|
ਸਦੀਆਂ ਤੋਂ ਦੱਬੇ ਕੁਚਲੇ ਵਰਗਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ
ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ।
ਕੁੱਝ ਅਕਾਲੀ ਆਗੂਆਂ ਦੇ ਧੋਖੇ ਕਾਰਨ ਡਾਕਟਰ ਅੰਬੇਡਕਰ
ਨੇ ਸਿੱਖ ਧਰਮ ਨਾ ਅਪਣਾਇਆ।
ਡਾਕਟਰ ਭੀਮ ਰਾਮ ਰਾਓ ਅੰਬੇਡਕਰ ਦਾ ਜਨਮ ਅੱਜ ਦੇ ਦਿਨ 14 ਅਪ੍ਰੈਲ 1891 ਨੂੰ
ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ (ਹੁਣ ਮੱਧ ਪ੍ਰਦੇਸ਼ ਵਿੱਚ) ਵਿੱਚ ਸਥਾਪਿਤ
ਨਗਰ ਅਤੇ ਸੈਨਿਕ ਛਾਉਣੀ ਮਊ ਵਿੱਚ ਹੋਇਆ ਸੀ। ਆਪ ਦੇ ਪਿਤਾ ਦਾ ਨਾਮ ਰਾਮਜੀ ਮਾਲੋਜੀ
ਸਕਪਾਲ ਅਤੇ ਮਾਤਾ ਦਾ ਨਾਮ ਭੀਮਾਬਾਈ ਮੁਰਬਾਦਕਰ ਸੀ ਅਤੇ ਉਹ ਅਪਣੇ ਮਾਤਾ ਪਿਤਾ ਦੀ
14ਵੀਂ ਅੋਲਾਦ ਸਨ। ਉਹ ਹਿੰਦੂ ਮਹਾਰ ਜਾਤਿ ਨਾਲ ਸਬੰਧ ਰੱਖਦੇ ਸੀ ਜੋ ਕਿ ਭਾਰਤ ਵਿੱਚ
ਅਛੂਤ ਕਹੀ ਜਾਂਦੀ ਸੀ ਅਤੇ ਉਹਨਾਂ ਨਾਲ ਸਮਾਜਿਕ ਅਤੇ ਆਰਥਿਕ ਰੂਪ ਨਾਲ ਭੇਦਭਾਵ ਕੀਤਾ
ਜਾਂਦਾ ਸੀ। ਡਾਕਟਰ ਅੰਬੇਡਕਰ ਦੇ ਬਜ਼ੁਰਗ ਲੰਬੇ ਸਮੇਂ ਤੋਂ ਬ੍ਰਿਟਿਸ਼ ਈਸਟ ਇੰਡੀਆਂ
ਕੰਪਨੀ ਦੀ ਸੈਨਾ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਭਾਰਤੀ ਸੈਨਾ
ਦੀ ਮਊ ਛਾਉਣੀ ਵਿੱਚ ਕੰਮ ਕਰਦੇ ਸਨ। ਸਕੂਲੀ ਪੜ੍ਹਾਈ ਵਿੱਚ ਨਿਪੁੰਨ ਹੋਣ ਦੇ ਬਾਵਜੂਦ
ਅੰਬੇਡਕਰ ਅਤੇ ਹੋਰ ਅਛੂਤ ਬੱਚਿਆਂ ਨਾਲ ਜਾਤਿ ਅਧਾਰਤ ਵਿਤਕਰਾ ਕੀਤਾ ਜਾਂਦਾ ਸੀ। ਕੁਝ
ਸਮੇਂ ਬਾਅਦ ਆਪ ਦਾ ਪਰਿਵਾਰ ਮੁੰਬਈ ਆ ਗਿਆ ਜਿੱਥੇ ਕਿ ਅੰਬੇਡਕਰ ਐਲਫਿੰਸਟੋਲ ਰੋਡ
ਸਥਿਤ ਸਰਕਾਰੀ ਹਾਈ ਸਕੂਲ ਦੇ ਪਹਿਲੇ ਦਲਿਤ ਵਿਦਿਆਰਥੀ ਬਣੇ। ਇੱਥੇ ਵੀ ਉਨ੍ਹਾਂ ਨਾਲ
ਜਾਤਿ ਅਧਾਰਿਤ ਭੇਦਭਾਵ ਹੁੰਦਾ ਰਿਹਾ। ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ ਅਜਿਹੀਆਂ
ਭੇਦਭਾਵ ਵਾਲੀਆਂ ਘਟਨਾਵਾਂ ਨੇ ਉਨ੍ਹਾਂ ਦੇ ਦਿਮਾਗ ਅਤੇ ਵਿਚਾਰਧਾਰਾ ਤੇ ਡੂੰਘਾ ਅਸਰ
