|
ਰਾਜਨੀਤਿਕ ਆਗੂਆਂ ਦੀ ਧਾਰਮਿਕ ਡੇਰਿਆਂ
ਪ੍ਰਤੀ ਦਿਆਲਤਾ ਅਤੇ ਸਮਾਜ ਪ੍ਰਤੀ ਲਾਪਰਵਾਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਵਿੱਚ ਲਗਭਗ 32% ਅਨੁਸੂਚਿਤ ਜਾਤਾਂ ਦੀ ਆਬਾਦੀ
ਹੈ ਅਤੇ ਦਲਿਤਾਂ ਵਿੱਚ ਦੋ ਜਾਤਾਂ ਬਾਲਮਿਕੀ ਅਤੇ ਚਮਾਰ ਹੀ ਵੱਡੀ ਗਿਣਤੀ ਵਿੱਚ ਹਨ
ਅਤੇ ਹਰ ਖੇਤਰ ਵਿੱਚ ਅਪਣਾ ਪ੍ਰਭਾਵ ਰੱਖਦੇ ਹਨ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਤੇ
ਵਾਪਰੀਆਂ ਅਤਿੱਆਚਾਰ ਦੀਆਂ ਘਟਨਾਵਾਂ ਵੇਖੀਏ ਤਾਂ ਵੀ ਸਪੱਸ਼ਟ ਪਤਾ ਚੱਲਦਾ ਹੈ ਕਿ ਇਹ
ਦੋ ਜਾਤਾਂ ਹੀ ਸਭ ਤੋਂ ਵੱਧ ਅਤਿੱਆਚਾਰਾਂ ਦਾ ਸ਼ਿਕਾਰ ਹੋਈਆਂ ਹਨ।
ਚਮਾਰ
ਆਪਸ ਵਿੱਚ ਵੰਡੇ ਹੋਣ ਦੇ ਬਾਬਜੂਦ ਸ੍ਰੀ ਗੁਰੂ ਰਵਿਦਾਸ ਜੀ ਨੂੰ ਮੰਨਦੇ ਹਨ। ਪੰਜਾਬ
ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿੱਚ 10 ਹਜਾਰ ਤੋਂ ਵੱਧ ਸ਼੍ਰੀ ਗੁਰੂ
ਰਵਿਦਾਸ ਜੀ ਦੇ ਨਾਮ ਤੇ ਧਾਰਮਿਕ ਸਥਾਨ ਬਣੇ ਹੋਏ ਹਨ ਜਿੱਥੇ ਸੰਗਤ ਹਰ ਸਾਲ ਪ੍ਰਕਾਸ਼
ਉਤਸਵ ਵੱਡੇ ਪੱਧਰ ਤੇ ਮੰਨਾਉਦੀ ਹੈ। ਪੰਜਾਬ ਵਿੱਚ 100 ਤੋਂ ਵੱਧ ਡੇਰੇ ਬਣੇ ਹੋਏ ਹਨ
ਅਤੇ ਕਈ ਡੇਰਿਆਂ ਦਾ ਇਤਿਹਾਸ ਗੁਰੂ ਰਵਿਦਾਸ ਜੀ ਨਾਲ ਜੁੜ੍ਹਿਆ ਹੋਇਆ ਹੈ। ਕਈ
ਡੇਰਿਆਂ ਦਾ ਆਪਸੀ ਵਿਵਾਦ ਚੱਲ ਰਿਹਾ ਹੈ ਅਤੇ ਕਈ ਮਾਮਲੇ ਮਾਣਯੋਗ ਅਦਾਲਤਾਂ ਵਿੱਚ
ਚੱਲ ਰਹੇ ਹਨ। ਕੁੱਝ ਡੇਰਿਆਂ ਵਿੱਚ ਸਮਾਜ ਦੀ ਭਲਾਈ ਦੇ ਵਧੀਆ ਕੰਮ ਕੀਤੇ ਜਾ ਰਹੇ ਹਨ
ਪਰ ਕਈ ਡੇਰਿਆਂ ਵਿੱਚ ਗੱਲਤ ਅਤੇ ਗੈਰ ਸਮਾਜੀ ਕੰਮ ਚੱਲਦੇ ਹੋਣ ਦੇ ਮਾਮਲੇ ਵੀ ਚਰਚਾ
ਦਾ ਵਿਸ਼ਾ ਬਣਦੇ ਹਨ। ਬਹੁਤੇ ਡੇਰੇ ਗੁਰੂ ਰਵਿਦਾਸ ਦੀ ਬਾਣੀ ਅਤੇ ਸੁਨੇਹੇ ਦਾ ਪ੍ਰਚਾਰ
ਕਰਨ ਨਾਲੋਂ ਵੱਧ ਅਪਣੇ ਡੇਰਿਆਂ ਅਤੇ ਡੇਰਾ ਸੰਚਾਲਕਾਂ ਦਾ ਵੱਧ ਗੁਣਗਾਣ ਕਰਦੇ ਹਨ।
ਇਸਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਚਮਾਰ ਕਿਸੇ ਵੀ ਇੱਕ ਵਿਸ਼ੇਸ ਡੇਰੇ ਨਾਲ
ਨਹੀਂ ਜੁੜ੍ਹੇ ਹੋਏ ਹਨ।
ਪਿਛਲੇ ਦਿਨੀਂ ਆਰ ਟੀ ਆਈ ਦੇ ਅਧਾਰ ਤੇ ਇੱਕ ਖਬਰ
ਜਿਸ ਵਿੱਚ ਸਪੱਸ਼ਟ ਪਤਾ ਚੱਲਦਾ ਹੈ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ
ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਫੰਡ
ਵਿੱਚੋਂ ਡੇਰਾ ਸੱਚਖੰਡ ਬੱਲਾਂ ਜਲੰਧਰ ਵਿਖੇ ‘‘ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਐਨ
ਕੇਂਦਰ’’ ਲਈ ਮਿਤੀ 25 ਮਾਰਚ 2023 ਨੂੰ 25 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ
ਸੀ ਪਰੰਤੂ 10 ਮਹੀਨਿਆਂ ਬਾਦ ਵੀ ਇਸ ਫੰਡ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਸਬੰਧੀ
ਮੀਡੀਆ ਵਿੱਚ ਵੀ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਸੀ ਅਤੇ ਜਲੰਧਰ ਇਲਾਕੇ ਵਿੱਚ
ਖੂਬ ਇਸ਼ਤਿਹਾਰਬਾਜ਼ੀ ਕੀਤੀ ਗਈ। ਇਨ੍ਹਾਂ ਨੇ ‘‘ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ’’
ਦਾ ਨੀਂਹ ਪੱਥਰ ਰੱਖਿਆ ਅਤੇ ਕੰਮ ਸ਼ੁਰੂ ਕਰਨ ਲਈ 25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਇਸ
ਡੇਰੇ ਨੂੰ ਸੌਂਪੀ ਸੀ। ਇਸਤੋਂ ਪਹਿਲਾਂ ਵੀ 28 ਦਸੰਬਰ 2021 ਨੂੰ ਕਾਂਗਰਸ ਪਾਰਟੀ ਦੀ
ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ‘ਗੁਰੂ ਰਵਿਦਾਸ ਬਾਣੀ
