|
ਭਾਰਤ
ਨੂੰ ਅਜ਼ਾਦ ਕਰਵਾਉਣ ਲਈ ਅਨੇਕਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿਤੀਆਂ ਹਨ ਜਿਨ੍ਹਾਂ
ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਵੀ ਪ੍ਰਮੁੱਖ ਹੈ ਜਿਸਨੇ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ ਵਿੱਚ ਨਿਹੱਥੇ ਗਰੀਬ ਲੋਕਾਂ
ਤੇ ਉਸ ਵੇਲੇ ਦੇ ਕੁੱਝ ਭਾਰਤੀ ਰਾਜਨੀਤੀਵਾਨਾਂ ਦੀ ਮਿਲੀਭੁਗਤ ਨਾਲ ਅੰਗਰੇਜ਼
ਸਿਪਾਹੀਆਂ ਵਲੋਂ ਚਲਾਈਆਂ ਗਈਆਂ ਗੋਲੀਆਂ ਦਾ ਬਦਲਾ 13 ਮਾਰਚ 1940 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਗਵਰਨਰ ਸਰ
ਮਾਇਕਲ ਉਡਵਾਇਰ ਨੂੰ ਲੰਡਨ ਵਿੱਚ ਮਾਰਕੇ ਲਿਆ। ਸ਼ਹੀਦ ਊਧਮ ਸਿੰਘ ਦੇ ਪਿਛੋਕੜ ਬਾਰੇ
ਮੁਕੰਮਲ ਜਾਣਕਾਰੀ ਨਹੀਂ ਮਿਲਦੀ ਹੈ। ਵੱਖ ਵੱਖ ਭਾਈਚਾਰਿਆਂ ਦੇ ਲੋਕ ਊਧਮ ਸਿੰਘ ਨੂੰ
ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉੱਪਰਾਲਾ ਕਰਦੇ ਰਹੇ ਹਨ ਜਦੋਂ ਕਿ ਸ਼ਹੀਦ ਊਧਮ
ਸਿੰਘ ਨੇ ਤਾਂ ਕਤਲ ਕੇਸ ਸਮੇਂ ਅਦਾਲਤ ਵਿੱਚ ਵੀ ਆਪਣਾ ਨਾਮ ਰਾਮ ਮੁਹੰਮਦ ਸਿੰਘ
ਆਜ਼ਾਦ ਰੱਖਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਜੋਕਿ ਹੁਣ ਸੁਨਾਮ
ਸ਼ਹਿਰ ਦਾ ਇੱਕ ਹਿੱਸਾ ਹੈ ਵਿਖੇ ਇੱਕ ਦਲਿਤ ਪਰਿਵਾਰ ਵਿੱਚ ਪਿਤਾ ਚੂਹੜ ਰਾਮ ਤੇ ਮਾਤਾ
ਨਾਰਾਇਣੀ ਜਿਨ੍ਹਾਂ ਦੇ ਨਾਮ ਅੰਮ੍ਰਿਤ ਛਕਣ ਤੋਂ ਬਾਦ ਟਹਿਲ ਸਿੰਘ ਅਤੇ ਹਰਨਾਮ ਕੌਰ
ਰੱਖੇ ਗਏ ਸਨ ਦੇ ਘਰ ਹੋਇਆ ਸੀ। ਆਪ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਅਤੇ ਆਪ ਦੇ ਵੱਡੇ
ਭਰਾ ਦਾ ਨਾਂ ਸਾਧੂ ਸਿੰਘ ਸੀ। ਆਪ ਦੇ ਪਿਤਾ ਰੇਲਵੇ ਫਾਟਕ ਤੇ ਚੌਂਕੀਦਾਰ ਦੀ ਨੌਕਰੀ
ਕਰਦੇ ਸਨ। ਤਿੰਨ ਸਾਲ ਦੀ ਉਮਰ ਵਿੱਚ ਹੀ ਸਾਲ 1901 ਵਿੱਚ ਆਪ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਸਾਲ
1907 ਵਿੱਚ ਆਪ ਦੇ ਪਿਤਾ ਅਪਣੇ ਦੋਵੇਂ ਬੱਚਿਆਂ ਨੂੰ ਨਾਲ
