|
99
ਸਾਲਾਂ ਬਾਦ ਵੀ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਪੂਰੀ ਪਹਿਚਾਣ ਅਤੇ ਸਨਮਾਨ ਨਾਂ
ਮਿਲ ਸਕਿਆ।
ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਸ਼ਹੀਦ ਹੋਏ
ਸਨ ਜਿਨ੍ਹਾਂ ਵਿੱਚ 337 ਪੁਰਸ਼, 41 ਨਾਬਾਲਿਗ ਲੜਕੇ ਅਤੇ 01 ਛੇ ਹਫਤੇ ਦਾ ਬੱਚਾ
ਸ਼ਾਮਿਲ
ਸੀ।
ਅੱਜ
ਦੇ ਦਿਨ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿੱਚ ਹੋਏ
ਗੋਲੀਕਾਂਡ ਜਿਸ ਵਿੱਚ ਅਣਗਣਿਤ ਨਿਹੱਥੇ ਨਿਰਦੋਸ਼ ਲੋਕ ਮਾਰੇ ਗਏ ਅਤੇ ਜਖਮੀ ਹੋਏ ਸਨ
ਨੂੰ ਯਾਦ ਕਰਕੇ ਹਰ ਭਾਰਤ ਵਾਸੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਪਰ ਇਸਤੋਂ ਵੀ
ਵੱਡੇ ਦੁੱਖ ਅਤੇ ਰੋਸ ਦੀ ਗੱਲ ਹੈ ਕਿ ਜਲਿਆਂਵਾਲਾ ਬਾਗ ਵਿੱਚ ਮਾਰੇ ਗਏ ਲੋਕਾਂ ਨੂੰ
ਸਹੀ ਪਹਿਚਾਣ ਅਤੇ ਸਨਮਾਨ ਅਜ਼ਾਦੀ ਦੇ 7 ਦਹਾਕਿਆਂ ਬਾਦ ਵੀ ਹਾਸਲ ਨਹੀਂ ਹੋਇਆ ਹੈ।
ਜਲਿਆਂਵਾਲਾ ਬਾਗ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅ੍ਿਰਮਤਸਰ
ਦੇ ਨੇੜੇ ਹੈ। ਇਤਿਹਾਸ ਅਨੁਸਾਰ ਇਹ ਬਾਗ ਹਿੰਮਤ ਸਿੰਘ ਦੇ ਪਰਿਵਾਰ ਦੀ ਸੰਪਤੀ ਸੀ ਜੋ
ਕਿ ਪਿੰਡ ਜੱਲਾ ਜੋਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹੈ ਤੋਂ ਇੱਥੇ ਆਏ ਸਨ।
ਇਸ ਪਰਿਵਾਰ ਨੂੰ ਜੱਲੇਵਾਲੇ ਜਾਂ ਜੱਲੇ ਜਾਂ ਜੱਲਾ ਆਦਿ ਕਿਹਾ ਜਾਂਦਾ ਸੀ। ਇੱਥੇ
1920 ਵਿੱਚ ਇੰਡੀਅਨ ਨੈਸ਼ਨਲ ਕਾਂਗਸਰ ਪਾਰਟੀ ਵਲੋਂ ਇੱਕ ਟਰੱਸਟ ਬਣਾਇਆ ਗਿਆ ਅਤੇ
1923 ਵਿੱਚ ਇਸ ਟਰੱਸਟ ਨੇ ਇਹ ਜਮੀਨ 560472/- ਰੁਪਏ ਵਿੱਚ ਖਰੀਦੀ ਸੇ। ਬਾਗ
ਵਿੱਚ ਲਾਟ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 925000/- ਰੁਪਏ ਦੀ ਲਾਗਤ ਨਾਲ ਬਣਾਈ ਗਈ
ਸੀ। ਅਜਾਦੀ ਤੋਂ ਕਈ ਸਾਲਾਂ ਬਾਦ 1961 ਵਿੱਚ ਜੋਤੀ ਦੇ ਅਕਾਰ ਦਾ 45 ਫੁੱਟ ਉੱਚਾ
