}
                                                                                 

Articles

Home

'ਪੂਨਾ ਪੈਕਟ' ਕਾਂਗਰਸੀ ਆਗੂਆਂ ਵਲੋਂ ਕੀਤਾ ਗਿਆ ਧੋਖਾ

24 ਸਤੰਬਰ ਨੂੰ ਪੂਨਾ ਪੈਕਟ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ ਇਸ ਪੂਨਾ ਪੈਕਟ ਦੁਆਰਾ ਹੀ ਭਾਰਤ ਵਿੱਚ ਰਹਿਣ ਵਾਲੇ ਕਰੋੜਾਂ ਦਲਿਤਾਂ ਜਿਨ੍ਹਾਂ ਨੂੰ ਹੁਣ ਅਨੁਸੂਚਿਤ ਜਾਤਾਂ ਕਿਹਾ ਜਾਂਦਾ ਹੈ ਨੂੰ ਸੰਘਰਸ਼ ਅਤੇ ਵਿਚਾਰ ਵਟਾਂਦਰੇ ਤੋਂ ਬਾਦ ਮਿਲੇ ਵਖਰੇ ਵੋਟ ਦੇ ਅਧਿਕਾਰਾਂ ਵਾਲੇ ਕਮਿਉਨਲ ਐਵਾਰਡ ਨੂੰ ਵਾਪਸ ਲਿਆ ਗਿਆ ਸੀ ਭਾਰਤ ਵਿੱਚ ਰਹਿਣ ਵਾਲੇ ਇੱਕ ਵਰਗ ਦੇ ਲੋਕਾਂ ਨੂੰ ਵੱਖ ਵੱਖ ਨਾਮ ਜਿਵੇਂ ਅਛੂਤ, ਦਲਿਤ, ਮੂਲ ਨਿਵਾਸੀ, ਆਦਿਧਰਮੀ, ਭਾਰਤ ਦੇ ਮੋਢੀ ਆਦਿ ਨਾਮ ਦਿਤੇ ਗਏ ਹਨ ਸਮਾਜ ਵਿੱਚ ਫੈਲੀਆਂ ਕੁਪ੍ਰਥਾਵਾਂ ਕਾਰਨ ਸਦੀਆਂ ਤੋਂ ਜਾਨਵਰਾਂ ਨਾਲੋਂ ਵੀ ਮਾੜਾ ਜੀਵਨ ਬਤੀਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਹਰ ਤਰਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਅਧਿਕਾਰਾਂ ਤੋਂ ਬਾਂਝਾ ਰੱਖਿਆ ਗਿਆ ਸੀ ਇਹ ਸਮਝੌਤਾ 24 ਸਤੰਬਰ 1932 ਨੂੰ ਦਲਿਤਾਂ ਦੇ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਵਿਚਕਾਰ ਮਹਾਂਰਾਸ਼ਟਰ ਦੇ ਪੂਨਾ ਦੀ ਯਰਵਦਾ ਜੇਲ ਵਿੱਚ ਹੋਇਆ ਸੀ ਅਤੇ ਇਸ ਸਮਝੌਤੇ ਦੁਆਰਾ ਦਲਿਤਾਂ ਨੂੰ ਪ੍ਰਾਪਤ ਹੋਏ ਵਖਰੇ ਚੌਣ ਅਧਿਕਾਰ ਕਮਿਉਨਲ ਐਵਾਰਡ ਨੂੰ ਖਤਮ ਕਰਕੇ ਮੌਜੂਦਾ ਰਾਖਵਾਂਕਰਣ ਨੀਤੀ ਮੰਨਜੂਰ ਕੀਤੀ ਗਈ ਸੀ ਕਈ ਬੁੱਧੀਜੀਵੀਆਂ ਨੇ ਇਸ ਪੂਨਾ ਪੈਕਟ ਨੂੰ ਵੱਡੀ ਗੱਲਤੀ ਅਤੇ ਧੋਖਾ ਮੰਨਿਆ ਹੈ ਅਤੇ ਡਾਕਟਰ ਅੰਬੇਡਕਰ ਨੇ ਵੀ ਇਸਨੂੰ ਕਾਂਗਰਸੀ ਆਗੂਆਂ ਵਲੋਂ ਕੀਤਾ ਗਿਆ ਧੋਖਾ ਅਤੇ ਅਪਣੀ ਜਿੰਦਗੀ ਦੀ ਸਭ ਤੋਂ ਵੱਡੀ ਗੱਲਤੀ ਮੰਨਿਆ ਹੈ  ਡਾਕਟਰ ਭੀਮ ਰਾਓ ਅੰਬੇਡਕਰ ਨੇ ਆਪ ਵੀ ਪੂਨਾ ਪੈਕਟ ਦਿਵਸ ਤੇ ਧਿਕਾਰ ਦਿਵਸ ਦਾ ਆਯੋਜਨ ਕੀਤਾ ਸੀ ਅਤੇ ਸਟੇਜ ਤੋਂ ਕਿਹਾ ਸੀ ਕਿ ਪੂਨਾ ਪੈਕਟ ਨਾਲ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ ਅਤੇ ਮੈਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ ਸੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਨੇ ਵੀ ਪੂਨਾ ਪੈਕਟ ਨੂੰ ਸਮਾਜ ਨਾਲ ਧੋਖਾ ਮੰਨਿਆ ਹੈ ਅਤੇ ਇਸਤੋਂ ਬਾਦ ਦੇ ਸਮੇਂ ਨੂੰ ਚਮਚਾ ਯੁੱਗ ਕਿਹਾ ਹੈ ਕਾਂਸ਼ੀ ਰਾਮ ਨੇ 23 ਸਤੰਬਰ 1982 ਨੂੰ ਪੂਨਾ ਪੈਕਟ ਦੀ 50ਵੀਂ ਵਰ੍ਹੇਗੰਢ ਮੌਕੇ ਇੱਕ ਕਿਤਾਬ ਚਮਚਾ ਯੁੱਗ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਕਿਹਾ ਕਿ ਇਸ ਪੂਨਾ ਪੈਕਟ ਦੁਆਰਾ ਦਲਿਤਾਂ ਨੂੰ ਅਪਣੇ ਅਸਲੀ ਪ੍ਰਤੀਨਿਧੀ ਚੁਣਨ ਦੇ ਅਧਿਕਾਰ ਤੋਂ ਬਾਂਝਾ ਕੀਤਾ ਗਿਆ ਹੈ ਅਤੇ ਸੰਯੁਕਤ ਚੌਣ ਪ੍ਰਣਾਲੀ ਵਿੱਚ ਦਲਾਲ ਅਤੇ ਏਜੰਟ ਹੀ ਤਿਆਰ ਹੋ ਰਹੇ ਹਨ ਅਤੇ ਕੁਪ੍ਰਥਾਵਾਂ ਨਾਲ ਲੜ੍ਹਣ ਵਾਲੀ ਅਸਲੀ ਅਤੇ ਅਜਾਦ ਅਗਵਾਈ ਦੀ ਭਾਵਨਾ ਨੂੰ ਬਰਬਾਦ ਕਰ ਦਿਤਾ ਹੈ ਜੇਕਰ ਭਾਰਤ ਵਿੱਚ ਵਖਰੇ ਚੌਣ ਅਧਿਕਾਰਾਂ ਦਾ ਇਤਿਹਾਸ ਵੇਖੀਏ ਤਾਂ ਸਾਲ 1917 ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਨੁੰਮਾਇਦਿਆਂ ਵਿਚਕਾਰਲਖਨਊ ਪੈਕਟ ਹੋਇਆ ਜਿਸਤੋਂ ਬਾਦ ਕਾਂਗਰਸ ਲੀਗ ਦੀ ਸਥਾਪਨਾ ਕੀਤੀ ਗਈ ਅਤੇ ਇਸ ਵਿੱਚ ਕਈ ਵਰਗਾਂ ਲਈ ਅਲੱਗ ਚੋਣ ਅਧਿਕਾਰਾਂ ਨੂੰ ਸਵੀਕਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਅਬਾਦੀ ਅਨੁਸਾਰ ਨੁਮਾਇੰਦਗੀ ਦਿੱਤੀ ਗਈ ਇਸ ਚੋਣ ਸਮਝੌਤੇ ਵਿੱਚ ਸਦੀਆਂ ਤੋਂ ਲਤਾੜ੍ਹੇ ਕਰੌੜ੍ਹਾਂ ਦਲਿਤਾਂ ਦੀ ਨੁਮਾਇੰਦਗੀ ਦਾ ਕੋਈ ਜ਼ਿਕਰ ਨਹੀਂ ਸੀ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਗਵਾਈ ਵਿੱਚ ਦਲਿਤ ਆਗੂਆਂ ਦਾ ਇੱਕ ਵਫਦ ਅਗਸਤ 1917 ਵਿੱਚ ਮੁੰਬਈ ਵਿੱਚ ਲਾਰਡ ਮੋਨਟੇਗੂ ਸਾਹਮਣੇ ਪੇਸ਼ ਹੋਇਆ ਅਤੇ ਭਾਰਤ ਵਿੱਚ ਦਲਿਤਾਂ ਦੀ ਤਰਸਯੋਗ ਹਾਲਤ ਅਤੇ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਇਆ 27 ਜਨਵਰੀ 1919 ਨੂੰ ਇਹ ਆਗੂ ਵੋਟ ਅਤੇ ਨਾਗਰਿਕ ਅਧਿਕਾਰਾਂ ਸਬੰਧੀ ਗਠਿਤ ਸਾਉਥ ਬਰੋ ਕਮੇਟੀ ਸਾਹਮਣੇ ਪੇਸ਼ ਹੋਏ ਅਤੇ ਕਰੋੜ੍ਹਾਂ ਦਲਿਤਾਂ ਲਈ ਆਬਾਦੀ ਅਨੁਸਾਰ ਵੱਖਰੇ ਚੋਣ ਅਧਿਕਾਰਾਂ ਦੀ ਮੰਗ ਰੱਖੀ ਪ੍ਰੰਤੂ ਦਲਿਤ ਵਿਰੋਧੀ ਆਗੂਆ ਕਾਰਨ ਕੋਈ ਲਾਭ ਨਹੀਂ ਮਿਲਿਆ ਸਾਲ 1919 ਵਿੱਚ ਸਰ ਜੌਹਨ ਸਾਇਮਨ ਦੀ ਅਗਵਾਈ ਵਿੱਚ ਭਾਰਤੀ ਕਾਨੂੰਨ ਕਮਿਸ਼ਨ ਬਣਾਇਆ ਗਿਆ ਜਿਸਨੂੰ ਸਾਇਮਨ ਕਮਿਸ਼ਨ ਕਿਹਾ ਜਾਂਦਾ ਹੈ ਇਹ ਕਮਿਸ਼ਨ 3 ਫਰਵਰੀ 1928 ਨੂੰ ਮੁੰਬਈ ਆਇਆ ਜਿਸਦਾ ਕਾਂਗਰਸ ਪ੍ਰਧਾਨ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਕੁੱਝ ਆਗੂਆਂ ਨੇ ਵਿਰੋਧ ਕੀਤਾ ਜਦਕਿ ਪੰਜਾਬ ਵਿੱਚ ਦੋਆਬੇ ਦੇ ਆਗੂ ਆਦਿ ਧਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਾਲੇ ਵਫਦ ਨੇ ਇਸ ਕਮਿਸ਼ਨ ਨੂੰ ਮਿਲਕੇ ਅਪਣੇ ਅਧਿਕਾਰ ਲੈਣ ਲਈ ਮਤਾ ਪਾਸ ਕੀਤਾ ਅਤੇ 18 ਸੰਗਠਨਾਂ ਨੇ ਸਾਈਮਨ ਕਮਿਸ਼ਨ ਅੱਗੇ ਆਪਣੇ ਸਮਾਜ ਲਈ ਅਲੱਗ ਅਧਿਕਾਰਾਂ ਦੀ ਮੰਗ ਕੀਤੀ ਸਾਇਮਨ ਕਮਿਸ਼ਨ ਦੀ ਰਿਪੋਰਟ ਤੇ ਲੰਡਨ ਵਿੱਚ ਤਿੰਨ ਗੋਲਮੇਜ਼ ਕਾਨਫਰੰਸਾਂ ਹੋਈਆਂ ਜਿਸ ਵਿੱਚ ਭਾਰਤ ਦੇ ਵੱਖ ਵੱਖ ਵਰਗਾਂ ਦੇ ਪ੍ਰਤੀਨਿਧੀ ਜਿਨ੍ਹਾਂ ਵਿੱਚ ਹਿੰਦੂਆਂ ਵੱਲੋਂ ਮੋਹਨ ਦਾਸ ਕਰਮ ਚੰਦ ਗਾਂਧੀ, ਮੁਸਲਮਾਨਾਂ ਵੱਲੋਂ ਮੁਹੰਮਦ ਅਲੀ ਜਿਨਾਹ ਅਤੇ ਦਲਿਤਾਂ ਵੱਲੋਂ ਡਾਕਟਰ ਅੰਬੇਡਕਰ ਸ਼ਾਮਲ ਹੋਏੇ ਜਿਨ੍ਹਾਂ ਨੇ ਵੱਖ-ਵੱਖ ਵਰਗਾਂ ਦੇ ਹੱਕਾਂ ਦੀ ਮੰਗ ਰੱਖੀ ਕਾਨਫਰੰਸ ਦਾ ਪਹਿਲਾ ਇਜਲਾਸ 12 ਨਵੰਬਰ 1930 ਨੂੰ ਸਮਰਾਟ ਜਾਰਜ ਪੰਜਵੇਂ ਦੀ ਪ੍ਰਧਾਨਗੀ ਹੇਠ ਲੰਡਨ ਵਿਖੇ ਸ਼ੁਰੂ ਹੋਇਆ ਜਿਸ ਵਿੱਚ ਹਾਜ਼ਰ ਨੁਮਾਇੰਦਿਆਂ ਦੀ ਕੁੱਲ ਸੰਖਿਆ 89 ਸੀ ਜਿਨ੍ਹਾਂ ਵਿੱਚੋਂ 53 ਭਾਰਤੀ ਸਨ ਕਾਨਫਰੰਸ ਦੇ ਕੰਮ ਨੂੰ ਕਈ ਕਮੇਟੀਆਂ ਵਿੱਚ ਵੰਡ ਦਿੱਤਾ ਗਿਆ ਅਤੇ ਇਨ੍ਹਾਂ ਕਮੇਟੀਆਂ ਵਿੱਚੋਂ ਮਹੱਤਵਪੂਰਨ ਕਮੇਟੀ ਘੱਟ ਗਿਣਤੀ ਵਰਗ  ਦੀ ਕਮੇਟੀ ਸੀ ਜਿਸਦਾ ਮੁੱਖ ਕੰਮ ਭਾਰਤ ਦੀ ਫਿਰਕੂ ਸਮੱਸਿਆ ਨੂੰ ਹੱਲ ਕਰਨਾ ਸੀ ਸਾਰੇ ਵਰਗਾਂ ਦੇ ਪ੍ਰ੍ਰਤੀਨਿਧੀਆਂ ਦੇ ਵਿਚਾਰ ਸੁਣਨ ਤੋਂ ਬਾਅਦ 9 ਵੱਖ-ਵੱਖ ਕਮੇਟੀਆਂ ਦੀ ਸਥਾਪਨਾ ਕੀਤੀ ਜਿਨ੍ਹਾਂ ਵਿੱਚੋਂ ਬਹੁਤੀਆਂ ਕਮੇਟੀਆਂ ਵਿੱਚ ਡਾਕਟਰ ਅੰਬੇਡਕਰ ਦਾ ਨਾਮ ਸ਼ਾਮਲ ਸੀ ਪਰ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕੰਮ ਦਲਿਤਾਂ ਦੇ ਸੱਭਿਆਚਾਰਕ, ਧਾਰਮਿਕ ਅਤੇ ਆਰਥਿਕ ਅਧਿਕਾਰਾਂ ਦੀ ਸੁਰੱਖਿਆਂ ਲਈ ਮੌਲਿਕ ਅਧਿਕਾਰਾਂ ਦਾ ਘੋਸ਼ਣਾ ਪੱਤਰ ਤਿਆਰ ਕਰਕੇ ਘੱਟ ਗਿਣਤੀਆਂ ਬਾਰੇ ਬਣੀ ਉੱਪ ਕਮੇਟੀ ਨੂੰ ਪੇਸ਼ ਕਰਨਾ ਸੀ ਦੂਜੀ ਗੋਲਮੇਜ਼ ਕਾਨਫਰੰਸ ਲਈ ਜੁਲਾਈ 1931 ਦੇ ਤੀਜੇ ਹਫਤੇ ਡਾਕਟਰ ਅੰਬੇਡਕਰ, ਸਰ ਤੇਜ ਬਹਾਦਰ ਸਪੂਰ, ਮਦਨ ਮੋਹਨ ਮਾਲਵੀਆ, ਸਰੋਜਨੀ ਨਾਇਡੂ, ਮੋਹਨ ਦਾਸ ਕਰਮ ਚੰਦ ਗਾਂਧੀ, ਮਿਰਜਾ ਇਸਮਾਈਲ, ਮੁਹੰਮਦ ਅਲੀ ਜਿਨਾਹ ਅਤੇ ਹੋਰ ਨੇਤਾਵਾਂ ਨੂੰ ਸੱਦਾ ਪੱਤਰ ਮਿਲਿਆ ਇਸ ਵਿੱਚ ਡਾਕਟਰ ਅੰਬੇਡਕਰ ਦਾ ਨਾਮ ਸਟਰੱਕਚਰਲ ਕਮੇਟੀ ਵਿੱਚ ਸ਼ਾਮਲ ਸੀ ਸੰਵਿਧਾਨ ਬਣਾਉਣ ਦਾ ਕਾਰਜ ਵਿਸ਼ੇਸ਼ ਤੌਰ ਤੇ ਇਸ ਕਮੇਟੀ ਨੇ ਕਰਨਾ ਸੀ ਗੋਲਮੇਜ਼ ਕਾਨਫਰੰਸਾਂ ਵਿੱਚ ਕਈ ਵਰਗਾਂ ਲਈ ਵੱਖਰੇ ਵੱਖਰੇ ਰਾਜਨੀਤਿਕ ਅਧਿਕਾਰਾਂ ਪ੍ਰਤੀ ਸਹਿਮਤੀ ਹੋਈ ਅਤੇ ਸਦੀਆਂ ਤੋਂ ਲਿਤਾੜ੍ਹੇ ਦਲਿਤਾਂ ਲਈ ਵੀ ਵੱਖਰੇ ਰਾਜਨੀਤਿਕ ਅਧਿਕਾਰਾਂ ਨੂੰ ਸਵੀਕਾਰ ਕੀਤਾ ਗਿਆ ਗੋਲਮੇਜ਼ ਕਾਨਫਰੰਸ ਦਾ ਦੂਜਾ ਇਜਲਾਸ 7 ਸਤੰਬਰ 1931 ਨੂੰ ਸ਼ੁਰੂ ਹੋਇਆ ਕਾਨਫਰੰਸ ਨੇ ਪਹਿਲੀ ਗੋਲਮੇਜ਼ ਕਾਨਫਰੰਸ ਵੱਲੋਂ ਸਥਾਪਿਤ ਕਮੇਟੀਆਂ ਦੀਆਂ ਰਿਪੋਰਟਾਂ ਤੇ ਵਿਚਾਰ ਕਰਨਾ ਸੀ 15 ਸਤੰਬਰ 1931 ਨੂੰ ਗਾਂਧੀ ਨੇ ਫੈਡਰਲ ਸਟਰੱਕਚਰ ਕਮੇਟੀ ਵਿੱਚ ਇਹ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਗਾਂਧੀ ਨੇ ਦਲਿਤਾਂ ਨੂੰ ਮਿਲਣ ਵਾਲੇ ਵਿਸ਼ੇਸ ਅਧਿਕਾਰਾਂ ਦਾ ਵਿਰੋਧ ਕੀਤਾ ਡਾਕਟਰ ਅੰਬੇਡਕਰ  ਨੇ ਇਨ੍ਹਾਂ ਅਧਿਕਾਰਾਂ ਸਬੰਧੀ ਘੱਟ ਗਿਣਤੀ ਕਮੇਟੀ ਕੋਲ ਦੋ ਮੈਮੋਰੰਡਮ ਪੇਸ਼ ਕੀਤੇ ਜਿਨ੍ਹਾਂ ਤੇ ਘੱਟ ਗਿਣਤੀ ਕਮੇਟੀ ਅਤੇ ਸੰਘੀ ਸ਼ਾਸ਼ਨ ਪ੍ਰਣਾਲੀ ਸੰਮਤੀ ਦੋਹਾਂ ਵਿੱਚ ਵਿਚਾਰ ਵਟਾਂਦਰਾ ਹੋਇਆ ਜਿਸਤੋਂ ਬਾਦ ਇਹ ਫੈਸਲਾ ਹੋਇਆ ਕਿ 80 ਤੋਂ 90 ਫਿਸਦੀ ਸੀਟਾਂ ਅਲੱਗ ਚੋਣ ਖੇਤਰਾਂ ਰਾਹੀਂ ਭਰੀਆਂ ਜਾਣ ਅਤੇ ਬਾਕੀ ਆਮ ਚੌਣਾਂ ਦੁਆਰਾ ਹੀ ਭਰੀਆਂ ਜਾਣ ਇਸ ਵਿੱਚ 5 ਫਿਸਦੀ ਸੀਟਾਂ ਔਰਤਾਂ ਲਈ ਵੀ ਰਾਖਵੀਆਂ ਰੱਖਣ ਦਾ ਫੈਸਲਾ ਹੋਇਆ ਘੱਟ ਗਿਣਤੀਆਂ ਬਾਰੇ ਕਮੇਟੀ ਦੀ ਰਿਪੋਰਟ ਤੋਂ ਬਾਦ 17 ਅਗਸਤ 1932 ਨੂੰ ਬ੍ਰਿਟਿਸ਼ ਸਰਕਾਰ ਵਲੋਂ ਦਲਿਤਾਂ ਨੂੰ ਵੀ ਘੱਟ ਗਿਣਤੀ ਮੰਨਦੇ ਹੋਏ ਦੋਹਰੀ ਵੋਟ ਦਾ ਵਿਸ਼ੇਸ਼ ਅਧਿਕਾਰ ਦੇਕੇ ਅਪਣੇ ਅਲੱਗ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦਿੱਤਾ ਗਿਆ ਜਿਸਨੂੰ ਕਮਿਉਨਲ ਐਵਾਰਡ ਕਿਹਾ ਜਾਂਦਾ ਹੈ ਇਸ ਵਿਚ ਕਿਹਾ ਗਿਆ  ਕਿ ਸਿੱਖਾਂ ਅਤੇ ਮੁਸਲਮਾਨਾਂ ਵਾਂਗ ਅਛੂਤ ਭਾਈਚਾਰੇ ਨੂੰ ਘੱਟ ਗਿਣਤੀ ਕੌਮ ਮੰਨਿਆ ਜਾਵੇਗਾ ਭਾਵ ਦਲਿਤਾਂ ਨੂੰ ਇੱਕ ਵੱਖਰੇ ਭਾਈਚਾਰੇ ਵਜੋਂ ਮੰਨਿਆ ਜਾਵੇਗਾ ਦਲਿਤਾਂ ਦੀ ਹਾਲਤ ਸੁਧਾਰਨ ਲਈ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ ਕਮਿਊਨਲ ਐਵਾਰਡ ਵਿੱਚ ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਸੀ ਕਿ ਦਲਿਤ ਭਾਈਚਾਰੇ ਲਈ  ਇੱਕ ਵੱਖਰਾ ਹਲਕਾ ਹੋਵੇਗਾ ਭਾਵ ਇੱਕ ਵੱਖਰਾ ਵੋਟਰ ਖੇਤਰ ਹੋਵੇਗਾ ਜਿਸ ਵਿੱਚ ਉਹ ਆਪਣੇ ਭਾਈਚਾਰੇ ਦੇ ਨੁਮਾਇੰਦੇ ਦੀ ਚੋਣ ਕਰਨਗੇ ਇਸ ਤਰ੍ਹਾਂ ਦਲਿਤਾਂ ਨੂੰ ਦੋ ਅਧਿਕਾਰ ਮਿਲੇ ਹਨ ਪਹਿਲਾ ਵੱਖਰੇ ਵੋਟਰਾਂ ਦਾ ਅਤੇ ਦੂਜਾ ਦੋ ਵੋਟਾਂ ਦੇਣਾ ਕਮਿਊਨਲ ਐਵਾਰਡ ਵਿੱਚ ਇਹ ਵਿਵਸਥਾ ਕੀਤੀ ਗਈ ਸੀ ਕਿ ਦਲਿਤ ਭਾਈਚਾਰੇ ਦੇ ਵਿਧਾਨ ਸਭਾ ਹਲਕਿਆਂ ਜਾਂ ਲੋਕ ਸਭਾ ਹਲਕਿਆਂ ਵਿੱਚ ਸਿਰਫ਼ ਦਲਿਤ ਉਮੀਦਵਾਰ ਹੀ ਹੋਣਗੇ ਅਤੇ ਕੋਈ ਹੋਰ ਉਮੀਦਵਾਰ ਨਹੀਂ ਹੋਵੇਗਾ ਅਤੇ ਉਸ ਉਮੀਦਵਾਰ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਕੇਵਲ ਦਲਿਤਾਂ ਦਾ ਹੀ ਹੋਵੇਗਾ ਇਸ ਤੋਂ ਇਲਾਵਾ ਦਲਿਤਾਂ ਨੂੰ ਉਸ ਇਲਾਕੇ ਦੀ ਜਨਰਲ ਸੀਟ ਦੇ ਉਮੀਦਵਾਰ ਨੂੰ ਵੀ ਵੋਟ ਪਾਉਣ ਦਾ ਵੀ ਬਾਕੀ ਲੋਕਾਂ ਵਾਂਗ ਹੀ ਬਰਾਬਰ ਅਧਿਕਾਰ ਹੋਵੇਗਾ ਭਾਰਤੀ ਇਤਿਹਾਸ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਸੀ ਜਦੋਂ ਸਦੀਆਂ ਤੋਂ ਅਧਿਕਾਰਾਂ ਤੋਂ ਬਾਂਝੇ ਦਲਿਤਾਂ ਨੂੰ ਵੀ ਭਾਗੀਦਾਰੀ ਦੀ ਰਾਜਨੀਤੀ ਸ਼ੁਰੂ ਕਰਨ ਦਾ ਅਧਿਕਾਰ ਮਿਲਿਆ ਗਾਂਧੀ ਨੇ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਵੀ ਇਸ ਵਿਵਸਥਾ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਦਲਿਤਾਂ ਨੂੰ ਹਿੰਦੂਆਂ ਤੋਂ ਵੱਖਰਾ ਨਹੀਂ ਮੰਨਿਆ ਜਾ ਸਕਦਾ ਅਤੇ ਵੱਖਰੇ ਤੌਰ ਤੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾਣੇ ਚਾਹੀਦੇ ਇਸ ਫੈਸਲੇ ਦਾ ਗਾਂਧੀ ਨੇ ਖੁੱਲਕੇ ਵਿਰੋਧ ਕੀਤਾ ਅਤੇ ਕਿਹਾ ਕਿ ਸਰਕਾਰ ਆਪਣੇ ਫੈਸਲੇ ਵਿੱਚ ਸੋਧ ਕਰਕੇ ਦਲਿਤਾਂ ਲਈ ਘੋਸ਼ਤਿ ਵੱਖਰੇ ਅਧਿਕਾਰ ਵਾਪਸ ਲਵੇ ਗਾਂਧੀ ਜੋਕਿ ਪੂਨਾ ਦੀ ਯਰਵਦਾ ਜੇਲ੍ਹ ਵਿੱਚ ਕੈਦ ਸੀ ਨੇ ਜੇਲ ਵਿੱਚੋਂ ਪ੍ਰਧਾਨ ਮੰਤਰੀ ਮੈਕਡਾਨਲਡ ਨੂੰ ਧਮਕੀ ਭਰਿਆ ਪੱਤਰ ਲਿਖਿਆ ਕਿ ਜੇਕਰ ਦਲਿਤਾਂ ਲਈ ਘੋਸ਼ਿਤ  ਵੱਖਰੇ ਆਜ਼ਾਦ ਚੋਣ ਅਧਿਕਾਰ ਵਾਪਸ ਨਾ ਲਏ ਤਾਂ ਆਪਣੀ ਜਾਨ ਦੇ ਦੇਵਾਂਗਾ ਅੰਗਰੇਜ ਸਰਕਾਰ ਵਲੋ ਇਸ ਸਬੰਧੀ ਕੋਈ ਕਾਰਵਾਈ ਨਾਂ ਕਰਨ ਦੇ ਫੈਸਲੇ ਤੋਂ ਬਾਦ ਗਾਂਧੀ ਨੇ 20 ਸਤੰਬਰ 1932 ਨੂੰ ਜੇਲ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ ਪ੍ਰਧਾਨ ਮੰਤਰੀ ਰੈਮਜੋ ਮੈਕਡਾਨਲਡ ਨੇ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦਾ ਖਤਰਨਾਕ ਕਦਮ ਨਾ ਚੁੱਕਣ ਗਾਂਧੀ ਦੇ ਦਲਿਤ ਵਿਰੋਧੀ ਫੈਸਲੇ ਵਿਰੁੱਧ ਆਦਿ ਧਰਮ ਅੰਦੋਲਨ ਦੇ ਆਗੂ ਬਾਬੂ ਮੰਗੂ ਰਾਮ ਮੁਗੋਵਾਲੀਆ ਦੀ ਅਗਵਾਈ ਵਿੱਚ ਕਈ ਆਗੂਆਂ ਨੇ ਵੀ ਮਰਨ ਵਰਤ ਰੱਖਿਆ ਗਾਂਧੀ ਦੀ ਜਾਨ ਬਚਾਉਣ ਲਈ ਕਈ ਸੰਗਠਨਾਂ ਵਲੋਂ ਡਾਕਟਰ ਅੰਬੇਡਕਰ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਦਬਾਅ ਪਾਇਆ ਗਿਆ ਗਾਂਧੀ ਦੀ ਪਤਨੀ ਕਸਤੁਰਬਾ ਗਾਂਧੀ ਅਤੇ ਬੇਟਾ ਦੇਵ ਦਾਸ ਆਪ ਵੀ ਡਾਕਟਰ ਅੰਬੇਡਕਰ ਨੂੰ ਮਿਲੇ ਅਤੇ ਗਾਂਧੀ ਦੀ ਜਾਨ ਬਚਾਉਣ ਲਈ ਅਪੀਲ ਕੀਤੀ ਅਖੀਰ 24 ਸਤੰਬਰ 1932 ਨੂੰ ਸ਼ਾਮ ਨੂੰ ਲੱਗਭੱਗ 5 ਵਜੇ ਯਰਵਦਾ ਜੇਲ ਵਿੱਚ ਮਦਨ ਮੋਹਨ ਮਾਲਵੀਆ, ਤੇਜ ਬਹਾਦਰ ਸਪਰੂ, ਐਮ ਆਰ ਜੈਕਾਰ, ਸ਼੍ਰੀਨਿਵਾਸਨ, ਐਮ ਸੀ ਰਾਜਾਹ, ਜੀ ਡੀ ਬਿਰਲਾ, ਸੀ ਵੀ ਮੈਹਤਾ, ਸੀ ਰਾਜਾਹ ਗੋਪਾਲਚਾਰੀ, ਸ਼ੰਕਰ ਲਾਲ ਬੈਂਕਰ, ਬੀ ਐਸ ਕਾਮਤ, ਜੀ ਕੇ ਦਿਓਧਾਰ, ਵੀ ਠਕਰ, ਆਰ ਕੇ ਬਾਖਲੇ, ਗਵਾਇ, ਰਾਜਿੰਦਰ ਪ੍ਰਸਾਦ, ਰਾਮੇਸ਼ਵਰ ਦਾਸ ਬਿਰਲਾ, ਪੀ ਜੀ ਸੋਲੰਕੀ, ਪੀ ਬਾਲੂ, ਗੋਬਿੰਦ ਮਾਲਵੀਆ, ਦੇਵਦਾਸ ਗਾਂਧੀ, ਬਿਸਵਾਸ, ਬੀ ਐਨ ਰਾਜਭੋਜ ਆਦਿ ਦੀ ਹਾਜਰੀ ਵਿੱਚ ਇੱਕ ਸਮਝੌਤਾ ਹੋਇਆ ਜਿਸਨੂੰ ਪੂਨਾ ਪੈਕਟ ਦਾ ਨਾਮ ਦਿਤਾ ਗਿਆ ਇਸ ਸਮਝੌਤੇ ਤੇ 25 ਸਤੰਬਰ ਨੂੰ ਮੁੰਬਈ ਵਿੱਚ ਹਿੰਦੂ ਕਾਨਫਰੰਸ ਦੀ ਬੈਠਕ ਵਿੱਚ ਕਈ ਹੋਰ ਆਗੂਆਂ ਲਾਲੂਭਾਈ ਸਾਮਲ ਦਾਸ, ਹਾਂਸਾ ਮਹਿਤਾ, ਕਾਮਕੋਟੀ ਨਾਟਰਾਜਾਨ, ਪੁਰਸ਼ੋਤਮ ਦਾਸ ਠਾਕਰਦਾਸ, ਮਥਰਾਦਾਸ ਵਾਸੰਜੀ, ਵਾਲਚੰਦ ਹੀਰਾਚੰਦ, ਐਚ ਐਨ ਕੁੰਜਰੂ, ਕੇ ਜੀ ਲਿਮਾਏ, ਪੀ ਕੋਂਡਾਡਰਾਓ, ਜੀ ਕੇ ਗਾਡਗਿਲ, ਮਨੂ ਸੂਬੇਦਾਰ, ਅਵਾਂਤਿਕਾਬਾਈ ਗੋਖਲੇ, ਕੇ ਜੇ ਚਿਤਾਲਿਆ, ਰਾਧਾਕਾਂਤ ਮਾਲਵੀਆ, ਆਰ ਭੱਟ ਆਦਿ ਨੇ ਦਸਤਖੱਤ ਕੀਤੇ ਅਤੇ ਦਲਿਤਾਂ ਨੂੰ ਮਿਲੇ ਦੋ ਵੋਟਾਂ ਵਾਲੇ ਅਧਿਕਾਰ ਨੂੰ ਖਤਮ ਕਰ ਦਿਤਾ ਗਿਆ ਅਤੇ ਕਮਿਉਨਲ ਐਵਾਰਡ ਦੁਆਰਾ ਰਾਖਵੀਆਂ ਰੱਖੀਆਂ ਗਈਆਂ ਵਿਧਾਨ ਮੰਡਲਾਂ ਦੀਆਂ 78 ਸੀਟਾਂ ਨੂੰ ਵਧਾਕੇ 148 ਕੀਤਾ ਗਿਆ ਜਿਨ੍ਹਾਂ ਵਿੱਚ ਮਦਰਾਸ ਵਿੱਚ 30, ਬੰਬੇ ਅਤੇ ਸਿੰਧ ਪਰਾਂਤ ਵਿੱਚ 15, ਬਿਹਾਰ  ਅਤੇ ਉੜੀਸਾ ਵਿੱਚ 18, ਅਸਾਮ ਵਿੱਚ 7, ਬੰਗਾਲ ਵਿੱਚ 30, ਕੇਂਦਰੀ ਪ੍ਰਾਂਤ ਬੈਰਰ ਵਿੱਚ 20, ਪੰਜਾਬ ਵਿੱਚ 8, ਆਗਰਾ ਅਤੇ ਸੰਯੁਕਤ ਪ੍ਰਾਂਤ ਦੀਆਂ 20 ਸੀਟਾਂ ਸ਼ਾਮਲ ਸਨ ਇਸ ਵਿੱਚ ਦਲਿਤਾਂ ਨੂੰ ਵਿੱਦਿਆ ਪ੍ਰਾਪਤੀ ਲਈ ਆਰਥਿਕ ਮੱਦਦ ਅਤੇ ਨੌਕਰੀਆਂ ਵਿੱਚ ਰਾਖਵਾਂਕਰਣ ਦੀਆਂ ਸਹੂਲਤਾਂ ਵੀ ਦਿਤੀਆਂ ਗਈਆਂ ਪੂਨਾ ਪੈਕਟ ਵਿੱਚ ਹੋਏ ਸਮਝੋਤਿਆਂ ਨੂੰ ਗੋਵਰਨਮੈਂਟ ਆਫ ਇੰਡੀਆ ਐਕਟ 1935 ਵਿੱਚ ਸ਼ਾਮਿਲ ਕਰਨ ਤੋਂ ਬਾਦ ਲਾਗੂ ਕੀਤਾ ਗਿਆ ਸਾਲ 1937 ਵਿੱਚ ਹੋਈਆਂ ਚੌਣਾਂ ਜਿਨ੍ਹਾਂ ਵਿੱਚ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਵਲੋਂ ਦਿੱਤੇ ਗਏ ਭਰੋਸੇ ਕਿ ਇਨ੍ਹਾਂ 148 ਰਾਖਵੀਆਂ ਸੀਟਾਂ ਸਬੰਧੀ ਕਾਂਗਰਸ ਪਾਰਟੀ ਕੋਈ ਵੀ ਦਖਲਅੰਦਾਜੀ ਨਹੀਂ ਕਰੇਗੀ ਪਰ ਉਨ੍ਹਾਂ ਨੇ ਧੋਖਾ ਦਿਤਾ ਅਤੇ ਇਨ੍ਹਾਂ ਵਿੱਚੋਂ ਲੱਗਭੱਗ 78 ਸੀਟਾਂ ਤੇ ਕਾਂਗਰਸ ਪਾਰਟੀ ਨੇ ਕਬਜਾ ਕੀਤਾ ਸੀ ਪੁਨਾ ਪੈਕਟ ਦਾ ਪ੍ਰਭਾਵ ਰਿਹਾ ਹੈ ਕਿ  ਸਾਲ 1937 ਦੀਆਂ ਚੋਣਾਂ ਵਿੱਚ ਡਾਕਟਰ ਅੰਬੇਡਕਰ ਦੀ ਸੁਤੰਤਰ ਲੇਬਰ ਪਾਰਟੀ ਸਫਲ ਰਹੀ ਪਰੰਤੂ 1946 ਵਿੱਚ ਅਨੁਸੂਚਿਤ ਜਾਤੀ ਫੈਡਰੇਸ਼ਨ ਨੇ ਮਾੜ੍ਹਾ ਪ੍ਰਦਰਸ਼ਨ ਕੀਤਾ ਅਤੇ 1952 ਵਿੱਚ ਸੁਤੰਤਰ ਭਾਰਤ ਦੀ ਪਹਿਲੀ ਚੋਣ ਵਿੱਚ ਡਾਕਟਰ ਅੰਬੇਡਕਰ ਆਪਣੇ ਗੜ੍ਹ ਬੰਬਈ ਤੋਂ ਹੀ ਹਾਰ ਗਏ ਸਨ ਇਹ ਪੂਨਾ ਪੈਕਟ ਦੀ ਹੀ ਦੇਣ ਹੈ ਕਿ ਮੌਜੂਦਾ ਸਮੇਂ ਵੀ ਦਲਿਤ ਵਰਗ ਨਾਲ ਸਬੰਧਿਤ ਕਈ ਆਗੂ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹਨ ਪਰੰਤੂ ਉਨ੍ਹਾਂ ਦੀ ਅਪਣੇ ਸਮਾਜ ਪ੍ਰਤੀ ਜਬਾਵਦੇਹੀ ਅਤੇ ਸਮਾਜ ਲਈ ਕੰਮ ਨਾਮਾਤਰ ਹਨ ਅਤੇ ਇਸਨੇ ਦਲਿਤਾਂ ਦੀ ਨੁਮਾਇੰਦਗੀ ਦੇ ਰੂਪ ਨੂੰ ਬੁਨਿਆਦੀ ਤੌਰ ਤੇ ਵਿਗਾੜ ਦਿੱਤਾ ਹੈ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਖਤਰਨਾਕ ਸਾਬਤ ਹੋ ਰਹੀ ਪੂਨਾ ਪੈਕਟ ਦੀ ਵਿਰਾਸਤ ਅੱਜ ਵੀ ਜਿਉਂਦੀ ਹੈ ਪੂਨਾ ਪੈਕਟ ਦੁਆਰਾ ਗਾਂਧੀ ਅਤੇ ਉਸਦੇ ਸਹਿਯੋਗੀਆਂ ਨੇ ਦਲਿਤ ਰਹਿਵਰਾਂ ਦੇ ਸੁਪਨੇ ਵਾਲੀ ਰਾਜਨੀਤੀ ਦੇ ਉਦੇਸ਼ਾਂ ਨੂੰ ਚਕਨਾਚੂਰ ਕੀਤਾ ਹੈ ਭਾਰਤ ਦੀ ਸੰਸਦ ਅਤੇ ਵੱਖ ਵੱਖ ਅਸੈਂਬਲੀਆਂ ਵਿੱਚ ਅਨੁਸੂਚਿਤ ਜਾਤੀਆਂ ਲਈ ਉਹਨਾਂ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਸੀਟਾਂ ਰਾਖਵੀਆਂ ਹਨ ਪਰ ਦਲਿਤ ਕਿਸੇ ਖਾਸ ਖੇਤਰ ਵਿੱਚ ਕੇਂਦਰਿਤ ਨਹੀਂ ਹਨ ਇਸ ਲਈ ਇਹਨਾਂ ਸੀਟਾਂ ਵਿੱਚੋਂ ਬਹੁਗਿਣਤੀ ਵਿੱਚ ਉਹ ਵੋਟਰਾਂ ਦੀ ਘੱਟ ਗਿਣਤੀ ਬਣਦੇ ਹਨ ਅਨੁਸੂਚਿਤ ਜਾਤਾਂ ਲਈ ਰਾਖਵੇਂ 84 ਸੰਸਦੀ ਹਲਕਿਆਂ ਵਿੱਚੋਂ ਅਨੁਸੂਚਿਤ ਜਾਤਾਂ ਸਿਰਫ 13 ਹਲਕਿਆਂ ਵਿੱਚ ਹੀ ਵੋਟਰਾਂ ਦਾ ਇੱਕ ਤਿਹਾਈ ਹਿੱਸਾ ਹਨ ਅਤੇ ਸਿਰਫ਼ ਇੱਕ ਚੋਣ ਖੇਤਰ ਪੱਛਮੀ ਬੰਗਾਲ ਵਿੱਚ ਜਲਪਾਈਗੁੜੀ  ਵਿੱਚ ਇਹ ਅੰਕੜਾ 50% ਨੂੰ ਪਾਰ ਕਰਦਾ ਹੈ ਇਨ੍ਹਾਂ ਸੀਟਾਂ ਤੋਂ ਸੰਸਦ ਮੈਂਬਰ ਅਨੁਸੂਚਿਤ ਜਾਤੀ ਦੇ ਹੋਣ ਦੇ ਬਾਵਜੂਦ ਬਹੁਗਿਣਤੀ ਵੋਟਰ ਨਹੀਂ ਹਨ ਅਤੇ ਪ੍ਰਭਾਵ ਨਿਰਣਾਇਕ ਨਹੀਂ ਹੈ ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਗੈਰ ਦਲਿਤ ਜਾਤੀਆਂ ਨੂੰ ਖੁਸ਼ ਰੱਖਣਾ ਪੈਂਦਾ ਹੈ ਅਤੇ ਅਨੁਸੂਚਿਤ ਜਾਤਾਂ ਲਈ ਵਿਸ਼ੇਸ਼ ਨਹੀਂ ਕਰ ਪਾਂਦੇ ਹਨ ਕੁੱਝ ਲੋਕ ਇਸ ਦਿਨ ਨੂੰ ਬੇਸ਼ੱਕ ਖੁਸ਼ ਹੋਕੇ ਮੰਨਾਦੇ ਹਨ ਪਰੰਤੂ ਬਹੁਤੇ ਬੁੱਧੀਜੀਵੀ ਆਗੂਆਂ ਅਤੇ ਸੰਗਠਨਾ ਵਲੋਂ ਇਸ ਦਿਨ ਨੂੰ ਕਾਲਾ ਦਿਨ ਅਤੇ ਧੋਖਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੱਜ ਸਾਨੂੰ ਇਸ ਸਬੰਧੀ ਗੰਭੀਰਤਾ ਨਾਲ ਸੋਚਣ ਅਤੇ ਵਿਸ਼ਲੇਸ਼ਣ ਕਰਨ ਦੀ ਜਰੂਰਤ ਹੈ ਕਿ ਇਸ ਪੂਨਾ ਪੈਕਟ ਨਾਲ ਸਮਾਜ ਨੂੰ ਕੀ ਲਾਭ ਮਿਲਿਆ ਹੈ ਅਤੇ ਕਿੰਨਾ ਨੁਕਸਾਨ ਹੋਇਆ ਹੈ 

ਐਡਵੋਕੇਟ ਕੁਲਦੀਪ ਚੰਦ ਦੋਭੇਟਾ

ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ

ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ

ਫੌਨ: 9417563054