ਅਧਿਅਨ ਕੇਂਦਰ’ ਦੀ ਸਥਾਪਨਾ ਲਈ ਚੋਣ ਜ਼ਾਬਤਾ ਲੱਗਣ ਤੋਂ ਠੀਕ ਪਹਿਲਾਂ ਡੇਰਾ ਬੱਲਾਂ
ਦੇ ਮੁਖੀ ਨੂੰ 25 ਕਰੋੜ ਰੁਪਏ ਦਾ ਚੈੱਕ ਸੌਂਪਿਆ ਸੀ। ਵੱਖ ਵੱਖ ਸਰਕਾਰਾਂ ਵਲੋਂ ਇਸ
ਡੇਰੇ ਨੂੰ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਗਰਾਂਟ ਜਾਰੀ ਕੀਤੀ ਗਈ ਪਰੰਤੂ
ਇਤਿਹਾਸਿਕ ਧਾਰਮਿਕ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿੱਚ ਲੱਗਭੱਗ 110 ਕਰੋੜ ਰੁਪਏ
ਦੇ ਬਜਟ ਨਾਲ ਬਣਨ ਵਾਲਾ ਮਿਨਾਰ-ਏ-ਬੇਗਮਪੁਰਾ ਜਿਸਦਾ ਉਦਘਾਟਨ 03 ਅਪ੍ਰੈਲ, 2016
ਨੂੰ ਹੋਇਆ ਸੀ ਅਤੇ 15 ਮਹੀਨਿਆਂ ਵਿੱਚ ਮੁਕੰਮਲ ਹੋਣਾ ਸੀ ਦਾ ਕੰਮ ਅਜੇ ਵੀ ਮੁਕੰਮਲ
ਨਹੀਂ ਹੋਇਆ ਹੈ। ਇਸ ਪ੍ਰੋਜੈਕਟ ਲਈ ਵੀ ਅਕਸਰ ਫੰਡਾਂ ਦੀ ਘਾਟ ਰਹੀ ਹੈ। ਇਸ ਵੇਲੇ
ਵੱਖ ਵੱਖ ਯੂਨੀਵਰਸਿਟੀਆਂ ਵਿੱਚ ਗੁਰੂ ਰਵਿਦਾਸ ਸਮੇਤ ਕਈ ਹੋਰ ਸਥਾਪਤ ਕੁਰਸੀਆਂ ਹਨ
ਪ੍ਰੰਤੂ ਇਹ ਦੁਖਾਂਤ ਹੈ ਕਿ ਇਨ੍ਹਾਂ ਕੁਰਸੀਆਂ ਵਿੱਚੋਂ ਬਹੁਤੀਆਂ ਫੰਡਾਂ ਦੀ ਘਾਟ
ਨਾਲ ਖਾਨਾਪੂਰਤੀ ਬਣਕੇ ਹੀ ਰਹਿ ਗਈਆਂ ਹਨ। ਇਨ੍ਹਾਂ ਯੂਨੀਵਰਸਿਟੀਆਂ ਵਿੱਚ ਵੱਧਦੀਆਂ
ਫੀਸਾਂ ਅਤੇ ਹੋਰ ਖਰਚੇ ਵਿਦਿਆਰਥੀਆਂ ਦੀ ਉਚੇਰੀ ਪੜ੍ਹਾਈ ਵਿੱਚ ਵੱਡੀਆਂ ਰੁਕਾਵਟਾਂ
ਬਣਦੀਆਂ ਹਨ।
ਪੰਜਾਬ ਵਿੱਚ ਅਜਾਦੀ ਤੋਂ ਪਹਿਲਾਂ 1926 ਵਿੱਚ ਚਮਾਰ ਜਾਤ
ਨਾਲ ਸਬੰਧਿਤ ਗਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਅਗਵਾਈ ਵਿੱਚ 11-12 ਜੂਨ
1926 ਨੂੰ ਪਿੰਡ ਮੂਗੋਵਾਲ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਪੰਜਾਬ, ਰਾਜਸਥਾਨ, ਉਤੱਰ
ਪ੍ਰਦੇਸ, ਦਿੱਲੀ, ਕਲਕੱਤਾ ਆਦਿ ਤੋਂ ਵੱਖ-ਵੱਖ ਜਾਤਾਂ ਦੇ ਹਜਾਰਾਂ ਲੋਕਾਂ ਜਿਨ੍ਹਾਂ
ਨੂੰ ਅਛੂਤ ਮੰਨਿਆਂ ਜਾਂਦਾ ਸੀ ਦਾ ਭਾਰੀ ਇਕੱਠ ਹੋਇਆ ਅਤੇ ਆਦ ਧਰਮ ਮੰਡਲ ਦੀ ਸਥਾਪਨਾ
ਕੀਤੀ ਗਈ। ਆਦ ਧਰਮ ਮੰਡਲ ਦੇ ਆਗੂਆਂ ਦੇ ਸੰਘਰਸ਼ ਕਾਰਨ ਅਛੂਤਾਂ ਨੂੰ ਪੜ੍ਹਣ ਲਿਖਣ
ਦੀਆਂ ਸਹੂਲਤਾਂ, ਵੋਟ ਦਾ ਅਧਿਕਾਰ ਪ੍ਰਾਪਤ ਹੋਇਆ, ਬੇਗਾਰ ਪ੍ਰਥਾ ਬੰਦ ਕਰਵਾਈ, ਫੌਜ
ਅਤੇ ਪੁਲਿਸ ਵਿੱਚ ਭਰਤੀ ਸ਼ੁਰੂ ਹੋਈ, ਰਜਤਨਾਮੇ ਖਤਮ ਕਰਕੇ ਘਰਾਂ ਦੇ ਮਾਲਕ ਬਣਾਇਆ
ਗਿਆ। 26 ਫਰਵਰੀ 1930 ਨੂੰ ਆਦ ਧਰਮ ਰਜਿਸਟਰਡ ਹੋਇਆ ਅਤੇ ਸਾਲ 1931 ਵਿੱਚ ਹੋਈ
ਭਾਰਤ ਵਿੱਚ ਜਨਗਣਨਾ ਵਿੱਚ ਪਹਿਲੀ ਵਾਰ ਆਦ ਧਰਮ ਨੂੰ ਜੋੜ੍ਹਿਆ ਗਿਆ। ਉਸ ਵੇਲੇ
ਪੰਜਾਬ ਦੀ ਕੁੱਲ ਅਬਾਦੀ ਲੱਗਭੱਗ 28491000 ਸੀ ਅਤੇ ਅਤੇ ਪੰਜਾਬ ਵਿੱਚ ਲੱਗਭੱਗ
418789 ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲੱਗਭੱਗ 1.5 ਫਿਸਦੀ ਸੀ ਨੇ ਅਪਣਾ ਧਰਮ
ਆਦ ਧਰਮ ਲਿਖਾਇਆ ਸੀ। ਸਾਲ 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦ ਧਰਮ
ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਚੌਣ ਲੜ੍ਹੀ ਅਤੇ ਰਾਖਵੀਆਂ
8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ ਅਤੇ 8ਵੀਂ ਸੀਟ ਜੋਕਿ ਸਿਰਫ 07 ਵੋਟਾਂ
ਨਾਲ ਹਾਰੀ ਸੀ ਜਿੱਤਣ ਵਾਲਾ ਮੂਲਾ ਸਿੰਘ ਬਲਾਚੌਰ ਵੀ ਬਾਦ ਵਿੱਚ ਆਦ ਧਰਮ ਮੰਡਲ ਵਿੱਚ
ਸ਼ਾਮਿਲ ਹੋ ਗਿਆ ਸੀ। ਸਾਲ 1946 ਵਿੱਚ ਹੋਈਆਂ ਚੌਣਾਂ ਵਿੱਚ ਬਾਬੂ ਮੰਗੂ ਰਾਮ ਆਪਣੇ
04 ਹੋਰ ਸਾਥੀਆਂ ਨਾਲ ਵਿਧਾਇਕ ਬਣੇ। ਸਾਲ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ
ਮਿਸਟਰ ਮੁਹੰਮਦ ਅਲੀ ਜਿਨਾਹ ਦਾ ਸਕੱਤਰ ਅਪਣੇ ਨਾਲ ਚੌਧੀਰ ਸੁੰਦਰ ਦਾਸ, ਮਾਸਟਰ
ਗੁਰਬੰਤਾ ਸਿੰਘ ਅਤੇ ਕਈ ਹੋਰ ਅਫਸਰਾਂ ਨੂੰ ਨਾਲ ਲੈਕੇ ਪਿੰਡ ਮੂਗੋਵਾਲ ਪਹੁੰਚਿਆ ਅਤੇ
ਮੰਗ ਰੱਖੀ ਕਿ ਜੇਕਰ ਆਦ ਧਰਮ ਮੰਡਲ ਦੇ ਆਗੂ ਮੁਸਲਿਮ ਲੀਗ ਦੀ ਗੱਲ ਮੰਨਕੇ ਪਾਕਿਸਤਾਨ
ਨਾਲ ਮਿਲ ਜਾਣ ਤਾਂ 50 ਮੁਰੱਬੇ ਜਮੀਨ ਅਤੇ 50 ਹਜਾਰ ਰੁਪਏ ਦੇਣਗੇ ਜਿਸਨੂੰ ਬਾਬੂ
ਮੰਗੂ ਰਾਮ ਅਤੇ ਹੋਰ ਸਾਥੀਆਂ ਨੇ ਠੁਕਰਾ ਦਿਤਾ। ਸਰਕਾਰਾਂ ਵਲੋਂ ਇਸ ਮਹਾਨ ਆਗੂ ਅਤੇ
ਆਦ ਧਰਮ ਨੂੰ ਹੁਣ ਤੱਕ ਅਣਗੋਲਿਆਂ ਹੀ ਕੀਤਾ ਗਿਆ ਹੈ। ਅਜ਼ਾਦੀ ਤੋਂ ਬਾਦ ਦਲਿਤ
ਅੰਦੋਲਨ ਚਲਾਉਣ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਆਗੂ ਸਾਹਿਬ ਕਾਂਸ਼ੀ ਰਾਮ ਜੋ
ਕਿ ਚਮਾਰ ਜਾਤ ਨਾਲ ਹੀ ਸਬੰਧਿਤ ਸੀ ਦੇ ਜਨਮ ਸਥਾਨ ਤੇ ਬੇਸ਼ੱਕ ਵੱਖ ਵੱਖ ਰਾਜਨੀਤਿਕ
ਪਾਰਟੀਆਂ ਦੇ ਆਗੂ ਪਹੁੰਚਦੇ ਹਨ ਪਰੰਤੂ ਹੁਣ ਤੱਕ ਕਿਸੇ ਸਰਕਾਰ ਵਲੋਂ ਇਸ ਆਗੂ ਅਤੇ
ਉਸਦੇ ਅੰਦੋਲਨ ਨੂੰ ਸੰਭਾਲਣ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ।
ਪੰਜਾਬ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ
ਵਲੋਂ ਬੇਸ਼ੱਕ ਡੇਰਿਆਂ ਰਾਹੀਂ ਚਮਾਰ ਵੋਟਰਾਂ ਨੂੰ ਆਕਰਸ਼ਿਤ ਕਰਨ ਦੀਆਂ ਚਾਲਾਂ ਚੱਲੀਆਂ
ਜਾ ਰਹੀਆਂ ਹਨ ਪ੍ਰੰਤੂ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਦਲਿਤਾਂ ਦੀਆਂ ਸਮੱਸਿਆਵਾਂ
ਦਾ ਹੱਲ ਨਹੀਂ ਹੋ ਰਿਹਾ ਹੈ। ਪੰਜਾਬ ਵਿੱਚ ਰਹਿਣ ਵਾਲੇ ਦਲਿਤਾਂ ਦੇ ਕਈ ਮੁੱਦੇ ਲਟਕੇ
ਹੋਏ ਹਨ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੋਏ ਘਪਲੇ ਅਕਸਰ ਚਰਚਾ ਵਿੱਚ ਰਹੇ ਹਨ,