ਲਾਲ ਪੱਥਰਾਂ ਵਾਲਾ ਖੰਭਾ ਇਸ ਗੋਲੀਕਾਂਡ ਵਿੱਚ ਮਾਰੇ ਗਏ ਸ਼ਹੀਦਾਂ ਦੀ ਯਾਦ ਵਿੱਚ
ਬਣਾਇਆ ਗਿਆ। ਇੱਥੇ ਇੱਕ ਅਮਰ ਜੋਤੀ ਵੀ ਬਣਾਈ ਗਈ ਹੈ ਜੋਕਿ ਹਮੇਸ਼ਾ ਬਲਦੀ ਰਹਿੰਦੀ
ਹੈ। ਇਸ ਗੋਲੀਕਾਂਡ ਦਾ ਇਤਿਹਾਸ ਵੇਖੀਏ ਤਾਂ ਬ੍ਰਿਟਿਸ਼ ਸਰਕਾਰ ਵਲੋਂ ਪਾਸ ਕੀਤੇ ਗਏ
ਰਾਅਲਟ ਐਕਟ ਦੇ ਵਿਰੋਧ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਰੋਸ ਪ੍ਰਦਰਸ਼ਨ ਹੋ
ਰਿਹਾ ਸੀ। ਇਸ ਕਾਰਨ ਬ੍ਰਿਟਿਸ਼ ਸਰਕਾਰ ਵਲੋਂ ਦੋ ਪ੍ਰਮੁੱਖ ਲੀਡਰਾਂ ਸਤਿਆਪਾਲ ਅਤੇ
ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕਾਰਨ 10 ਅਪ੍ਰੈਲ 1919 ਨੂੰ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਮੂਹਰੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ
ਗਿਆ ਸੀ। ਪ੍ਰਦਰਸ਼ਨਕਾਰੀ ਆਪਣੇ ਲੀਡਰਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਜਿਹਨਾਂ ਨੂੰ
ਪੁਲਿਸ ਗ੍ਰਿਫਤਾਰ ਕਰਕੇ ਕਿਸੇ ਗੁੱਪਤ ਜਗ੍ਹਾ ਤੇ ਲੈ ਗਈ ਸੀ। ਬ੍ਰਿਟਿਸ਼ ਫੌਜ ਨੇ
ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ
ਕਈ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਅੰਗਰੇਜ਼ਾ ਖਿਲਾਫ ਰੋਸ ਹੋਰ ਵੱਧ ਗਿਆ ਅਤੇ
ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਦਫ਼ਤਰਾਂ ਅਤੇ ਰੇਲਵੇ ਸਟੇਸ਼ਨਾਂ ਤੇ ਹਮਲਾ ਕਰਕੇ ਭੰਨਤੋੜ
ਸ਼ੁਰੂ ਕਰ ਦਿੱਤੀ। ਇਸ ਦੌਰਾਨ 5 ਯੂਰਪੀ ਨਾਗਰਿਕਾਂ ਸਮੇਤ ਕਈ ਸਰਕਾਰੀ ਅਧਿਕਾਰੀ ਅਤੇ
ਆਮ ਨਾਗਰਿਕ ਮਾਰੇ ਗਏ। ਫੌਜ਼ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਕਈ ਝੜਪਾਂ ਹੋਈਆਂ ਜਿਸ
ਵਿੱਚ 8 ਤੋਂ 20 ਪ੍ਰਦਰਸ਼ਨਕਾਰੀ ਮਾਰੇ ਗਏ। ਇਸਤੋਂ ਬਾਅਦ 11 ਅਪ੍ਰੈਲ, 1919 ਨੂੰ
ਮਿਸ ਮਾਰਸੇਲਾ ਸ਼ੇਰਵੁੱਡ ਜੋ ਕਿ ਇੱਕ ਅੰਗਰੇਜ਼ ਮਿਸ਼ਨਰੀ ਸੀ ਅਤੇ ਸਕੂਲ ਚਲਾ ਰਹੀ ਸੀ
