}
                                                                           

Articles

Home

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਵਿਸ਼ੇਸ਼
ਮੇਰਾ ਰੰਗ ਦੇ ਬਸੰਤੀ ਚੋਲਾ।  ਨੀ ਮਾਏ ਰੰਗ ਦੇ ਬਸੰਤੀ ਚੋਲਾ।

ਭਾਰਤ ਦੇਸ਼ ਲੰਬਾ ਸਮਾਂ ਗੁਲਾਮ ਰਿਹਾ ਹੈ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਅਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਸੰਘਰਸ਼ ਕੀਤਾ ਅਤੇ ਅੰਦੋਲਨ ਚਲਾਏ। ਅਜ਼ਾਦੀ ਦੇ ਅੰਦੋਲਨ ਵਿੱਚ ਭਾਗ ਲੈਣ ਵਾਲੇ ਕਈ ਦੇਸ਼ ਭਗਤਾਂ ਨੇ ਸ਼ਹੀਦੀਆਂ ਦਿਤੀਆਂ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਪ੍ਰਮੁੱਖ ਹੈ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਪੁਸ਼ਤੈਨੀ ਪਿੰਡ ਖਟਕੜਕਲਾਂ ਜਿਲ੍ਹਾ ਨਵਾਂ ਸ਼ਹਿਰ ਜਿਸਦਾ ਨਾਮ ਹੁਣ ਬਦਲਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਸੀ ਪ੍ਰੰਤੂ ਉਨ੍ਹਾਂ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਜਿਲ੍ਹਾ ਲਾਇਲਪੁਰ ਪੰਜਾਬ ਜੋਕਿ ਹੁਣ ਪਾਕਿਸਤਾਨ ਵਿੱਚ ਹੈ ਮਾਤਾ ਵਿਦਿਆਵਤੀ ਦੀ ਕੁੱਖੋਂ ਪਿਤਾ ਕਿਸ਼ਨ ਸਿੰਘ ਦੇ ਘਰ ਹੋਇਆ ਸੀ। ਆਪ ਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਆਪ ਦੇ ਪਰਿਵਾਰ ਦੇ ਕੁੱਝ ਮੈਂਬਰਾਂ ਨੇ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਵੀ ਕੰਮ ਕੀਤਾ ਸੀ ਅਤੇ ਕਈ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨਾਲ ਜੁੜ੍ਹੇ ਹੋਏ ਸਨ। ਜਿਸ ਦਿਨ ਆਪ ਦਾ ਜਨਮ ਹੋਇਆ ਉਸੇ ਦਿਨ ਹੀ ਪਿਤਾ ਕਿਸ਼ਨ ਸਿੰਘ ਅਤੇ ਦੋ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਜੋਕਿ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਭਾਗ ਲੈਣ ਕਾਰਨ ਜੇਲ ਗਏ ਹੋਏ ਸਨ ਜੇਲ ਤੋਂ ਰਿਹਾ ਹੋਕੇ ਆਏ ਸਨ। ਆਪ ਦਾ ਪਰਿਵਾਰ ਬੇਸ਼ੱਕ ਇੱਕ ਸਿੱਖ ਪਰਿਵਾਰ ਸੀ ਪਰੰਤੂ ਇਸ ਪਰਿਵਾਰ ਤੇ ਆਰੀਆ ਸਮਾਜ ਅਤੇ ਮਹਾਰਿਸ਼ੀ ਦਯਾਨੰਦ ਦੀ ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਸੀ। ਆਪ ਨੇ ਅਪਣੀ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਸ਼ੁਰੂ ਕੀਤੀ ਅਤੇ ਫਿਰ ਡੀ ਏ ਵੀ ਸਕੂਲ ਲਾਹੋਰ ਵਿੱਚ ਦਾਖਲਾ ਲੈ ਲਿਆ। ਅੰਗਰੇਜ ਇਸ ਸਕੂਲ ਨੂੰ ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ ਕਹਿੰਦੇ ਸਨ। 