ਕੀਤਾ। ਉਨ੍ਹਾਂ ਨੇ ਅਪਣੇ ਇੱਕ ਬ੍ਰਾਹਮਣ ਦੋਸਤ ਅਧਿਆਪਕ ਮਹਾਂਦੇਵ ਅੰਬੇਡਕਰ ਦੇ ਕਹਿਣ
ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ। ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ
ਨੇ ਐਲਫਿਨਸਟਨ ਕਾਲਜ਼ ਬੰਬਈ ਵਿੱਚ ਦਾਖਿਲਾ ਲਿਆ। ਸੰਨ 1912 ਵਿੱਚ ਉਨ੍ਹਾਂ ਨੇ ਬੀ ਏ
ਪਾਸ ਕਰ ਲਈ ਅਤੇ ਮਹਾਰਾਜਾ ਬੜੌਦਾ ਨੇ ਉਹਨਾਂ ਨੂੰ ਉਚੱ ਵਿਦਿਆ ਪ੍ਰਾਪਤ ਕਰਨ ਲਈ
ਸਰਕਾਰੀ ਖਰਚੇ ਤੇ ਅਮਰੀਕਾ ਭੇਜ ਦਿੱਤਾ ਅਤੇ ਆਪ ਨੇ ਪੰਜ ਵਿਸ਼ਿਆਂ ਵਿੱਚ ਐਮ.ਏ.,
ਪੀ.ਐਚ.ਡੀ., ਡੀ.ਐਸ.ਸੀ. ਐਲ.ਐਲ.ਡੀ., ਡੀ.ਲਿੱਟ, ਬਾਰ.ਐਟ ਲਾਅ ਦੀਆਂ ਡਿਗਰੀਆਂ
ਪ੍ਰਾਪਤ ਕੀਤੀਆਂ। ਆਪ ਦਾ ਵਿਆਹ ਲੱਗਭੱਗ 17 ਸਾਲ ਦੀ ਉਮਰ ਵਿੱਚ ਰਾਮਾ ਬਾਈ ਨਾਲ
ਹੋਇਆ ਅਤੇ ਆਪ ਦੇ।ਘਰ ਪੰਜ ਬੱਚਿਆਂ ਜਸ਼ਵੰਤ ਰਾਓ, ਗੰਗਾਧਰ, ਰਮੇਸ਼, ਇੰਦੂ ਅਤੇ ਰਾਜ
ਰਤਨ ਨੇ ਜਨਮ ਲਿਆ ਪਰ ਜਸਵੰਤ ਰਾਓ ਤੋਂ ਇਲਾਵਾ ਬਾਕੀ ਛੋਟੀ ਉਮਰ ਵਿੱਚ ਹੀ ਮਰ ਗਏ।
ਮਈ 1935 ਵਿੱਚ ਬਾਬਾ ਸਾਹਿਬ ਦੀ ਜੀਵਨ ਸਾਥਣ ਰਾਮਾ ਬਾਈ ਬਿਮਾਰੀ ਤੋਂ ਬਾਦ ਇਸ
ਦੁਨੀਆਂ ਨੂੰ ਅਲਵਿਦਾ ਕਹਿ ਗਈੇ। ਪੜਾਈ ਮੁਕੰਮਲ ਕਰਨ ਤੋਂ ਬਾਦ ਮਹਾਰਾਜਾ ਬੜੌਦਾ ਨੇ
ਆਪ ਨੂੰ ਫੌਜੀ ਸਕੱਤਰ ਨਿਯੁਕਤ ਕਰ ਲਿਆ ਪਰ ਇੱਥੇ ਵੀ ਉਨ੍ਹਾਂ ਨੂੰ ਅਛੂਤ ਹੋਣ ਕਾਰਨ
ਵਿਤਕਰਾ ਹੀ ਝੱਲਣਾ ਪਿਆ। ਜਦੋਂ ਉਹ ਬੰਬਈ ਦੇ ਕਾਲਜ਼ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ
ਨਿਯੁਕਤ ਹੋਏ ਤਾਂ ਉਥੇ ਵੀ ਅਛੂਤ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਿਹਾ।
ਬ੍ਰਿਟਿਸ਼ ਸਰਕਾਰ ਵਿੱਚ ਉਚੱ ਅਹੁਦੇ ਪਹਿਲਾਂ ਸਿਰਫ ਅੰਗਰੇਜਾ ਲਈ ਹੀ ਰਾਖਵੇਂ ਸਨ
ਲੋਕਾਂ ਵਲੋਂ ਕੀਤੇ ਅੰਦੋਲਨ ਬਾਦ ਸਾਊਥਬੋਰੋਹ ਸਮਿਤੀ ਦੀ ਸਿਫਾਰਿਸ਼ ਤੇ ਅੰਗਰੇਜ਼
ਸਰਕਾਰ ਨੇ ਆਈ ਸੀ ਐਸ ਦੀਆਂ 11 ਪੋਸਟਾਂ ਭਾਰਤੀਆਂ ਲਈ ਰੱਖੀਆਂ ਜਿਨ੍ਹਾਂ ਵਿਚੋਂ 4
