|
31 ਜਨਵਰੀ, 2018 ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਉਤਸਵ ਸਬੰਧੀ
ਵਿਸ਼ੇਸ਼
ਮਹਾਨ ਕਰਾਂਤੀਕਾਰੀ ਸਤਿਗੁਰੂ ਰਵਿਦਾਸ
ਜੀ
ਗੁਰੂ ਰਵਿਦਾਸ ਜੀ ਨੇ ਹਰ ਪ੍ਰਕਾਰ ਦੀ ਗੁਲਾਮੀ ਦੀ ਨਿੰਦਾ ਕੀਤੀ ਅਤੇ
ਡਟਵਾਂ ਵਿਰੋਧ ਕੀਤਾ, ਆਪਜੀ ਨੇ ਜਾਤ-ਪਾਤ ਦਾ ਖੰਡਨ ਕਰਕੇ ਉੱਚ ਵਰਗ ਦੇ ਜਾਤੀ
ਅਭਿਮਾਨ ਤੇ ਹੰਕਾਰ ਨੂੰ ਸੱਟ ਮਾਰੀ।
ਇਤਿਹਾਸ
ਗਵਾਹ ਹੈ ਕਿ ਇਸ ਧਰਤੀ ਤੇ ਫੈਲ ਰਹੀਂਆਂ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨ ਲਈ
ਸਮੇਂ ਸਮੇਂ ਤੇ ਮਨੁਖਤਾ ਦੇ ਰਹਿਵਰਾਂ ਨੇ ਜਨਮ ਲਿਆ ਇਨ੍ਹਾਂ ਵਿੱਚ ਸ਼੍ਰੀ ਗੁਰੂ
ਰਵਿਦਾਸ ਜੀ ਦਾ ਨਾਮ ਵੀ ਸ਼ਾਮਿਲ ਹੈ ਜਿਨ੍ਹਾਂ ਨੇ ਉਸ ਵੇਲੇ ਫੈਲੀ ਊਚ ਨੀਚ ਦੀ ਬੁਰਾਈ
ਖਿਲਾਫ ਅਵਾਜ਼ ਬੁਲੰਦ ਕੀਤੀ। ਸ਼੍ਰੀ ਗੁਰੂ ਰਵਿਦਾਸ ਜੀ ਦੇ ਸਮੇਂ ਸਮਾਜ ਜਾਤ-ਪਾਤ,
ਕਰਮਕਾਂਡਾਂ, ਧਾਰਮਿਕ ਕੱਟੜਤਾ ਆਦਿ ਕੁਰੀਤੀਆਂ ਨਾਲ ਗ੍ਰਸਤ ਸੀ। ਉਸ ਵੇਲੇ ਪ੍ਰਚਲਿਤ
ਮੰਨੂਵਾਦੀ ਪ੍ਰਥਾ ਅਨੁਸਾਰ ਕਾਇਮ ਜਾਤਿ ਪ੍ਰਥਾ ਦੇ ਢਾਂਚੇ ਅਨੁਸਾਰ ਉਸ ਵੇਲੇ ਚੋਥਾ
ਵਰਣ ਮੰਨੇ ਜਾਂਦੇ ਸ਼ੂਦਰਾਂ ਨੂੰ ਕਿਸੇ ਵੀ ਤਰਾਂ ਦੇ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ
ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਕੁੱਝ ਅਖੋਤੀ ਵਿਦਵਾਨ
ਲੋਕ ਧਾਰਮਿਕ ਗ੍ਰੰਥਾ ਦੀ ਮਨਘੜਤ ਵਿਆਖਿਆ ਕਰਦੇ ਸਨ ਅਤੇ ਇਹ ਗੱਲ ਫੈਲਾਈ ਹੋਈ ਸੀ ਕਿ
ਸ਼ੂਦਰਾਂ ਨੂੰ ਨਾਂ ਵੇਦ ਪਾਠ ਪੜ੍ਹਣ ਨਾਂ ਹੀ ਸੁਣਨ ਦੇਣਾ ਚਾਹੀਦਾ ਹੈ। ਬ੍ਰਾਹਮਣਵਾਦੀ
ਪ੍ਰਥਾ ਪ੍ਰਭਾਵਸ਼ਾਲੀ ਹੋਣ ਕਾਰਨ ਕਿਸੇ ਵੀ ਤਰਾਂ ਦਾ ਪਾਠ ਕਰਨ ਵਾਲੇ ਸ਼ੂਦਰਾਂ ਦੀ ਜੀਭ
ਕੱਟਣ ਅਤੇ ਵੇਦ ਪਾਠ ਸੁਣਨ ਵਾਲੇ ਸ਼ੂਦਰਾਂ ਦੇ ਕੰਨਾ ਵਿੱਚ ਸਿੱਕਾ ਪਿਘਲਾਕੇ ਪਾਣ ਦੇ
ਹੁਕਮ ਲਾਗੂ ਸਨ। ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ, ਜਨਮ ਸਥਾਨ ਅਤੇ ਜੋਤੀ ਜੋਤ