13 ਅਪ੍ਰੈਲ 1919 ਨੂੰ ਵਾਪਰੀ ਜ਼ਲ੍ਹਿਆਂ ਵਾਲੇ ਬਾਗ ਦੀ ਘਟਨਾ ਵੇਲੇ ਆਪ ਦੀ ਉਮਰ ਲੱਗਭੱਗ 12 ਸਾਲ ਸੀ ਅਤੇ ਅਪਣੇ ਸਕੂਲ ਤੋਂ ਲੱਗਭੱਗ 12 ਮੀਲ ਪੈਦਲ ਚੱਲਕੇ ਜਲ੍ਹਿਆਂ ਵਾਲੇ ਬਾਗ ਵਿੱਚ ਪਹੁੰਚੇ ਸਨ। ਆਪ ਕੁੱਝ ਸਮੇਂ ਬਾਦ ਦੇਸ਼ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਪਰਕ ਵਿੱਚ ਆ ਗਏ ਅਤੇ ਉਨ੍ਹਾਂ ਨੇ ਕ੍ਰਾਂਤੀਕਾਰੀ ਵੀਰ ਸਾਵਰਕਰ ਦੀ ਕਿਤਾਬ 1857 ਪਹਿਲਾ ਸੁਤੰਤਰਤਾ ਸੰਗਰਾਮ ਅਤੇ ਅਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਜੂਨ 1924 ਵਿੱਚ ਉਹ ਵੀਰ ਸਾਵਰਕਰ ਨੂੰ ਯਰਵਦਾ ਜੇਲ ਵਿੱਚ ਮਿਲੇ ਅਤੇ ਉਸਤੋਂ ਬਾਦ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ ਨੂੰ ਮਿਲੇ ਅਤੇ ਉਨ੍ਹਾਂ ਦੇ ਦਲ ਵਿੱਚ ਸ਼ਾਮਿਲ ਹੋ ਗਏ। ਇਸ ਦੱਲ ਵਿੱਚ ਕ੍ਰਾਂਤੀਕਾਰੀ ਸੁਖਦੇਵ ਥਾਪਰ, ਸ਼ਿਵਰਾਮ ਰਾਜਗੁਰੂ, ਭਗਵਤੀਚਰਨ ਵੋਹਰਾ ਆਦਿ ਵੀ ਸ਼ਾਮਿਲ ਸਨ। ਲਾਹੌਰ ਦੇ ਨੈਸ਼ਨਲ ਕਾਲਜ਼ ਦੀ ਪੜ੍ਹਾਈ ਛੱਡ ਕੇ ਆਪ ਨੇ ਭਾਰਤ ਦੀ ਆਜ਼ਾਦੀ ਦੇ ਲਈ ਨੋਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਕਾਕੋਰੀ ਕਾਂਡ ਵਿੱਚ ਆਪ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲਾਹੋਰ ਦੇ ਦੁਸਿਹਰਾ ਮੇਲੇ ਵਿੱਚ ਬੰਬ ਧਮਾਕਾ ਕਰਨ ਦੇ ਦੋਸ਼ ਵੀ ਲਗਾਏ ਗਏ। ਇਸ ਕਾਂਡ ਵਿੱਚ ਸ਼ਾਮਿਲ ਰਾਮ ਪ੍ਰਸਾਦ ਬਿਸਮਿਲ ਸਮੇਤ 4 ਕ੍ਰਾਂਤੀਕਾਰੀਆਂ ਨੂੰ ਫਾਂਸੀ ਅਤੇ 16 ਨੂੰ ਜੇਲ ਦੀ ਸਜ਼ਾ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਆਪਣੀ ਪਾਰਟੀ ਨੌਜਵਾਨ ਭਾਰਤ ਸਭਾ ਨੂੰ ਹਿੰਦੁਸਤਾਨ ਰਿਪਬਲਿਕ ਐਸ਼ੋਸੀਏਸ਼ਨ ਵਿੱਚ ਸ਼ਾਮਿਲ ਕਰ ਦਿੱਤਾ ਅਤੇ ਉਸਨੂੰ ਇੱਕ ਨਵਾਂ ਨਾਮ ਹਿੰਦੁਸਤਾਨ ਸ਼ੋਸਲਿਸਟ ਰਿਪਬਲਿਕਨ ਐਸ਼ੋਸੀਏਸ਼ਨ ਰੱਖ ਦਿੱਤਾ। ਲਾਹੌਰ ਵਿੱਚ ਸਾਂਡਰਸ ਨੂੰ ਮਾਰਕੇ  ਅਤੇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਹੋਰ ਮੈਂਬਰਾਂ ਦੇ ਨਾਲ ਬੰਬ ਵਿਸਫੋਟ ਕਰਕੇ ਅਤੇ ਪਰਚੇ ਸੁੱਟਕੇ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਖੁੱਲੇ ਵਿਦਰੋਹ ਦੀ ਅਵਾਜ਼ ਬੁਲੰਦ ਕੀਤੀ। ਫਰਵਰੀ 1928 ਵਿੱਚ ਪਹੁੰਚੇ ਸਾਈਮਨ ਕਮੀਸ਼ਨ ਦੇ ਵਿਰੋਧ ਅਤੇ ਬਾਈਕਾਟ ਲਈ ਪ੍ਰਦਰਸ਼ਨ ਹੋਏ। ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਇਸਦੇ ਰੋਸ ਵਜੋਂ ਆਪ ਨੇ ਸਾਥੀਆਂ ਨਾਲ ਮਿਲਕੇ ਪੁਲਿਸ ਸੁਪਰੀਟੰਡੈਂਟ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ। 