ਲੈਕੇ ਅਮ੍ਰਿਤਸਰ ਦੀ ਦਿਵਾਲੀ ਵੇਖਣ ਲਈ ਚੱਲ ਪਏ। ਰਸਤੇ ਵਿੱਚ ਹੀ ਪਿਤਾ ਨੂੰ ਖਤਰਨਾਕ
ਬੁਖਾਰ ਹੋ ਗਿਆ। ਉਸ ਵੇਲੇ ਭਾਈ ਛਾਂਗਾ ਸਿੰਘ ਜੀ ਦਾ ਕੀਰਤਨੀ ਜਥਾ ਉਥੇ ਪਹੁੰਚ ਗਿਆ
ਅਤੇ ਉਸ ਜਥੇ ਵਿੱਚ ਸ਼ਾਮਲ ਭਾਈ ਚੈਂਚਲ ਸਿੰਘ ਨੇ ਆਪ ਦੇ ਪਿਤਾ ਨੂੰ ਇਲਾਜ਼ ਲਈ
ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰੰਤੂ ਅਗਲੇ ਦਿਨ ਹੀ ਪਿਤਾ ਦੀ
ਮੌਤ ਹੋ ਗਈ ਜਿਸ ਨਾਲ ਦੋਵੇਂ ਭਰਾ ਅਨਾਥ ਹੋ ਗਏ। ਉਸ ਸਮੇਂ ਊਧਮ ਸਿੰਘ ਦੀ ਉਮਰ
ਲੱਗਭੱਗ 8 ਸਾਲ ਸੀ ਅਤੇ ਵੱਡੇ
ਭਰਾ ਸਾਧੂ ਸਿੰਘ ਦੀ ਉਮਰ ਲੱਗਭੱਗ 10 ਸਾਲ ਸੀ। ਇਸਤੋਂ ਬਾਦ
ਦੋਹਾਂ ਭਰਾਵਾਂ ਨੂੰ ਭਾਈ ਚੈਂਚਲ ਸਿੰਘ ਨੇ ਸੈਂਟਰਲ ਯਤੀਮਖਾਨੇ ਪੁਤਲੀਘਰ ਅਮ੍ਰਿਤਸਰ
ਵਿੱਚ ਦਾਖਲ ਕਰਵਾ ਦਿੱਤਾ ਜਿੱਥੇ 1913 ਵਿੱਚ ਵੱਡੇ ਭਰਾ ਸਾਧੂ
ਸਿੰਘ ਦੀ ਨਿਮੋਨੀਏ ਕਾਰਨ ਮੌਤ ਹੋ ਗਈ ਅਤੇ ਆਪ ਬਿਲਕੁੱਲ ਇਕੱਲੇ ਰਹਿ ਗਏ। ਸਾਲ
1917 ਵਿੱਚ ਆਪ ਨੇ ਦਸਵੀਂ ਪਾਸ ਕਰ ਲਈ ਅਤੇ ਉਸਤੋਂ ਬਾਦ ਆਪ
ਦਾ ਮਾਮਾ ਜੀਵਾ ਆਪ ਨੂੰ ਸੁਨਾਮ ਲੈ ਗਿਆ ਤੇ ਖੇਤੀ ਦੇ ਕੰਮ ਵਿੱਚ ਲਾ ਦਿੱਤਾ ਪਰ ਊਧਮ
ਸਿੰਘ ਸੁਨਾਮ ਛੱਡ ਕੇ ਫਿਰ ਅਮ੍ਰਿਤਸਰ ਯਤੀਮਖਾਨੇ ਪਹੁੰਚ ਗਿਆ। ਉਸ ਸਮੇਂ ਪਹਿਲਾ
ਸੰਸਾਰ ਯੁੱਧ ਚੱਲ ਰਿਹਾ ਸੀ ਅਤੇ ਉਹ ਫ਼ੌਜ ਵਿੱਚ ਭਰਤੀ ਹੋ ਗਿਆ ਤੇ ਮੁੰਬਈ ਤੋਂ ਬਸਰਾ
ਪਹੁੰਚ ਗਿਆ ਪ੍ਰੰਤੂ 06 ਮਹੀਨੇ ਪਿੱਛੋਂ ਹੀ ਅਮ੍ਰਿਤਸਰ ਵਾਪਸ ਆ ਗਿਆ। 13 ਅਪ੍ਰੈਲ 1919 ਨੂੰ ਵਾਪਰੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਸਮੇਂ ਆਪ ਅਮ੍ਰਿਤਸਰ ਚੀਫ
ਖਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਹੀ ਸੀ ਅਤੇ ਜਲਸੇ ਵਿੱਚ ਸ਼ਾਮਿਲ ਲੋਕਾਂ ਨੂੰ
ਪਾਣੀ ਪਿਲਾਉਣ ਵਾਲੇ ਵਲੰਟੀਅਰਾਂ ਵਿੱਚ ਸ਼ਾਮਿਲ ਸੀ ਅਤੇ ਜਦੋਂ ਜਨਰਲ ਡਾਇਰ ਨੇ
ਗੋਲੀਆਂ ਚਲਾ ਕੇ ਕਹਿਰ ਵਰਤਾਇਆ ਤਾਂ ਬਾਦ ਵਿੱਚ ਮ੍ਰਿਤਕਾਂ ਦੀਆਂ ਲਾਸ਼ਾ ਲੱਭਣ ਵਿੱਚ