ਸਮਾਉਣ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ ਵਿਚਾਰ ਹਨ। ਬਹੁਤੇ ਵਿਦਵਾਨਾਂ
ਅਨੁਸਾਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਇਸਵੀ 1433 ਨੂੰ ਪਿਤਾ ਸੰਤੋਖ ਦਾਸ ਤੇ
ਮਾਤਾ ਕਲਸਾ ਦੇਵੀ ਦੇ ਘਰ ਬਨਾਰਸ (ਵਾਰਾਨਸੀ) ਦੀ ਬਸਤੀ 'ਸੀਰ ਗੋਵਰਧਨਪੁਰ' ਵਿਖੇ
ਹੋਇਆ। ਗੁਰੂ ਰਵਿਦਾਸ ਜੀ ਨੇ ਆਪਣੇ ਪਿੱਤਰੀ ਅਰਥਾਤ ਬਜ਼ੁਰਗਾਂ ਵਾਲੇ ਕਿੱਤੇ ਨੂੰ
ਅਪਣਾਇਆ ਅਤੇ ਇਸ ਵਿੱਚ ਹੀ ਸੰਤੋਖ ਗ੍ਰਹਿਣ ਕੀਤਾ। ਗੁਰੂ ਜੀ ਨੇ ਆਪ ਆਪਣੀ ਬਾਣੀ
ਵਿੱਚ ਇਸ ਸਬੰਧੀ ਜ਼ਿਕਰ ਕੀਤਾ ਹੈ :
ਮੇਰੀ ਜਾਤੀ ਕੁਟ ਬਾਂਢਲਾ ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸ ਪਾਸਾ ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ
ਤੇਰੇ ਨਾਮ ਸਰਣਾਇ ਰਵਿਦਾਸ ਦਾਸਾ॥
ਆਪ ਅਪਣੇ ਹੱਥੀ ਕਿਰਤ ਕਰਦੇ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਦੇ ਅਤੇ ਰੱਬ ਦੀ ਭਗਤੀ
ਕਰਦੇ। ਆਪਜੀ ਨੇ ਅਪਣੇ ਸਮਕਾਲੀ ਸੰਤ ਮਹਾਂਪੁਰਖਾਂ ਬਾਰੇ ਵੀ ਅਪਣੀ ਬਾਣੀ ਵਿੱਚ
ਡੂੰਘਾ ਵਿਚਾਰ ਵਟਾਂਦਰਾ ਕੀਤਾ ਹੈ।
ਨਾਮਦੇਵ, ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥
ਗੁਰੂ ਰਵਿਦਾਸ ਜੀ ਅਨੁਸਾਰ ਪ੍ਰਮਾਤਮਾ ਕੋਈ ਰਹੱਸ ਨਹੀਂ ਹੈ ਸਗੋਂ ਪ੍ਰਮਾਤਮਾ ਤਾਂ
ਹਰ ਕਣ ਵਿੱਚ ਮੋਜੂਦ ਹੈ। ਗੁਰੂ ਰਵਿਦਾਸ ਜੀ ਨੇ ਪਰਮਾਤਮਾ ਵਿੱਚ ਆਪਣੀ ਹੋਂਦ ਦਾ
ਵਰਣਨ ਕਰਦੇ ਹੋਏ ਕਿਹਾ ਹੈ:-
ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥
ਗੁਰੂ ਰਵਿਦਾਸ ਜੀ ਸਮਾਜ ਵਿੱਚੋਂ ਸ਼ੋਸ਼ਣ, ਛੂਆਛਾਤ, ਪਖੰਡਵਾਦ ਦਾ ਖਾਤਮਾ ਕਰਕੇ
ਬਰਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਆਪਜੀ ਨੇ ਆਪਣੀ ਬਾਣੀ ਅਤੇ
ਪ੍ਰਵਚਨਾਂ ਦੁਆਰਾ ਪਖੰਡਵਾਦ ਅਤੇ ਊਚ ਨੀਚ ਦੇ ਭੇਦਭਾਵ ਨੂੰ ਦੂਰ ਕਰਨ ਲਈ ਉੱਘਾ
ਯੋਗਦਾਨ ਪਾਇਆ। ਆਪ ਸ਼੍ਰੋਮਣੀ ਵਿਦਵਾਨਾਂ, ਭਗਤਾਂ, ਪੀਰਾਂ-ਪੈਗੰਬਰਾਂ, ਰਿਸ਼ੀਮੁਨੀਆਂ
