}
                                                                           

Articles

Home

02 ਦਸੰਬਰ 2017 ਲਈ ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਸਬੰਧੀ ਵਿਸੇਸ਼।

ਭਾਰਤ ਦੀ 1.4 ਫਿਸਦੀ ਜਨਸੰਖਿਆ ਗੁਲਾਮਾਂ ਦੀ ਹੀ ਹੈ।

ਗਲੋਵਲ ਸਲੇਵਰੀ ਇੰਡੈਕਸ ਦੇ 2016 ਦੇ ਸਰਵੇਖਣ ਅਨੁਸਾਰ ਵਿਸ਼ਵ ਵਿੱਚ ਲੱਗਭੱਗ 45.8 ਮਿਲੀਅਨ ਵਿਅਕਤੀ ਗੁਲਾਮੀ ਵਿੱਚ ਫਸੇ ਹੋਏ ਹਨ। ਦੁਨੀਆ ਦੇ ਲੱਗਭੱਗ 58 ਫਿਸਦੀ ਗੁਲਾਮ ਵਿਸ਼ਵ ਦੇ 05 ਦੇਸ਼ਾਂ ਭਾਰਤ, ਪਾਕਿਸਤਾਨ, ਚੀਨ, ਬੰਗਲਾ ਦੇਸ, ਉਜਵੇਕਿਸਤਾਨ ਵਿੱਚ ਰਹਿੰਦੇ ਹਨ। 

02 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਗੁਲਾਮੀ ਪ੍ਰਥਾ ਖਾਤਮਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਗੁਲਾਮੀ ਪ੍ਰਥਾ ਨੂੰ ਖਤਮ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। 02 ਦਸੰਬਰ, 1949 ਨੂੰ ਇਸ ਸਬੰਧੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਲੋਂ ਮਤਾ ਨੰਬਰ 317-(4) ਪਾਸ ਕੀਤਾ ਗਿਆ ਸੀ। 02 ਦਸੰਬਰ, 1985 ਨੂੰ ਗੁਲਾਮੀ ਨੂੰ ਖਤਮ ਕਰਨ ਲਈ ਕੰਮ ਕਰਨ ਵਾਲੇ ਸਮੂਹ ਦੇਸ਼ਾਂ ਨੇ ਸੰਯੁਕਤ ਰਾਸਟਰ ਕੋਲ ਅਪਣੀ ਰਿਪੋਰਟ ਪੇਸ ਕੀਤੀ ਅਤੇ 02 ਦਸੰਬਰ ਦਾ ਦਿਨ ਵਿਸ਼ਵ ਪੱਧਰ ਤੇ ਗੁਲਾਮੀ ਖਾਤਮਾ ਦਿਵਸ ਵਜੋਂ ਮਨਾਉਣ ਲਈ ਸੁਝਾਓ ਦਿਤਾ। 1995 ਤੋਂ ਇਹ 02 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਗੁਲਾਮੀ ਪ੍ਰਥਾ ਖਾਤਮਾ ਦਿਵਸ ਵਜੋਂ ਜਾਣਿਆਂ ਜਾਂਦਾ ਹੈ।  