17 ਦਸੰਬਰ 1928 ਨੂੰ ਕਰੀਬ ਸਵਾ ਚਾਰ ਵਜੇ ਸਕਾਟ ਦੀ ਜਗ੍ਹਾ ਤੇ ਏ.ਐਸ.ਪੀ. ਸਾਂਡਰਸ ਦੇ ਆਉਂਦੇ ਹੀ ਰਾਜਗੁਰੂ ਨੇ ਇੱਕ ਗੋਲੀ ਉਸਦੇ ਸਿਰ ਵਿੱਚ ਮਾਰੀ ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਭਗਤ ਸਿੰਘ ਨੇ ਗੋਲੀਆਂ ਮਾਰਕੇ ਉਸਨੂੰ ਮਾਰ ਮੁਕਾਇਆ। ਆਪ ਬੇਸ਼ੱਕ ਖੂਨ ਖਰਾਬੇ ਦੇ ਪੱਖ ਵਿੱਚ ਨਹੀਂ ਸੀ ਪਰ ਕਾਰਲ ਮਾਰਕਸ ਦੇ ਸਿਧਾਂਤਾ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਸੀ ਅਤੇ ਸਮਾਜਵਾਦੀ ਵਿਚਾਰਾਂ ਵਾਲਾ ਸੀ ਅਤੇ ਪੂੰਜੀਪਤੀਆਂ ਦੀ ਮਜ਼ਦੂਰਾਂ ਦੇ ਸ਼ੋਸ਼ਣ ਦੀ ਨੀਤੀ ਪਸੰਦ ਨਹੀਂ ਸੀ। ਮਜ਼ਦੂਰ ਵਿਰੋਧੀ ਨੀਤੀਆਂ ਨੂੰ ਬ੍ਰਿਟਿਸ਼ ਸੰਸਦ ਵਿੱਚ ਪਾਸ ਨਾ ਹੋਣ ਦੇਣਾ ਉਹਨਾਂ ਦੇ ਦੱਲ ਦਾ ਫੈਸਲਾ ਸੀ। ਉਹਨਾਂ ਨੇ ਟ੍ਰੇਡ ਡਿਸਪੀਉਟ ਬਿੱਲ ਅਤੇ ਪਬਲਿਕ ਸੇਫਟੀ ਬਿੱਲ ਦੇ ਵਿਰੋਧ ਵਿੱਚ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਯੋਜਨਾ ਬਣਾਈ ਸੀ। ਇਸ ਕੰਮ ਲਈ ਸਰਵਸੰਮਤੀ ਨਾਲ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ। ਇਸ ਲਈ 08 ਅਪ੍ਰੈਲ 1929 ਨੂੰ ਜਦੋਂ ਇਹ ਬਿੱਲ ਪੇਸ਼ ਹੋਣੇ ਸਨ ਕੇਂਦਰੀ ਅਸੈਂਬਲੀ ਵਿੱਚ ਇਹਨਾਂ ਦੋਨਾਂ ਨੇ ਇੱਕ ਅਜਿਹੇ ਸਥਾਨ ਤੇ ਬੰਬ ਸੁੱਟਿਆ ਜਿੱਥੇ ਕੋਈ ਮੌਜੂਦ ਨਹੀਂ ਸੀ। ਇਸ ਨਾਲ ਪੂਰਾ ਹਾਲ ਧੂੰਏ ਨਾਲ ਭਰ ਗਿਆ। ਬੰਬ ਸੁੱਟਣ ਤੋਂ ਬਾਅਦ ‘‘ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ’’ ਦਾ ਨਾਹਰਾ ਲਗਾਇਆ ਅਤੇ ਆਪਣੇ ਨਾਲ ਲਿਆਂਦੇ ਹੋਏ ਅੰਗਰੇਜ ਸਰਕਾਰ ਵਿਰੋਧੀ ਪਰਚੇ ਹਵਾ ਵਿੱਚ ਉਛਾਲ ਦਿੱਤੇ। ਕੁਝ ਦੇਰ ਬਾਅਦ ਪੁਲਿਸ ਆ ਗਈ ਅਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ । ਆਪ ਕਰੀਬ 2 ਸਾਲ ਜੇਲ ਵਿੱਚ ਰਹੇ। ਇਸ ਦੌਰਾਨ ਉਹ ਲੇਖ ਲਿਖਕੇ ਵਿਚਾਰ ਪ੍ਰਗਟ ਕਰਦੇ ਰਹੇ। ਉਹਨਾਂ ਦੁਆਰਾ ਲਿਖੇ ਗਏ ਲੇਖ ਅਤੇ ਸਕੇ ਸਬੰਧੀਆਂ ਨੂੰ ਲਿਖੀਆਂ ਗਈਆਂ ਚਿੱਠੀਆਂ ਉਹਨਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਆਪਣੇ ਲੇਖਾਂ ਵਿੱਚ ਉਹਨਾਂ ਨੇ ਪੂੰਜੀਪਤੀਆਂ ਨੂੰ ਆਪਣਾ ਦੁਸ਼ਮਣ ਦੱਸਿਆ ਹੈ। ਆਪ ਨੂੰ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਬਾਂਗਲਾ ਵੀ ਆਉਂਦੀ ਸੀ ਜਿਹੜੀ ਉਹਨਾਂ ਨੇ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ। ਆਪ ਨੇ ਮੌਤ ਦੀ ਸਜ਼ਾ ਸੁਣਾਉਣ ਦੇ ਬਾਅਦ ਵੀ ਮਾਫੀਨਾਮਾ ਲਿਖਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਅਤੇ ਸਰਕਾਰ ਨੂੰ ਇੱਕ ਚਿੱਠੀ ਲਿਖੀ ਕਿ ਉਹਨਾਂ ਨੂੰ ਅੰਗਰੇਜ਼ੀ ਸਰਕਾਰ ਦੇ ਖਿਲਾਫ ਭਾਰਤੀਆਂ ਦੇ ਯੁੱਧ ਦਾ ਪ੍ਰਤੀਕ ਇੱਕ ਯੁੱਧਬੰਦੀ ਸਮਝਿਆ ਜਾਵੇ ਅਤੇ ਫਾਂਸੀ ਦੇਣ ਦੀ ਬਜਾਏ ਗੋਲੀ ਨਾਲ ਉਡਾ ਦਿੱਤਾ ਜਾਵੇ। ਚੰਦਰ ਸ਼ੇਖਰ ਆਜ਼ਾਦ ਨਾਲ ਪਹਿਲੀ ਮੁਲਾਕਾਤ ਦੇ ਸਮੇਂ ਬਲਦੀ ਹੋਈ ਮੋਮਬੱਤੀ ਉਪਰ ਹੱਥ ਰੱਖ ਕੇ ਉਹਨਾਂ ਨੇ ਕਸਮ ਖਾਧੀ ਸੀ ਕਿ ਉਹਨਾਂ ਦੀ ਜ਼ਿੰਦਗੀ ਦੇਸ਼ ਉਪਰ ਹੀ ਕੁਰਬਾਨ ਹੋਵੇਗੀ ਅਤੇ ਉਹਨਾਂ ਨੇ ਆਪਣੀ ਉਹ ਕਸਮ ਪੂਰੀ ਕਰਕੇ ਵਿਖਾਈ। ਜ਼ੇਲ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ ਅਤੇ ਇਸ ਦੌਰਾਨ ਉਹਨਾਂ ਦੇ ਇੱਕ ਸਾਥੀ ਜਤਿੰਦਰ ਨਾਥ ਦਾਸ ਨੇ ਭੁੱਖ ਹੜਤਾਲ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। 07 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ ਵਿੱਚ ਪਹੁੰਚਿਆ ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ, ਕਮਲਨਾਥ, ਵਿਜੈ ਕੁਮਾਰ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰਕੈਦ, ਕੁੰਦਨ ਲਾਲ ਨੂੰ 07 ਸਾਲ ਅਤੇ ਪ੍ਰੇਮ ਦੱਤ ਨੂੰ 03 ਸਾਲ ਕੈਦ ਏ ਬਾਮੁਸ਼ਕਤ ਦੀ ਸਜ਼ਾ ਸੁਣਾਈ ਗਈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 24 ਮਾਰਚ 1931 ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਗਿਆ ਸੀ ਪਰ ਸਮੇਂ ਵਿੱਚ ਫੇਰਬਦਲ ਕੀਤੀ ਗਈ ਅਤੇ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਹ ਰਿਪੋਰਟ ਕੀਤੀ ਗਈ ਕਿ ਉਸ ਸਮੇਂ ਕੋਈ ਮੈਜਿਸਟਰੇਟ ਫਾਂਸੀ ਦੀ ਨਿਗਰਾਨੀ ਕਰਨ ਲਈ ਤਿਆਰ ਨਹੀਂ ਸੀ ਇਸ ਦੀ ਬਜਾਏ ਇੱਕ ਆਨਰੇਰੀ ਜੱਜ ਦੁਆਰਾ ਫਾਂਸੀ ਦੀ ਨਿਗਰਾਨੀ ਕੀਤੀ ਗਈ ਸੀ। ਫਾਂਸੀ ਲਈ ਜਾਣ ਤੋਂ ਪਹਿਲਾਂ ਉਹ ਰਾਮ ਪ੍ਰਸ਼ਾਦ ਬਿਸਮਿਲ ਦੀ ਜੀਵਨੀ ਪੜ੍ਹ ਰਹੇ ਸੀ। ਜੇਲ ਦੇ ਅਧਿਕਾਰੀਆਂ ਨੇ ਜਦੋਂ ਉਹਨਾਂ ਨੂੰ ਇਹ ਸੂਚਨਾ ਦਿੱਤੀ ਕਿ ਉਹਨਾਂ ਦੀ ਫਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਹਨਾਂ ਨੇ ਕਿਹਾ ਸੀ ‘‘ਠਹਿਰੋ, ਪਹਿਲਾਂ ਇੱਕ ਕਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਤਾਂ ਲਵੇ।’’ ਫਿਰ ਇੱਕ ਮਿੰਟ ਬਾਅਦ ਕਿਤਾਬ ਨੂੰ ਛੱਤ ਵੱਲ ਉਛਾਲ ਕੇ ਬੋਲੇ ‘‘ਠੀਕ ਹੈ ਹੁਣ ਚੱਲੋ।’’ ਜਾਂਦੇ ਸਮੇਂ ਉਹ ਤਿੰਨੋਂ ਗਾ ਰਹੇ ਸੀ ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ। ਫਾਂਸੀ ਤੋਂ ਬਾਅਦ ਕਿਤੇ ਅੰਦੋਲਨ ਨਾ ਭੜਕ ਜਾਵੇ ਇਸ ਡਰ ਤੋਂ ਅੰਗਰੇਜ਼ਾਂ ਨੇ ਪਹਿਲਾਂ ਇਹਨਾਂ ਦੇ ਸ਼ਰੀਰ ਦੇ ਟੁਕੜੇ ਕਰ ਦਿੱਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ ਜਿੱਥੇ  ਮਿੱਟੀ ਦਾ ਤੇਲ ਪਾਕੇ ਇਹਨਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਬਲਦੀ ਦੇਖੀ ਤਾਂ ਨੇੜੇ ਆਏ। ਇਸਤੋਂ ਡਰਕੇ ਅੰਗਰੇਜ਼ਾਂ ਨੇ ਇਹਨਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜਿਆਂ ਨੂੰ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਅਤੇ ਭੱਜ ਗਏ। ਜਦੋਂ ਪਿੰਡ ਵਾਲੇ ਨੇੜੇ ਆਏ ਤਾਂ ਉਹਨਾਂ ਨੇ ਇਨ੍ਹਾਂ ਦੇ ਮ੍ਰਿਤਕ ਸਰੀਰ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਦਾਹ ਸੰਸਕਾਰ ਕੀਤਾ। ਇਨ੍ਹਾਂ ਸ਼ਹੀਦਾਂ ਦੀ ਮੋਤ ਬਾਰੇ ਲਾਹੋਰ ਦੇ ਦੈਨਿਕ ਟ੍ਰਿਬਿਊਨ ਅਤ ਨਿਉਯਾਰਕ ਤੋਂ ਛਪਦੇ ਡੇਲੀ ਵਰਕਰ ਨੇ ਛਾਪਿਆ। ਟ੍ਰਿਬਿਊਨ ਦੇ ਮੁੱਖ ਵਰਕੇ ਤੇ ਕ੍ਰਾਂਤੀਕਾਰੀਆਂ ਦੇ ਲਹੂ ਨਾਲ ਭਿੱਜੀ ‘ਦਿ ਟ੍ਰਿਬਿਊਨ’ ਅਖ਼ਬਾਰ ਦੀ 25 ਮਾਰਚ 1931 ਦੀ ਕਾਪੀ ਖਟਕੜ ਕਲਾਂ ਵਿੱਚ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਮਿਊਜ਼ੀਅਮ’ ਵਿੱਚ ਰੱਖੀ ਹੋਈ ਹੈ। ਇਸਤੋਂ ਬਾਦ ਵੀ ਕਈ ਮਾਰਕਸਵਾਦੀ ਪੱਤਰਾਂ ਵਿੱਚ ਉਨ੍ਹਾਂ ਬਾਰੇ ਲੇਖ ਛਪੇ ਪਰੰਤੂ ਭਾਰਤ ਵਿੱਚ ਮਾਰਕਸਵਾਦੀ ਪੱਤਰਾਂ ਤੇ ਪਾਬੰਦੀ ਲੱਗੀ ਹੋਣ ਕਾਰਨ ਭਾਰਤ ਦੇ ਬੁਧੀਜੀਵੀਆਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਕਰਾਚੀ ਵਿੱਚ ਕਾਂਗਰਸ ਪਾਰਟੀ ਦੇ ਸਲਾਨਾ ਸੰਮੇਲਨ ਮੌਕੇ ਤੇ ਗੁੱਸੇ ਹੋਏ ਨੌਜਵਾਨਾਂ ਨੇ ਗਾਂਧੀ ਨੂੰ ਕਾਲੇ ਝੰਡੇ ਦਿਖਾਏ ਸਨ। 29 ਮਾਰਚ 1931 ਨੂੰ ਯੰਗ ਇੰਡੀਆ ਵਿੱਚ ਗਾਂਧੀ ਨੇ ਲਿਖਿਆ ਸੀ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਅਤੇ ਕਾਂਗਰਸ ਨੇ ਜ਼ਿੰਦਗੀਆਂ ਬਚਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਭਾਰਤੀ ਮੈਗਜ਼ੀਨ ਫਰੰਟਲਾਈਨ ਵਿੱਚ ਇੱਕ ਰਿਪੋਰਟ ਅਨੁਸਾਰ ਮੌਤ ਦੀ ਸਜ਼ਾ ਨੂੰ ਬਦਲਣ ਲਈ ਕਈ ਵਾਰ ਬੇਨਤੀ ਕੀਤੀ ਸੀ। ਵਾਇਸਰਾਏ ਨੂੰ ਇੱਕ ਚਿੱਠੀ ਵਿੱਚ ਉਸਨੇ ਇਸ ਸਜ਼ਾ ਵਿੱਚ ਬਦਲਾਓ ਲਈ ਬੇਨਤੀ ਕੀਤੀ ਸੀ। ਸ਼ਹੀਦ ਭਗਤ ਸਿੰਘ ਦਾ ਆਦਰਸ਼ ਕਰਤਾਰ ਸਿੰਘ ਸਰਾਭਾ ਸੀ ਅਤੇ ਉਸ ਨੂੰ ਆਪਣਾ ਨਾਇਕ ਮੰਨਿਆ। ਉਹ ਗਦਰ ਪਾਰਟੀ ਦੇ ਇੱਕ ਹੋਰ ਸੰਸਥਾਪਕ ਭਾਈ ਪਰਮਾਨੰਦ ਤੋਂ ਵੀ ਪ੍ਰੇਰਿਤ ਸੀ। ਉਹ ਅਰਾਜਕਤਾਵਾਦ ਅਤੇ ਕਮਿਊਨਿਜ਼ਮ ਵੱਲ ਖਿੱਚਿਆ ਗਿਆ ਸੀ। ਉਹ ਮਿਖਾਇਲ ਬਾਕੂਨਿਨ ਦੀਆਂ ਸਿੱਖਿਆਵਾਂ ਦਾ ਪਾਠਕ ਸੀ ਅਤੇ ਉਸਨੇ ਕਾਰਲ ਮਾਰਕਸ, ਲੈਨਿਨ ਆਦਿ ਨੂੰ ਵੀ ਪੜ੍ਹਿ੍ਹਆ ਸੀ। ਟੂ ਯੰਗ ਪੁਲੀਟੀਕਲ ਵਰਕਰਜ਼ ਵਿੱਚ ਉਸਨੇ ਆਪਣੇ ਆਦਰਸ਼ ਨੂੰ ਨਵੇਂ ਤੇ ਸਮਾਜਿਕ ਪੁਨਰ ਨਿਰਮਾਣ ਅਰਥਾਤ ਮਾਰਕਸਵਾਦੀ ਆਧਾਰ ਘੋਸ਼ਿਤ ਕੀਤਾ। ਉਸਨੇ ਗਾਂਧੀਵਾਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਨਹੀਂ ਕੀਤਾ ਜਿਸਨੇ ਸੱਤਿਆਗ੍ਰਹਿ ਅਤੇ ਅਹਿੰਸਕ ਵਿਰੋਧ ਦੇ ਹੋਰ ਰੂਪਾਂ ਦੀ ਵਕਾਲਤ ਕੀਤੀ ਅਤੇ ਮਹਿਸੂਸ ਕੀਤਾ ਕਿ ਅਜਿਹੀ ਰਾਜਨੀਤੀ ਇੱਕ ਹੋਰ ਸ਼ੋਸ਼ਣ ਕਰਨ ਵਾਲਿਆਂ ਦੀ ਥਾਂ ਲੈ ਲਵੇਗੀ। ਮਈ ਤੋਂ ਸਤੰਬਰ 1928 ਤੱਕ ਉਸ ਨੇ ਕਿਰਤੀ ਵਿੱਚ ਅਰਾਜਕਤਾਵਾਦ ਬਾਰੇ ਲੇਖ ਲਿਖੇ। ਉਸਨੇ ਸਪੱਸ਼ਟ ਕੀਤਾ ਕਿ ਅਰਾਜਕਤਾ ਦਾ ਮਤਲਬ ਸ਼ਾਸਕ ਦੀ ਗੈਰਹਾਜ਼ਰੀ ਅਤੇ ਰਾਜ ਨੂੰ ਖ਼ਤਮ ਕਰਨਾ ਹੈ। ਇਤਿਹਾਸਕਾਰ ਕੇ ਐਨ ਪਾਨੀਕਰ ਨੇ ਭਗਤ ਸਿੰਘ ਨੂੰ ਸ਼ੁਰੂਆਤੀ ਮਾਰਕਸਵਾਦੀਆਂ ਵਿਚੋਂ ਇੱਕ ਮੰਨਿਆ ਹੈ। ਸਿਆਸੀ ਸਿਧਾਂਤਕਾਰ ਜੇਸਨ ਐਡਮਸ ਨੇ ਕਿਹਾ ਕਿ ਉਹ ਲੇਨਿਨ ਨਾਲ ਜ਼ਿਆਦਾ ਪਿਆਰ ਕਰਦਾ ਸੀ ਜੇਲ੍ਹ ਨੋਟਬੁੱਕ ਵਿਚ ਉਸ ਨੇ ਸਾਮਰਾਜੀ ਅਤੇ ਪੂੰਜੀਵਾਦ ਦੇ ਸੰਦਰਭ ਵਿੱਚ ਲੈਨਿਨ ਦਾ ਹਵਾਲਾ ਅਤੇ ਕ੍ਰਾਂਤੀਕਾਰੀ ਵਿਚਾਰ ਦਿੱਤੇ। ਜਦੋਂ ਉਸਨੰ ਉਸਦੀ ਆਖਰੀ ਇੱਛਾ ਪੁੱਛੀ ਗਈ ਤਾਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ ਉਹ ਲੈਨਿਨ ਦੀ ਜ਼ਿੰਦਗੀ ਬਾਰੇ ਪੜ੍ਹ  ਰਿਹਾ ਹੈ ਅਤੇ ਇਸਨੂੰ ਮੁਕੰਮਲ ਕਰਨਾ ਚਾਹੁੰਦਾ ਹੈ। ਮਾਰਕਸਵਾਦੀ ਆਦਰਸ਼ਾਂ ਵਿੱਚ ਆਪਣੇ ਵਿਸ਼ਵਾਸ ਦੇ ਬਾਵਜੂਦ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਵਿੱਚ ਸ਼ਾਮਲ ਨਹੀਂ ਹੋਇਆ। ਉਸਨੇ ਮੈਂ ਨਾਸਤਿਕ ਕਿਉਂ ਹਾਂ ਵਿੱਚ ਲਿਖਿਆ ਕਿ ਉਸਦੀ ਨਾਸਤਿਕਤਾ ਘਮੰਡ ਤੋਂ ਪੈਦਾ ਨਹੀਂ ਹੋਈ। ਉਹ ਮਿੱਥ ਅਤੇ ਕਲਪਨਾਵਾਂ ਤੇ ਵਿਸ਼ਵਾਸ  ਨਹੀਂ ਕਰ ਸਕਦਾ। ਕਿਰਤੀ ਦੇ ਜੂਨ 1928 ਦੇ ਅੰਕ ਵਿੱਚ ਪ੍ਰਕਾਸ਼ਿਤ ਉਸਦਾ ਪ੍ਰਸਿੱਧ ਲੇਖ ‘‘ਅਛੂਤ ਦੀ ਸਮੱਸਿਆ’’ ਵਿੱਚ ਭਗਤ ਸਿੰਘ ਨੇ ਜਾਤ ਅਤੇ ਸਬੰਧਤ ਪਹਿਲੂਆਂ ਦੀ ਆਲੋਚਨਾ ਕੀਤੀ ਸੀ। ਬਰਾਬਰੀ ਦੇ ਸੰਕਲਪ ਤੋਂ ਜਾਤ-ਆਧਾਰਿਤ ਵਿਤਕਰੇ ਅਤੇ ਅੱਤਿਆਚਾਰਾਂ ਦੀ ਆਲੋਚਨਾ ਕਰਨਾ ਭਗਤ ਸਿੰਘ ਦੇ ਜਾਤ-ਪਾਤ ਅਤੇ ਛੂਤ-ਛਾਤ ਬਾਰੇ ਵਿਚਾਰਾਂ ਨੂੰ ਸਪੱਸ਼ਟ ਕਰਦੇ ਹਨ। ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ਭਗਤ ਸਿੰਘ ਨੌਜਵਾਨਾਂ ਵਿੱਚ ਨਵੇਂ ਜਾਗਰਣ ਦਾ ਪ੍ਰਤੀਕ ਬਣ ਗਿਆ ਹੈ। ਜਵਾਹਰ ਲਾਲ ਨਹਿਰੂ ਨੇ ਵੀ ਮੰਨਿਆ ਹੈ ਕਿ ਭਗਤ ਸਿੰਘ ਦੀ ਲੋਕਾਂ ਵਿੱਚ ਹਰਮਨ ਪਿਆਰਤਾ ਇੱਕ ਨਵੇਂ ਕੌਮੀ ਜਾਗਰਣ ਵੱਲ ਵਧ ਰਹੀ ਹੈ ਅਤੇ ਕਿਹਾ ਕਿ ਉਹ ਇੱਕ ਸਾਫ ਸੁਥਰਾ ਲੜਾਕੂ ਸੀ ਜੋ ਖੁੱਲ੍ਹੇਆਮ ਆਪਣੇ ਦੁਸ਼ਮਣ ਦਾ ਸਾਹਮਣਾ ਕਰਦਾ ਸੀ। ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਵਿਲੀਅਮਸਨ ਨੇ ਲਿਖਿਆ ਹੈ ਕਿ ਉਸ ਦੀ ਫੋਟੋ ਹਰ ਇਲਾਕੇ ਵਿੱਚ ਵਿਕ ਰਹੀ ਸੀ। ਭਗਤ ਸਿੰਘ ਅੱਜ ਦੇ ਭਾਰਤੀ ਚਿੱਤਰ-ਵਿਗਿਆਨ ਵਿੱਚ ਇੱਕ ਅਹਿਮ ਸ਼ਖ਼ਸੀਅਤ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਜੋ ਭਾਰਤ ਵਿੱਚ ਸੰਘਵਾਦ, ਰਾਸ਼ਟਰਵਾਦ ਅਤੇ ਵਿਕਾਸ ਦੇ ਅਧਿਐਨ ਦਾ ਮਾਹਿਰ ਹੈ ਕਹਿੰਦਾ ਹੈ ਕਿ ਭਗਤ ਸਿੰਘ ਭਾਰਤੀ ਰਾਜਨੀਤੀ ਵਿੱਚ ਲੱਗਭੱਗ ਹਰੇਕ ਰੁਝਾਨ ਨੂੰ ਚੁਣੌਤੀ ਦਾ ਪ੍ਰਤੀਨਿਧ ਹੈ। ਜਿਸ ਸਥਾਨ ਤੇ ਸਤਲੁਜ ਨਦੀ ਦੇ ਕੰਢੇ ਹੁਸੈਨੀਵਾਲਾ ਵਿਖੇ ਇਨ੍ਹਾਂ ਸ਼ਹੀਦਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਵੰਡ ਦੌਰਾਨ ਪਾਕਿਸਤਾਨੀ ਖੇਤਰ ਬਣ ਗਿਆ ਹੈ। 17 ਜਨਵਰੀ 1961 ਨੂੰ 12 ਪਿੰਡਾਂ ਦੇ ਬਦਲੇ ਇਸਨੂੰ ਭਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ 19 ਜੁਲਾਈ 1965 ਨੂੰ ਬੱਟੁਕੇਸ਼ਵਰ ਦੱਤ ਦੀ ਅੰਤਿਮ ਇੱਛਾ ਅਨੁਸਾਰ ਉੱਥੇ ਹੀ ਉਸ ਦਾ ਸੰਸਕਾਰ ਕੀਤਾ ਗਿਆ। ਸਾਲ 1968 ਵਿੱਚ ਭਾਰਤ ਸਰਕਾਰ ਨੇ ਸਹੀਦ ਭਗਤ ਸਿੰਘ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਸੀ, ਕੌਮੀ ਸ਼ਹੀਦੀ ਸਮਾਰਕ ਬਣਾਇਆ ਗਿਆ ਸੀ ਅਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਯਾਦਗਾਰਾਂ ਬਣਾਈਆਂ ਗਈਆਂ। ਸਾਲ 1971 ਦੀ ਭਾਰਤ-ਪਾਕਿ ਲੜਾਈ ਦੌਰਾਨ ਯਾਦਗਾਰ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਸ਼ਹੀਦਾਂ ਦੀਆਂ ਮੂਰਤੀਆਂ ਨੂੰ ਪਾਕਿਸਤਾਨੀ ਫੌਜ ਨੇ ਹਟਾ ਦਿੱਤਾ ਸੀ ਅਤੇ ਭਾਰਤ ਸਰਕਾਰ ਵਲੋਂ 1973 ਵਿੱਚ ਦੁਬਾਰਾ ਬਣਾਈਆਂ ਗਈਆਂ ਸਨ। 23 ਮਾਰਚ ਨੂੰ ਸਾਲਾਨਾ ਸ਼ਹੀਦੀ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਜਿੱਥੇ ਲੋਕ ਕੌਮੀ ਸ਼ਹੀਦ ਸਮਾਰਕ ਵਿਖੇ ਸ਼ਰਧਾਂਜਲੀ ਦਿੰਦੇ ਹਨ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਪਿੰਡ ਖਟਕੜ ਕਲਾਂ ਵਿਖੇ 50ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਖੋਲ੍ਹਿਆ ਗਿਆ ਸੀ। ਪ੍ਰਦਰਸ਼ਨੀਆਂ ਵਿੱਚ ਅਸਥੀਆਂ, ਖ਼ੂਨ ਭਿੱਜੀ ਰੇਤ, ਅਤੇ ਖ਼ੂਨ ਦਾ ਰੰਗਿਆ ਹੋਇਆ ਅਖਬਾਰ ਸ਼ਾਮਲ ਹੈ ਜਿਸ ਵਿੱਚ ਰਾਖ ਨੂੰ ਲਪੇਟਿਆ ਗਿਆ ਸੀ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਫੈਸਲੇ ਦਾ ਪੰਨਾ ਜਿਸ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ ਜਿਸ ਉੱਤੇ ਭਗਤ ਸਿੰਘ ਨੇ ਕੱੁਝ ਨੋਟਿਸ ਭੇਜੇ ਸਨ ਅਤੇ ਦਸਤਖਤ ਵਾਲੀ ਭਾਗਵਤ ਗੀਤਾ ਦੀ ਇੱਕ ਕਾਪੀ ਜੋ ਉਸ ਨੂੰ ਲਾਹੌਰ ਜੇਲ੍ਹ ਵਿੱਚ ਮਿਲੀ ਸੀ ਅਤੇ ਹੋਰ ਨਿੱਜੀ ਵਸਤਾਂ ਵੀ ਰੱਖੀਆਂ ਗਈਆਂ ਹਨ। ਭਾਰਤੀ ਸੰਸਦ ਵਿੱਚ ਵੀ 23 ਮਾਰਚ 2001 ਅਤੇ 2005 ਨੂੰ ਮੌਨ ਸ਼ਰਧਾਂਜਲੀ ਦਿੱਤੀ ਗਈ। ਪਾਕਿਸਤਾਨ ਵਿੱਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਪਾਕਿਸਤਾਨ ਦੀ ਮੰਗ ਤੇ ਲਾਹੌਰ ਵਿੱਚ ਜਿੱਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਦਾ ਨਾਂ ਬਦਲਕੇ ਭਗਤ ਸਿੰਘ ਚੌਂਕ ਰੱਖਿਆ ਗਿਆ ਹੈ। ਭਗਤ ਸਿੰਘ ਦੇ ਜੀਵਨ ਅਤੇ ਸਮੇਂ ਨੂੰ ਕਈ ਫਿਲਮਾਂ ਰਾਹੀਂ ਪੇਸ਼ ਕੀਤਾ ਗਿਆ ਹੈ। 15 ਅਗਸਤ 2008 ਨੂੰ ਭਗਤ ਸਿੰਘ ਦੀ 18 ਫੁੱਟ ਉੱਚੀ ਕਾਂਸੀ ਦੀ ਮੂਰਤੀ ਭਾਰਤੀ ਪਾਰਲੀਮੈਂਟ ਵਿੱਚ ਇੰਦਰਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਦੇ ਨਾਲ ਸਥਾਪਿਤ ਕੀਤੀ ਗਈ ਸੀ। ਭਗਤ ਸਿੰਘ ਅਤੇ ਦੱਤ ਦੀ ਤਸਵੀਰ ਪਾਰਲੀਮੈਂਟ ਹਾਊਸ ਦੀਆਂ ਕੰਧਾਂ ਤੇ ਵੀ ਲਗਾਈ ਗਈ ਹੈ। 2008 ਵਿੱਚ ਭਾਰਤੀ ਮੈਗਜ਼ੀਨ ਇੰਡੀਆ ਟੂਡੇ ਦੁਆਰਾ ਇੱਕ ਸਰਵੇਖਣ ਵਿੱਚ ਉਸਨੂੰ ਬੋਸ ਅਤੇ ਗਾਂਧੀ ਤੋਂ ਪਹਿਲਾਂ ਮਹਾਨ ਭਾਰਤੀ ਚੁਣਿਆ ਗਿਆ ਸੀ। ਸਾਲ 2008 ਵਿੱਚ ਭਗਤ ਸਿੰਘ ਦੀ 40 ਮਿੰਟ ਦੀ ਇੱਕ ਡਾਕੂਮੈਂਟਰੀ ਫ਼ਿਲਮ ਇਨਕਲਾਬ ਬਣਾਈ ਗਈ ਹੈ। ਸਾਲ 2012 ਵਿੱਚ ਭਾਰਤ ਸਰਕਾਰ ਨੇ ਇੱਕ 5 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ ਸੀ। ਭਾਰਤ ਅਤੇ ਪਾਕਿਸਤਾਨ ਦੀ ਜਨਤਾ ਅੱਜ ਵੀ ਸ਼ਹੀਦ ਭਗਤ ਸਿੰਘ ਨੂੰ ਆਜ਼ਾਦੀ ਦੇ ਦੀਵਾਨੇ ਦੇ ਰੂਪ ਵਿੱਚ ਦੇਖਦੀ ਹੈ ਅਤੇ ਨੌਜਵਾਨਾ ਲਈ ਇੱਕ ਵੱਡਾ ਆਦਰਸ਼ ਹਨ ਜਿਸਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲਈ ਸਮਰਪਿਤ ਕਰ ਦਿੱਤੀ। ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੈ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲਗਵਾਈਆਂ ਹਨ। ਦੇਸ਼ ਲਈ ਜਾਨ ਵਾਰਨ ਵਾਲੇ  ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ। 

ਐਡਵੋਕੇਟ ਕੁਲਦੀਪ ਚੰਦ ਦੋਭੇਟਾ

ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ

ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ

ਫੌਨ: 9417563054