ਵੀ ਸਹਾਇਤਾ ਕਰਦਾ ਰਿਹਾ। ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੀ ਕਮਾਂਡ ਵਿੱਚ
ਬ੍ਰਿਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ਵਿੱਚ 65 ਫੌਜੀ ਗੋਰਖਾ ਅਤੇ 25 ਫੌਜੀ ਬਲੋਚ ਸਨ ਨੇ ਆ ਕੇ ਸ਼ਾਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ। ਜਨਰਲ ਡਾਇਰ ਨੇ
ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉਥੇ ਮਸ਼ੀਨਗੰਨਾਂ ਬੀੜ ਦਿੱਤੀਆਂ ਅਤੇ
ਬਿਨਾਂ ਕੋਈ ਚੇਤਾਵਨੀ ਦਿੱਤੇ ਹੀ ਫਾਈਰਿੰਗ ਦਾ ਹੁਕਮ ਦੇ ਦਿੱਤਾ। ਫੌਜ ਨੇ ਲੱਗਭੱਗ
10 ਮਿੰਟ ਤੱਕ ਗੋਲਾਬਾਰੀ ਕੀਤੀ ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ
ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ,
ਕੁੱਝ ਲੋਕਾਂ ਨੇ ਖੂਹ ਵਿੱਚ ਛਾਲਾ ਮਾਰ ਦਿੱਤੀਆਂ,
ਕੁੱਝ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ
ਉਹ ਵੀ ਗੋਲੀਆਂ ਦੀ ਮਾਰ ਤੋਂ ਨਾ ਬਚ ਸਕੇ। ਇਹ ਗੋਲੀਬਾਰੀ ਉਦੋਂ ਹੀ ਖਤਮ ਹੋਈ ਜਦੋਂ
ਫੌਜੀਆਂ ਦੀਆਂ ਗੋਲੀਆਂ ਖਤਮ ਹੋ ਗਈਆਂ। ਜਨਰਲ ਡਾਇਰ ਦੀ ਰਿਪੋਰਟ ਅਨੁਸਾਰ ਲੱਗਭੱਗ
1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਖੂਹ ਵਿੱਚੋਂ 120 ਲਾਸ਼ਾਂ ਕੱਢੀਆਂ ਗਈਆਂ ਸੀ। ਇਸਤੋਂ ਬਾਅਦ ਸ਼ਹਿਰ ਵਿੱਚ
ਕਰਫਿਊ ਲਗਾ ਦਿੱਤਾ ਗਿਆ। ਕਤਲੇਆਮ ਦੀ ਜਾਂਚ ਲਈ ਲਾਰਡ ਹੰਟਰ ਦੀ ਪ੍ਰਧਾਨਗੀ ਵਾਲੀ
ਜਾਂਚ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਸਦੀ ਰਿਪੋਰਟ ਜੋ ਭਾਰਤ ਸਰਕਾਰ ਦੁਆਰਾ
ਪ੍ਰਕਾਸ਼ਿਤ ਕੀਤੀ ਗਈ ਨੇ ਡਾਇਰ ਅਤੇ ਪੰਜਾਬ ਸਰਕਾਰ ਦੋਵਾਂ ਦੀ ਮੌਤ ਦੀ ਗਿਣਤੀ ਇਕੱਠੀ
ਕਰਨ ਵਿੱਚ ਅਸਫਲ ਰਹਿਣ ਲਈ ਆਲੋਚਨਾ ਕੀਤੀ। ਇਸ ਘਟਨਾ ਕਾਰਨ ਡਾਇਰ ਨੂੰ ਕਸਾਈ ਤੱਕ
ਮੰਨਿਆ ਜਾਂਦਾ ਹੈ। ਡਾਇਰ ਦੀ ਬਰਤਾਨੀਆ ਅਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਸੱਖਤ
ਆਲੋਚਨਾ ਹੋਈ ਸੀ। ਇਸ ਗੋਲੀ ਕਾਂਡ ਤੋਂ ਬਾਦ 30 ਮਈ 1919 ਨੂੰ ਇਸ ਗੋਲੀ ਕਾਂਡ
ਦਾ ਹੁਕਮ ਦੇਣ ਵਾਲੇ ਲੈਫਟੀਨੈਂਟ ਗਵਰਨਰ ਸਰ ਮਾਇਕਲ ਉਡਵਾਇਰ ਨੂੰ ਲੰਡਨ ਵਾਪਸ ਬੁਲਾ
ਲਿਆ ਗਿਆ ਅਤੇ ਪੰਜਾਬ ਵਿੱਚ ਨਿਭਾਈਆਂ ਸੇਵਾਵਾਂ ਬਦਲੇ 20 ਹਜ਼ਾਰ ਪੌਂਡ ਇਨਾਮ
ਵਜੋਂ ਦਿੱਤੇ ਗਏ ਜਿਸ ਕਾਰਨ ਊਧਮ ਸਿੰਘ ਦਾ ਗੁੱਸਾ ਹੋਰ ਵੱਧ ਗਿਆ ਅਤੇ ਬਦਲਾ ਲੈਣ ਦੀ
ਚੰਗਿਆੜੀ ਅੱਗ ਦਾ ਭਾਂਬੜ ਬਣ ਗਈ। ਅਗਲੇ 21 ਸਾਲ ਉਸਨੇ ਬਦਲਾ ਪੂਰਾ
ਕਰਨ ਲਈ ਹੀ ਲਾਏ। ਉਸ ਨੇ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ ਤੇ ਜਾ ਕੇ
40 ਰੁਪਏ ਮਹੀਨੇ ਤੇ 8 ਨੰਬਰੀ ਕੰਪਨੀ ਵਿੱਚ ਨੌਕਰੀ ਕੀਤੀ,
ਅਫਰੀਕਾ ਦੇ ਦੇਸ਼ ਯੁਗਾਂਡਾ ਵਿੱਚ ਰੇਲਵੇ ਵਰਕਸ਼ਾਪ ਵਿੱਚ ਨੌਕਰੀ ਕੀਤੀ
ਅਤੇ ਦੋ ਸਾਲ ਬਾਦ ਅਮ੍ਰਿਤਸਰ ਆ ਗਿਆ ਅਤੇ ਫਿਰ ਲੰਡਨ,
ਮੈਕਸੀਕੋ ਆਦਿ ਹੁੰਦਾ ਹੋਇਆ ਯੂ.ਐਸ.ਏ. ਚਲਾ ਗਿਆ। ਮੈਕਸੀਕੋ ਤੋਂ 2 ਫਰਵਰੀ 1922 ਨੂੰ ਕੈਲੀਫੋਰਨੀਆਂ
ਪਹੁੰਚਿਆ ਜਿੱਥੇ ਗਦਰੀ ਦੇਸ਼ ਭਗਤਾਂ ਨਾਲ ਸੰਪਰਕ ਹੋ ਗਿਆ। ਨਿਊਯਾਰਕ ਰਹਿਣ ਸਮੇਂ
ਫਰਾਂਸ,
ਬੈਲਜੀਅਮ,
ਜਰਮਨੀ,
ਹੰਗਰੀ,
ਸਵਿਟਜ਼ਰਲੈਂਡ ਤੇ ਇਟਲੀ ਦੀ ਯਾਤਰਾ ਕੀਤੀ ਤੇ ਫਿਰ ਅਮਰੀਕਾ
ਚਲਾ ਗਿਆ। ਉਥੇ ਉਹ ਆਸਟਰੇਲੀਆਂ ਜਾਣ ਵਾਲੇ ਜਹਾਜ਼ ਵਿੱਚ ਚੜ੍ਹ ਕੇ ਕਲਕੱਤਾ ਜਾ ਉਤਰਿਆ
ਤੇ ਉਥੋਂ ਪੰਜਾਬ ਪਹੁÇੰਚਆ ਅਤੇ ਅਮ੍ਰਿਤਸਰ ਵਿੱਚ ਰਹਿਣ ਲੱਗ ਪਿਆ। ਉਸਦਾ ਮਕਾਨ
ਦੇਸ ਭਗਤ ਕ੍ਰਾਂਤੀਕਾਰੀਆਂ ਦਾ ਠਿਕਾਣਾ ਬਣ ਗਿਆ। 30 ਅਗਸਤ 1927 ਨੂੰ ਪੁਲਿਸ ਨੇ ਉਸਨੂੰ
ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋਂ ਹਥਿਆਰ,
ਗੋਲਾ ਬਾਰੂਦ ਅਤੇ ਗ਼ਦਰ ਪਾਰਟੀ ਦੇ ਪਾਬੰਦੀਸ਼ੁਦਾ ਅਖ਼ਬਾਰ ਦੀਆਂ ਕਾਪੀਆਂ ਜ਼ਬਤ ਕੀਤੀਆਂ ਗਈਆਂ ਸਨ
ਜਿਸ ਕਾਰਨ ਉਸਨੂੰ ਪੰਜ ਸਾਲ ਦੀ ਕੈਦ ਹੋਈ ਸੀ। ਉਹ 4 ਸਾਲ ਇੱਕ ਮਹੀਨਾ ਤੇ 20 ਦਿਨ ਜੇਲ੍ਹ ਵਿੱਚ ਰਹਿ ਕੇ 20 ਅਕਤੂਬਰ 1931 ਨੂੰ ਰਿਹਾ ਹੋਇਆ। ਇਸ