ਬਹੁਤੇ ਵਿਦਿਆਰਥੀ ਰੋਲ ਨੰਬਰਾਂ ਅਤੇ ਡਿਗਰੀਆਂ ਲਈ ਪ੍ਰੇਸ਼ਾਨ ਹੁੰਦੇ ਹਨ, ਪੰਜਾਬ
ਵਿੱਚ ਤਰੱਕੀਆਂ ਵਿੱਚ ਰਾਖਵੇਂਕਰਨ ਸਬੰਧੀ 85ਵੇਂ ਸੰਵਿਧਾਨ ਸੋਧ ਐਕਟ ਨੂੰ ਲਾਗੂ ਨਾ
ਕਰਨਾ, ਸਪੈਸ਼ਲ ਕੰਪੋਨੈਂਟ ਪਲਾਨ ਅਧੀਨ ਅਲਾਟ ਕੀਤੇ ਫੰਡਾਂ ਦੀ ਗੈਰ-ਵਰਤੋਂ/ਉਪਯੋਗ ਨਾ
ਹੋਣਾ, ਜਾਅਲੀ ਸਰਟੀਫਿਕੇਟਾਂ ਵਾਲੇ ਵਿਅਕਤੀਆਂ ਖਿਲਾਫ ਕਨੂੰਨੀ ਕਾਰਵਾਈ ਕਰਨਾ,
ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਨਾ, ਪੋਸਟ ਮੈਟਰਿਕ ਸਕਾਲਰਸ਼ਿਪ ਨੂੰ ਸਹੀ ਅਤੇ
ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨਾ, ਖਾਲੀ ਪਈਆਂ ਅਸਾਮੀਆਂ ਦਾ ਬੈਕਲਾਗ ਪੂਰਾ
ਕਰਨਾ, ਸ਼ਾਮਲਾਟ ਜ਼ਮੀਨ ਵਿਚੋਂ ਤੀਜਾ ਹਿੱਸਾ ਅਨੁਸੂਚਿਤ ਜਾਤਾਂ ਨੂੰ ਦੇਣਾ, ਦਲਿਤਾਂ
ਦੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਲਈ ਕੰਮ ਕਰਨਾ ਆਦਿ ਵਰਗੇ
ਗੰਭੀਰ ਮੁੱਦੇ ਹਨ ਜਿਨ੍ਹਾਂ ਨੂੰ ਲੈਕੇ ਅਕਸਰ ਹੀ ਵਿਚਾਰ ਚਰਚਾ ਅਤੇ ਸੰਘਰਸ਼ ਹੁੰਦਾ
ਰਿਹਾ ਹੈ ਅਤੇ ਇਹ ਮਸਲੇ ਅਜੇ ਵੀ ਅਣਸੁਲਝੇ ਪਏ ਹਨ ਵੱਖ ਵੱਖ ਸਰਕਾਰਾਂ ਵਲੋਂ ਦਲਿਤਾਂ
ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਹਰ ਸਰਕਾਰ ਵਲੋਂ ਲਾਰੇ ਲੱਪੇ ਲਗਾਏ ਜਾਂਦੇ
ਹਨ। ਸਰਕਾਰਾਂ ਅਤੇ ਰਾਜਨੀਤਿਕ ਆਗੂਆਂ ਦੀ ਧਾਰਮਿਕ ਡੇਰਿਆਂ ਪ੍ਰਤੀ ਦਿਆਲਤਾ ਅਤੇ
ਸਮਾਜ ਪ੍ਰਤੀ ਲਾਪਰਵਾਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਐਡਵੋਕੇਟ ਕੁਲਦੀਪ ਚੰਦ
ਦੋਭੇਟਾ ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ ਤਹਿਸੀਲ ਨੰਗਲ ਜਿਲ੍ਹਾ
ਰੂਪਨਗਰ ਪੰਜਾਬ 9417563054
|
|