ਨੇ ਸਕੂਲ ਬੰਦ ਕਰ ਦਿੱਤਾ ਅਤੇ ਲੱਗਭੱਗ 600 ਭਾਰਤੀ ਵਿਦਿਆਰਥੀਆਂ ਨੂੰ ਵਾਪਿਸ ਘਰ
ਭੇਜ ਦਿੱਤਾ ਸੀ। ਇਸਦੇ ਰੋਸ ਵਜੋਂ ਭੜਕੀ ਭੀੜ ਨੇ ਕੂਚਾ ਕੂਰੀਚਨ ਤੰਗ ਗਲੀ ਵਿੱਚ
ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਕੁੱਟਿਆ। ਇਸਤੋਂ ਬਾਅਦ ਜਨਰਲ ਡਾਇਰ ਨੇ ਉਸੇ
ਗਲੀ ਵਿੱਚ ਭਾਰਤੀਆਂ ਨੂੰ ਗੋਡਿਆਂ ਅਤੇ ਹੱਥਾਂ ਭਾਰ ਰੇਂਗ ਕੇ ਚੱਲਣ ਲਈ ਮਜ਼ਬੂਰ ਕੀਤਾ
ਸੀ। ਇਸਤੋਂ ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ
ਰਹੀਆਂ। ਇਸਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਮਾਰਸ਼ਲ ਲਾਅ ਲਗਾ
ਦਿੱਤਾ। ਇਸਤੋਂ ਬਾਅਦ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ
ਹਰਮਿੰਦਰ ਸਾਹਿਬ ਨੇੜੇ ਜ਼ਲਿਆਵਾਲਾ ਬਾਗ ਵਿੱਚ ਲੋਕਾਂ ਦਾ ਭਾਰੀ ਇਕੱਠ ਜਿਸ ਵਿੱਚ
ਲੱਗਭੱਗ ਪੰਜ ਹਜ਼ਾਰ ਵਿਅਕਤੀ ਹਾਜ਼ਰ ਸਨ ਸ਼ਾਂਤੀਪੂਰਵਕ ਸਭਾ ਕਰ ਰਿਹਾ ਸੀ। ਇਹ ਜਲਸਾ
ਸ਼ਾਮ ਦੇ 4 ਵੱਜ ਕੇ 30 ਮਿੰਟ ਤੇ ਸ਼ੁਰੂ ਹੋਇਆ ਸੀ। ਇਸ ਵਿੱਚ ਵੱਖ ਵੱਖ ਪਿੰਡਾਂ ਦੇ
ਲੋਕ ਸ਼ਾਮਿਲ ਸਨ। ਸ਼ਾਮ ਦੇ 5 ਵੱਜ ਕੇ 30 ਮਿੰਟ ਤੇ ਬ੍ਰਿਗੇਡੀਅਰ ਜਨਰਲ ਰੇਜੀਨਾਲਡ
ਡਾਇਰ ਦੀ ਕਮਾਂਡ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ਵਿੱਚ 65 ਫੌਜੀ
ਗੋਰਖਾ ਅਤੇ 25 ਫੌਜੀ ਬਲੋਚ ਸਨ ਨੇ ਆ ਕੇ ਸ਼ਾਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ
ਲਿਆ। ਇਹ ਫੌਜੀ 303 ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲਾਂ ਨਾਲ ਲੈਸ ਸਨ। ਇਸ ਮੌਕੇ
ਜਨਰਲ ਡਾਇਰ ਆਪਣੇ ਨਾਲ ਦੋ ਗੱਡੀਆਂ ਵਿੱਚ ਮਸ਼ੀਨਗੰਨਾਂ ਵੀ ਲੈ ਕੇ ਆਇਆ ਸੀ। ਜਨਰਲ
ਡਾਇਰ ਨੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉਥੇ ਮਸ਼ੀਨਗੰਨਾਂ ਬੀੜ
ਦਿੱਤੀਆਂ। ਜਨਰਲ ਡਾਇਰ ਨੇ ਬਿਨਾਂ ਕੋਈ ਚੇਤਾਵਨੀ ਦਿੱਤੇ ਹੀ ਜਲਸੇ ਉਤੇ ਫਾਈਰਿੰਗ ਦਾ