ਦੌਰਾਨ ਹੀ 1929 ਵਿੱਚ ਭਗਤ ਸਿੰਘ ਨਾਲ
ਮੁਲਾਕਾਤ ਹੋਈ ਜਿਸਨੇੇ ਉਸ ਵੇਲੇ ਅੰਗਰੇਜ਼ ਸਰਕਾਰ ਵਿਰੁੱਧ ਕੇਂਦਰੀ ਜ਼ੇਲ ਲਾਹੌਰ ਵਿੱਚ
ਭੁੱਖ ਹੜਤਾਲ ਰੱਖੀ ਹੋਈ ਸੀ। ਜਦੋਂ 23 ਮਾਰਚ 1931 ਨੂੰ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਉਹ ਵੀ
ਜ਼ੇਲ੍ਹ ਵਿੱਚ ਹੀ ਸੀ। ਸਾਲ 1931 ਵਿੱਚ ਆਪਣੀ ਸ਼ਜਾ ਪੂਰੀ
ਕਰਕੇ ਉਹ ਸੁਨਾਮ ਜਾਕੇ ਰਹਿਣ ਲੱਗਾ ਜਿੱਥੇ ਪੁਲਿਸ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾਣ
ਲੱਗਾ ਅਤੇ ਦੁਬਾਰਾ ਅਮ੍ਰਿਤਸਰ ਆਕੇ ਰਹਿਣ ਲੱਗਾ ਜਿੱਥੇ ਉਸਨੇ ਪੇਂਟਰ ਦੀ ਦੁਕਾਨ
ਖੋਲੀ। ਦੁਕਾਨ ਦਾ ਨਾਮ ‘‘ਰਾਮ ਮੁਹੰਮਦ ਸਿੰਘ ਆਜ਼ਾਦ’’ ਰੱਖਿਆ ਜੋ ਉਸਦੀ ਧਰਮ-ਨਿਰਪੱਖ
ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਸੀ। ਅਮ੍ਰਿਤਸਰ ਤੋਂ ਬਾਅਦ ਕੁਝ ਦੇਰ ਕਸ਼ਮੀਰ ਵਿੱਚ
ਰਹਿਣ ਤੋਂ ਪਿੱਛੋਂ ਉਹ ਇੰਗਲੈਂਡ ਪਹੁੰਚ ਗਿਆ ਅਤੇ ਅਪਣਾ ਬਦਲਾ ਲੈਣ ਲਈ ਯੋਜਨਾ
ਬਣਾਈੇ ਅਤੇ ਸਵਿਟਜਰਲੈਂਡ,
ਜਰਮਨੀ,
ਫਰਾਂਸ,
ਹਾਲੈਂਡ ਆਦਿ ਹੁੰਦੇ ਹੋਏ ਆਖਿਰ 1934 ਵਿੱਚ ਲੰਡਨ ਪਹੁੰਚ
ਗਿਆ। ਲੰਡਨ ਪੁੱਜ ਕੇ ਆਪ ਨੇ ਇੰਜੀਨੀਅਰਿੰਗ ਦਾ ਕੋਰਸ ਕਰਕੇ ਉੱਥੇ ਹੀ ਨੌਕਰੀ ਕਰਨੀ
ਸ਼ੁਰੂ ਕਰ ਦਿੱਤੀ। ਉਹ ਹਿੰਦੋਸਤਾਨੀ ਮਜ਼ਦੂਰਾਂ ਦੀ ਇੰਗਲੈਂਡ ਵਿਚ ਪਹਿਲੀ ਜਥੇਬੰਦੀ ਦਾ
ਪਿਤਾਮਾ ਸੀ। ਉਥੇ ਉਸਨੇ ਇੱਕ ਕਾਰ ਅਤੇ ਰਿਵਾਲਵਰ ਖਰੀਦੇ ਅਤੇ ਕਿਤਾਬ ਨੂੰ ਕੱਟਕੇ ਉਸ
ਵਿੱਚ ਰਿਵਾਲਵਰ ਲੁਕਾ ਲਿਆ। ਆਖਿਰਕਾਰ 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਿਸਦੀ ਉਹ ਉਡੀਕ ਕਰ ਰਿਹਾ ਸੀ। ਸ਼ਾਮ ਦੇ ਲੱਗਭੱਗ
4.30 ਵਜੇ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ
10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ ਜਿਸ
ਵਿੱਚ ਉਹ ਭੇਸ ਬਦਲਕੇ ਆਪਣੇ ਨਾਲ ਰਿਵਾਲਵਰ ਲਿਜਾਣ ਵਿੱਚ ਸਫਲ ਹੋਇਆ। ਇਸ ਮੀਟਿੰਗ