18 ਦਸੰਬਰ, 2002 ਨੂੰ ਸੰਯੁਕਤ ਰਾਸ਼ਟਰ ਨੇ ਸਾਲ 2004 ਨੂੰ ਗੁਲਾਮੀ ਵਿਰੋਧੀ ਅਤੇ ਗੁਲਾਮੀ  ਖਾਤਮਾ ਸਾਲ ਵਜੋਂ ਘੋਸਿਤ ਕੀਤਾ ਸੀ। ਮਨੁਖੀ ਸਭਿੱਅਤਾ ਸ਼ੁਰੂ ਵਿੱਚ ਬਿਲਕੁੱਲ ਅਜਾਦ ਸੀ ਪਰੰਤੂ ਹੋਲੀ ਹੋਲੀ ਸੋਝੀ ਆਣ ਨਾਲ ਕੁੱਝ ਲੋਕਾਂ ਨੇ ਬਾਕੀਆਂ ਨੂੰ ਗੁਲਾਮ ਬਣਾਉਣਾ ਸ਼ੁਰੂ ਕਰ ਦਿਤਾ। ਸਮੇਂ ਸਮੇਂ ਤੇ ਗੁਲਾਮੀ ਪ੍ਰਥਾ ਨੂੰ ਰੋਕਣ ਲਈ ਸਮਾਜ ਸੁਧਾਰਕਾਂ ਵਲੋਂ ਅਵਾਜ਼ ਬੁਲੰਦ ਕੀਤੀ ਗਈ ਹੈ ਅਤੇ ਇਸਨੂੰ ਖਤਮ ਕਰਨ ਲਈ ਕਨੂੰਨ ਬਣਾਏ ਗਏ ਹਨ। ਅੱਜ ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਪ੍ਰੰਤੂ ਗੁਲਾਮੀ ਵਰਗੀ ਪ੍ਰਥਾ ਅਜੇ ਤੱਕ ਵੀ ਕਾਇਮ ਹੈ। ਜੇਕਰ ਗੁਲਾਮੀ ਦਾ ਇਤਿਹਾਸ ਵੇਖੀਏ ਤਾਂ ਲੱਗਭੱਗ 3000 ਸਾਲ ਪਹਿਲਾਂ ਗੁਲਾਮੀ ਦੀਆਂ ਸ਼ਰਤਾਂ ਤਹਿ ਕੀਤੀਆਂ ਗਈਆਂ ਜਿਸ ਅਨੁਸਾਰ ਗੁਲਾਮ ਔਰਤ ਤੋਂ ਪੈਦਾ ਹੋਇਆ ਬੱਚਾ, ਤੋਹਫੇ ਵਿੱਚ ਮਿਲਿਆ ਗੁਲਾਮ, ਖ੍ਰੀਦਿਆ ਗਿਆ ਗੁਲਾਮ, ਜਿਸ ਵਿਅਕਤੀ ਨੇ ਭੁੱਖ ਨਾਲ ਮਰਨ ਤੋਂ ਬਚਣ ਲਈ ਮਜ਼ਬੂਰੀ ਵਿੱਚ ਗੁਲਾਮੀ ਸਵਿਕਾਰ ਕੀਤੀ ਹੋਵੇ, ਜਿਸ ਵਿਅਕਤੀ ਨੂੰ ਜੰਗ ਵਿੱਚ ਗ੍ਰਫਿਤਾਰ ਕੀਤਾ ਹੋਵੇ, ਜਿਸ ਵਿਅਕਤੀ ਨੇ ਲਾਲਚਵਸ ਗੁਲਾਮੀ ਸਵਿਕਾਰ ਕੀਤੀ ਹੋਵੇ, ਕਿਸੇ ਵਿਸੇਸ਼ ਜਾਤ, ਨਸਲ ਆਦਿ ਨਾਲ ਸਬੰਧਿਤ ਵਿਅਕਤੀ ਗੁਲਾਮ ਹੋਵੇਗਾ। ਗਲੋਵਲ ਸਲੇਵਰੀ ਇੰਡੈਕਸ ਦੇ 2016 ਦੇ ਸਰਵੇਖਣ ਅਨੁਸਾਰ ਵਿਸ਼ਵ ਵਿੱਚ ਲੱਗਭੱਗ 45.8 ਮਿਲੀਅਨ ਵਿਅਕਤੀ ਗੁਲਾਮੀ ਵਿੱਚ ਫਸੇ ਹੋਏ ਹਨ। ਦੁਨੀਆ ਦੇ ਲੱਗਭੱਗ 58 ਫਿਸਦੀ ਗੁਲਾਮ ਅਤੇ ਲੱਗਭੱਗ 26.6 ਮਿਲੀਅਨ ਵਿਅਕਤੀ ਵਿਸ਼ਵ ਦੇ 05 ਦੇਸ਼ਾਂ ਭਾਰਤ, ਪਾਕਿਸਤਾਨ, ਚੀਨ, ਬੰਗਲਾ ਦੇਸ, ਉਜਵੇਕਿਸਤਾਨ ਵਿੱਚ ਰਹਿੰਦੇ ਹਨ। ਭਾਰਤ ਦੀ 1.4 ਫਿਸਦੀ ਜਨਸੰਖਿਆ ਗੁਲਾਮਾਂ ਦੀ ਹੀ ਹੈ। ਭਾਰਤ ਗੁਲਾਮੀ ਦੇ ਮਾਮਲੇ ਵਿੱਚ ਪਹਿਲੇ ਸਥਾਨ ਤੇ ਹੈ ਅਤੇ ਇੱਥੇ ਲੱਗਭੱਗ 18.3 ਮਿਲੀਅਨ ਵਿਅਕਤੀ, ਜਦਕਿ ਚੀਨ ਦੂਸਰੇ ਸਥਾਨ ਤੇ ਜਿੱਥੇ 3.39 ਮਿਲੀਅਨ  ਵਿਅਕਤੀ, ਪਾਕਿਸਤਾਨ ਤੀਸਰੇ ਸਥਾਨ ਤੇ ਹੈ ਜਿੱਥੇ 2.13 ਮਿਲੀਅਨ ਵਿਅਕਤੀ, ਬੰਗਲਾ ਦੇਸ ਵਿੱਚ 1.53 ਮਿਲੀਅਨ ਵਿਅਕਤੀ ਗੁਲਾਮੀ ਵਿੱਚ ਫਸੇ ਹੋਏ ਹਨ ਅਤੇ ਉਜ਼ਵੇਕਿਸਤਾਨ ਵਿੱਚ 1.23ਮਿਲੀਅਨ ਵਿਅਕਤੀ ਗੁਲਾਮੀ ਵਿੱਚ ਰਹਿੰਦੇ ਹਨ।

ਇਸ ਰਿਪੋਰਟ ਵਿੱਚ ਵਿਸ਼ਵ ਦੇ 167 ਦੇਸ਼ਾਂ ਵਿੱਚ ਨਾਗਰਿਕ ਪੱਧਰ ਤੇ ਸਰਵੇਖਣ ਅਤੇ ਖੋਜ ਕੀਤੀ ਗਈ ਹੈ ਜਿਸ ਅਨੁਸਾਰ ਸਰਵੇ ਵਿੱਚ ਗੁਲਾਮੀ ਨੂੰ ਆਧੁਨਿਕ ਅਰਥਾਂ ਵਿੱਚ ਦੱਸਿਆ ਗਿਆ ਹੈ ਨਾ ਕਿ ਪਰੰਪਰਿਕ ਅਰਥਾਂ ਵਿੱਚ ਜਿੱਥੇ ਸਿਰਫ ਉਹਨਾਂ ਲੋਕਾਂ ਨੂੰ ਹੀ ਗੁਲਾਮ ਮੰਨਿਆ ਜਾਂਦਾ ਸੀ, ਜੋ ਕਿਸੇ ਦੀ ਕੈਦ ਵਿੱਚ ਰਹਿੰਦੇ ਸੀ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੇ ਅੰਕੜਿਆਂ ਦੇ ਅਨੁਸਾਰ ਹੀ ਤਕਰੀਬਨ 2 ਕਰੋੜ ਲੋਕਾਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ ਅਤੇ ਹਰ ਦੇਸ਼ ਵਿੱਚ ਗੁਲਾਮੀ ਨਾਲ ਜੁੜ੍ਹੀਆਂ ਸਮੱਸਿਆਵਾਂ ਹਨ। ਇਸ ਰਿਪੋਰਟ ਅਨੁਸਾਰ ਏਸ਼ੀਆ ਅਤੇ ਅਫਰੀਕਾ ਵਿੱਚ ਗੁਲਾਮੀ ਨੂੰ ਖਤਮ ਕਰਨ ਦੀ ਚੁਣੌਤੀ ਸਭ ਤੋਂ ਵੱਡੀ ਹੈ। ਭਾਰਤ ਦੀ ਇਸ ਮਾੜੀ ਸਥਿਤੀ ਲਈ ਦੇਸ਼ ਵਿੱਚ  ਨਾਗਰਿਕਾਂ ਦੇ ਖਰਾਬ ਹਾਲਾਤ ਜਿੰਮੇਵਾਰ ਹਨ। ਦੇਸ ਵਿੱਚ ਸਰਕਾਰਾਂ ਦੁਆਰਾ ਨਾਗਰਿਕ ਪ੍ਰਸ਼ਾਸ਼ਨ ਅਤੇ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਦੇਣ ਪ੍ਰਤੀ ਲਾਪਰਵਾਹੀ ਵਰਤੀ ਜਾ ਰਹੀ ਹੈ। ਭਾਰਤ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਮੁਢਲੀਆਂ ਸੁਵਿਧਾਵਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਦੇਸ਼ ਵਿੱਚ ਹਰ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਕਾਰਨ ਸਰਕਾਰੀ ਸੁਵਿਧਾਵਾਂ ਦਾ ਲਾਭ ਵੀ ਅਕਸਰ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਹਨ। ਵਿਕਾਸ ਕੁੱਝ ਲੋਕਾਂ ਤੱਕ ਹੀ ਸੀਮਿਤ ਹੈ ਅਤੇ ਬਹੁਤੇ ਲੋਕ ਮੁਢਲੀਆਂ ਸਹੂਲਤਾਂ ਤੋਂ ਵੀ ਬਾਂਝੇ ਹਨ। ਦੇਸ਼ ਵਿੱਚ ਗਰੀਬਾਂ ਦੀ ਹਾਲਤ ਅਤਿ ਖਸਤਾ ਹੈ।  ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਨੇ ਆਪਣੀ 2016 ਦੀ ਮਾਨਵ ਵਿਕਾਸ ਰਿਪੋਰਟ ਵਿੱਚ ਭਾਰਤ ਨੂੰ ਦੁਨੀਆਂ ਦੇ 186 ਦੇਸ਼ਾਂ ਵਿੱਚ 131ਵੇਂ ਨੰਬਰ ਤੇ ਰੱਖਿਆ ਹੈ। ਭਾਰਤ ਗਰੀਬੀ ਪੱਖੋਂ ਅਫਗਾਨਿਸਤਾਨ, ਬੰਗਲਾਦੇਸ਼, ਕੰਬੋਡੀਆਂ, ਕਿਰਗਿਜਿਸਤਾਨ, ਲਾਓਸ, ਪਾਕਿਸਤਾਨ, ਨੇਪਾਲ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਵੀਅਤਨਾਮ ਅਤੇ ਯਮਨ ਦੇ ਨੇੜੇ ਤੇੜੇ ਹੀ ਹੈ। ਇਹਨਾਂ ਵਿੱਚੋਂ ਵੀ ਵੀਅਤਨਾਮ ਅਤੇ ਉਜ਼ਬੇਕਿਸਤਾਨ ਦੇਸ਼ ਮਾਨਵ ਵਿਕਾਸ ਸੂਚਕਾਂਕ ਦੇ ਕਈ ਮਾਮਲਿਆਂ ਵਿੱਚ ਭਾਰਤ ਤੋਂ ਬਿਹਤਰ ਹਨ। ਵਿਸ਼ਵ ਦੇ ਸਭ ਤੋਂ ਗਰੀਬ 20% ਲੋਕਾਂ ਕੋਲ ਵਿਸ਼ਵ ਦੀ ਕੁੱਲ ਆਮਦਨ ਦਾ ਸਿਰਫ 01 ਪ੍ਰਤੀਸ਼ਤ ਪਹੁੰਚ ਰਿਹਾ ਹੈ ਜਦਕਿ ਦੂਜੇ ਪਾਸੇ ਵਿਸ਼ਵ ਦੇ ਸਭ ਤੋਂ ਅਮੀਰ 20 ਫੀਸਦੀ ਲੋਕ ਵਿਸ਼ਵ ਦੀ ਕੁੱਲ ਆਮਦਨ ਦਾ 86 ਫੀਸਦੀ ਹਿੱਸਾ ਹੜੱਪ ਰਹੇ ਹਨ। ਵਿਸ਼ਵ ਦੇ ਸਭ ਤੋਂ ਅਮੀਰ 3 ਵਿਅਕਤੀਆਂ ਦੇ ਕੋਲ ਜਿੰਨੀ ਸੰਪਤੀ ਹੈ, ਉਹ ਗਰੀਬ ਦੇਸ਼ਾਂ ਵਿੱਚ ਰਹਿਣ ਵਾਲੇ ਵਿਸ਼ਵ ਦੇ 60 ਕਰੋੜ ਲੋਕਾਂ ਦੀ ਸਾਲਾਨਾ ਆਮਦਨ ਦੇ ਬਰਾਬਰ ਹੈ। ਪਹਿਲਾਂ ਭਾਰਤ ਵਿੱਚ ਗਿਣੇ-ਚੁਣੇ ਕਰੋੜਪਤੀ ਹੁੰਦੇ ਸੀ ਪਰ ਹੁਣ ਅੰਕੜਿਆਂ ਦੇ ਮੁਤਾਬਿਕ 2 ਲੱਖ 36 ਹਜ਼ਾਰ ਕਰੋੜਪਤੀ ਹਨ। ਦੇਸ਼ ਦਾ ਸਾਰਾ ਪੈਸਾ ਅਤੇ ਸਾਧਨ ਇਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਹੀ ਹੈ, ਜਦਕਿ ਬਾਕੀ ਲੋਕ ਕਿਸੇ ਤਰ੍ਹਾਂ ਨਾਲ ਸਿਰਫ ਆਪਣੀ ਜਿੰਦਗੀ ਗੁਜ਼ਰ ਬਸਰ ਕਰ ਰਹੇ ਹਨ। ਇਹੀ ਅਮੀਰ ਲੋਕ ਹੀ ਇਸ ਦੇਸ਼ ਦੇ ਨੀਤੀ ਨਿਰਮਾਤਾ ਹਨ। ਸਮਾਜ ਦੀਆਂ ਨੀਤੀਆਂ ਦੇ ਨਿਰਧਾਰਨ ਵਿੱਚ ਗਰੀਬਾਂ ਦਾ ਕੋਈ ਵੀ ਯੋਗਦਾਨ ਨਹੀਂ ਹੈ। ਗਰੀਬ ਸਿਰਫ ਅੰਕੜੇ ਬਣਾਉਣ ਜਾਂ ਬਣਨ ਦੇ ਲਈ ਹੀ ਹਨ। ਦੇਸ਼ ਦੀਆਂ ਸੜਕਾਂ ਤੇ ਦੋੜਦੀਆਂ ਲਗਜ਼ਰੀ ਕਾਰਾਂ, ਲਗਾਤਾਰ ਖੁੱਲਦੇ ਮਾਲ ਆਦਿ ਨਿਸ਼ਚਿਤ ਤੌਰ ਤੇ ਵਿਕਾਸ ਦੀਆਂ ਸੂਚਕ ਹਨ, ਪਰ ਇਹ ਵੀ ਸੱਚ ਹੈ ਕਿ ਦੇਸ ਵਿੱਚ ਬਹੁਤੇ ਲੋਕਾਂ ਲਈ ਦੋ ਜੂਨ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੈ। ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਦੇਸ਼ ਦੇ ਕਰੋੜਾਂ ਲੋਕ ਗੁਲਾਮਾਂ ਵਰਗਾ ਜੀਵਨ ਜੀਣ ਲਈ ਮਜ਼ਬੂਰ ਹਨ। ਵਿਸ਼ਵ ਬੈਂਕ ਨੇ ਭਾਰਤ ਵਿੱਚ ਗਰੀਬੀ ਦੇ ਬਾਰੇ ਜੋ ਅੰਕੜੇ ਪੇਸ਼ ਕੀਤੇ ਹਨ ਉਹ ਵੀ ਹੈਰਾਨੀਜਨਕ ਹਨ। ਇਸ ਸੰਸਥਾ ਅਨੁਸਾਰ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੀ ਆਬਾਦੀ ਦੇ ਅਨੁਸਾਰ ਭਾਰਤ ਦੀ ਸਥਿਤੀ ਸਿਰਫ ਅਫਰੀਕਾ ਦੇ ਸਬ-ਸਹਾਰਾ ਦੇਸ਼ਾਂ ਤੋਂ ਹੀ ਬਿਹਤਰ ਹੈ। ਸਾਡੇ ਦੇਸ਼ ਵਿੱਚ ਗਰੀਬੀ ਕਾਰਨ ਫੁੱਟਪਾਥਾਂ ਤੇ ਦਿਨ ਕੱਟਦੇ ਲੋਕ, ਬਿਨ੍ਹਾਂ ਇਲਾਜ ਤੋਂ ਮਰ ਰਹੇ ਲੋਕ ਗੁਲਾਮੀ ਦੀਆਂ ਮੂੰਹ ਬੋਲਦੀਆਂ ਘਟਨਾਵਾਂ ਹਨ। ਨਾਰਿਆਂ ਅਤੇ ਭਾਸ਼ਣਾਂ ਵਿੱਚ ਵਿਕਾਸ ਦਾ ਦਾਅਵਾ ਕਰਨ ਵਾਲੇ ਦੇਸ਼ ਦੇ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਦੇ ਲਈ ਵਿਸ਼ਵ ਗੁਲਾਮੀ ਸੂਚਕਾਂਕ ਦੀਆਂ ਰਿਪੋਰਟਾਂ ਸੱਚ ਬਿਆਨ ਕਰਦੀਆਂ ਹਨ। ਸਰਕਾਰੀ ਵਿਭਾਗਾਂ ਵਿੱਚ ਲਾਲ ਫੀਤਾਸ਼ਾਹੀ ਇੰਨੀ ਹਾਵੀ ਹੈ ਕਿ ਆਮ ਆਦਮੀ ਆਪਣੇ ਛੋਟੇ-ਛੋਟੇ ਕੰਮਾਂ ਅਤੇ ਦੋ ਵਕਤ ਦੀ ਰੋਟੀ ਦੇ ਲਈ ਦਰ-ਦਰ ਭਟਕਦਾ ਰਹਿੰਦਾ ਹੈ। ਦੇਸ ਵਿੱਚ ਬਹੁਤੇ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਰਿਵਾਰ ਦਾ ਪੇਟ ਪਾਲਣ ਲਈ ਮਹਿਲਾਵਾਂ ਅਪਣੇ ਆਪ ਨੂੰ ਵੇਚ ਰਹੀਆਂ ਹਨ, ਬੱਚੇ ਪੜ੍ਹਣ ਦੀ ਬਜਾਏ ਕੰਮ ਕਰ ਰਹੇ ਹਨ, ਕੁੱਝ ਵਿਸ਼ੇਸ ਜਾਤ ਅਤੇ ਵਰਗ ਦੇ ਲੋਕਾਂ ਤੋਂ ਬੇਗਾਰ ਕਰਵਾਈ ਜਾ ਰਹੀ ਹੈ। ਵਿਸ਼ਵ ਦੇ ਸਭਤੋਂ ਵੱਡੇ ਲੋਕਤੰਤਰ ਵਿੱਚ ਵਿਸ਼ਵ ਦੇ ਸਭਤੋਂ ਵੱਧ ਗੁਲਾਮ ਹੋਣਾ ਅਤਿ ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀਂ ਦੇਸ਼ ਨੂੰ ਸੱਚਮੁਚ ਵਿਕਸਿਤ ਦੇਸ਼ਾਂ ਦੀ ਲੜੀ ਵਿੱਚ ਖੜ੍ਹਾ ਕਰਨਾ ਚਾਹੁੰਦੇ ਹਾਂ ਤਾਂ ਦੇਸ਼ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਪਵੇਗਾ। ਸਾਡੇ ਦੇਸ ਵਿੱਚ ਸਮੇਂ ਸਮੇਂ ਤੇ ਸਮਾਜ ਦੇ ਚਿੰਤਕਾਂ ਅਤੇ ਸੁਧਾਰਕਾਂ ਨੇ ਗੁਲਾਮੀ ਦੇ ਇਸ ਚੁੰਗਲ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਮੁਹਿੰਮ ਚਲਾਈ ਹੈ ਪਰ ਦੇਸ ਵਿੱਚ ਸਭਤੋਂ ਵੱਡੀ ਗੁਲਾਮਾਂ ਦੀ ਗਿਣਤੀ ਇਹ ਸਾਬਿਤ ਕਰਦੀ ਹੈ ਕਿ ਉਹ ਮੁਹਿੰਮ ਸਫਲ ਨਹੀਂ ਹੋ ਸਕੀ ਹੈ। ਦੁਨੀਆਂ ਦੇ ਸਭਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਸਭਤੋਂ ਵੱਧ ਗੁਲਾਮਾਂ ਦੀ ਗਿਣਤੀ ਸਾਡੀਆਂ ਸਰਕਾਰਾਂ ਲਈ ਸ਼ਰਮਨਾਕ ਹੈ ਅਤੇ ਦੇਸ ਨੂੰ ਇਸ ਕਲੰਕ ਤੋਂ ਮੁਕੱਤ ਕਰਨ ਲਈ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ। ਦੇਸ਼ ਦੇ ਸਾਧਨਾ ਵਿਸ਼ੇਸ ਤੋਰ ਤੇ ਜੀਵਨ ਜਿਉਣ ਲਈ ਜਰੂਰੀ ਸਾਧਨਾਂ ਦੀ ਸਹੀ ਵੰਡ ਕਰਨੀ ਪਵੇਗੀ ਤਾਂ ਜੋ ਸਾਧਨ ਹੀਣ ਕੋਈ ਨਾਂ ਰਹੇ। ਅੱਜ ਵਿਸ਼ਵ ਗੁਲਾਮੀ ਖਾਤਮਾ ਦਿਵਸ ਮੋਕੇ ਦੇਸ਼ ਦੇ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਸ ਮਾਮਲੇ ਪ੍ਰਤੀ ਗੰਭੀਰਤਾ ਨਾਲ ਸੋਚਣਾ ਪਵੇਗਾ ਅਤੇ ਦੇਸ਼ ਨੂੰ ਇਸ ਕਲੰਕ ਤੋਂ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ। 

ਕੁਲਦੀਪ ਚੰਦ