ਵਿੱਚ ਇੱਕ ਉਚਕੋਟੀ ਦੀ ਸ਼ਖਸੀਅਤ ਸਨ, ਜਿਨ੍ਹਾਂ ਦੀ ਬਾਣੀ (40 ਸ਼ਬਦਾਂ ਅਤੇ 01 ਸ਼ਲੋਕ)
ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਸਾਹਿਬਾਨਾਂ ਜੀ ਦੀ
ਬਾਣੀ ਨਾਲ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਦੀ ਬਾਣੀ ਨੂੰ ਵੀ ਸਦਾ ਲਈ ਅਮਰ ਕਰ
ਦਿੱਤਾ। ਅਗਿਆਨਤਾ ਅਤੇ ਗਰੀਬੀ ਇਸ ਸਮਾਜ ਦੀ ਪਹਿਚਾਣ ਬਣ ਚੁੱਕੀ ਸੀ। ਗੁਰੂ ਰਵਿਦਾਸ
ਜੀ ਆਪਣੇ ਗਰੀਬ ਸਮਾਜ ਦੀ ਨੁਹਾਰ ਬਦਲਣ ਦੇ ਇਛੁੱਕ ਸਨ। ਗੁਰੂ ਜੀ ਨੇ ਸਭ ਨੂੰ
ਗਿਆਨਵਾਨ ਹੋਣ ਲਈ ਪ੍ਰੇਰਿਆ:-
ਮਾਧੋ ਅਬਿਦਿਆ ਹਿਤ ਕੀਨ£ ਬਿਬੇਕ ਦੀਪ ਮਲੀਨ ॥
ਗੁਰੂ ਜੀ ਨੇ ਵਿਦਿਆ ਦੀ ਮਹੱਤਤਾ ਤੇ ਜ਼ੋਰ ਦਿਤਾ:-
ਪੜੀਐ ਗੁਨੀਐ ਨਾਮੁ ਸਭੁ ਸੁਨੀਐ, ਅਨਭਉ ਭਾਉ ਨਾ ਦਰਸੈ।
ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਅਨੇਕਾਂ ਪਦਾਂ ਵਿੱਚ ਚਮਾਰ ਜਾਤੀ ਨੂੰ
ਸਨਮਾਨ ਦਿੱਤਾ। ਗੁਰੂ ਰਵਿਦਾਸ ਜੀ ਗ੍ਰਹਿਸਥ ਜੀਵਨ ਬਤੀਤ ਕਰਦੇ ਹੋਏ, ਹੱਥੀਂ ਕੰਮ
ਕਰਨ ਨੂੰ ਹੀ ਰੱਬ ਦੀ ਭਗਤੀ ਮੰਨਦੇ ਸਨ। ਗੁਰੂ ਰਵਿਦਾਸ ਕਥਨੀ ਅਤੇ ਕਰਨੀ ਦੇ ਧਨੀ
ਸਨ। ਉਨ੍ਹਾਂ ਨੇ ਜਿਹੜਾ ਉਪਦੇਸ਼ ਲੋਕਾਂ ਨੂੰ ਦਿੱਤਾ ਹੈ ਪਹਿਲਾਂ ਉਸਤੇ ਆਪ ਅਮਲ
ਕੀਤਾ। ਲੋਕਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਤਦ ਹੀ ਉਨ੍ਹਾਂ ਨੇ ਦਿੱਤੀ ਸੀ
ਜਦੋਂ ਉਨ੍ਹਾਂ ਨੇ ਪਹਿਲਾਂ ਆਪ ਇਸ ਸਿਧਾਂਤ ਉਪਰ ਅਮਲ ਕੀਤਾ ਸੀ। ਆਪ ਨੇ ਇਹ ਗੱਲ ਵੀ
ਸਪੱਸ਼ਟ ਕਰ ਦਿੱਤੀ ਸੀ ਕਿ ਭਗਵਾਨ, ਪਰਮਾਤਮਾ, ਈਸ਼ਵਰ, ਅੱਲ੍ਹਾ, ਖ਼ੁਦਾ, ਰਹੀਮ ਆਦਿ ਸਭ
ਇੱਕੋਂ ਇਲਾਹੀ ਸ਼ਕਤੀ ਦੇ ਅੱਡ-ਅੱਡ ਨਾਂ ਹਨ ਜਿਸਨੇ ਇਸ ਬ੍ਰਹਿਮੰਡ ਦੀ ਸਿਰਜਣਾ ਕੀਤੀ
ਹੈ। ਉਸ ਵੇਲੇ ਕੁੱਝ ਅਖੌਤੀ ਲੋਕਾਂ ਨੇ ਹਰ ਸੰਭਵ ਕੋਸ਼ਿਸ਼ ਦੁਆਰਾ ਗੁਰੂ ਜੀ ਦੇ
ਮਿਸ਼ਨ-ਪ੍ਰਚਾਰ ਵਿੱਚ ਰੋਕਾਂ ਪਾਈਆਂ ਪਰ ਹਰ ਵਾਰ ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ
ਨੇ ਉਸ ਵੇਲੇ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਅੰਧ ਵਿਸ਼ਵਾਸ਼ਾਂ ਨੂੰ ਤੋੜਕੇ ਇੱਕ ਮਹਾਨ
ਸਮਾਜ ਸੁਧਾਰਕ ਦਾ ਕੰਮ ਕੀਤਾ ਸੀ। ਗੁਰੂ ਰਵਿਦਾਸ ਜੀ ਨੇ ਇਸ ਤਰਾਂ ਦੇ ਰਾਜ ਦੀ
ਕਲਪਨਾ ਕੀਤੀ ਸੀ:-
ਐਸਾ ਚਾਹੁੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ,
ਛੋਟ-ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ।
ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਇਸ ਸਬੰਧੀ
ਪ੍ਰਚਾਰ ਕਰਨ ਲਈ ਵੱਖ ਵੱਖ ਇਲਾਕਿਆਂ ਵਿੱਚ ਜਾਕੇ ਕੰਮ ਕੀਤਾ। ਗੁਰੂ ਰਵਿਦਾਸ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿੱਚ ਵੱਡੇ ਸਨ। ਵੱਖ ਵੱਖ ਵਿਦਵਾਨਾਂ ਅਨੁਸਾਰ
ਉਨ੍ਹਾਂ ਦੀਆਂ ਆਪਸ ਵਿੱਚ ਤਿੰਨ ਮੁਲਾਕਾਤਾਂ ਹੋਈਆਂ। ਵਿਦਵਾਨਾਂ ਅਨੁਸਾਰ ਪਹਿਲੀ
ਗੋਸ਼ਟੀ ਚੂੜਕਾਣੇ (ਨਨਕਾਣਾ ਸਾਹਿਬ) ਵਿਖੇ ਹੋਈ। ਗੁਰੂ ਰਵਿਦਾਸ ਜੀ, ਸੰਤ ਕਬੀਰ ਜੀ,
ਸੰਤ ਸੇਨ ਜੀ, ਸੰਤ ਪੀਪਾ ਜੀ ਅਤੇ ਸੰਤ ਧੰਨਾ ਜੀ ਪੰਜਾਬ ਵਿੱਚ ਪ੍ਰਚਾਰ ਕਰ ਰਹੇ ਸਨ।
ਗੁਰੂ ਨਾਨਕ ਦੇਵ ਜੀ ਨੇ ਜਿਹੜੇ ਪੈਸੇ ਆਪਣੇ ਪਿਤਾ ਮਹਿਤਾ ਕਾਲੂ ਜੀ ਪਾਸੋਂ ਵਪਾਰ ਲਈ
ਪ੍ਰਾਪਤ ਕੀਤੇ ਸਨ। ਉਹ ਇਨ੍ਹਾਂ ਸੰਤਾਂ ਦੀ ਸੇਵਾ ਤੇ ਹੀ ਲਾਕੇ ਸੱਚਾ ਸੌਦਾ ਕੀਤਾ
ਸੀ। ਦੂਜੀ ਮੁਲਾਕਾਤ ਅਤੇ ਗੋਸ਼ਟੀ ਸੁਲਤਾਨਪੁਰ ਵਿੱਚ ਉਸ ਸਮੇਂ ਹੋਈ ਜਦੋਂ ਗੁਰੂ
ਰਵਿਦਾਸ ਜੀ ਆਪਣੇ ਹੋਰ ਸੰਤ ਸਾਥੀਆਂ ਨਾਲ ਉੱਤਰੀ ਭਾਰਤ ਦਾ ਦੌਰਾ ਕਰਦੇ-ਕਰਦੇ
ਦੁਬਾਰਾ ਪੰਜਾਬ ਆਏ ਸਨ। ਤੀਜੀ ਗੋਸ਼ਟੀ ਕਾਸ਼ੀ ਵਿੱਚ ਗੋਪਾਲਦਾਸ ਦੀ ਬਗੀਚੀ ਜਿੱਥੇ ਹੁਣ
'ਗੁਰੂ ਕਾ ਬਾਗ' ਗੁਰਦੁਆਰਾ ਹੈ ਵਿੱਚ ਹੋਈ।
ਗੁਰੂ ਰਵਿਦਾਸ ਜੀ ਨੇ ਆਪਣੇ ਸੰਘਰਸ਼ਮਈ ਜੀਵਨ ਦੁਆਰਾ ਸੁੱਤੇ ਹੋਏ ਭਾਰਤੀ ਸਮਾਜ ਨੂੰ
ਜਗਾਇਆ। ਉਸ ਸਮੇਂ ਦੇ ਕਈ ਰਾਜਿਆਂ ਨੇ ਆਪਜੀ ਨੂੰ ਆਪਣਾ ਰਾਜਗੁਰੂ ਬਣਾਇਆ ਉਨ੍ਹਾਂ
ਵਿੱਚ ਰਾਣਾ ਕੁੰਭਾ, ਰਾਜਾ ਨਾਗਰਮਲ, ਰਾਜਾ ਪੀਪਾ, ਰਾਜਾ ਬਹਾਦਰ ਸ਼ਾਹ, ਰਾਜਾ ਸਿਕੰਦਰ