ਵਿੱਚ ਸਰ ਮਾਇਕਲ ਉਡਵਾਇਰ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ,
ਲਾਰਡ ਜੈਂਟਲੈਂਡ,
ਲਾਰਡ ਲਮਿੰਗਟਨ ਅਤੇ ਹੋਰ ਕਈ ਅੰਗਰੇਜ ਅਫਸਰ ਅਤੇ
ਅਧਿਕਾਰੀ ਹਾਜਰ ਸਨ। ਜਦੋਂ ਸਰ ਮਾਈਕਲ ਉਡਵਾਇਰ ਜੋ ਜ਼ਲ੍ਹਿਆਵਾਲੇ ਬਾਗ ਦੇ ਸਾਕੇ
ਦੌਰਾਨ ਪੰਜਾਬ ਦਾ ਗਵਰਨਰ ਸੀ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਉਸ ਨੇ ਆਪਣੇ
ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸਦੇ ਮਾਰੀਆਂ ਅਤੇ ਸਰ ਮਾਈਕਲ ਉਡਵਾਇਰ ਜ਼ਮੀਨ ਤੇ
ਡਿੱਗ ਪਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਲਾਰਡ ਜੈਟਲੈਂਡ ਜੋਕਿ ਭਾਰਤ ਦਾ
ਸੈਕਟਰੀ ਸੀ ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸਤੋਂ ਬਾਦ ਊਧਮ
ਸਿੰਘ ਮੌਕੇ ਤੇ ਹੀ ਗ੍ਰਿਫਤਾਰ ਹੋ ਗਿਆ। ਗ੍ਰਿਫਤਾਰੀ ਸਮੇਂ ਉਸਨੇ ਕਿਹਾ ਕਿ ਉਸਨੇ
ਆਪਣਾ ਫਰਜ਼ ਨਿਭਾਇਆ ਹੈ ਇਸ ਲਈ ਉਸਨੂੰ ਲੱਗਭੱਗ 20 ਸਾਲ 11 ਮਹੀਨੇ ਤੱਕ ਉਡੀਕ ਕਰਨੀ ਪਈ। ਜਦੋਂ ਉਸ ਕੋਲੋਂ ਉਸਦਾ
ਨਾਮ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ‘‘ਰਾਮ ਮੁਹੰਮਦ ਸਿੰਘ ਆਜ਼ਾਦ’’ ਦੱਸਿਆ। ਇਸ
ਘਟਨਾ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਲੰਡਨ ਤੋਂ
ਪ੍ਰਕਾਸ਼ਿਤ ਅਖਬਾਰ ‘ਦੀ ਟਾਈਮਜ਼ ਆਫ ਲੰਡਨ’ ਵਿੱਚ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’
ਅਤੇ ਉਸਦੇ ਕਾਰਨਾਮੇ ਨੂੰ ‘‘ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ’’ ਕਿਹਾ
ਗਿਆ। ਜਰਮਨੀ ਦੇ ਰੇਡਿਓ ਤੋਂ ਕਿਹਾ ਗਿਆ ਕਿ ‘‘ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੀ ਮਾਫ
ਨਹੀਂ ਕਰਦੇ,
ਉਹ ਵੀਹ ਸਾਲ ਦੇ ਲੰਮੇ
ਵਕਫੇ ਤੋਂ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ’’। ਉਸ ਵੇਲੇ ਬੇਸ਼ੱਕ ਭਾਰਤੀ
