}
                                                                                                   

Articles

Home


ਚੋਣਾ ਦਾ ਮੌਸਮ ਆਇਆ।

 
ਸੱਤਾ ਦਾ ਸੁਪਨਾ ਪੂਰਾ ਕਰਨ ਲਈ ਰਾਜਨੀਤੀਵਾਨ ਪਹੁੰਚਣਗੇ ਲੋਕਾਂ ਦੀ ਕਚਿਹਰੀ।

 ਸਾਡੇ ਦੇਸ਼ ਵਿੱਚ ਵੈਸੇ ਤਾਂ ਚਾਰ ਮੌਸਮ ਹਨ ਪਰ ਪੰਜਵਾਂ ਮੌਸਮ ਚੋਣਾਂ ਦਾ ਵੀ ਆ ਜਾਂਦਾ ਹੈ ਭਾਵੇਂ ਉਹ ਲੋਕ ਸਭਾ ਚੋਣਾਂ ਹੋਣ, ਭਾਵੇਂ ਵਿਧਾਨ ਸਭਾ ਚੋਣਾਂ ਹੋਣ, ਭਾਵੇਂ ਮਿਉਂਸੀਪਲ ਕੌਂਸਲ ਦੀਆਂ ਜਾਂ ਪੰਚਾਇਤ ਦੀਆਂ ਚੋਣਾਂ ਹੋਣ। ਜਦੋਂ ਚੋਣਾਂ ਦਾ ਮੌਸਮ ਆਉਂਦਾ ਹੈ ਤਾਂ ਸੁਸਰੀ ਵਾਂਗ ਸੁੱਤੇ ਨੇਤਾ ਇੱਕ ਦਮ ਚੁਸਤ-ਦਰੁਸਤ ਹੋ ਜਾਂਦੇ ਹਨ ਅਤੇ ਵੋਟਾਂ ਮੰਗਣ ਲਈ ਤੁਫਾਨੀ ਦੌਰੇ ਸ਼ੁਰੂ ਕਰ ਦਿੰਦੇ ਹਨ। ਜਿਹੜੇ ਨੇਤਾ ਪਹਿਲਾਂ ਗਰਦਨ ਉੱਚੀ ਕਰਕੇ ਚੱਲਦੇ ਹਨ ਉਹੀ ਨੇਤਾ ਚੌਣਾਂ ਦੇ ਮੌਸਮ ਵਿੱਚ ਹਰ ਆਮ ਵਿਅਕਤੀ ਅੱਗੇ ਗਰਦਨ ਨੀਵੀਂ ਕਰਕੇ ਹੱਥ ਜੋੜਦੇ ਨਜ਼ਰ ਆਉਂਦੇ ਹਨ। ਚੌਣਾਂ ਤੋਂ ਪਹਿਲਾਂ ਨੇਤਾ ਆਮ ਜਨਤਾ ਅੱਗੇ ਹੱਥ ਜੋੜਦੇ ਹਨ ਅਤੇ ਚੋਣਾਂ ਤੋਂ ਬਾਅਦ ਪੂਰੇ 5 ਸਾਲ ਜਨਤਾ ਇਨ੍ਹਾਂ ਸਾਹਮਣੇ ਹੱਥ ਜੋੜ ਕੇ ਮਿੰਨਤਾਂ ਕਰਦੀ ਹੈ ਪਰ ਇਹਨਾਂ ਨੂੰ ਤਰਸ ਨਹੀਂ ਆਉਂਦਾ। ਸਾਡੇ ਦੇਸ਼ ਵਿੱਚ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਪਹਿਲਾਂ ਤਾਂ ਰੱਜ ਕੇ 4 ਸਾਲਾਂ ਤੱਕ ਸੱਤਾਧਾਰੀ ਨੇਤਾ ਸੱਤਾ ਦਾ ਸੁੱਖ ਮਾਣਦੇ ਹਨ ਉਸ ਵੇਲੇ ਇਹਨਾਂ ਨੂੰ ਜਨਤਾ ਦੀਆਂ ਸਮੱਸਿਆਵਾਂ ਦੀ ਯਾਦ ਨਹੀਂ ਆਉਂਦੀ ਪਰ ਜਿਵੇਂ ਹੀ ਚੌਣਾਂ ਦਾ ਸਾਲ ਸ਼ੁਰੂ ਹੁੰਦਾ ਹੈ ਇਹ ਝੂਠੇ ਵਾਅਦਿਆਂ ਦੇ ਟੋਕਰੇ ਭਰ-ਭਰ ਕੇ ਵੰਡਣੇ ਸ਼ੁਰੂ ਕਰ ਦਿੰਦੇ ਹਨ। ਚੌਣਾਂ ਦੇ ਮੌਸਮ ਵਿੱਚ ਸ਼ਰਾਬ ਦੀਆਂ ਭੱਠੀਆਂ ਦਿਨ-ਰਾਤ ਚੱਲਣ ਲੱਗਦੀਆਂ ਹਨ ਕਿਉਂਕਿ ਇਸ ਨਾਲ ਹੀ ਤਾਂ ਨੇਤਾਵਾਂ ਨੇ ਚੋਣਾਂ ਜਿੱਤਣੀਆਂ ਹੁੰਦੀਆਂ ਹਨ। ਨਕਲੀ ਅਤੇ ਜ਼ਹਿਰੀਲੀ ਸ਼ਰਾਬ ਵੀ ਬਣਨ ਲੱਗਦੀ ਹੈ। ਜਨਤਾ ਇਹ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਪੀਕੇ ਆਪਣੀਆਂ ਜਾਨਾਂ ਗਵਾਂਉਂਦੀ ਹੈ ਪਰ ਨੇਤਾਵਾਂ ਨੂੰ ਸਿਰਫ ਚੋਣਾਂ ਜਿੱਤਣ ਨਾਲ ਮਤਲਬ ਹੁੰਦਾ ਹੈ। ਚੌਣਾਂ ਵਿੱਚ ਸਮੈਕ ਪੀਣ ਵਾਲੇ ਨੂੰ ਸਮੈਕ, ਅਫੀਮ ਖਾਣ ਵਾਲੇ ਨੂੰ ਅਫੀਮ, ਸ਼ਰਾਬ ਪੀਣ ਵਾਲੇ ਨੂੰ ਸ਼ਰਾਬ ਅਤੇ ਨਸ਼ੀਲੇ ਗੋਲੀਆਂ ਕੈਪਸੂਲ ਖਾਣ ਵਾਲਿਆਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਥੁੜ ਨਹੀਂ ਰਹਿੰਦੀ ਹੈ। ਜਿਹੜੇ ਨੇਤਾ ਨਸ਼ਿਆਂ ਵਿਰੁੱਧ ਭਾਸ਼ਣ ਦਿੰਦੇ ਨਹੀਂ ਥੱਕਦੇ ਚੌਣਾਂ ਵਿੱਚ ਉਹੀ ਨੇਤਾ ਨਸ਼ਿਆਂ ਦਾ ਹੜ੍ਹ ਲਿਆ ਦਿੰਦੇ ਹਨ। ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆਂ ਨੇਤਾਵਾਂ ਦੀ ਸ਼ਹਿ ਤੇ ਹੀ ਚੱਲਦਾ ਹੈ ਇਹ ਗੱਲ ਹੁਣ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਪੰਜਾਬ ਵਿੱਚ ਵਿੱਚ ਲਗਾਤਾਰ 10 ਸਾਲਾਂ ਤੋਂ ਅਕਾਲੀ ਭਾਜਪਾ ਦਾ ਰਾਜ ਚੱਲ ਰਿਹਾ ਹੈ। ਇਸ ਦੌਰਾਨ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨੇਤਾ ਸੱਤਾਧਾਰੀ ਅਕਾਲੀ ਦੱਲ-ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਦੀ ਥਾਂ ਅਪਣੇ ਆਗੂਆਂ ਦਾ ਹੀ ਵਿਰੋਧ ਕਰਨ ਵਿੱਚ ਹੀ ਰੁੱਝੇ ਰਹੇ। 2014 ਵਿੱਚ ਹੋਈਆਂ ਲੋਕ ਸਭਾ ਚੌਣਾਂ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਤੋਂ ਬਾਦ ਪੰਜਾਬ ਵਿੱਚ ਰਾਜਨੀਤਿਕ ਬਦਲਾਓ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਪ੍ਰੰਤੂ ਉਸਤੋਂ ਬਾਦ ਆਮ ਆਦਮੀ ਪਾਰਟੀ ਵਿੱਚ ਹੋਈ ਬਗਾਵਤ ਤੋਂ ਬਾਦ ਇਸ ਪਾਰਟੀ ਦੇ ਅਸਾਰ ਵੀ ਘਟ ਗਏ। 