ਲੋਧੀ, ਪੰਡਿਤ ਸ਼ਰਧਾ ਰਾਮ, ਰਾਜਾ ਬੈਨ ਸਿੰਘ, ਰਾਮ ਲਾਲ, ਰਾਜਾ ਚੰਦਰਹਾਂਸ, ਪੰਡਿਤ
ਗੰਗਾ ਰਾਮ, ਰਾਜਾ ਚੰਦਰ ਪ੍ਰਤਾਪ, ਰਾਉ ਦੂਦਾ, ਹਰਦੇਵ ਸਿੰਘ ਨਾਗਰ, ਵੀਰ ਸਿੰਘ
ਬਘੇਲਾ, ਰਾਣਾ ਸਾਂਗਾ, ਬੀਬੀ ਭਾਨਮਤੀ, ਰਾਣੀ ਝਾਲੀ, ਮੀਰਾ ਬਾਈ ਪ੍ਰਸਿੱਧ ਹਨ।
ਇਨ੍ਹਾਂ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਲੋਕਾਂ ਨੇ ਵੀ ਆਪਜੀ ਦੀ ਧਾਰਮਿਕ ਵਿਚਾਰਧਾਰਾ
ਦਾ ਸਮਰਥਨ ਕੀਤਾ। ਬੇਗਮਪੁਰਾ ਸ਼ਹਿਰ ਗੁਰੂ ਰਵਿਦਾਸ ਜੀ ਦੇ ਆਪਣੇ ਸ਼ਬਦਾਂ ਵਿੱਚ ਇਕ
ਐਸਾ ਸਥਾਨ ਹੈ, ਜਿੱਥੇ ਮਾਨਵਤਾ ਦੀ ਪੂਰੀ ਸੁਤੰਤਰਤਾ ਹੈ।
ਬੇਗਮਪੁਰਾ ਸਹਿਰ ਕੋ ਨਾਉ, ਦੂਖੁ ਅੰਦੋਹੁ ਨਹੀਂ ਤਿਹ ਠਾਹਿ ॥
ਨਾ ਤਸਵੀਸ ਖਿਰਾਜੁ ਨਾ ਮਾਲੁ। ਖਓੁਫੁ ਨ ਖਤਾ ਨ ਤਰਸੁ ਜਵਾਲੁ ॥ ੧
ਅਬ ਮੋਹਿ ਖੂਬ ਵਤਨ ਗਹ ਪਾਈ। ਓੁਹਾਂ ਖੈਰਿ ਸਦਾ ਮੇਰੇ ਪਾਈ ॥ ਰਹਾਉ ॥
ਕਾਇਮੁ ਦਾਇਮੁ ਸਦਾ ਪਾਤਿਸਾਹੀ। ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ। ਉਹਾਂ ਗਨੀ ਬਸਹਿ ਮਾਮੂਰ॥ ੨॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ। ਮਹਰਮ ਮਹੁਲ ਨ ਕੋ ਅਟਕਾਵੈ।
ਕਹਿ ਰਵਿਦਾਸ ਖਲਾਸੁ ਚਮਾਰਾ। ਜੋ ਹਮ ਸਹਰੀ ਸੋ ਮੀਤੁ ਹਮਾਰਾ । ੩॥
ਸ਼੍ਰੀ ਗੁਰੂ ਰਵਿਦਾਸ ਜੀ ਨੇ ਹਰ ਪ੍ਰਕਾਰ ਦੀ ਗੁਲਾਮੀ ਦੀ ਨਿੰਦਾ ਕੀਤੀ ਅਤੇ ਡਟਵਾਂ
ਵਿਰੋਧ ਕੀਤਾ:-
ਪਰਾਧੀਨਤਾ ਪਾਪ ਹੈ ਜਾਨ ਲੇਹੁ ਰੇ ਮੀਤ।
ਰਵਿਦਾਸ ਦਾਸ ਪ੍ਰਾਧੀਨ ਸੋਂ ਕੌਣ ਕਰੈ ਹੈ ਪ੍ਰੀਤ।
ਪ੍ਰਾਧੀਨ ਕੋ ਦੀਨ ਕਿਆ ਪਰਾਧੀਨ ਬੇਦੀਨ।
ਰਵਿਦਾਸ ਦਾਸ ਪਰਾਧੀਨ ਕੋ ਸਭਹੀ ਸਮਝੇ ਹੀਨ।
ਰਵਿਦਾਸ ਮਨੁੱਖ ਕਰਿ ਵਸਨ ਕੂੰ ਸੁਖਕਰ ਹੈਂ ਦੂਈ ਠਾਂਵ।
ਇੱਕ ਸੁੱਖ ਹੈ ਸਵਰਾਜ ਮਂਹਿ ਦੂਸਰ ਮਰਘਟ ਗਾਂਵ।
ਗੁਰੂ ਰਵਿਦਾਸ ਜੀ ਨੇ ਅੰਧਵਿਸਵਾਸ ਦਾ ਵੀ ਡਟਕੇ ਵਿਰੋਧ ਕੀਤਾ ਹੈ ਅਤੇ ਸਪੱਸ਼ਟ ਸ਼ਬਦਾਂ
ਵਿੱਚ ਕਿਹਾ ਹੈ:-
ਹਰਿ ਸੋ ਹੀਰਾ ਛਾਡਿਕੈ, ਕਰਿਹ ਆਨ ਕੀ ਆਸ।
ਤੈ ਨਰ ਦੋਜਿਖ ਜਾਹਿਗੇ, ਸਤਿ ਭਾਖੇ ਰਵਿਦਾਸ। ਸੋਹੰ
ਜਹਾਂ ਅੰਧ ਵਿਸ਼ਵਾਸ ਹੈ, ਸਚਿ ਪਰਖ ਤਹਿ ਨਾਹੀ।
ਰਵਿਦਾਸ ਸਚਿ ਸੋਈ ਜਾਨਿ, ਜੋ ਅਨੁਭਵ ਹੋਵਿ ਮਨ ਮਾਹ।
ਗੁਰੂ ਰਵਿਦਾਸ ਜੀ ਨੇ ਸਭ ਨੂੰ ਮਿਲਕੇ ਇਕੱਠੇ ਰਹਿਣ ਲਈ ਕਿਹਾ ਹੈ:-
ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ।।
ਗੁਰੂ ਰਵਿਦਾਸ ਜੀ ਨੇ ਵੱਖ ਪ੍ਰਾਂਤਾ ਦੀਆਂ ਯਾਤਰਾਵਾਂ ਕਰਕੇ ਛੇ ਉਦਾਸੀਆ ਕੀਤੀਆ।
ਆਪਜੀ ਪਹਿਲੀ ਉਦਾਸੀ ਦੌਰਾਨ ਨਾਗਪੁਰ, ਭਾਗਲਪੁਰ, ਬੀਜਾਪੁਰ, ਭੋਪਾਲ, ਅਜਮੇਰ,
ਅਯੁਧਿਆ, ਹੈਦਰਾਬਾਦ, ਬੰਬਈ, ਕਰਾਚੀ, ਚਿਤੌੜ, ਜਲਾਲਾਬਾਦ, ਸ਼੍ਰੀਨਗਰ, ਡਲਹੌਜੀ,
ਗੋਰਖਪੁਰ ਆਦਿ ਸਥਾਨਾਂ ਤੇ ਗਏ। ਇਸ ਮੌਕੇ ਆਪਜੀ ਦਾ ਪੁੱਤਰ ਵਿਜੈ ਦਾਸ ਅਤੇ ਸਤਿਗੁਰੂ
ਕਬੀਰ ਜੀ ਵੀ ਨਾਲ ਸਨ। ਦੂਜੀ ਉਦਾਸੀ ਦੌਰਾਨ ਆਪ ਗੋਰਖਪੁਰ, ਪ੍ਰਤਾਪਗੜ, ਸ਼ਾਹਜਹਾਂਪੁਰ
ਆਦਿ ਸਥਾਨਾਂ ਤੇ ਗਏ। ਤੀਜੀ ਉਦਾਸੀ ਦੌਰਾਨ ਆਪ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ
ਸਥਾਨਾਂ ਤੇ ਗਏ। ਚੋਥੀ ਉਦਾਸੀ ਦੌਰਾਨ ਆਪ ਵੱਖ ਵੱਖ ਤੀਰਥ ਸਥਾਨਾਂ ਹਰਿਦੁਆਰ,
ਗੋਦਾਵਰੀ, ਕੁਰਕੁਸ਼ੇਤਰ, ਤਰਿਵੈਣੀ ਆਦਿ ਸਥਾਨਾਂ ਤੇ ਗਏ। ਪੰਜਵੀ ਉਦਾਸੀ ਆਪਜੀ ਨੇ
ਗਾਜੀਪੁਰ ਦੀ ਕੀਤੀ। ਛੇਵੀਂ ਉਦਾਸੀ ਗੁਰੂ ਰਵਿਦਾਸ ਜੀ ਨੇ ਪੰਜਾਬ ਦੀ ਕੀਤੀ। ਆਪਜੀ
ਲੁਧਿਆਣਾ ਹੁੰਦੇ ਹੋਏ ਪਿੰਡ ਚੱਕ ਹਕੀਮ ਪਹੁੰਚੇ, ਜਲੰਧਰ, ਸੁਲਤਾਨਪੁਰ ਲੋਧੀ,
ਕਪੂਰਥਲਾ, ਖੁਰਾਲਗੜ੍ਹ ਆਦਿ ਸਥਾਨਾਂ ਤੇ ਗਏ। ਇਤਿਹਾਸਕ ਧਰਮ ਅਸਥਾਨ ਖੁਰਾਲਗੜ੍ਹ
(ਖੁਰਾਲੀ), ਤਹਿਸੀਲ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ (ਪੰਜਾਬ) ਦੀ ਧਰਤੀ ਸ਼੍ਰੀ ਗੁਰੂ
ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਤਿਹਾਸਕਾਰਾਂ ਅਨੁਸਾਰ ਸ਼੍ਰੀ ਗੁਰੂ
ਰਵਿਦਾਸ ਜੀ ਸੀਰ ਗੋਵਰਧਨਪੁਰ ਬਨਾਰਸ (ਕਾਂਸ਼ੀ) ਯੂ. ਪੀ. ਤੋਂ ਪੈਦਲ ਲੁਧਿਆਣਾ ਹੁੰਦੇ
ਹੋਏ ਸੰਨ 1515 ਈਸਵੀ ਵਿੱਚ ਇਸ ਅਸਥਾਨ ਤੇ ਆਏ ਸਨ। ਸ੍ਰੀ ਗੁਰੂ ਰਵਿਦਾਸ ਜੀ ਦੇ ਇਸ
ਅਸਥਾਨ ਤੇ ਪਹੁੰਚਣ ਸਮੇਂ ਉਨਾਂ੍ਹ ਦੀਆਂ ਸੇਵਕਾਵਾਂ ਮੀਰਾ ਬਾਈ, ਝਾਲਾਂ ਬਾਈ ਅਤੇ
ਭਾਨਵਤੀ ਜੀ ਵੀ ਨਾਲ ਸਨ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਸ ਅਸਥਾਨ ਤੇ 4 ਸਾਲ 2
ਮਹੀਨੇ 11 ਦਿਨ ਠਹਿਰੇ। ਇਸ ਸਮੇਂ ਉਹ ਖੁਦ ਪ੍ਰਭੂ ਦਾ ਨਾਮ ਸਿਮਰਨ ਕਰਦੇ, ਸੰਗਤਾਂ
ਨੂੰ ਸੁਣਾਉਂਦੇ ਅਤੇ ਜੀਵਾਂ ਨੂੰ ਨਾਮ ਸਿਮਰਨ ਦੀ ਬਖਸ਼ਿਸ਼ ਕਰਦੇ ਰਹੇ। ਬਹੁਤ ਸਾਰੇ
ਪ੍ਰਾਣੀ ਉਨਾਂ੍ਹ ਦੇ ਸੇਵਕ ਬਣ ਗਏ। ਗੁਰੂ ਜੀ ਦੀ ਮਹਿਮਾ ਨੂੰ ਵਧਦਿਆਂ ਵੇਖ ਕੇ ਉਸ
ਸਮੇਂ ਦਾ ਰਾਜਾ ਬੈਨ ਸਿੰਘ ਗੁਰੂ ਜੀ ਨਾਲ ਈਰਖਾ ਕਰਨ ਲੱਗਾ। ਰਾਜੇ ਨੇ ਗੁਰੂ ਜੀ ਨੂੰ
ਖਰਾਸ (ਚੱਕੀ) ਚਲਾਉਣ ਦੀ ਸ਼ਜਾ ਦਿੱਤੀ। ਗੁਰੂ ਜੀ ਅੰਤਰ ਧਿਆਨ ਹੋ ਕੇ ਪ੍ਰਭੂ ਭਗਤੀ
ਵਿਚ ਲੀਨ ਹੋ ਗਏ ਅਤੇ ਖਰਾਸ (ਚੱਕੀ) ਆਪਣੇ ਆਪ ਚੱਲਣ ਲੱਗ ਪਈ। ਇਸ ਚਮਤਕਾਰ ਨੂੰ ਵੇਖ
ਕੇ ਸਭ ਹੈਰਾਨ ਹੋ ਗਏ। ਰਾਜਾ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਗੁਰੂ ਜੀ ਦੇ
ਚਰਨੀਂ ਪੈ ਗਿਆ। ਇਸ ਤਰਾਂ੍ਹ ਉਸਨੇ ਆਪਣੀ ਭੁੱਲ ਬਖਸ਼ਾਈ। ਇਸ ਤੋਂ ਬਾਅਦ ਰਾਜਾ ਅਤੇ
ਇਲਾਕੇ ਦੀ ਜਨਤਾ ਨੇ ਗੁਰੂ ਜੀ ਕੋਲ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਦੂਰ ਕਰਨ ਲਈ
ਬੇਨਤੀ ਕੀਤੀ। ਗੁਰੂ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਇੱਥੋਂ 3 ਮੀਲ ਦੂਰ ਡੂੰਘੀ
ਖੱਡ ਵਿਚ ਜਾ ਕੇ ਸੱਜੇ ਪੈਰ ਦੇ ਅੰਗੂਠੇ ਨਾਲ ਭਾਰੀ ਪੱਥਰ ਹਟਾ ਕੇ ਪਾਣੀ ਦਾ ਚਸ਼ਮਾ
ਵਗਾ ਦਿੱਤਾ ਜਿਸ ਨੂੰ ਚਰਨ ਛੋਹ ਗੰਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ
ਪਵਿੱਤਰ ਜਲ 24 ਘੰਟੇ ਚਲਦਾ ਰਹਿੰਦਾ ਹੈ। ਇਸ ਜਲ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ
200 ਮੀਟਰ ਦੇ ਅੰਦਰ ਹੀ ਧਰਤੀ ਵਿਚੋਂ ਨਿਕਲਦਾ ਹੈ ਅਤੇ ਇਸੇ ਹੀ ਥਾਂ ਰਹਿ ਜਾਂਦਾ
ਹੈ। ਇਸ ਦੇ ਦੁਆਲੇ ਦੇ ਖੇਤਰ ਵਿਚ ਧਰਤੀ ਵਿੱਚ ਪਾਣੀ ਬਹੁਤ ਜ਼ਿਆਦਾ ਡੂੰਘਾਈ ਵਿਚ
ਮਿਲਦਾ ਹੈ। ਗੁਰੂ ਰਵਿਦਾਸ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਠੋਸ ਪ੍ਰਮਾਣਿਕ
ਜਾਣਕਾਰੀ ਨਹੀਂ ਮਿਲਦੀ ਹੈ। ਬਹੁਤੇ ਇਤਿਹਾਸਕਾਰਾਂ ਅਨੁਸਾਰ ਆਪ 151 ਸਾਲ ਦੀ ਆਯੂ
ਭੋਗਕੇ ਸੰਮਤ 1584 ਨੂੰ ਜੋਤੀ ਜੋਤ ਸਮਾ ਗਏ। ਚਿਤੌੜਗੜ੍ਹ ਵਿੱਚ ਮੀਰਾਂ ਬਾਈ ਦੇ
ਮੰਦਿਰ ਦੇ ਬਾਹਰ ਬਣੀ ਛੱਤਰੀ ਹੇਠਾਂ ਆਪਜੀ ਦੇ ਚਰਨ ਕਮਲਾਂ ਦੇ ਨਿਸ਼ਾਨ ਮੌਜੂਦ ਹਨ।
ਵੱਖ ਵੱਖ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵਾਰਾਨਸੀ ਵਿੱਚ ਸ਼੍ਰੀ ਗੁਰੂ
ਰਵਿਦਾਸ ਜੀ ਦੇ ਪ੍ਰਗਟ ਉਤਸਵ ਤੇ ਪਹੁੰਚਦੇ ਹਨ। ਸਰਕਾਰ ਵਲੋਂ ਸਮੇਂ ਸਮੇਂ ਤੇ
ਵਾਰਾਨਸੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿੱਚ ਪ੍ਰਜੈਕਟ ਬਣਾਏ ਗਏ ਹਨ।
ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਦੀ ਚਰਨ ਛੋਹ ਪ੍ਰਾਪਤ ਧਰਤੀ
ਪਿੰਡ ਖੁਰਾਲੀ ਦਾ ਨਾਮ ਸ਼੍ਰੀ ਖੁਰਾਲਗੜ੍ਹ ਸਾਹਿਬ ਰੱਖਿਆ ਗਿਆ ਹੈ ਅਤੇ ਯਾਦਗਾਰ
ਸਥਾਪਿਤ ਕਰਨ ਲਈ 110 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ 151
ਫੁੱਟ ਉੱਚਾ ਮਿਨਾਰ ਏ ਬੇਗਮਪੁਰਾ ਬਣਾਇਆ ਜਾਵੇਗਾ। ਇਸ ਸਾਲ ਪੰਜਾਬ ਸਰਕਾਰ ਵਲੋਂ
ਪ੍ਰਗਟ ਉਤਸਵ ਸਬੰਧੀ ਰਾਜ ਪੱਧਰੀ ਪ੍ਰੋਗਰਾਮ ਵੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿੱਚ
ਮਨਾਇਆ ਜਾ ਰਿਹਾ ਹੈ।
ਅੱਜ 31 ਜਨਵਰੀ 2018 ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਗਟ ਉਤਸਵ ਦੇਸ਼ ਵਿਦੇਸ਼ਾਂ
ਵਿੱਚ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਵੀ ਸਮਾਜ ਵਿੱਚ
ਵੰਡੀਆਂ ਪਈਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਕਲਪਨਾ ਕੀਤੇ ਗਏ ਜਾਤ ਅਤੇ ਵਰਗ ਰਹਿਤ
ਸਮਾਜ ਦੀ ਸਿਰਜਣਾ ਕਰਨ ਲਈ ਕਾਫੀ ਕੁੱਝ ਹੋਰ ਕਰਨ ਦੀ ਲੋੜ ਹੈ।
ਕੁਲਦੀਪ ਚੰਦ
|
|