ਆਗੂਆਂ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗਿਆਂ ਨੇ ਆਪ ਦੀ ਨਿੰਦਾ ਕੀਤੀ ਪਰ
ਸੁਭਾਸ਼ ਚੰਦਰ ਬੋਸ ਦੁਆਰਾ ਪ੍ਰਸੰਸ਼ਾਂ ਕੀਤੀ ਗਈ। ਉਸਨੂੰ 01 ਅਪ੍ਰੈਲ 1940 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਈਕਲ ਉਡਵਾਇਰ
ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ। ਜੇਲ੍ਹ ਵਿੱਚ ਮੁਕੱਦਮੇ ਦੀ ਉਡੀਕ ਵਿੱਚ
ਉਸਨੇ ਭੁੱਖ ਹੜਤਾਲ ਕੀਤੀ ਜੋਕਿ ਜੇਲ੍ਹ ਅਧਿਕਾਰੀਆਂ ਦੁਆਰਾ ਜ਼ਬਰਦਸਤੀ ਖਾਣਾ
ਖੁਆਏ ਜਾਣ ਤੋਂ ਬਾਅਦ 42ਵੇਂ ਦਿਨ ਤੋੜ੍ਹ ਦਿੱਤੀ
ਗਈ। 04 ਜੂਨ 1940 ਨੂੰ ਸੈਂਟਰਲ ਕ੍ਰਿਮੀਨਲ ਕੌਰਟ ਓਲਡ ਬੈਲੇ ਵਿੱਚ ਜਸਟਿਸ ਐਂਟਕਨਸਨ ਦੇ
ਸਾਹਮਣੇ ਉਸ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ
ਗਈ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਟੋਨਵਿਲੇ ਜ਼ੇਲ੍ਹ
ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸਦੀ ਮ੍ਰਿਤਕ ਦੇਹ ਨੂੰ ਜ਼ੇਲ੍ਹ ਦੇ
ਅੰਦਰ ਹੀ ਦਬਾ ਦਿੱਤਾ ਗਿਆ। ਪੰਜਾਬ ਦੇ ਸਵਰਗੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ
ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ
ਸੌਂਪੀਆਂ ਅਤੇ ਇਹ ਅਸਥੀਆਂ ਪੰਜਾਬ ਵਿੱਚ ਲਿਆਕੇ ਪਿੰਡ ਸੁਨਾਮ ਵਿੱਚ ਪੂਰੇ ਸਨਮਾਨ
ਨਾਲ ਸੰਸਕਾਰ ਕੀਤਾ ਗਿਆ ਹੈ। ਉਨ੍ਹਾਂ ਦੀਆਂ ਅਸਥੀਆਂ ਨੂੰ ਸਤਲੁਜ ਦਰਿਆ ਵਿੱਚ ਵਹਾਇਆ
ਗਿਆ ਅਤੇ ਕੱੁਝ ਅਸਥੀਆਂ
ਜਲ੍ਹਿਆਂਵਾਲਾ ਬਾਗ ਵਿੱਚ ਇੱਕ ਸੀਲਬੰਦ ਕਲਸ਼ ਵਿੱਚ ਰੱਖੀਆਂ ਗਈਆਂ ਹਨ। ਸਰਕਾਰ ਵਲੋਂ
ਸ਼ਹੀਦ ਊਧਮ ਸਿੰਘ ਦੀ ਯਾਦ
ਵਿੱਚ ਉਨ੍ਹਾਂ ਦੇ ਨਾਮ ਤੇ ਕਈ ਨਗਰ,
ਹਸਪਤਾਲ,
ਲਾਇਬਰੇਰੀ ਅਤੇ
ਵਿੱਦਿਅਕ ਅਦਾਰੇ ਬਣਾਏ ਗਏ ਹਨ। ਆਪ ਦੇ ਜੱਦੀ ਸ਼ਹਿਰ ਸੁਨਾਮ ਦਾ ਸਰਕਾਰੀ ਨਾਂ ਬਦਲ ਕੇ
‘‘ਸੁਨਾ……ਮ ਊਧਮ ਸਿੰਘ ਵਾਲਾ’’ ਰੱਖਿਆ ਗਿਆ ਹੈ ਅਤੇ ਘਰ ਨੂੰ ਅਜਾਇਬ ਘਰ ਵਿੱਚ
