀ ਦੀ ਸਿੱਖਿਆ ਅਪਣੇ ਪਿੰਡ ਵਿੱਚ ਹੀ ਇੱਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ ਅਤੇ ਬਾਦ ਵਿੱਚ ਬਜਵਾੜਾ ਸਕੂਲ ਅਤੇ ਦੇਹਰਾਦੂਨ ਵਿੱਚ ਪੜ੍ਹੇ ਅਤੇ ਅੰਗਰੇਜੀ ਵਿੱਚ ਗਿਆਨ ਹਾਸਲ ਕੀਤਾ। ਬਾਬੂ ਜੀ ਬਹੁਤੇ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਪਹਿਲੇ ਅਛੂਤ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਕਲਾਸ ਦੇ ਕਮਰੇ ਤੋਂ ਬਾਹਰ ਬੈਠਕੇ ਹੀ ਪੜ੍ਹਣਾ ਪੈਂਦਾ ਸੀ। ਬਜਵਾੜਾ ਸਕੂਲ ਵਿੱਚ ਇੱਕ ਦਿਨ ਜਦੋਂ ਭਾਰੀ ਬਾਰਸ਼ ਅਤੇ ਤੁਫਾਨ ਕਾਰਨ ਕਲਾਸ ਅੰਦਰ ਚਲੇ ਗਏ ਤਾਂ ਸਕੂਲ ਵਿੱਚ ਹਾਜ਼ਰ ਮੰਨੂਵਾਦੀ ਮਾਨਸਿਕਤਾ ਵਾਲੇ ਅਧਿਆਪਕ ਨੇ ਆਪ ਦੀ ਬੇਰਹਿਮੀ ਨਾਲ ਕੁਟਾਈ ਕੀਤੀ ਅਤੇ ਸਾਰਾ ਫਰਨੀਚਰ ਬਾਹਰ ਸੁਟਵਾ ਦਿਤਾ। ਇਸ ਘਟਨਾ ਨੇ ਬਾਬੂ ਜੀ ਦੇ ਮਨ ਤੇ ਭਾਰੀ ਅਸਰ ਕੀਤਾ। ਆਪ ਪ੍ਰਾਇਮਰੀ ਕਲਾਸ ਵਿੱਚ ਤੀਜੇ ਨੰਬਰ ਤੇ ਰਹੇ। ਇਸ ਪੜ੍ਹਾਈ ਤੋਂ ਬਾਦ ਜਿੱਥੇ ਬਹੁਤੇ ਵਿਦਿਆਰਥੀਆਂ ਨੂੰ ਅਧਿਆਪਕ ਵਲੋਂ ਅੱਗੇ ਪੜ੍ਹਣ ਅਤੇ ਪਟਵਾਰੀ ਬਣਨ ਲਈ ਉਤਸ਼ਾਹਿਤ ਕੀਤਾ ਗਿਆ ਉੱਥੇ ਹੀ ਬਾਬੂ ਜੀ ਨੂੰ ਸਕੂਲ ਛੱਡਣ ਅਤੇ ਪਿਤਾ ਨਾਲ ਚਮੜੇ ਦਾ ਕੰਮ ਕਰਨ ਲਈ ਕਿਹਾ ਗਿਆ। ਸਾਲ 1905 ਵਿੱਚ ਆਪ ਦਾ ਵਿਆਹ ਹੋ ਗਿਆ ਅਤੇ 1909 ਵਿੱਚ ਆਪ ਯੂ ਐਸ ਏ ਚਲੇ ਗਏ। ਇੱਥੇ ਆਪ ਨੇ ਕੁੱਝ ਸਾਲ ਪਿੰਡ ਦੇ ਜਿਮੀਂਦਾਰਾਂ ਕੋਲ ਖੇਤਾਂ ਵਿੱਚ ਕੰਮ ਕੀਤਾ ਪਰ ਇੱਥੇ ਵੀ ਜਾਤ ਅਧਾਰਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਆਪ ਅਜ਼ਾਦੀ ਦੀ ਲੜ੍ਹਾਈ ਲਈ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਗਦਰ ਲਹਿਰ ਵਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜ਼ਹਾਜ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ ਜਿਸਦੀ ਮੁੱਖ ਜਿੰਮੇਵਾਰੀ ਆਪ ਨੂੰ ਦਿੱਤੀ ਗਈ ਪਰ  ਇਸਦੀ ਖਬਰ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਇਸਦੀ ਜਾਸੂਸੀ ਸ਼ੁਰੂ ਕਰ ਦਿਤੀ। ਇਹ ਮਿਸ਼ਨ ਜੋਕਿ 1915 ਵਿੱਚ ਚੱਲਿਆ ਅਤੇ ਜਿਸਨੂੰ ਗਦਰ ਲਹਿਰ ਦੇ ਪੰਜ ਆਗੂ ਲੈਕੇ ਆ ਰਹੇ ਸਨ ਬਰਤਾਨੀਆਂ ਸਰਕਾਰ ਨੇ ਸਮੁੰਦਰ ਵਿੱਚ ਤੋਪਾਂ ਨਾਲ ਉਡਾ ਦਿਤਾ। ਬਾਬੂ ਜੀ ਕਿਸੇ ਤਰੀਕੇ ਨਾਲ ਬਚ ਗਏ ਅਤੇ ਇਸਤੋਂ ਬਾਦ ਫਿਲਪਾਈਨ,  ਸ਼੍ਰੀ ਲੰਕਾ ਹੁੰਦੇ ਹੋਏ ਆਖਰ ਸੋਲ੍ਹਾਂ ਸਾਲ ਬਾਅਦ 1925 ਵਿੱਚ ਭਾਰਤ ਆ ਪਹੁੰਚੇ। ਇਸ ਦੌਰਾਨ ਕੋਈ ਵੀ ਖਬਰ ਨਾਂ ਮਿਲਣ ਕਾਰਨ ਪਰਿਵਾਰ ਨੇ ਬਾਬੂ ਜੀ ਨੂੰ ਮਰਿਆ ਮੰਨਕੇ ਉਨ੍ਹਾ ਦੀ ਪਤਨੀ ਨੂੰ ਦੂਜੇ ਭਰਾ ਨਾਲ ਵਿਆਹ ਦਿਤਾ ਸੀ। ਪੰਜਾਬ ਵਿੱਚ ਆਕੇ ਵੇਖਿਆ ਕਿ ਦੇਸ਼ ਨੂੰ ਅੰਗਰੇਜਾਂ ਤੋਂ ਅਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਹੈ ਪਰੰਤੁ ਸਦੀਆਂ ਤੋਂ ਗੁਲਾਮ ਅਛੂਤਾਂ ਦੇ ਵਿਕਾਸ ਅਤੇ ਅਜ਼ਾਦੀ ਲਈ ਕੋਈ ਕੁੱਝ ਨਹੀਂ ਕਰ ਰਿਹਾ ਹੈ। ਸਾਲ 1925 ਦੇ ਅੰਤ ਵਿੱਚ ਬਾਬੂ ਜੀ ਨੇ ਪਿੰਡ ਵਿੱਚ ਇਨ੍ਹਾਂ ਲਿਤਾੜ੍ਹੇ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਪਹਿਲਾ ਆਦਿ ਧਰਮ ਪ੍ਰਾਇਮਰੀ ਸਕੂਲ ਖੋਲਿਆ ਅਤੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿਤਾ। ਆਪ ਦੀ ਅਗਵਾਈ ਵਿੱਚ 11-12 ਜੂਨ 1926 ਨੂੰ  ਪਿੰਡ ਮੂਗੋਵਾਲ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਪੰਜਾਬ, ਰਾਜਸਥਾਨ, ਉਤੱਰ ਪ੍ਰਦੇਸ, ਦਿੱਲੀ, ਕਲਕੱਤਾ ਆਦਿ ਤੋਂ 36 ਜਾਤਾਂ ਦੇ ਹਜਾਰਾਂ ਲੋਕਾਂ ਜਿਨ੍ਹਾਂ ਨੂੰ ਅਛੂਤ ਮੰਨਿਆਂ ਜਾਂਦਾ ਸੀ ਦਾ ਭਾਰੀ ਇਕੱਠ ਹੋਇਆ ਅਤੇ ਘੋਸ਼ਣਾ ਕੀਤੀ ਗਈ ਕਿ ਇਨ੍ਹਾਂ ਜਾਤਾਂ ਨਾਲ ਸਬੰਧਿਤ ਲੋਕ ਆਦਿ ਧਰਮ ਅਪਣਾਉਣਗੇ। ਇਸ ਕਾਨਫਰੰਸ ਨੂੰ ਰੋਕਣ ਲਈ ਕੁੱਝ ਆਰਿਆ ਸਮਾਜੀ ਆਗੂਆਂ ਅਤੇ ਇਲਾਕੇ ਦੇ ਜਾਤ ਦੇ ਹੰਕਾਰੀ ਲੋਕਾਂ ਨੇ ਲੜਾਈ ਝਗੜਾ ਕੀਤਾ ਪਰ ਬਾਬੂ ਮੰਗੂ ਰਾਮ ਦੀ ਦੂਰ ਅੰਦੇਸ਼ੀ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਇਸ ਕਾਨਫਰੰਸ ਨੂੰ ਨਿਰਵਿਘਨ ਚਲਾਉਣ ਲਈ 03 ਠਾਣੇਦਾਰ ਅਤੇ 12 ਸਿਪਾਹੀ ਸੁਰੱਖਿਆ ਲਈ ਲਗਾ ਦਿੱਤੇ। ਕਾਨਫਰੰਸ ਵਿੱਚ ਗੜਬੜ ਕਰਨ ਵਾਲੇ ਆਰਿਆ ਸਮਾਜੀ ਆਗੂ ਸਵਾਮੀ ਅਛੁਤਾ ਨੰਦ ਅਤੇ ਇਲਾਕੇ ਦੇ ਜੈਲਦਾਰ ਪੁੰਨੂ ਰਾਮ ਨੂੰ ਮੁਆਫੀ ਮੰਗਣੀ ਪਈ। ਇਸ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀਰਾਮ, ਸੰਤ ਰਾਮ, ਰਾਮ ਚੰਦ, ਹਰਦਿੱਤ ਮੱਲ, ਰੇਸ਼ਮ ਲਾਲ ਬਾਲਮੀਕਿ, ਬਿਹਾਰੀ ਲਾਲ, ਰਾਮ ਸਿੰਘ, ਚਮਨ ਰਾਮ ਆਦਿ ਦੀ ਚੋਣ ਕੀਤੀ ਗਈ। 1927 ਵਿੱਚ ਆਦਿ ਡੰਕਾ ਨਾਂ ਦਾ ਸਪਤਾਹਿਕ ਅਖਬਾਰ ਸ਼ੁਰੂ ਕੀਤਾ ਗਿਆ ਅਤੇ 1928 ਵਿੱਚ ਉਰਦੂ ਵਿੱਚ ਵੀ ਚਲਾਇਆ ਗਿਆ ਅਤੇ ਆਦਿ ਧਰਮ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੀ ਗਈ। ਨਵੰਬਰ 1926 ਵਿੱਚ ਜਲੰਧਰ ਵਿੱਚ ਆਦਿ ਧਰਮ ਦਾ ਪਹਿਲਾ ਦਫਤਰ ਖੋਲਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਬਰਤਾਨੀਆ ਸਰਕਾਰ ਨੇ ਭਾਰਤ ਵਿੱਚ ਅਛੂਤਾਂ ਦੀ ਸਥਿਤੀ ਦਾ ਜਾਇਜਾ ਲੈਣ ਲਈ ਸਰ ਜੋਹਨ ਸਾਇਮਨ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਨਿਯੁਕਤ ਕੀਤਾ ਜਿਸਨੂੰ ਸਾਇਮਨ ਕਮਿਸ਼ਨ ਕਿਹਾ ਜਾਂਦਾ ਹੈ। ਕਈ ਆਗੂਆਂ ਨੇ ਕਾਂਗਰਸੀ ਆਗੂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਇਸ ਕਮਿਸ਼ਨ ਦਾ ਵਿਰੋਧ ਕੀਤਾ ਸੀ ਪਰੰਤੂ ਬਾਬੂ ਮੰਗੂ ਰਾਮ ਨੇ ਅਪਣੇ ਸੈਂਕੜੇ ਸਾਥੀਆਂ ਨਾਲ  ਸਾਇਮਨ ਕਮਿਸ਼ਨ ਅੱਗੇ  ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਅਸੀਂ ਨਾਂ ਹਿੰਦੂ, ਨਾ ਮੁਸਲਿਮ, ਨਾਂ ਸਿੱਖ ਅਤੇ ਨਾ ਹੀ ਇਸਾਈ ਹਾਂ। ਉਨ੍ਹਾਂ ਸਬੂਤਾ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋਕਿ ਕਿਸੇ ਵੇਲੇ ਇਸ ਦੇਸ਼ ਦੇ ਸ਼ਾਸ਼ਕ ਰਹੇ ਹਨ। ਆਦਿ ਧਰਮ ਆਗੂਆਂ ਦੇ ਸੰਘਰਸ਼ ਕਾਰਨ ਅਛੂਤਾਂ ਨੂੰ ਪੜ੍ਹਣ ਲਿਖਣ ਦੀਆਂ ਸਹੂਲਤਾਂ, ਵੋਟ ਦਾ ਅਧਿਕਾਰ ਪ੍ਰਾਪਤ ਹੋਇਆ, ਬੇਗਾਰ ਪ੍ਰਥਾ ਬੰਦ ਕਰਵਾਈ, ਫੌਜ ਅਤੇ ਪੁਲਿਸ ਵਿੱਚ ਭਰਤੀ ਸ਼ੁਰੂ ਹੋਈ, ਰਜਤਨਾਮੇ ਖਤਮ ਕਰਕੇ ਘਰਾਂ ਦੇ ਮਾਲਕ ਬਣਾਇਆ ਗਿਆ, 1900 ਵਿੱਚ ਬਣਿਆ ਇੰਤਕਾਲ ਇਰਾਜ਼ੀ ਐਕਟ ਜਿਸ ਅਨੁਸਾਰ ਸਿਰਫ 12 ਜਾਤਾਂ ਜਿਨ੍ਹਾਂ ਵਿੱਚ ਅਹੀਰ, ਅਰਾਈ, ਅਵਾਣ, ਗੁੱਜਰ, ਜੱਟ, ਕੰਬੋਜ, ਮੀਂਏ, ਪਠਾਣ, ਕਨੈਤ, ਰਾਜਪੂਤ, ਰਾਠੀ, ਸੈਣੀ ਹੀ ਜਮੀਨ ਖਰੀਦ ਸਕਦੇ ਸਨ ਖਤਮ ਕਰਵਾਇਆ ਜਿਸ ਨਾਲ ਗੈਰ ਮਾਰੂਸੀ ਲੋਕਾਂ ਨੂੰ ਵੀ ਜਾਇਦਾਦ ਖ੍ਰੀਦਣ ਦਾ ਅਧਿਕਾਰ ਮਿਲਿਆ। ਆਦਿ ਧਰਮ ਮੰਡਲ ਨੇ ਹਰੀਜਨ ਸ਼ਬਦ ਦੀ ਵਰਤੋਂ ਦਾ ਖੁੱਲਕੇ ਵਿਰੋਧ ਕੀਤਾ। ਸਾਲ 1930 ਵਿੱਚ ਗਵਰਨਰ ਪੰਜਾਬ ਨੇ ਆਰਡਰ ਜਾਰੀ ਕੀਤੇ ਕਿ ਆਦਿ ਧਰਮੀ ਲੜਕੇ ਲੜਕੀਆਂ ਜੋ ਦਸਵੀਂ ਪਾਸ ਹਨ ਨੂੰ ਅਧਿਆਪਕ ਦੀ ਸਿਖਲਾਈ ਦੇਣ ਲਈ ਸਪੈਸ਼ਲ ਕਲਾਸਾਂ ਸ਼ੁਰੂ ਕੀਤੀਆਂ ਜਾਣ। ਚੌਧਰੀ ਸਦਰੂਦੀਨ ਖਾਨ ਨੇ ਆਦਿ ਧਰਮ ਮੰਡਲ ਦੀ ਇਮਾਰਤ ਵਿੱਚ ਇਹ ਕਲਾਸਾਂ ਲਗਾਈਆਂ ਅਤੇ 80 ਵਿਅਕਤੀਆਂ ਨੂੰ ਜੇ ਬੀ ਟੀ ਦਾ ਕੌਰਸ ਕਰਵਾਕੇ ਮਾਸਟਰ ਬਣਾਇਆ ਗਿਆ। 26 ਫਰਵਰੀ 1930 ਨੂੰ ਆਦਿ ਧਰਮ ਰਜਿਸਟਰਡ ਹੋਇਆ ਅਤੇ 1931 ਵਿੱਚ ਹੋਈ ਜਨਗਣਨਾ ਵਿੱਚ ਪੰਜਾਬ ਦੀ ਕੁੱਲ ਅਬਾਦੀ ਲੱਗਭੱਗ 28491000 ਸੀ ਅਤੇ ਪਹਿਲੀ ਵਾਰ ਆਦਿ ਧਰਮ ਨੂੰ ਜੋੜ੍ਹਿਆ ਗਿਆ ਅਤੇ ਉਸ ਵੇਲੇ ਪੰਜਾਬ ਵਿੱਚ  ਲੱਗਭੱਗ 418789 ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲੱਗਭੱਗ 1.5 ਫਿਸਦੀ ਸੀ ਨੇ ਅਪਣਾ ਧਰਮ ਆਦਿ ਧਰਮ ਲਿਖਾਇਆ ਸੀ। ਇਸ ਜਨਗਣਨਾ ਵੇਲੇ ਕਈ ਥਾਵਾਂ ਤੇ ਲੜਾਈ ਝਗੜੇ ਹੋਏ ਜਿਸ ਵਿੱਚ ਰਲਾ ਰਾਮ ਰਵਿਦਾਸੀਆ ਅਤੇ ਝਗੜੂ ਰਾਮ ਬਾਲਮਿਕੀ ਮਾਰੇ ਗਏ ਸਨ ਅਤੇ ਹੋਰ ਕਈ ਜਖਮੀ ਹੋਏ ਜਿਸ ਕਾਰਨ ਇਸਨੂੰ ਖੂਨੀ ਮਰਦਮਸ਼ੁਮਾਰੀ ਵੀ ਕਿਹਾ ਜਾਂਦਾ ਹੈ, ਕਈ ਥਾਵਾਂ ਤੇ ਅਛੂਤਾਂ ਨੂੰ ਜਬਰਦਸਤੀ ਹਿੰਦੂ ਅਤੇ ਸਿੱਖ ਲਿਖਿਆ ਗਿਆ। ਵਰਣਨਯੋਗ ਹੈ ਕਿ 1911 ਦੀ ਜਨਗਣਨਾ ਵੇਲੇ ਅਛੂਤਾਂ ਦੀ ਜਿਹੜੀ ਜਨਸੰਖਿਆ ਲੱਗਭੱਗ 28 ਲੱਖ ਸੀ ਉਹ 1931 ਵਿੱਚ ਘਟਾਕੇ ਲੱਗਭੱਗ 13 ਲੱਖ ਕਰ ਦਿੱਤੀ ਗਈ। ਸਾਲ 1930,31,32 ਵਿੱਚ ਲੰਡਨ ਵਿੱਚ ਹੋਈਆ ਗੋਲਮੇਜ਼ ਕਾਨਫਰੰਸਾ ਵਿੱਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ ਅੰਬੇਡਕਰ ਹਨ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਨੇ ਲੱਗਭੱਗ 57 ਤਾਰਾਂ ਲੰਡਨ ਭੇਜੀਆਂ ਜਿਸ ਕਾਰਨ ਡਾਕਟਰ ਅੰਬੇਡਕਰ ਨੂੰ ਅਛੂਤਾਂ ਦੀ ਪ੍ਰਤੀਨਿਧਤਾ ਕਰਨ ਦਾ ਅਧਿਕਾਰ ਮਿਲਿਆ। ਇਸਤੋਂ ਬਾਦ ਇੰਗਲੇਂਡ ਸਰਕਾਰ ਨੇ ਲੋਥੀਅਨ ਕਮੇਟੀ ਨੂੰ ਭਾਰਤ ਭੇਜਿਆ ਜਿਸ ਵਿੱਚ ਡਾਕਟਰ ਅੰਬੇਡਕਰ ਅਛੂਤਾਂ ਦਾ ਨੁਮੰਾਇਦਾ ਬਣਕੇ ਨਾਲ ਆਇਆ। ਇਹ ਕਮੇਟੀ ਜਦੋਂ ਲਹੌਰ ਆਈ ਤਾਂ ਆਦਿ ਧਰਮ ਮੰਡਲ ਦੇ ਆਗੂ ਲੱਗਭੱਗ 10 ਹਜਾਰ ਵਿਅਕਤੀਆਂ ਨਾਲ ਪਹੁੰਚੇ ਅਤੇ ਅਪਣੀਆਂ ਮੰਗਾਂ ਕਮੇਟੀ ਅੱਗੇ ਰੱਖੀਆਂ। ਇਸ ਮੌਕੇ ਕੁੱਝ ਆਰਿਆ ਸਮਾਜੀ ਆਗੂਆਂ ਨੇ ਅਛੂਤ ਗਦਾਰਾਂ ਦੀ ਮੱਦਦ ਨਾਲ ਆਦਿ ਧਰਮ ਮੰਡਲ ਦੀਆਂ ਮੰਗਾਂ ਦਾ ਵਿਰੋਧ ਕੀਤਾ ਪਰੰਤੂ ਮੀਟਿੰਗ ਹਾਲ ਤੋਂ ਬਾਹਰ ਬੈਠੇ ਹਜ਼ਾਰਾਂ ਵਿਅੱਕਤੀਆਂ ਨੇ ਜਦੋਂ ਇੱਕਸੁਰ ਵਿੱਚ ਨਾਹਰੇ ਲਗਾਏ ਤਾਂ ਇਨ੍ਹਾਂ ਆਰਿਆ ਸਮਾਜੀ ਆਗੂਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਆਦਿ ਧਰਮ ਮੰਡਲ ਆਗੂਆਂ ਨੇ ਮੰਗ ਰੱਖੀ ਕਿ ਸਾਡੀ ਗਿਣਤੀ ਅਤੇ ਵਸੋਂ ਦੇ ਹਿਸਾਬ ਨਾਲ ਅਲੱਗ ਰਾਖਵਾਂਕਰਣ ਕੀਤਾ ਜਾਵੇ। ਲਾਰਡ ਲੋਥੀਅਨ ਦੀ ਰਿਪੋਰਟ ਤੋਂ ਬਾਦ ਇੰਗਲੈਂਡ ਦੀ ਸਰਕਾਰ ਨੇ ਅਛੂਤਾਂ ਲਈ ਅਲੱਗ ਚੌਣ ਵਿਵਸਥਾ ਦੀ ਮੰਨਜੂਰੀ ਦੇ ਦਿਤੀ ਜਿਸਨੂੰ ਕਮਿਊਨਲ ਐਵਾਰਡ ਦਾ ਨਾਮ ਦਿਤਾ ਗਿਆ। ਇਸ ਫੈਸਲੇ ਅਨੁਸਾਰ ਪਹਿਲੀ ਵਾਰ ਅਛੂਤਾਂ ਨੂੰ ਹਿੰਦੂਆਂ ਤੋਂ ਵੱਖ ਮੰਨਕੇ ਅਲੱਗ ਹੱਕ ਦਿੱਤੇ ਗਏ, ਅਛੂਤਾਂ ਨੂੰ ਰਾਖਵਾਂਕਰਣ ਦਿਤਾ ਗਿਆ, ਦੋਹਰੀ ਵੋਟ ਦਾ ਹੱਕ ਦਿਤਾ ਗਿਆ, ਭਾਰਤ ਦੀ ਕੌਂਸਲ ਵਿੱਚ 73 ਸੀਟਾਂ ਹਿੰਦੁਆਂ ਤੋਂ ਅਲੱਗ ਅਛੂਤਾਂ ਨੂੰ ਦਿਤੀਆਂ ਗਈਆਂ। ਇਸ ਕਮਿਊਨਲ ਐਵਾਰਡ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਗਾਂਧੀ ਜਿਸਨੇ ਪਹਿਲਾਂ ਗੋਲਮੇਜ਼ ਕਾਨਫਰੰਸ ਵਿੱਚ ਵੀ ਡਾਕਟਰ ਅੰਬੇਡਕਰ ਦੇ ਦਾਖਲੇ ਦਾ ਵਿਰੋਧ ਕੀਤਾ ਸੀ ਨੇ ਯਰਵਦਾ ਜੇਲ ਵਿੱਚ 20 ਸਤੰਬਰ, 1932 ਨੂੰ ਮਰਨ ਵਰਤ ਰੱਖ ਲਿਆ ਅਤੇ ਗਾਂਧੀ ਦੇ ਵਿਰੋਧ ਵਿੱਚ ਆਦਿ ਧਰਮ ਆਗੂਆਂ ਨੇ ਵੀ ਮਰਨ ਵਰਤ ਰੱਖ ਲਿਆ। 