ਹਿੰਦੂਆਂ ਲਈ, 4 ਮੁਸਲਮਾਨਾਂ ਲਈ, 2 ਸਿੱਖਾਂ ਲਈ ਅਤੇ ਇੱਕ ਐਂਗਲੋ ਇੰਡੀਅਨ ਲਈ ਰੱਖੀ
ਗਈ। ਡਾਕਟਰ ਅੰਬੇਡਕਰ ਨੇ ਇਸ ਸਮਿਤੀ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਅਛੂਤਾਂ
ਲਈ ਵੀ ਅਲੱਗ ਅਧਿਕਾਰ ਰੱਖੇ ਜਾਣ ਪਰੰਤੂ ਹਿੰਦੂਆਂ ਨੇ ਡਾਕਟਰ ਅੰਬੇਡਕਰ ਦੀ ਇਸ ਮੰਗ
ਦਾ ਸੱਖਤੀ ਨਾਲ ਵਿਰੋਧ ਕੀਤਾ ਜਿਸ ਕਾਰਨ ਇਨ੍ਹਾਂ ਵਿਚੋਂ ਕੋਈ ਵੀ ਪੋਸਟ ਅਛੂਤਾਂ ਲਈ
ਨਾਂ ਰੱਖੀ ਗਈ। ਡਾਕਟਰ ਅੰਬੇਡਕਰ ਅਤੇ ਹੋਰ ਦਲਿਤਾਂ ਦੀ ਮੰਗ ਨੂੰ ਵੇਖਦੇ ਹੋਏ
ਅੰਗਰੇਜ ਸਰਕਾਰ ਨੇ ਦਲਿਤਾਂ ਦੀ ਹਾਲਤ ਜਾਨਣ ਲਈ ਸਾਇਮਨ ਕਮਿਸ਼ਨ ਭਾਰਤ ਭੇਜਿਆ ਜਿਸਦਾ
ਡਾਕਟਰ ਅੰਬੇਡਕਰ, ਆਦਿਧਰਮ ਮੁਹਿੰਮ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਆਦਿ ਨੇ
ਸਵਾਗਤ ਕੀਤਾ ਅਤੇ ਦਲਿਤ ਜਥੇਬੰਦੀਆਂ ਨੇ ਅਪਣੀਆਂ ਮੰਗਾਂ ਇਸ ਕਮਿਸ਼ਨ ਅੱਗੇ ਰੱਖੀਆਂ।
ਕਈ ਹਿੰਦੂ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਇਸਤੋਂ ਬਾਦ ਕਮਿਸ਼ਨ ਦੀਆਂ ਤਿੰਨ
ਮੀਟਿੰਗਾਂ ਲੰਡਨ ਵਿੱਚ ਹੋਈਆਂ ਜਿਸ ਵਿੱਚ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ
ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ ਜਾਣੂ
ਕਰਵਾਇਆ। 17 ਅਗਸੱਤ 1932 ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫੈਸਲਾ
ਸੁਣਾ ਦਿਤਾ ਜਿਸਦਾ ਕਈ ਕੱਟੜ ਹਿੰਦੂ ਨੇਤਾਵਾਂ ਨੇ ਵਿਰੋਧ ਕੀਤਾ। ਕਾਂਗਰਸੀ ਆਗੂ
ਮੋਹਨ ਦਾਸ ਕਰਮ ਚੰਦ ਗਾਂਧੀ ਨੇ ਹਿੰਦੂਆਂ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਫੈਸਲੇ
ਅਤੇ ਅਛੂਤਾਂ ਨੂੰ ਮਿਲੇ ਅਧਿਕਾਰਾਂ ਖਿਲਾਫ ਮਰਨ ਵਰਤ ਸ਼ੁਰੂ ਕਰ ਦਿਤਾ ਜਿਸ ਨਾਲ ਦੇਸ਼
ਵਿੱਚ ਖਲਬਲੀ ਮਚ ਗਈ ਅਤੇ ਡਾਕਟਰ ਅੰਬੇਡਕਰ ਤੇ ਸਮਝੌਤੇ ਲਈ ਦਬਾਓ ਵੱਧ ਗਿਆ। ਅੰਤ 24
