}
                                                                           

Articles

Home

ਸਾਹਿਬ ਕਾਂਸ਼ੀ ਰਾਮ ਨੇ ਦੱਬੇ ਕੁਚਲੇ ਵਰਗਾਂ ਨੂੰ 85 ਫਿਸਦੀ ਦਾ ਨਾਅਰਾ ਦੇਕੇ ਅਤੇ ਸੰਗਠਿਤ ਕਰਕੇ ਅਪਣੇ ਹੱਕਾਂ ਲਈ ਲੜ੍ਹਣ ਅਤੇ ਰਾਜਨੀਤੀ ਲਈ ਤਿਆਰ ਕੀਤਾ।

ਭਾਰਤ ਦੀ ਅਬਾਦੀ ਦਾ ਵੱਡਾ ਹਿੱਸਾ ਸਮਾਜਿਕ ਅਤੇ ਧਾਰਮਿਕ ਕੁਪ੍ਰਥਾਵਾਂ ਦਾ ਸ਼ਿਕਾਰ ਰਿਹਾ ਹੈ। ਇਸ ਵਿੱਤਕਰੇ ਨੂੰ ਖਤਮ ਕਰਨ ਲਈ ਸਮੇਂ ਸਮੇਂ ਤੇ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਮੁਹਿੰਮ ਚਲਾਈ ਹੈ। 15 ਅਗੱਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ ਪਰ ਜਾਤ ਅਧਾਰਿਤ ਵਿਤਕਰੇ ਤੋਂ ਬਹੁਤੇ ਲੋਕਾਂ ਨੂੰ ਅਜਾਦੀ ਨਾਂ ਮਿਲ ਸਕੀ। ਇਸ ਅਜਾਦੀ ਦੀ ਲੋਅ ਅਛੂਤਾਂ ਅਤੇ ਪੱਛੜੇ ਵਰਗਾਂ ਦੇ ਘਰਾਂ ਤੱਕ ਪਹੁੰਚਾਣ ਲਈ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ ਮਾਨਿਆਵਾਰ ਵੀ ਕਿਹਾ ਜਾਂਦਾ ਹੈ ਨੇ ਮੁਹਿੰਮ ਚਲਾਈ ਅਤੇ ਉੱਤਰ ਪ੍ਰਦੇਸ਼ ਵਰਗੇ ਸੂੱਬੇ ਵਿੱਚ ਸਰਕਾਰ ਬਣਾਕੇ ਮੰਨੂਵਾਦੀ ਸੱਤਾਧਾਰੀ ਕੁਪ੍ਰਥਾ ਨੂੰ ਤੋੜਿਆ। ਸਾਹਿਬ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨਾਨਾ ਸਾਹਿਬ ਦਿਤਾ ਅਤੇ ਨਾਨੀ ਪ੍ਰਸਿੰਨੀ ਦੇਵੀ ਦੇ ਘਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਜਿਲ੍ਹਾ ਰੂਪਨਗਰ ਵਿੱਚ ਹੋਇਆ। ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਆਪ ਸਭ ਤੋਂ ਵੱਡੇ ਸਨ ਅਤੇ ਚਮਾਰ ਜਾਤ ਨਾਲ ਸਬੰਧ ਰੱਖਦੇ ਸਨ ਜੋਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ। ਆਪ ਦਾ ਪਰਿਵਾਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਰੂਪਨਗਰ ਜਿਲ੍ਹੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸਬੰਧਿਤ ਸਨ ਪ੍ਰੰਤੂ ਆਪ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨ੍ਹਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਆਪ ਦਾ ਨਾਨੀ ਨਾਲ ਗੂੜ੍ਹਾ ਪਿਆਰ ਸੀ ਜਿਸ ਕਰਕੇ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ ਅਤੇ ਆਪਣਾ ਮਕਾਨ ਵੀ ਨਾਨਕੇ ਪਿੰਡ ਵਿੱਚ ਪ੍ਰਿਥੀਪੁਰ ਬੁੰਗਾ ਵਿੱਚ ਹੀ ਬਣਾਇਆ ਸੀ। ਆਪ ਨੇ ਮੁਢਲੀ ਪੜ੍ਹਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ ਸਕੂਲ ਰੋਪੜ੍ਹ ਤੋਂ ਕਰਨ ਉਪਰੰਤ 1956 ਵਿੱਚ ਸਰਕਾਰੀ ਕਾਲਜ ਰੋਪੜ੍ਹ ਤੋਂ ਵਿਗਿਆਨ ਵਿਸ਼ੇ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਦੌਰਾਨ ਆਪ ਦੀ ਮੰਗਣੀ ਦੋਆਬੇ ਦੇ ਇੱਕ ਕਾਂਗਰਸੀ ਵਿਧਾਇਕ ਦੀ ਲੜਕੀ ਨਾਲ ਹੋ ਚੁੱਕੀ ਸੀ ਪਰ ਆਪ ਨੇ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿਤਾ। ਸਾਲ 1957 ਵਿੱਚ ਆਪ ਨੇ ਸਰਵੇ ਆਫ ਇੰਡੀਆ ਦੀ ਪ੍ਰੀਖਿੱਆ ਪਾਸ ਕੀਤੀ ਅਤੇ ਇਸਦੀ ਟ੍ਰੇਨਿੰਗ ਲਈ ਦੇਹਰਾਦੂਨ ਚੱਲੇ ਗਏ। ਇਸ ਟ੍ਰੇਨਿੰਗ ਲਈ ਸਮੂਹ ਸਿਖਿੱਆਰਥੀਆਂ ਨੂੰ ਇੱਕ ਬਾਂਡ ਭਰਨ ਲਈ ਕਿਹਾ ਗਿਆ ਜਿਸ ਅਨੁਸਾਰ ਇੱਕ ਨਿਸ਼ਚਿੱਤ ਸਮੇਂ ਲਈ ਸਰਵੇ ਆਫ ਇੰਡੀਆ ਵਿੱਚ ਨੌਕਰੀ ਕਰਨਾ ਜਰੂਰੀ ਸੀ ਪਰੰਤੂ ਆਪ ਨੇ ਬਾਂਡ ਭਰਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਇਹ ਟ੍ਰੇਨਿੰਗ ਛੱਡਕੇ ਵਾਪਸ ਆ ਗਏ। ਇਸਤੋਂ ਬਾਦ ਆਪ ਨੇ ਰੱਖਿਆ ਉਤਪਾਦਨ ਵਿਭਾਗ ਪੂਨਾ ਵਿੱਚ ਸਹਾਇਕ ਵਿਗਿਆਨੀ ਦੇ ਤੋਰ ਤੇ ਨੌਕਰੀ ਸ਼ੁਰੂ ਕੀਤੀ। 1965 ਵਿੱਚ ਇਸ ਅਦਾਰੇ ਵਿੱਚ ਡਾਕਟਰ ਅੰਬੇਡਕਰ ਅਤੇ ਮਹਾਤਮਾ ਬੁੱਧ ਦੇ ਜਨਮ ਦਿਵਸ ਸਬੰਧੀ ਹੋਣ ਵਾਲੀਆਂ ਛੁੱਟੀਆਂ ਪ੍ਰਬੰਧਕਾਂ ਵਲੋਂ ਰੱਦ ਕਰਨ ਦੇ ਵਿਰੋਧ ਵਿੱਚ ਆਪ ਨੇ ਇੱਕ ਹੋਰ ਅਛੂਤ ਸਟਾਫ ਮੈਂਬਰ ਦੀਨਾ ਭਾਨਾ ਨਾਲ ਮਿਲਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਘਰਸ ਕਰਕੇ ਬੰਦ ਕੀਤੀਆਂ ਗਈਆਂ ਇਹ ਛੁੱਟੀਆਂ ਮੁੜ੍ਹ ਸ਼ੁਰੂ ਕਰਵਾਈਆਂ। ਇਸ ਤੋਂ ਬਾਦ ਆਪ ਨੇ ਸਾਲ 1971 ਵਿੱਚ ਅਪਣੀ ਇਸ ਨੌਕਰੀ ਤੋਂ ਤਿਆਗ ਪੱਤਰ ਦੇ ਦਿਤਾ ਅਤੇ ਦੇਸ਼ ਵਿੱਚ ਹੱਕਾਂ ਤੋਂ ਬਾਂਝੇ ਦਲਿਤਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਦਿਤੀ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਕਰਮਚਾਰੀ ਵੈਲਫੇਅਰ ਸੰਸਥਾ ਬਾਮਸੇਫ ਦੀ ਸਥਾਪਨਾ ਕੀਤੀ। ਆਪ ਨੇ ਸ਼ੁਰੂ ਵਿੱਚ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਸਮਰਥਨ ਕੀਤਾ ਪਰ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਇਸ ਦੇ ਸਹਿਯੋਗ ਕਾਰਨ ਨਰਾਜ ਹੋ ਗਏ। ਆਦਿ ਧਰਮ ਲਹਿਰ ਦੇ ਆਗੂ ਅਤੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਪਨਾ ਸੱਚ ਕਰ ਦਿਖਾਇਆ। ਆਪ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਜੋਕਿ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਵਿਚਕਾਰ ਸਮਝੋਤਾ ਸੀ ਨੇ ਸਿਰਫ ਚੱਮਚੇ ਹੀ ਪੈਦਾ ਕੀਤੇ ਹਨ। ਉਹ ਅਕਸਰ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੋਤੇ ਕਾਰਨ ਪੀ ਐਮ ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦਿੱਤੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਅਪਣੀ ਕਿਤਾਬ ਚੱਮਚਾ ਯੁੱਗ ਵਿੱਚ ਇਸ ਸਬੰਧੀ ਵਿਸਥਾਰ ਵਿੱਚ ਵਰਣਨ ਕੀਤਾ ਹੈ। ਆਪ ਨੇੇ ਦਲੀਲ ਦਿੱਤੀ ਕਿ ਦਲਿਤਾਂ ਨੂੰ ਦੂਜੀਆਂ ਪਾਰਟੀਆਂ ਨਾਲ ਕੰਮ ਕਰਕੇ ਸਮਝੌਤਾ ਕਰਨ ਦੀ ਬਜਾਏ ਆਪਣੇ ਸਮਾਜ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ। ਸਾਲ 1973 ਵਿੱਚ ਬੈਕਵਰਡ ਐਂਡ ਮਾਇਨਾਰਿਟੀ ਕਮਿਉਨਿਟੀ ਇੰਮਪਲਾਇਜ਼ ਫੈਡਰੇਸ਼ਨ –ਬਾਮਸੇਫ ਦੀ ਸਥਾਪਨਾ ਕੀਤੀ ਅਤੇ 1976 ਵਿੱਚ ਇਸਦਾ ਦਫਤਰ ਦਿੱਲੀ ਵਿੱਚ ਖੋਲਿਆ ਗਿਆ। ਇਸ ਸੰਸਥਾ ਦਾ ਮੁੱਖ ਉਦੇਸ਼ ਡਾਕਟਰ ਅੰਬੇਡਕਰ ਵਲੋਂ ਦਿੱਤੇ ਗਏ ਪੜ੍ਹੋ, ਜੁੜ੍ਹੋ ਅਤੇ ਸੰਘਰਸ਼ ਕਰੋ ਰੱਖਿਆ ਗਿਆ। ਆਪ ਨੇ ਡਾਕਟਰ ਅੰਬੇਡਕਰ ਅਤੇ ਸਮਾਜ ਦੇ ਹੋਰ ਰਹਿਵਰਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਣ ਲਈ ਅਪਣੇ ਸਾਥੀਆਂ ਨਾਲ ਸਾਇਕਲ ਯਾਤਰਾ ਕੀਤੀ ਅਤੇ ਬਹੁਜਨ ਹਿਤਾਏ, ਬਹੁਜਨ ਸੁਖਾਏ ਲਹਿਰ ਚਲਾਈ। ਸਾਲ 1980 ਵਿੱਚ ਆਪ ਨੇ ਅੰਬੇਡਕਰ ਮੇਲਾ ਨਾਮ ਤੇ ਪੈਦਲ ਯਾਤਰਾ ਕੀਤੀ। ਡਾਕਟਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4 ਨਾਮ ਦਾ ਸਮਾਜਿਕ ਸੰਗਠਨ ਤਿਆਰ ਕੀਤਾ। ਆਪ ਨੇ 6 ਦਸੰਬਰ 1983 ਤੋਂ ਸਾਈਕਲ ਮਾਰਚ ਅਤੇ ਜਨਤਕ ਮੀਟਿੰਗਾਂ ਰਾਹੀਂ ਸਮਾਜਿਕ ਕਾਰਜ ਯਾਤਰਾ ਸ਼ੁਰੂ ਕੀਤੀ ਜੋ ਕੰਨਿਆਕੁਮਾਰੀ, ਕਾਰਗਿਲ, ਕੋਹਿਮਾ, ਪੁਰੀ ਅਤੇ ਪੋਰਬੰਦਰ ਤੋਂ ਸ਼ੁਰੂ ਹੋ ਕੇ 15 ਮਾਰਚ 1984 ਨੂੰ ਬੋਟ ਕਲੱਬ ਦਿੱਲੀ ਵਿਖੇ ਇੱਕ ਵਿਸ਼ਾਲ ਰੈਲੀ ਦੇ ਰੂਪ ਵਿੱਚ ਸਮਾਪਤ ਹੋਈ। ਡਾਕਟਰ ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ 1984 ਨੂੰ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ ਬਣਾ ਦਿਤੀ ਅਤੇ ਸਦੀਆਂ ਤੱਕ ਸੱਤਾ ਤੋਂ ਬਾਂਝੇ ਕਰੋੜ੍ਹਾਂ ਦਲਿਤਾਂ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ। ਆਪ ਨੇ ਕਿਹਾ ਕਿ ਪਾਰਟੀ ਪਹਿਲੀ ਚੋਣ ਹਾਰਨ ਲਈ ਅਗਲੀ ਚੋਣ ਹਰਾਉਣ ਲਈ ਅਤੇ ਤੀਜੀ ਚੋਣ ਜਿੱਤਣ ਲਈ ਲੜੇਗੀ। ਆਪ ਬਹੁਜਨ ਰਾਜਨੀਤੀ ਦੇ ਨਾਲ-ਨਾਲ ਬਹੁਜਨ ਪੱਤਰਕਾਰੀ ਦੇ ਮੁਕਤੀਦਾਤਾ ਵੀ ਸਨ। ਉਨ੍ਹਾਂ ਨੇ ਹਿੰਦੀ ਵਿੱਚ ‘ਬਹੁਜਨ ਸੰਗਠਕ’ ਹਫ਼ਤਾਵਾਰੀ ਅਤੇ ਅੰਗਰੇਜ਼ੀ ਵਿੱਚ ‘ਦਾ ਓਪਰੈਸਡ ਇੰਡੀਅਨ’ ਮਾਸਿਕ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਉਹ ਆਪ ਇਨ੍ਹਾਂ ਦੋਵਾਂ ਅਖ਼ਬਾਰਾਂ ਦੇ ਸੰਪਾਦਕ ਸਨ। ਡਾਕਟਰ ਅੰਬੇਡਕਰ ਵਲੋਂ ਬਣਾਈ ਆਰ ਪੀ ਆਈ ਅਤੇ ਦਲਿਤ ਪੈਂਥਰ ਦੀ ਦੁਰਦਸ਼ਾ ਲਈ ਮੌਕਾਪ੍ਰਸਤ ਦਲਿਤਾਂ ਨੂੰ ਜਿੰਮੇਬਾਰ ਮੰਨਦੇ ਹੋਏ ਉਹ ਸਵਾਲ ਉਠਾਉਂਦੇ ਸਨ ਕਿ ਇਸ ਤਰ੍ਹਾਂ ਅੰਬੇਡਕਰਵਾਦ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾ ਸਕਦਾ ਹੈ। ਆਪ ਪੱਛਮੀ ਬੰਗਾਲ ਦੇ ਨਮੋਸ਼ੂਦਰ ਅੰਦੋਲਨ ਦੀ ਚਰਚਾ ਕਰਦੇ ਹੋਏ ਕਹਿੰਦੇ ਸਨ ਕਿ ਅੰਗਰੇਜ਼ਾਂ ਦੇ ਦੇਸ਼ ਛੱਡਣ ਤੋਂ ਪਹਿਲਾਂ ਭਾਰਤ ਵਿੱਚ ਨਮੋਸ਼ੂਦਰ ਅੰਦੋਲਨ ਆਪਣੇ ਸਿਖਰ ਤੇ ਸੀ ਅਤੇ ਇਹ ਇੰਨਾ ਵੱਡਾ ਅੰਦੋਲਨ ਸੀ ਕਿ ਬੰਗਾਲ ਦੇ ਨਮੋਸ਼ੂਦਰ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਸੰਵਿਧਾਨ ਸਭਾ ਵਿੱਚ ਭੇਜ ਕੇ ਦੱਬੇ-ਕੁਚਲੇ ਅਤੇ ਸ਼ੋਸ਼ਿਤ ਲੋਕਾਂ ਪ੍ਰਤੀ ਆਪਣੀ ਪੂਰੀ ਵਫ਼ਾਦਾਰੀ ਦਿਖਾਈ ਪ੍ਰੰਤੂ ਬੰਗਾਲ ਦੀ ਵੰਡ ਨੇ ਨਮੋਸ਼ੂਦਰ ਅੰਦੋਲਨ ਨੂੰ ਵੀ ਵੰਡਿਆ ਹੈ ਜਿਸ ਕਾਰਨ ਅੱਜ ਨਮੋਸ਼ੂਦਰ ਲੋਕ ਜੜ੍ਹੋਂ ਰਹਿਤ ਹਨ। ਇਨ੍ਹਾਂ ਦੀਆਂ ਜੜ੍ਹਾਂ ਬੰਗਲਾਦੇਸ਼ ਵਿੱਚ ਅਤੇ ਸ਼ਾਖਾਵਾਂ ਭਾਰਤ ਵਿੱਚ ਹਨ। ਆਪ ਨੇ ਪਹਿਲੀ ਚੋਣ ਸਾਲ 1984 ਵਿੱਚ ਛੱਤੀਸਗੜ੍ਹ ਵਿੱਚ ਲੜੀ। ਸਾਲ 1988 ਵਿੱਚ ਆਪ ਨੇ ਇਲਾਹਾਬਾਦ ਸੀਟ ਤੋਂ ਵੀ.ਪੀ. ਸਿੰਘ ਦੇ ਖਿਲਾਫ ਚੋਣ ਲੜੀ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਪਰ 70000 ਦੇ ਕਰੀਬ ਵੋਟਾਂ ਨਾਲ ਹਾਰ ਹੋਈ। ਸਾਲ 1989 ਵਿੱਚ ਪੂਰਬੀ ਦਿੱਲੀ ਤੋਂ ਐਚ.ਕੇ.ਐਲ. ਭਗਤ ਦੇ ਵਿਰੁੱਧ ਅਤੇ ਅਮੇਠੀ ਵਿੱਚ ਰਾਜੀਵ ਗਾਂਧੀ ਦੇ ਵਿਰੁੱਧ ਚੋਣ ਲੜੀ ਅਤੇ ਦੋਵਾਂ ਸੀਟਾਂ ਤੇ ਤੀਜੇ ਸਥਾਨ ਤੇ ਰਹੇ। ਆਪ ਨੇ ਹੁਸ਼ਿਆਰਪੁਰ ਤੋਂ 11ਵੀਂ ਲੋਕ ਸਭਾ ਦੀ ਨੁਮਾਇੰਦਗੀ ਕੀਤੀ ਅਤੇ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਵੀ ਚੁਣੇ ਗਏ। ਸਾਲ 1992 ਵਿੱਚ ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਅਤੇ ਕਾਂਸ਼ੀ ਰਾਮ ਨੇ ਪੱਛੜੀਆਂ ਅਤੇ ਦਲਿਤ ਜਾਤੀਆਂ ਵਿੱਚ ਏਕਤਾ ਪੈਦਾ ਕਰਕੇ ਫਿਰਕੂ ਤਾਕਤਾਂ ਨੂੰ ਸੱਤਾ ਤੋਂ ਦੂਰ ਰੱਖਣ ਲਈ ਹੱਥ ਮਿਲਾਇਆ। ਯੂਪੀ ਵਿੱਚ ਮੁਲਾਇਮ ਸਿੰਘ ਯਾਦਵ ਦੀ ਅਗਵਾਈ ਵਿੱਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਗੱਠਜੋੜ ਵਾਲੀ ਸਰਕਾਰ ਬਣੀ ਪਰੰਤੂ ਇਹ ਗਠਜੋੜ ਜੂਨ 1995 ਵਿੱਚ ਟੁੱਟ ਗਿਆ। ਸਾਲ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬੀ ਐਸ ਪੀ ਨੇ ਦੇਸ਼ ਵਿੱਚ 2.07 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 3 ਲੋਕ ਸਭਾ ਮੈਂਬਰ ਬਣੇ। ਸਾਲ 1992 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਅਤੇ 9 ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀ। ਸਾਲ 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ 67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਆਪ ਦੋ ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਬਸਪਾ ਨੇ 1999 ਦੀਆਂ ਸੰਸਦੀ ਚੋਣਾਂ ਵਿੱਚ 14 ਸੰਸਦੀ ਸੀਟਾਂ ਜਿੱਤੀਆਂ ਸਨ। 18 ਫਰਵਰੀ 2001 ਨੂੰ ਆਦਿ ਧਰਮ ਮੰਡਲ ਦੀ ਸਥਾਪਨਾ ਦੇ 75 ਸਾਲ ਹੋਣ ਤੇ ਬਹੁਜਨ ਸਮਾਜ ਪਾਰਟੀ ਵਲੋਂ ਹੁਸ਼ਿਆਰਪੁਰ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਪ ਨੇ ਆਦਿ ਧਰਮ ਮੁਹਿੰਮ ਦੇ ਸਿਧਾਂਤਾਂ ਤੇ ਚੱਲਣ ਦਾ ਸੁਨੇਹਾ ਦਿਤਾ। 1998 ਵਿੱਚ ਆਪ ਨੇ ਇਹ ਵਾਅਦਾ ਕੀਤਾ ਕਿ ਉਹ ਉਦੋਂ ਤੱਕ ਆਪ ਚੋਣ ਨਹੀਂ ਲੜ੍ਹਣਗੇ ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘੱਟ 100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ ਬਣਾਈ। ਆਪ ਦੇਸ਼ ਦੇ ਬਹੁਜਨ ਸਮਾਜ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾਉਣਾ ਚਾਹੁੰਦੇ ਸਨ ਪਰ ਸਫਲ ਨਾਂ ਹੋ ਸਕੇ। ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਆਪ ਨੂੰ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਕੀਤੀ ਪਰੰਤੂ ਆਪ ਨੇ ਸਾਫ ਕਹਿ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਜਿਸ ਨਾਲ ਉਹ ਦਲਿਤਾਂ ਸਮੇਤ ਬਾਕੀ ਲੋਕਾਂ ਦੇ ਭਲੇ ਲਈ ਕੰਮ ਕਰ ਸਕਣ। ਜਿਸਕੀ ਜਿਤਨੀ ਸੰਖਿਆ ਭਾਰੀ ਉਤਨੀ ਉਸਦੀ ਹਿੱਸੇਦਾਰੀ ਦਾ ਨਾਅਰਾ ਦੇਣ ਵਾਲੇ ਕਾਂਸ਼ੀ ਰਾਮ ਸੱਤਾ ਦਾ ਚਸਕਾ ਪਾਕੇ ਸੱਤਾ ਨੂੰ ਦਲਿਤਾਂ ਦੇ ਦਰਵਾਜੇ ਤੱਕ ਲਿਆਉਣਾ ਚਾਹੁੰਦੇ ਸਨ। ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਿ੍ਹਤ ਸਨ ਅਤੇ 1994 ਵਿੱਚ ਆਪ ਨੂੰ ਦਿਲ ਦਾ ਦੌਰਾ ਪੈ ਗਿਆ। ਸਾਲ 2003 ਵਿੱਚ ਆਪ ਦੀ ਹਾਲਤ ਹੋਰ ਜਿਆਦਾ ਖਰਾਬ ਹੋ ਗਈ ਅਤੇ 2004 ਤੋਂ ਬਾਦ ਹਰ ਤਰਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿਤਾ। ਅੰਤ ਮਿਤੀ 09 ਅਕਤੂਬਰ 2006 ਨੂੰ ਕਰੋੜ੍ਹਾਂ ਲੋਕਾਂ ਦਾ ਆਗੂ ਸਦੀਵੀ ਵਿਛੋੜਾ ਦੇ ਗਏ। ਆਪ ਦੀ ਮੌਤ ਤੇ ਸ਼ੋਕ ਸੰਦੇਸ਼ ਵਿੱਚ ਉਸ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਸ਼ੀ ਰਾਮ ਨੂੰ ਸਮੇਂ ਦੇ ਮਹਾਨ ਸਮਾਜ ਸੁਧਾਰਕਾਂ ਵਿੱਚੋਂ ਇੱਕ ਦੱਸਿਆ। ਆਪ ਦੇ ਭਾਸ਼ਨਾਂ ਨੂੰ ਅਨੁਜ ਕੁਮਾਰ ਦੁਆਰਾ ਬਹੁਜਨ ਨਾਇਕ ਕਾਂਸ਼ੀ ਰਾਮ ਦੇ ਭਾਸ਼ਨ, ਐਸ.ਐਸ. ਗੌਤਮ ਅਤੇ ਏ.ਆਰ. ਦੁਆਰਾ ਸੰਕਲਿਤ ਕਾਂਸ਼ੀਰਾਮ ਦੀਆਂ ਲਿਖਤਾਂ ਅਤੇ ਭਾਸ਼ਨ ਵਰਗੀਆਂ ਕਿਤਾਬਾਂ ਵਿੱਚ ਸੰਕਲਿਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਕਾਂਸ਼ੀ ਰਾਮ ਦੇ ਨਾਮ ਉੱਤੇ ਕਈ ਸਰਕਾਰੀ ਪ੍ਰੋਗਰਾਮ ਅਤੇ ਸਕੀਮਾਂ ਅਤੇ ਜਨਤਕ ਸੰਸਥਾਵਾਂ ਹਨ। ਉਨ੍ਹਾਂ ਦੇ ਜਨਮ ਸਥਾਨ ਪਿਰਥੀਪੁਰ ਬੁੰਗਾ ਸਾਹਿਬ ਵਿੱਚ ਉਨ੍ਹਾਂ ਦੀ ਮੂਰਤੀ ਦੇ ਨਾਲ ਇੱਕ ਯਾਦਗਾਰ ਹੈ। ਲਖਨਊ ਵਿੱਚ ਗ੍ਰੀਨ ਈਕੋ ਗਾਰਡਨ ਦਾ ਨਾਮ ਉਹਨਾਂ ਦੀ ਯਾਦ ਵਿੱਚ ਰੱਖਿਆ ਗਿਆ ਹੈ। ਸਾਲ 2017 ਵਿੱਚ ਇੱਕ ਹਿੰਦੀ ਭਾਸ਼ਾ ਦੀ ਬਾਇਓਪਿਕ ਫਿਲਮ ਦਾ ਗ੍ਰੇਟ ਲੀਡਰ ਕਾਂਸ਼ੀ ਰਾਮ ਰਿਲੀਜ਼ ਕੀਤੀ ਗਈ ਸੀ ਜਿਸਦਾ ਨਿਰਦੇਸ਼ਨ ਅਤੇ ਨਿਰਮਾਣ ਅਰਜੁਨ ਸਿੰਘ ਦੁਆਰਾ ਕੀਤਾ ਗਿਆ ਸੀ। ਪੰਜਾਬੀ ਵਿੱਚ ਵੀ ਪੰਮੀ ਲਾਲੋ ਮਜਾਰਾ ਵਲੋਂ ‘‘ਮੈਂ ਕਾਂਸ਼ੀ ਰਾਮ ਬੋਲਦਾ’’ ਕਿਤਾਬ ਲਿਖੀ ਗਈ ਹੈ। ਉਨ੍ਹਾਂ ਦੇ ਪਰਿਵਾਰ ਵਲੋਂ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾ ਦੇ ਨਾਨਕੇ ਪਿੰਡ ਪ੍ਰਿਥੀਪੁਰ ਬੂੰਗਾ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ ਵਸਤਾਂ ਦੀ ਇੱਕ ਲਾਇਬ੍ਰੇਬੀ ਤਿਆਰ ਕੀਤੀ ਗਈ ਹੈ। ਇਸ ਟਰਸਟ ਦਾ ਨੀਂਹ ਪੱਥਰ ਮੋਜੂਦਾ ਬੀ ਐਸ ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ 01 ਅਗਸਤ, 1997 ਨੂੰ ਰੱਖਿਆ ਸੀ ਅਤੇ ਇਸਦਾ ਉਦਘਾਟਨ 15 ਮਾਰਚ, 2013 ਨੂੰ ਪੀ ਐਲ ਪੂਨੀਆ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤਿ ਆਯੋਗ ਨੇ ਕੀਤਾ ਸੀ। ਕਾਂਗਰਸੀ ਆਗੂ ਸ਼ਮਸੇਰ ਸਿੰਘ ਦੂਲੋਂ ਵਲੋਂ ਇਸ ਪਿੰਡ ਵਿੱਚ ਵਿਸ਼ੇਸ਼ ਤੌਰ ਤੇ ਇੱਕ ਭਵਨ ਬਣਵਾਇਆ ਗਿਆ ਹੈ। ਏਕਤਾ ਫਾਂਉਡੇਸ਼ਨ ਵਲੋਂ ਸਤਵਿੰਦਰ ਮਦਾਰਾ ਦੀ ਅਗਵਾਈ ਵਿੱਚ ਸਾਹਿਬ ਕਾਂਸ਼ੀ ਰਾਮ ਦੇ ਪ੍ਰਚਾਰ ਲਈ ਮਿਸ਼ਨ ਚਲਾਇਆ ਜਾ ਰਿਹਾ ਹੈ। ਸਾਹਿਬ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ ਅਤੇ ਸਮੇਂ ਸਮੇਂ ਤੇ ਸਮਾਜਿਕ, ਧਾਰਮਿਕ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਹੋਰ ਆਗੂ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦੇ ਹਨ। ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੇ ਜਨਮ ਦਿਵਸ ਸਬੰਧੀ ਪ੍ਰਿਥੀਪੁਰ ਬੁੰਗਾ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਪਹੁੰਚਕੇ ਸਮਾਜ ਦੀ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨਗੇ।

 ਐਡਵੋਕੇਟ ਕੁਲਦੀਪ ਚੰਦ ਦੋਭੇਟਾ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ ਫੌਨ: 9417563054