04 ਫਰਵਰੀ ਨੂੰ ਪੰਜਾਬ ਵਿੱਚ ਹੋ ਰਹੀਆਂ ਚੌਣਾਂ ਲਈ ਹੁਣ ਲੱਗਭੱਗ 1243 ਉਮੀਦਵਾਰ ਚੌਣ ਮੈਦਾਨ ਵਿੱਚ ਹਨ। ਇਨ੍ਹਾਂ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦੱਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਅਪਣਾ ਪੰਜਾਬ ਪਾਰਟੀ, ਅਕਾਲੀ ਦੱਲ ਅਮ੍ਰਿਤਸਰ, ਬਹੁਜਨ ਸਮਾਜ ਪਾਰਟੀ, ਸੀ ਪੀ ਆਈ, ਸੀ ਪੀ ਆਈ ਐਮ, ਟੀ ਐਮ ਸੀ, ਡੈਮੋਕਰੇਟਿਕ ਸਵਰਾਜ ਪਾਰਟੀ, ਪੰਜਾਬ ਡੈਮੋਕਰੇਟਿਕ ਪਾਰਟੀ ਆਦਿ ਚੌਣ ਮੈਦਾਨ ਵਿੱਚ ਹਨ ਅਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦੱਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦਾ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚਕਾਰ ਹੋਣ ਕਾਰਨ ਤਿਕੌਣਾ ਬਣਿਆ ਹੋਇਆ ਹੈ। ਕਈ ਇਲਾਕਿਆਂ ਵਿੱਚ ਬਾਗੀ ਉਮੀਦਵਾਰਾਂ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦਾ ਠੋਸ ਅਧਾਰ ਹੋਣ ਕਾਰਨ ਕਈ ਥਾਵਾਂ ਤੇ ਮੁਕਾਬਲਾ ਚਾਰ ਕੌਣਾਂ ਬਣ ਗਿਆ ਹੈ। ਇਨ੍ਹਾਂ ਚੌਣਾਂ ਵਿੱਚ ਪੰਜਾਬ ਦੇ ਲੱਗਭੱਗ 9749964 ਵੋਟਰ ਵੱਖ ਵੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਚੌਣਾਂ ਵਿੱਚ ਪੰਜਾਬ ਦੇ ਲੋਕ ਕਿਸ ਪਾਰਟੀ ਨੂੰ ਸਮੱਰਥਨ ਦਿੰਦੇ ਹਨ ਇਹ ਤਾਂ 11 ਮਾਰਚ ਨੂੰ ਚੌਣ ਨਤੀਜਿਆਂ ਤੋਂ ਹੀ ਪਤਾ ਚੱਲੇਗਾ ਪ੍ਰੰਤੂ ਵੱਖ ਵੱਖ ਪਾਰਟੀਆਂ ਵਿੱਚ ਉਠਦੇ ਬਗਾਬਤੀ ਸੁਰ ਇਨ੍ਹਾਂ ਪਾਰਟੀਆਂ ਦੇ ਪਮ੍ਰੁੱਖ ਆਗੂਆਂ ਦੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਵੱਡੀਆਂ ਮੁਸ਼ਕਿਲਾਂ ਖੜੀਆਂ ਕਰ ਸਕਦੇ ਹਨ। ਚੋਣਾਂ ਦੇ ਮੌਸਮ ਵਿੱਚ ਹੁਣ ਸਰਕਾਰ ਆਪਣੀਆਂ ਉਪਲਬੱਧੀਆਂ ਗਿਣਾਂ ਰਹੀ ਹੈ ਅਤੇ ਵਿਰੋਧੀ ਨੇਤਾ ਸਰਕਾਰ ਦੀਆਂ ਕਮੀਆਂ ਦੱਸ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕਈ ਰਾਜਨੇਤਾ ਜੋ ਕੁੱਝ ਦਿਨ ਪਹਿਲਾਂ ਸੱਤਾ ਵਿੱਚ ਸਨ ਹੁਣ ਉਹ ਵਿਰੋਧੀ ਪਾਰਟੀਆਂ ਵਿੱਚ ਜਾਕੇ ਅਕਾਲੀ ਦੱਲ ਭਾਰਤੀ ਜਨਤਾ ਪਾਰਟੀ ਨੂੰ ਕੋਸ ਰਹੇ ਹਨ ਅਤੇ ਕਈ ਆਗੂ ਜੋ ਪਹਿਲਾਂ ਵਿਰੋਧੀ ਪਾਰਟੀਆਂ ਵਿੱਚ ਸਨ ਹੁਣ ਸੱਤਾ ਵਿੱਚ ਰਹਿ ਚੁੱਕੀ ਅਕਾਲੀ ਭਾਰਤੀ ਜਨਤਾ ਪਾਰਟੀ ਵਿੰਚ ਜਾਕੇ ਸਰਕਾਰ ਦਾ ਪੱਖ ਪੂਰ ਰਹੇ ਹਨ। ਅਖਬਾਰਾਂ ਵਿੱਚ ਅਤੇ ਟੀ ਵੀ ਚੈਨਲਾਂ ਵਿੱਚ ਵੀ ਵੱਡੇ ਰਾਜਨੀਤਿਕ ਦਲ ਆਪਣੀਆਂ ਪਾਰਟੀਆਂ ਦੇ ਇਸ਼ਤਿਹਾਰ ਦੇ ਰਹੇ ਹਨ ਅਤੇ ਆਪਣੀਆਂ ਉਪਲਬੱਧੀਆਂ ਗਿਣਾਂ ਰਹੇ ਹਨ। ਰਾਜਨੀਤਿਕ ਦਲਾਂ ਦੁਆਰਾ ਅਖਬਾਰਾਂ ਅਤੇ ਟੀ ਵੀ ਚੈਨਲਾਂ ਰਾਹੀਂ ਆਪਣੇ ਵਿਰੋਧੀਆਂ ਤੇ ਰਾਜਨੀਤਿਕ ਚਿੱਕੜ ਉਛਾਲਿਆ ਜਾ ਰਿਹਾ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਗਰੀਬੀ, ਬੋਰੁਜ਼ਗਾਰੀ, ਭੁੱਖਮਰੀ, ਮਹਿੰਗਾਈ, ਬਾਲ ਮਜ਼ਦੂਰੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ ਆਦਿ ਕਿਸੇ ਵੀ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਅਤੇ ਸਿਰਫ ਇਨ੍ਹਾਂ ਸਮਸਿਆਵਾਂ ਤੇ ਰਾਜਨੀਤੀ ਹੀ ਕੀਤੀ ਹੈ। ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਕੋਈ ਵੀ ਰਾਜਨੀਤਿਕ ਦਲ ਗੰਭੀਰ ਨਹੀਂ ਹੈ ਸਿਰਫ ਆਪਣੇ ਨਿੱਜੀ ਲਾਭ ਲਈ ਇੱਕ ਦੂਸਰੇ ਉਪਰ ਚਿੱਕੜ ਉਛਾਲ ਰਹੇ ਹਨ। ਦੇਸ਼ ਵਿੱਚ ਗਰੀਬ ਲੋਕ ਗਰੀਬੀ ਅਤੇ ਮਹਿੰਗਾਈ ਕਾਰਨ ਭੁੱਖੇ ਸੋਣ ਲਈ ਮਜ਼ਬੂਰ ਹਨ, ਸਰਕਾਰੀ ਨੌਕਰੀਆਂ ਵਿਕ ਰਹੀਆਂ ਹਨ, ਲੋਕ ਬਿਨਾਂ ਇਲਾਜ ਤੋਂ ਮਰ ਰਹੇ ਹਨ ਕਿਉਂਕਿ ਮਹਿੰਗੇ ਇਲਾਜ ਕਰਵਾਉਣਾ ਗਰੀਬ ਲੇਕਾਂ ਦੇ ਵੱਸ ਦੀ ਗੱਲ ਨਹੀਂ ਹੈ। ਰਾਜਨੀਤਿਕ ਦਲ ਤਾਂ ਆਪਣੇ ਨਿੱਜੀ ਲਾਭ ਤੋਂ ਬਿਨਾਂ ਹੋਰ ਕੋਈ ਗੱਲ ਕਰਨ ਲਈ ਵੀ ਤਿਆਰ ਨਹੀਂ ਹੁੰਦੇ ਹਨ। ਜਿਹੜੇ ਚੋਣਾਂ ਜਿੱਤ ਕੇ ਮੰਤਰੀ ਬਣ ਜਾਂਦੇ ਹਨ ਉਹਨਾਂ ਨੇਤਾਵਾਂ ਦੀ, ਨੇਤਾਵਾਂ ਦੇ ਘਰਦਿਆਂ ਦੀ, ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਜਿੰਦਗੀ ਇੱਕ ਦਮ ਬਦਲ ਜਾਂਦੀ ਹੈ ਅਤੇ ਕੁਝ ਮਹੀਨਿਆਂ ਵਿੱਚ ਹੀ ਸਾਰੇ ਕਰੋੜਾਂਪਤੀ ਬਣ ਜਾਂਦੇ ਹਨ ਪਰ ਇਹਨਾਂ ਨੂੰ ਆਪਣੀਆਂ ਵੋਟਾਂ ਪਾ ਕੇ ਜਿਤਾ ਕੇ ਮੰਤਰੀ ਬਣਾਉਣ ਵਾਲੀ ਜਨਤਾ ਤੇ ਟੈਕਸਾਂ ਦਾ ਹੋਰ ਵਾਧੂ ਭਾਰ ਪਾ ਦਿੱਤਾ ਜਾਂਦਾ ਹੈ ਅਤੇ ਵੋਟਾਂ ਪਾਉਣ ਵਾਲੀ ਜਨਤਾ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੀ ਰਹਿੰਦੀ ਹੈ। ਜਨਤਾ ਦੀਆਂ ਵੋਟਾਂ ਲੈ ਕੇ ਮੰਤਰੀ ਬਣਨ ਵਾਲੇ ਨੇਤਾ ਬੇਹਿਸਾਬ ਪੈਸਾ ਅਤੇ ਸੰਪਤੀਆਂ ਜੁਟਾਕੇ ਆਪਣੀ ਅਤੇ ਆਪਣੀਆਂ ਆਉਣ ਵਾਲੀਆਂ ਕਈ ਪੀੜੀਆਂ ਦੀ ਜਿੰਦਗੀ ਸਵਾਰ ਲੈਂਦੇ ਹਨ ਪਰ ਇਹਨਾਂ ਨੂੰ ਜਿਤਾਉਣ ਵਾਲੀ ਜਨਤਾ ਹਮੇਸ਼ਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ। ਰਾਜਨੇਤਾ ਵੋਟਾਂ ਤੋਂ ਪਹਿਲਾਂ ਜਨਤਾ ਦੇ ਸੇਵਕ ਕਹਾਉਂਦੇ ਹਨ ਪਰ ਜਿੱਤਣ ਤੋਂ ਬਾਅਦ ਜਨਤਾ ਨੂੰ ਇਹ ਆਪਣਾ ਸੇਵਕ ਬਣਾ ਲੈਂਦੇ ਹਨ। ਸਾਡੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਵੋਟਾਂ ਦੀ ਰਾਜਨੀਤੀ ਕਰਨ ਦੀ ਥਾਂ ਤੇ ਇਨਸਾਨੀਅਤ ਦੀ ਰਾਜਨੀਤੀ ਕਰਨ ਤਾਂ ਹੀ ਸਾਡੇ ਦੇਸ਼ ਦਾ ਕੁਝ ਬਣ ਸਕਦਾ ਹੈ ਨਹੀਂ ਤਾਂ ਦੇਸ਼ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਹੈ। ਰਾਜਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਅਪਣੇ ਨਿੱਜੀ ਹਿੱਤਾਂ ਨੂੰ ਤਿਆਗਕੇ ਸਮਾਜ ਅਤੇ ਸੂਬੇ ਦੇ ਹਿੱਤਾਂ ਲਈ ਕੰਮ ਕਰਨ।

ਕੁਲਦੀਪ ਚੰਦ

ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ

ਤਹਿਸੀਲ ਨੰਗਲ ,ਜਿਲ੍ਹਾ ਰੂਪਨਗਰ

9417563054