ਸਤੰਬਰ 1932 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੋਤਾ
ਹੋਇਆ ਜਿਸਨੂੰ ਪੂਨਾ ਪੈਕਟ ਕਿਹਾ ਜਾਂਦਾ ਜਿਸ ਵਿੱਚ ਅਛੂਤਾਂ ਨੂੰ ਮਿਲਿਆ ਵੱਖਰੀ
ਪ੍ਰਤੀਨਿਧਤਾ ਦਾ ਅਧਿਕਾਰ ਖਤਮ ਕੀਤਾ ਗਿਆ। ਡਾਕਟਰ ਅੰਬੇਡਕਰ ਨੇ 1936 ਵਿੱਚ ਅਜ਼ਾਦ
ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ 1937 ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ
ਦੀਆਂ ਚੋਣਾਂ ਵਿੱਚ 15 ਸੀਟਾਂ ਤੇ ਜਿੱਤ ਹਾਸਲ ਹੋਈ। ਉਨ੍ਹਾਂ ਨੇ ਹਿੰਦੁ ਧਰਮ ਅਤੇ
ਮੁਸਲਿਮ ਧਰਮ ਵਿੱਚ ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਖੁੱਲਕੇ ਲਿਖਿਆ। ਉਨ੍ਹਾਂ
ਨੇ ਮੂਕ ਨਾਇਕ-ਗੂੰਗਿਆਂ ਦਾ ਆਗੂ ਹਫਤਾਵਾਰੀ ਅਖਬਾਰ ਸ਼ਰੂ ਕੀਤਾ। ਉਨ੍ਹਾਂ ਨੇ
ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦਾ ਗਠਨ ਕੀਤਾ ਅਤੇ ਦਲਿਤਾਂ ਦੇ ਵਿਦਿਅਕ, ਸਮਾਜਿਕ ਅਤੇ
ਆਰਥਿਕ ਵਿਕਾਸ ਲਈ ਕੰਮ ਕੀਤਾ। ਡਾਕਟਰ ਅੰਬੇਡਕਰ ਨੇ ਰੱਖਿਆ ਸਲਾਹਕਾਰ ਸਮਿਤੀ ਅਤੇ
ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ ਤੋਰ ਤੇ ਕੰਮ ਕੀਤਾ। ਅੰਤ 15
ਅਗਸਤ 1947 ਨੂੰ ਭਾਰਤ ਦੇਸ਼ ਅਜ਼ਾਦ ਹੋ ਗਿਆ ਅਤੇ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ
ਕਨੂੰਨ ਮੰਤਰੀ ਬਣੇ। 29 ਅਗਸਤ 1947 ਨੂੰ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਬਣਾਈ ਗਈ
ਜਿਸਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਬਣਾਇਆ ਗਿਆ। ਇਸ ਕਮੇਟੀ ਵਿੱਚ 6
ਹੋਰ ਮੈਂਬਰ ਪੰਡਿਤ ਗੋਬਿੰਦ ਵਲਭ ਪੰਤ, ਕੇ ਐਮ ਮੁਨਸ਼ੀ ਸਾਬਕ ਗ੍ਿਰਹ ਮੰਤਰ ਬੰਬੇ,
ਅਲਾਦੀ ਕ੍ਰਿਸ਼ਨਾਸਵਾਮੀ ਅਈਅਰ ਸਾਬਕਾ ਐਡਵੋਕੇਟ ਜਨਰਲ ਮਦਰਾਸ ਰਾਜ, ਐਨ ਗੋਪਾਲਾਸਵਾਮੀ