ਤਬਦੀਲ ਕਰ ਦਿੱਤਾ ਗਿਆ ਹੈ ਜਿਸ ਵਿੱਚ ਆਪ ਨਾਲ ਸਬੰਧਿਤ ਵਸਤੂਆਂ ਪ੍ਰਦਰਸ਼ਿਤ ਕੀਤੀਆਂ
ਗਈਆਂ ਹਨ। ਆਪ ਨੂੰ ਸਮਰਪਿਤ ਇੱਕ ਚੈਰਿਟੀ ਸੰਸਥਾ ਬਰਮਿੰਘਮ ਵਿੱਚ ਕੰਮ ਕਰਦੀ ਹੈ।
ਡਾਕ ਵਿਭਾਗ ਵਲੋਂ ਆਪ ਦੇ ਨਾਮ ਤੇ ਡਾਕ ਟਿਕਟ ਜਾਰੀ ਕੀਤਾ ਗਿਆ ਹੈ। ਆਪ ਨੂੰ ਸਮਰਪਿਤ
ਅਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਨੇੜੇ ਇੱਕ ਅਜਾਇਬ ਘਰ ਵੀ ਬਣਾਇਆ ਗਿਆ ਹੈ। ਸਾਲ
1999 ਵਿੱਚ ਆਪ ਨੂੰ ਅਨੰਦਪੁਰ ਸਾਹਿਬ ਫਾਊਂਡੇਸ਼ਨ ਦੁਆਰਾ ਮਰਨ
ਉਪਰੰਤ ਨਿਸ਼ਾਨ-ਏ-ਖਾਲਸਾ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪ ਦਾ ਚਾਕੂ,
ਡਾਇਰੀ ਅਤੇ ਗੋਲੀਬਾਰੀ ਵਿੱਚੋਂ ਬਰਾਮਦ ਹੋਈ ਇੱਕ ਗੋਲੀ ਸਕਾਟਲੈਂਡ ਯਾਰਡ
ਦੇ ਬਲੈਕ ਮਿਊਜ਼ੀਅਮ ਵਿੱਚ ਰੱਖੀ ਗਈ ਹੈ। ਉਨ੍ਹਾਂ ਤੇ ਕਈ ਫਿਲਮਾਂ ਵੀ ਬਣਾਈਆਂ ਗਈਆਂ
ਹਨ। ਉਤਰਾਖੰਡ ਵਿੱਚ ਇੱਕ ਜ਼ਿਲ੍ਹੇ ਦਾ ਨਾਮ ਆਪ ਦੇ ਨਾਮ ਤੇ ਰੱਖਿਆ ਗਿਆ ਹੈ।
ਰਾਜਸਥਾਨ ਦੇ ਅਨੂਪਗੜ੍ਹ ਵਿੱਚ ਇੱਕ ਚੌਕ ਦਾ ਨਾਮ ਸ਼ਹੀਦ ਊਧਮ ਸਿੰਘ ਚੌਕ ਰੱਖਿਆ ਗਿਆ
ਹੈ। ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਵੱਲੋਂ ਮਾਰਚ 2018 ਵਿੱਚ ਆਪ ਦਾ 10 ਫੁੱਟ ਉੱਚਾ ਬੁੱਤ ਜਲਿਆਂਵਾਲਾ ਬਾਗ ਅਮ੍ਰਿਤਸਰ ਦੇ ਮੁੱਖ ਗੇਟ ਤੇ
ਸਥਾਪਿਤ ਕੀਤਾ ਗਿਆ ਹੈ। ਹਰ ਸਾਲ 31 ਜੁਲਾਈ ਨੂੰ ਸਰਕਾਰਾਂ
ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ
ਹੈ। ਆਪ ਦੀ ਕੁਰਬਾਨੀ ਉੱਤੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ ਅਤੇ ਆਪ ਦੀ
ਕੁਰਬਾਨੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਸਦਾ ਹੀ ਪ੍ਰੇਰਨਾ
ਦਿੰਦੀ ਰਹੇਗੀ।
ਐਡਵੋਕੇਟ ਕੁਲਦੀਪ ਚੰਦ
ਦੋਭੇਟਾ
ਨੇੜੇ ਸਰਕਾਰੀ
ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ
ਰੂਪਨਗਰ ਪੰਜਾਬ
ਫੌਨ:
9417563054
|
|