ਹੁਕਮ ਦੇ ਦਿੱਤਾ। ਫੌਜ ਨੇ 10 ਮਿੰਟ ਤੱਕ ਗੋਲਾਬਾਰੀ ਕੀਤੀ ਜਿਸ ਨਾਲ ਸੈਂਕੜੇ
ਨਿਹੱਥੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ। ਇਹ ਬਾਗ ਦੋ ਸੋ
ਗਜ ਲੰਮਾ ਅਤੇ ਇੱਕ ਸੋ ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ
ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ।ਕੁਝ ਲੋਕਾਂ ਨੇ
ਖੂਹ ਵਿੱਚ ਛਾਲਾ ਮਾਰ ਦਿੱਤੀਆਂ ਪਰ ਆਪਣੀ ਜਾਨ ਨਾ ਬਚਾ ਸਕੇ। ਕੁਝ ਲੋਕਾਂ ਨੇ ਕੰਧ
ਟੱਪ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੋਲੀਆਂ ਦੀ ਮਾਰ ਤੋਂ ਬਚ ਨਾ
ਸਕੇ। ਇਹ ਗੋਲੀਬਾਰੀ ਉਦੋਂ ਹੀ ਖਤਮ ਹੋਈ ਜਦੋਂ ਫੌਜੀਆਂ ਦੀਆਂ ਗੋਲੀਆਂ ਖਤਮ ਹੋ
ਗਈਆਂ। ਜਨਰਲ ਡਾਇਰ ਅਨੁਸਾਰ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਖੂਹ ਵਿੱਚੋਂ
120 ਲਾਸ਼ਾਂ ਕੱਢੀਆਂ ਗਈਆਂ ਸੀ। ਇਸਤੋਂ ਬਾਅਦ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ।
ਪੰਜਾਬ ਦੇ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਵੱਲੋਂ ਵੱਧ ਚੜ ਕੇ
ਹਿੱਸਾ ਲਿਆ ਸੀ ਅਤੇ ਹਜ਼ਾਰਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਪਰ
ਅੰਗਰੇਜ਼ਾਂ ਨੇ ਇਸਦੇ ਬਦਲੇ ਵਿੱਚ ਜਲਿਆਵਾਲਾ ਬਾਗ ਵਿੱਚ ਨਿਹੱਥੇ ਪੰਜਾਬੀ ਪੇਂਡੂਆਂ
ਦੇ ਖੂਨ ਦੀ ਹੌਲੀ ਖੇਡੀ। ਜਲਿਆਵਾਲਾ ਬਾਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ
ਦੀ ਅੱਜ ਤੱਕ ਤਾਂ ਪੂਰੀ ਗਿਣਤੀ ਅਤੇ ਜਾਣਕਾਰੀ ਹੀ ਪਤਾ ਨਹੀਂ ਚੱਲ ਸਕੀ ਹੈ ਅਤੇ ਨਾਂ
ਹੀ ਅੱਜ ਤੱਕ ਉਨ੍ਹਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਹੈ। ਉਸ ਵੇਲੇ ਇਸ ਗੋਲੀਕਾਂਡ
ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਵੀ ਵੱਖ ਵੱਖ ਦਰਸਾਈ ਗਈ। ਅੰਗਰੇਜ਼ ਸਰਕਾਰ
ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਮਾਰੇ ਗਏ ਸਨ ਅਤੇ ਲੱਗਭੱਗ 1100 ਵਿਅਕਤੀ
ਜਖਮੀ ਹੋਏ ਸਨ, ਸਿਵਲ ਸਰਜਨ ਡਾਕਟਰ ਵਿਲੀਅਮਜ਼ ਡੀਮੈਡੀ ਅਨੁਸਾਰ ਇਸ ਗੋਲੀਕਾਂਡ ਵਿੱਚ
1526 ਵਿਅਕਤੀ ਸ਼ਹੀਦ ਹੋਏ ਹਨ, ਇੰਡੀਅਨ ਨੈਸ਼ਨਲ ਕਾਂਗਰਸ ਅਨੁਸਾਰ ਇਨ੍ਹਾਂ ਦੀ ਗਿਣਤੀ
1500 ਤੋਂ ਵੱਧ ਦੱਸੀ ਗਈ ਸੀ, ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਦਫਤਰ ਵਿੱਚ ਲਗਾਈ ਗਈ
ਸੂਚੀ ਅਨੁਸਾਰ ਇਸ ਗੋਲੀਕਾਂਡ ਵਿੱਚ 484 ਵਿਅਕਤੀ ਸ਼ਹੀਦ ਹੋਏ ਸਨ ਜਦਕਿ ਜਲਿਆਂਵਾਲਾ
ਬਾਗ ਵਿੱਚ ਸਿਰਫ 388 ਵਿਅਕਤੀਆਂ ਦੀ ਹੀ ਸੂਚੀ ਹੈ। ਬ੍ਰਿਟਿਸ਼ ਸਰਕਾਰ ਦੇ ਰਿਕਾਰਡ
ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਸਹੀਦ ਹੋਏ ਸਨ ਜਿਨ੍ਹਾਂ ਵਿੱਚ 337
ਪੁਰਸ਼, 41 ਨਾਬਾਲਿਗ ਲੜਕੇ ਅਤੇ 01 ਛੇ ਹਫਤੇ ਦਾ ਬੱਚਾ ਸ਼ਾਮਿਲ ਸੀ। ਉਨ੍ਹਾਂ ਅਨੁਸਾਰ
ਇਸ ਗੋਲੀਕਾਂਡ ਵਿੱਚ 200 ਵਿਅਕਤੀ ਜਖਮੀ ਹੋਏ ਸਨ। ਕੁੱਝ ਇਤਿਹਾਸਕਾਰਾਂ ਸਨ ਇਸ
ਗੋਲੀਕਾਂਡ ਨੂੰ ਕਰਵਾਉਣ ਵਿੱਚ ਕੁੱਝ ਸਥਾਨਕ ਆਗੂਆਂ ਦਾ ਵੀ ਵੱਡਾ ਹੱਥ ਸੀ। ਉਸ ਵੇਲੇ
ਦਰਬਾਰ ਸਾਹਿਬ ਤੇ ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਦਰਬਾਰ ਸਾਹਿਬ ਦੇ ਮੁਖੀ
ਅਰੂੜਾ ਸਿੰਘ ਨੇ ਦਰਬਾਰ ਸਾਹਿਬ ਵਿੱਚ ਦਲਿਤਾਂ ਨੂੰ ਜਾਣ ਤੋਂ ਰੋਕਿਆ ਸੀ ਅਤੇ ਇਹ
ਇਕੱਠ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਬੁਲਾਇਆ ਗਿਆ ਸੀ। ਗੋਲੀਕਾਂਡ ਤੋਂ ਬਾਦ
ਅਰੂੜਾ ਸਿੰਘ ਨੇ ਜਨਰਲ ਡਾਇਰ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ ਸੀ। ਇਸ
ਹੱਤਿਆਕਾਂਡ ਦੇ ਵਿਰੋਧ ਵਿੱਚ ਰਬਿੰਦਰਨਾਥ ਟੈਗੋਰ ਨੇ ਸਰ ਦੀ ਉਪਾਧੀ ਮੋੜ ਦਿੱਤੀ। ਇਸ
ਖੂਨੀ ਕਾਂਡ ਦਾ ਬਦਲਾ ਇੱਕ ਅਣਖੀਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਜੋਕਿ ਖੁਦ ਇਸ
ਗੋਲੀਕਾਂਡ ਮੌਕੇ ਬਾਗ ਵਿੱਚ ਸੀ ਅਤੇ ਜਖ਼ਮੀ ਹੋਇਆ ਸੀ ਨੇ ਲਿਆ ਸੀ। ਮਾਈਕਲ ਓਡਵਾਇਰ
ਜੋ ਕਿ ਜਲਿਆਵਾਲਾ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ ਅਤੇ ਜਨਰਲ ਡਾਇਰ
ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਨੂੰ ਊਧਮ ਸਿੰਘ ਨੇ 13 ਮਾਰਚ 1940 ਨੂੰ
ਇੱਕ ਸਭਾ ਵਿੱਚ ਗੋਲੀ ਮਾਰਕੇ ਮਾਰ ਦਿੱਤਾ ਸੀ। ਇਸਦਾ ਡਿਜਾਇਨ ਅਮਰੀਕਾ ਦੇ ਪ੍ਰਸਿੱਧ
ਆਰਕੀਟੈਕਟ ਬੈਂਜਾਮੀਨ ਪੋਲਕ ਨੇ ਤਿਆਰ ਕੀਤਾ ਅਤੇ 13 ਅਪ੍ਰੈਲ 1961 ਨੂੰ ਭਾਰਤ ਦੇ
ਰਾਸ਼ਟਰਪਤੀ ਡਾਕਟਰ ਰਾਜਿੰਦਰਾ ਪ੍ਰਸਾਦ ਨੇ ਇਸਦਾ ਉਦਘਾਟਨ ਕੀਤਾ ਸੀ। ਬ੍ਰਿਟਿਸ਼ ਸਰਕਾਰ
ਦੇ ਕਈ ਆਗੂਆਂ ਨੇ ਸਮੇਂ ਸਮੇਂ ਤੇ ਇਸ ਬਾਗ ਦਾ ਦੌਰਾ ਕੀਤਾ ਹੈ। ਇਸ ਦਰਦਨਾਕ ਘਟਨਾ
ਤੋਂ ਕਈ ਸਾਲਾਂ ਬਾਦ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਇਸ ਇਤਿਹਾਸਕ ਬਾਗ
ਵਿੱਚ ਆਏ ਸਨ ਅਤੇ ਇਸ ਗੋਲੀਕਾਂਡ ਨੂੰ ਰਾਖਸ਼ਸ਼ੀ ਘਟਨਾ ਤੱਕ ਕਹਿਕੇ ਇੱਕ ਸ਼ਰਮਨਾਕ ਘਟਨਾ
ਕਰਾਰ ਦਿਤਾ। 1997 ਵਿੱਚ ਮਹਾਰਾਣੀ ਐਲਿਜਾਵੈਥ ਦੂਜੀ ਅਤੇ ਉਸਦੇ ਪਤੀ ਅਤੇ ਡਿਉਕ ਆਫ
ਐਡਿਨਵਰਗ ਪ੍ਰਿੰਸ ਫਿਲਿਪ ਲੇ ਵੀ ਇਸ ਥਾਂ ਦਾ ਦੌਰਾ ਕੀਤਾ। ਦੁੱਖ ਦੀ ਗੱਲ ਹੈ ਕਿ 13
ਅਪ੍ਰੈਲ 1919 ਨੂੰ ਜ਼ਲਿਆਵਾਲਾ ਬਾਗ ਵਿੱਚ ਸ਼ਹੀਦ ਹੋਣ ਵਾਲੇ ਲੋਕ ਅਜੇ ਤੱਕ ਬੁਝਾਰਤ
ਹੀ ਬਣੇ ਹੋਏ ਹਨ ਅਤੇ ਸ਼ਹੀਦ ਹੋਏ ਦੇਸਵਾਸੀਆਂ ਦੀ ਅਸਲੀਅਤ ਅਜੇ ਤੱਕ ਲੋਕਾਂ ਸਾਹਮਣੇ
ਨਹੀਂ ਆ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਲਿਆਂਵਾਲਾ ਬਾਗ ਕਾਂਡ ਵਿੱਚ ਸ਼ਹੀਦ
ਹੋਣ ਵਾਲੇ ਦੇਸ਼ ਭਗਤਾਂ ਨੂੰ ਅਗਿਆਤ ਨਾ ਰਹਿਣ ਦੇਵੇ ਸਗੋਂ ਉਹਨਾਂ ਦੇ ਨਾਮ ਅਤੇ
ਤਸਵੀਰਾਂ ਸਨਮਾਨ ਸਹਿਤ ਲਗਾਈਆਂ ਜਾਣ ਅਤੇ ਉਨ੍ਹਾਂ ਨੂੰ ਸ਼ਹੀਦਾਂ ਦਾ ਦਰਜਾ ਦੇ ਕੇ
ਬਣਦਾ ਸਨਮਾਨ ਦੇਣਾ ਚਾਹੀਦਾ ਹੈ।
ਕੁਲਦੀਪ ਚੰਦ
|
|