ਐਂਇਗਰ ਸਾਬਕਾ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ, ਬੀ ਐਲ ਮਿਤਰ ਸਾਬਕਾ ਐਡਵੋਕੇਟ ਜਨਰਲ,
ਮੁਹੰਮਦ ਸਾਦਉੱਲਾ ਸਾਬਕਾ ਮੁੱਖ ਮੰਤਰੀ ਅਸਾਮ ਅਤੇ ਮੁਸਲਿਮ ਲੀਗ ਮੈਂਬਰ ਅਤੇ ਡੀ ਪੀ
ਖੈਤਾਨ ਉੱਘੇ ਵਕੀਲ ਅਤੇ ਖੈਤਾਨ ਵਪਾਰਿਕ ਘਰਾਣੇ ਦੇ ਮੈਂਬਰ ਸਨ। ਸਰ ਬੈਨੇਗਲ
ਨਾਰਸਿੰਗ ਰਾਓ ਨੂੰ ਜੋ ਕਿ 1950-54 ਦੌਰਾਨ ਪਹਿਲੇ ਭਾਰਤੀ ਅੰਤਰਰਾਸ਼ਟਰੀ ਨਿਆਂ
ਜਸਟਿਸ ਰਹੇ ਹਨ ਨੂੰ ਸੰਵਿਧਾਨਿਕ ਸਲਾਹਕਾਰ ਬਣਾਇਆ ਗਿਆ। ਡਰਾਫਟਿੰਗ ਕਮੇਟੀ ਵਲੋਂ
ਡਰਾਫਟ ਸੰਵਿਧਾਨ ਤਿਆਰ ਕਰਕੇ 04 ਨਵੰਬਰ, 1947 ਨੂੰ ਸਭਾ ਨੂੰ ਪੇਸ ਕੀਤਾ ਗਿਆ। 26
ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਇਸਨੂੰ ਮੰਨਜੂਰ ਕਰ ਲਿਆ। 1951 ਵਿੱਚ ਸੰਸਦ
ਵਿੱਚ ਹਿੰਦੂ ਕੋਡ ਬਿੱਲ ਜੋਕਿ ਕਰੋੜ੍ਹਾਂ ਅਛੂਤਾਂ ਵਾਂਗ ਸਦੀਆਂ ਤੋਂ ਵਿਤਕਰੇ ਦਾ
ਸ਼ਿਕਾਰ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਸੀ ਦੇ ਵਿਰੋਧ ਵਿੱਚ
ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ ਉਨ੍ਹਾਂ ਨੇ ਲੋਕ ਸਭਾ ਤੋਂ
ਅਸਤੀਫਾ ਦੇ ਦਿਤਾ। 1952 ਵਿੱਚ ਡਾਕਟਰ ਅੰਬੇਡਕਰ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ
ਪਰ ਇਹ ਚੋਣ ਹਾਰ ਗਏ। ਮਾਰਚ 1952 ਵਿੱਚ ਡਾਕਟਰ ਅੰਬੇਡਕਰ ਰਾਜ ਸਭਾ ਦੇ ਮੈਂਬਰ ਚੁਣੇ
ਗਏ ਅਤੇ ਜਿੰਦਗੀ ਦੇ ਅੰਤਿਮ ਸਮੇਂ ਤੱਕ ਉਹ ਰਾਜ ਸਭਾ ਮੈਂਬਰ ਬਣੇ ਰਹੇ। ਡਾਕਟਰ
ਅੰਬੇਡਕਰ ਨੇ ਹਿੰਦੂ ਧਰਮ ਵਿੱਚ ਫੈਲੇ
ਗਲਤ ਰੀਤੀ ਰਿਵਾਜਾਂ ਖਿਲਾਫ ਜੋਰਦਾਰ ਅਵਾਜ਼
ਚੁੱਕੀ ਅਤੇ ਕਈ ਅੰਦੋਲਨ ਕੀਤੇ। 25 ਦਸੰਬਰ, 1927 ਨੂੰ ਮਨੂੰ ਸਮ੍ਰਤੀ ਨੂੰ ਜਲਾਇਆ।
ਉਨ੍ਹਾਂ ਨੇ 13 ਅਕਤੂਬਰ, 1935 ਨੂੰ ਐਲਾਨ ਕੀਤਾ ਸੀ ਕਿ ਉਹ ਹਿੰਦੁ ਧਰਮ ਵਿੱਚ ਪੈਦਾ
ਹੋਏ ਹਨ ਪਰ ਹਿੰਦੂ ਧਰਮ ਵਿੱਚ ਮਰਨਗੇ ਨਹੀਂ। ਉਨ੍ਹਾਂ ਨੇ ਲੱਖਾਂ ਅਛੂਤਾਂ ਨੂੰ