24 ਸਤੰਬਰ 1932 ਨੂੰ ਡਾਕਟਰ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੋਤਾ ਹੋਇਆ ਜਿਸਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ ਅਤੇ ਅਛੂਤਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਮੰਨਿਆ ਗਿਆ। 26 ਸਤੰਬਰ ਨੂੰ ਇਸ ਸਬੰਧੀ ਕਨੂੰਨ ਬਣਨ ਤੋਂ ਬਾਦ ਗਾਂਧੀ ਨੇ ਅਪਣਾ ਮਰਨ ਵਰਤ ਤਾਂ ਖਤਮ ਕਰ ਦਿਤਾ ਪਰ ਬਾਬੂ ਮੰਗੂ ਰਾਮ ਨੇ ਸਾਥੀਆਂ ਨਾਲ ਮਰਨ ਵਰਤ ਜਾਰੀ ਰੱਖਿਆ ਅਤੇ 12ਵੇਂ ਦਿਨ ਸੰਤ ਸਰਵਣ ਦਾਸ ਬੱਲਾਂ ਵਾਲਿਆਂ ਅਤੇ ਸੇਠ ਕਿਸ਼ਨ ਦਾਸ ਦੇ ਹੱਥੋਂ ਜੂਸ ਪੀ ਕੇ ਅਪਣਾ ਮਰਨ ਵਰਤ ਖਤਮ ਕੀਤਾ। ਪੂਨਾ ਪੈਕਟ ਅਨੁਸਾਰ ਪੰਜਾਬ ਵਿੱਚ 08 ਸੀਟਾਂ ਰਾਖਵੀਆਂ ਰੱਖੀਆਂ ਗਈਆਂ। ਸਾਲ 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਆਗੂਆਂ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ ਅਤੇ 8ਵੀਂ ਸੀਟ ਜੋਕਿ ਸਿਰਫ 07 ਵੋਟਾਂ ਨਾਲ ਹਾਰੀ ਸੀ ਜਿੱਤਣ ਵਾਲਾ ਮੂਲਾ ਸਿੰਘ ਬਲਾਚੌਰ ਵੀ ਬਾਦ ਵਿੱਚ ਆਦਿ ਧਰਮ ਮੰਡਲ ਵਿੱਚ ਸ਼ਾਮਿਲ ਹੋ ਗਿਆ ਸੀ। ਸਾਲ 1946 ਵਿੱਚ ਬਾਬੂ ਮੰਗੂ ਰਾਮ ਆਪਣੇ 04 ਹੋਰ ਸਾਥੀਆਂ ਨਾਲ ਪੰਜਾਬ ਅਸੈਂਬਲੀ ਲਈ ਚੁਣੇ ਗਏ ਸਨ। ਆਪ ਨੇ ਦੱਬੇ-ਕੁਚਲੇ ਵਰਗਾਂ ਲਈ ਵਿਦਿਅਕ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਵਕਾਲਤ ਕੀਤੀ। ਜੂਨ 1928 ਵਿੱਚ ਸ਼ਹੀਦ ਭਗਤ ਸਿੰਘ ਨੇ ਕਿਰਤੀ ਅਖਬਾਰ ਵਿੱਚ ‘‘ਅਛੂਤ ਦੀ ਸਮੱਸਿਆ’’ ਸਿਰਲੇਖ ਵਾਲਾ ਇੱਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਅਛੂਤਾਂ ਨੂੰ ਸੁਤੰਤਰ ਰੂਪ ਵਿੱਚ ਜਥੇਬੰਦ ਕਰਨ ਲਈ  ਆਦ ਧਰਮ ਮੰਡਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਾਲ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਮਿਸਟਰ ਮੁਹੰਮਦ ਅਲੀ ਜਿਨਾਹ ਦਾ ਸਕੱਤਰ ਅਪਣੇ ਨਾਲ ਚੌਧੀਰ ਸੁੰਦਰ ਦਾਸ, ਮਾਸਟਰ ਗੁਰਬੰਤਾ ਸਿੰਘ ਅਤੇ ਕਈ ਅਫਸਰਾਂ ਨੂੰ ਨਾਲ ਲੈਕੇ ਪਿੰਡ ਮੂਗੋਵਾਲ ਪਹੁੰਚਿਆ ਅਤੇ ਮੰਗ ਰੱਖੀ ਕਿ ਜੇਕਰ ਉਹ ਮੁਸਲਿਮ ਲੀਗ ਦੀ ਗੱਲ ਮੰਨਕੇ ਪਾਕਿਸਤਾਨ ਨਾਲ ਮਿਲ ਜਾਣ ਤਾਂ 50 ਮੁਰੱਬੇ ਜਮੀਨ ਅਤੇ 50 ਹਜਾਰ ਰੁਪਏ ਦੇਣਗੇ ਜਿਸਨੂੰ ਉਨ੍ਹਾਂ ਨੇ ਠੁਕਰਾ ਦਿਤਾ। ਅਜਾਦੀ ਤੋਂ ਬਾਦ 1951 ਵਿੱਚ ਹੋਈ ਜਨਗਣਨਾ ਵਿੱਚ ਆਦਿ ਧਰਮ ਦਾ ਖਾਨਾ ਖਤਮ ਕਰ ਦਿਤਾ ਗਿਆ। ਅਜਾਦ ਭਾਰਤ ਵਿੱਚ ਵੀ ਬਾਬੂ ਮੰਗੂ ਰਾਮ  ਨੇ ਆਦਿ ਧਰਮ ਲਹਿਰ ਨੂੰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। 1972 ਵਿੱਚ ਆਪ ਨੂੰ ਕੇਂਦਰ ਸਰਕਾਰ ਨੇ ਸਨਮਾਨਿਤ ਕੀਤਾ ਅਤੇ ਪੈਨਸ਼ਨ ਲਗਾਈ। ਸਰਕਾਰ ਵਲੋਂ ਆਪ ਨੂੰ ਗੜ੍ਹਸੰਕਰ ਨੇੜੇ ਕੁੱਝ ਜਮੀਨ ਦਿੱਤੀ ਗਈ। 22 ਅਪੈ੍ਰਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਕਾਂਗਰਸੀ ਆਗੂ ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਵਲੋਂ ਪਿੰਡ ਮੁਗੋਵਾਲ ਵਿੱਚ ਬਾਬੂ ਜੀ ਦਾ ਬੁੱਤ ਬਣਵਾਇਆ ਗਿਆ ਹੈ। ਅੱਜ ਵੱਖ ਵੱਖ ਸੰਸਥਾਵਾਂ ਵਲੋਂ ਇਸ ਮਹਾਨ ਆਗੂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਮੂਗੋਵਾਲੀਆ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਐਡਵੋਕੇਟ ਕੁਲਦੀਪ ਚੰਦ

ਨੇੜੇ ਸਕਰਾਰੀ ਪ੍ਰਾਇਮਰੀ ਸਕੂਲ ਦੋਭੇਟਾ

ਤਹਿਸੀਲ ਨੰਗਲ, ਜਿਲ੍ਹਾ ਰੂਪਨਗਰ, ਪੰਜਾਬ

9417563054