ਹਿੰਦੂ ਧਰਮ ਦਾ ਤਿਆਗ ਕਰਨ ਲਈ ਤਿਆਰ ਕਰ ਲਿਆ। ਉਹ ਸਿੱਖ ਧਰਮ ਜਿਸ ਵਿੱਚ ਦਲਿਤਾਂ ਦੇ
ਰਹਿਵਰ ਗੁਰੂਆਂ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ ਅਤੇ ਜੋਕਿ ਸਭਨੂੰ ਬਰਾਬਰਤਾ ਦਾ
ਸੁਨੇਹਾ ਦਿੰਦਾ ਹੈ ਨੂੰ ਅਪਣਾਉਣ ਲਈ ਤਿਆਰ ਹੋ ਗਏ ਪਰ ਕੁੱਝ ਉਚੱ ਜਾਤੀ ਦੇ ਸਿੱਖ
ਧਰਮ ਦੇ ਲੀਡਰਾਂ ਕਾਰਨ ਆਪ ਸਿੱਖ ਧਰਮ ਨਾਂ ਅਪਣਾ ਸਕੇ। 1955 ਵਿੱਚ ਉਨ੍ਹਾਂ ਨੇ ਬੋਧ
ਸੋਸਾਇਟੀ ਆਫ ਇੰਡੀਆ ਦੀ ਸਥਾਪਨਾ ਕੀਤੀ। 14 ਅਕਤੂਬਰ, 1956 ਨੂੰ ਡਾਕਟਰ ਅੰਬੇਡਕਰ
ਨੇ ਲੱਖਾਂ ਸਾਥੀਆ ਸਮੇਤ ਬੁੱਧ ਧਰਮ ਅਪਣਾਇਆ। ਦਿੱਲੀ ਵਿੱਚ 6 ਦਸੰਬਰ 1956 ਨੂੰ
ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਭਾਰਤ ਸਰਕਾਰ ਵਲੋਂ 1992 ਵਿੱਚ
ਆਪਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। 14 ਅਪ੍ਰੈਲ 1992 ਨੂੰ ਪਹਿਲੀ ਵਾਰ
ਭਾਰਤ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਅਤੇ 1991 ਦਾ ਸਾਲ ਅੰਬੇਡਕਰ
ਸ਼ਤਾਬਦੀ ਵਜੋਂ ਐਲਾਨਿਆ ਗਿਆ। ਸਰਕਾਰ ਵਲੋਂ ਅਤੇ ਵੱਖ ਵੱਖ ਸਮਾਜਿਕ, ਰਾਜਨੀਤਿਕ
ਸੰਗਠਨਾਂ ਵਲੋਂ ਹਰ ਸਾਲ ਦੀ ਤਰਾਂ ਅੱਜ ਡਾਕਟਰ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾ
ਰਿਹਾ ਹੈ। ਜਿਸ ਦੱਬੇ ਕੁਚਲੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸਾਰੀ
ਉਮਰ ਲਗਾ ਦਿਤੀ ਅਤੇ ਸੰਘਰਸ਼ ਕੀਤਾ ਅਜ਼ਾਦ ਭਾਰਤ ਵਿੱਚ ਵੀ ਅਜੇ ਤੱਕ ਉਨ੍ਹਾਂ ਦੀ
ਸਥਿਤੀ ਵਿੱਚ ਪੂਰੀ ਤਰਾਂ ਸੁਧਾਰ ਨਹਂੀ ਹੋਇਆ ਹੈ। ਅਜੇ ਵੀ ਬਹੁਤੇ ਲੋਕ ਅਪਣੇ
ਅਧਿਕਾਰਾਂ ਤੋਂ ਅਣਜਾਣ ਹਨ। ਸਾਨੂੰ ਸਭਨੂੰ ਚਾਹੀਦਾ ਹੈ ਕਿ ਅਸੀਂ ਮਿਲਕੇ ਬਾਬਾ
ਸਾਹਿਬ ਦੇ ਸੁਪਨਿਆਂ ਵਾਲਾ ਸਮਾਜ ਜਿਸ ਵਿੱਚ ਕੋਈ ਭੇਦ ਭਾਵ ਨਾਂ ਹੋਵੇ ਸਿਰਜਣ ਲਈ
ਕੰਮ ਕਰੀਏ ਅਤੇ ਬਾਬਾ ਸਾਹਿਬ ਨੂੰ ਇਹੋ ਸੱਚੀ ਸ਼ਰਧਾਂਜ਼ਲੀ ਹੋਵੇਗੀ।
ਕੁਲਦੀਪ ਚੰਦ
|
|