}
                                                                           

Articles

Home

 

 ਬਾਬੂ ਕਾਂਸ਼ੀ ਰਾਮ ਜੀ ਦਬੇ ਕੁਚਲੇ ਵਰਗ ਦੇ ਮਸੀਹਾ ਸਨ ।

ਸੰਸਾਰ ਦੇ ਕਈ ਦੇਸ਼ਾਂ ਵਿੱਚ ਨਸਲ, ਰੰਗ, ਧਰਮ, ਜਾਤ ਆਦਿ ਦੇ ਅਧਾਰ ਤੇ ਲੰਬਾ ਸਮਾਂ ਵਿਤਕਰਾ ਤੇ ਭੇਦਭਾਵ ਹੁੰਦਾ ਰਿਹਾ ਹੈ। ਸਾਡੇ ਦੇਸ਼ ਭਾਰਤ ਵਿੱਚ ਵੀ ਸਦੀਆਂ ਤੱਕ ਜਾਤ ਅਧਾਰਤ ਭੇਦਭਾਵ ਕਾਇਮ ਰਿਹਾ ਹੈ। ਸਾਡਾ ਦੇਸ਼ ਲੰਬਾ ਸਮਾਂ ਵਿਦੇਸ਼ੀਆਂ ਦਾ ਗੁਲਾਮ ਰਿਹਾ ਹੈ ਪਰੰਤੂ ਦੇਸ਼ ਵਿੱਚ ਰਹਿਣ ਵਾਲੇ ਇੱਕ ਵਿਸ਼ੇਸ਼ ਵਰਣ ਦੇ ਲੋਕ ਅਪਣੇ ਹੀ ਦੇਸ਼ ਦੇ ਲੋਕਾਂ ਦੇ ਗੁਲਾਮ ਰਹੇ ਹਨ। ਇਸ ਵਰਣ ਵਿਵਸਥਾ ਅਤੇ ਜਾਤ ਅਧਾਰਤ ਵਿਤਕਰੇ ਖਿਲਾਫ ਸਮੇਂ ਸਮੇਂ ਤੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਰਹਿਵਰਾਂ ਨੇ ਅਵਾਜ਼ ਉਠਾਈ ਹੈ ਅਤੇ ਇਸ ਸਮਾਜਿਕ ਢਾਂਚੇ ਨੂੰ ਬਦਲਣ ਲਈ ਮੁਹਿੰਮ ਚਲਾਈ ਹੈ। ਇਨ੍ਹਾਂ ਰਹਿਬਰਾਂ ਵਿੱਚ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ ਮਾਨਿਆਵਾਰ ਕਾਂਸ਼ੀ ਰਾਮ ਵੀ ਕਿਹਾ ਜਾਂਦਾ ਦਾ ਨਾਮ ਵੀ ਸ਼ਾਮਲ ਹੈ। ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰਸਟ ਦੇ ਚੇਅਰਮੈਨ ਅਤੇ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਅਤੇ ਭਾਣਜੇ ਰਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਇਤਿਹਾਸਕ ਕਸਬਾ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿੱਚ ਹੋਇਆ। ਬਾਬੂ ਕਾਂਸ਼ੀ ਰਾਮ ਅਪਣੇ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭਤੋਂ ਵੱਡੇ ਸਨ। ਸਵਰਗੀ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ ਰੂਪਨਗਰ ਜਿਲ੍ਹੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਬਾਬੂ ਜੀ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸਬੰਧਿਤ ਰੱਖਦੇ ਸਨ ਪ੍ਰੰਤੂ ਬਾਬੂ ਜੀ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨ੍ਹਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਉਨ੍ਹਾਂ ਦੇ ਨਾਨਾ ਜੀ ਦਾ ਨਾਮ ਸਾਹਿਬ ਦਿਤਾ ਸੀ ਅਤੇ ਉਨ੍ਹਾਂ ਦਾ ਬਾਬੂ ਜੀ ਦੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਚੁੱਕਾ ਸੀ। ਬਾਬੂ ਜੀ ਦੀ ਨਾਨੀ ਦਾ ਨਾਮ ਪ੍ਰਸਿੰਨੀ ਦੇਵੀ ਸੀ ਅਤੇ ਬਾਬੂ ਜੀ ਦੇ ਨਾਨਕੇ ਪਰਿਵਾਰ ਵਿੱਚ ਹੋਰ ਕੋਈ ਮਾਮਾ ਨਾਂ ਹੋਣ ਕਾਰਨ ਬਾਬੂ ਜੀ ਦਾ ਅਪਣੀ ਨਾਨੀ ਨਾਲ ਬਹੁਤ ਗੂੜ੍ਹਾ ਪਿਆਰ ਸੀ ਜਿਸ ਕਰਕੇ ਬਾਬੂ ਜੀ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ। ਨਾਨਕੇ ਪਿੰਡ ਨਾਲ ਪਿਆਰ ਕਾਰਨ ਹੀ ਬਾਬੂ ਜੀ ਨੇ ਆਪਣਾ ਮਕਾਨ ਵੀ ਨਾਨਕੇ ਪਿੰਡ ਵਿੱਚ ਹੀ ਬਣਾਇਆ ਸੀ। ਬਾਬੂ ਕਾਂਸ਼ੀ ਰਾਮ ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ ਸਨ ਜੋਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ ਅਤੇ ਕਈ ਦੂਜੇ ਵਰਗਾਂ ਦੇ ਲੋਕ ਇਸ ਵਰਗ ਦੇ ਲੋਕਾਂ ਨੂੰ ਛੂਹਣਾ ਵੀ ਪਾਪ ਮੰਨਦੇ ਸਨ। ਬਾਬੂ ਕਾਂਸ਼ੀ ਰਾਮ ਨੇ ਲੱਖਾਂ ਅਛੂਤਾਂ ਵਾਂਗ ਅਛੂਤਾਂ ਨਾਂਲ ਹੋ ਰਹੇ ਗੈਰ ਮਨੁਖੀ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆਂ ਅਤੇ ਕਈ ਵਾਰ ਆਪ ਹੰਢਾਇਆ। ਬਾਬੂ ਜੀ ਨੇ ਬਚਪਨ ਵਿੱਚ ਹੀ ਇਸ ਸਮਾਜਿਕ ਬੁਰਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਬਾਬੂ ਕਾਂਸ਼ੀ ਰਾਮ ਅਪਣੇ ਸਾਰੇ ਭੈਣ ਭਰਾਵਾਂ ਵਿਚੋਂ ਸਭ ਨਾਲੋਂ ਵੱਧ ਪੜੇ ਲਿਖੇ ਸਨ। ਬਾਬੂ ਕਾਂਸ਼ੀ ਰਾਮ ਨੇ ਮੁਢਲੀ ਪੜਾਈ ਪਿੰਡ ਤੋਂ ਲੈਣ ਉਪਰੰਤ ਸਰਕਾਰੀ ਕਾਲਜ ਰੋਪੜ੍ਹ ਤੋਂ ਵਿਗਿਆਨ ਵਿੱਚ ਗ੍ਰੈਜੂਏਸਨ ਕੀਤੀ। 1958 ਵਿੱਚ ਬਾਬੂ ਕਾਂਸ਼ੀ ਰਾਮ ਨੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ ਵਿੱਚ ਬਤੌਰ ਸਹਾਇਕ ਵਿਗਆਿਨੀ ਨੌਕਰੀ ਸ਼ੁਰੂ ਕੀਤੀ। 1965 ਵਿੱਚ ਉਨ੍ਹਾਂ ਨੇ ਅਪਣੇ ਅਦਾਰੇ ਵਿੱਚ ਹੋਰ ਸਟਾਫ ਮੈਂਬਰ ਦੀਨਾ ਭਾਨ ਜੋਕਿ ਅਛੂਤ ਸੀ ਦੇ ਨਾਲ ਡਾਕਟਰ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਛੁੱਟੀ ਨਾਂ ਹੋਣ ਕਾਰਨ ਰੋਸ ਪ੍ਰਦਰਸ਼ਨ ਕੀਤਾ। ਬਾਬੂ ਜੀ ਨੇ ਦੀਨਾ ਭਾਨ ਨਾਲ ਮਿਲਕੇ ਸੰਘਰਸ ਕਰਕੇ ਤੇ ਲੰਬੀ ਲੜਾਈ ਲੜਕੇ ਇਸ ਕੰਪਨੀ ਵਿੱਚ ਬਾਬਾ ਸਾਹਿਬ ਦੇ ਜਨਮ ਦਿਵਸ ਅਤੇ ਬੁੱਧ ਜਯੰਤੀ ਦੀ ਬੰਦ ਕੀਤੀ ਗਈ ਛੁੱਟੀ ਮੁੜ੍ਹ ਸ਼ੁਰੂ ਕਰਵਾਈ। ਬਾਬੂ ਜੀ ਨੇ ਇਸਤੋਂ ਬਾਦ 1971 ਵਿੱਚ ਨੌਕਰੀ ਤੋਂ ਤਿਆਗ ਪੱਤਰ ਦੇ ਦਿਤਾ ਅਤੇ ਅਪਣੇ ਸਾਥੀ ਦੀਨਾ ਭਾਨ ਨਾਲ ਮਿਲਕੇ ਅਨੁਸੂਚਿਤ ਜਾਤਾਂ, ਅਨੁਸੂਚਿਤ ਜਨਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਨਾਲ ਸਬੰਧਿਤ ਕਰਮਚਾਰੀਆਂ ਦੀ ਭਲਾਈ ਲਈ ਸੰਸਥਾ ਬਾਮਸੇਫ ਦੀ ਸਥਾਪਨਾ ਕੀਤੀ। ਬਾਬੂ ਜੀ ਨੇ ਅਪਣੀ ਨੋਕਰੀ ਦੌਰਾਨ ਦਲਿਤ ਰਹਿਵਰਾਂ ਵਲੋਂ ਕੀਤੇ ਗਏ ਸੰਘਰਸ ਨੂੰ ਪੜਿਆ ਅਤੇ ਸਮਝਿਆ। ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਪਨਾ ਸੱਚ ਕਰ ਦਿਖਾਇਆ। ਇਸਤੋਂ ਬਾਦ ਬਾਬੂ ਜੀ ਨੇ ਅਪਣਾ ਸਾਰਾ ਜੀਵਨ ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਲਗਾ ਦਿਤਾ। ਬਾਬੂ ਜੀ ਨੇ ਅਪਣੇ ਸੰਘਰਸ਼ ਵਿੱਚ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਸ਼ਾਮਿਲ ਕਰਕੇ ਇੱਕ ਵੱਡੀ ਤਾਕਤ ਬਣਾਈ। ਬਾਬੂ ਜੀ ਨੇ ਦਲਿਤਾਂ ਨੂੰ ਇਸ ਦੇਸ਼ ਦੇ ਮੁਢਲੇ ਵਾਸੀ ਕਹਿਕੇ ਆਦਿ ਦਾ ਨਾਮ ਦਿਤਾ। ਬਾਬੂ ਕਾਂਸ਼ੀ ਰਾਮ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਜੋਕਿ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੋਤਾ ਸੀ ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ। ਉਹ ਅਕਸਰ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੋਤੇ ਕਾਰਨ ਪੀ ਐਮ ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦੱਸੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਬਾਬੂ ਜੀ ਨੇ ਇਸ ਸਬੰਧੀ ਅਪਣੀ ਕਿਤਾਬ ਚਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। ਬਾਬੂ ਜੀ ਨੇ ਦਲਿਤ ਕਰਮਚਾਰੀਆਂ ਨੂੰ ਸੰਗਠਿਤ ਕੀਤਾ ਅਤੇ ਉਚੱ ਜਾਤਿ ਦੇ ਕਰਮਚਾਰੀਆਂ ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਦਾ ਸੰਘਰਸ਼ਮਈ ਵਿਰੋਧ ਕਰਨ ਲਈ ਤਿਆਰ ਕੀਤਾ। ਬਾਬੂ ਜੀ ਨੇ ਦਲਿਤ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਪਣੇ ਕੁੱਝ ਸਾਥੀਆਂ ਨਾਲ ਸਾਇਕਲ ਯਾਤਰਾ ਕੀਤੀ ਅਤੇ ਜਾਗਰੂਕਤਾ ਅਭਿਆਨ ਚਲਾਇਆ। ਬਾਬੂ ਜੀ ਨੇ 06 ਦਸੰਬਰ, 1978 ਨੂੰ ਬੈਕਵਰਡ ਐਂਡ ਮਨਾਰਟੀਜ਼ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ ਬਾਮਸੇਫ ਨਾਮ ਦਾ ਕਰਮਚਾਰੀ ਸੰਗਠਨ ਬਣਾਇਆ ਅਤੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4 ਨਾਮ ਦਾ ਸੰਗਠਨ ਤਿਆਰ ਕੀਤਾ। ਬਾਬ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ 14 ਅਪ੍ਰੈਲ 1984 ਨੂੰ ਬਾਬੂ ਜੀ ਨੇ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ (ਬੀ ਐਸ ਪੀ) ਬਣਾ ਦਿਤੀ ਅਤੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ। ਬਾਬੂ ਜੀ ਦੁਆਰਾ 6000 ਜਾਤਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਅਤੇ 85 ਫਿਸਦੀ ਵਰਗ ਦੇ ਲੋਕਾਂ ਨੂੰ ਬਹੁਜ਼ਨ ਸਮਝਣ ਦੇ ਤਜ਼ਰਬੇ ਨਾਲ ਬੀ ਐਸ ਪੀ ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡਕੇ ਤੀਜੇ ਨੰਬਰ ਤੇ ਪਹੁੰਚ ਗਈ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਬੂ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਬੀ ਐਸ ਪੀ ਨੇ ਦੇਸ਼ ਵਿੱਚ 2.07 ਫਿਸਦੀ ਵੋਟਾਂ ਲਈਆਂ ਅਤੇ 3 ਲੋਕ ਸਭਾ ਮੈਂਬਰ ਬਣੇ। 1992 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9 ਵਿਧਾਇਕ ਚੁਣੇ ਗਏ ਅਤੇ ਮੁੱਖ ਵਿਰੋਧੀ ਪਾਰਟੀ ਬਣੀ। 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ 67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਬਾਬੂ ਜੀ ਆਪ ਦੋ ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਪੰਜਾਬ ਦੇ ਲੱਖਾਂ ਦਲਿਤਾਂ ਲਈ ਇਹ ਮਾਣ ਵਾਲੀ ਗੱਲ ਸੀ ਕਿ ਜਿਸ ਹਲਕੇ ਵਿੱਚ 1926 ਵਿੱਚ ਆਦਿ ਧਰਮ ਮੁਹਿੰਮ ਦੀ ਸ਼ੁਰੂਆਤ ਬਾਬੂ ਮੰਗੂ ਰਾਮ ਮੂਗੋਵਾਲੀਆ ਨੇ ਕੀਤੀ ਸੀ ਅਤੇ ਉਸ ਵੇਲੇ ਦੇ ਪੰਜਾਬ ਦੀਆਂ ਲੱਗਭੱਗ 36 ਜਾਤਾਂ ਦੇ ਪ੍ਰਤੀਨਿਧੀਆਂ ਮਿਲਕੇ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਸੀ। 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ ਸੀ। 1946 ਵਿੱਚ ਬਾਬੂ ਮੰਗੂ ਰਾਮ ਆਪ ਵੀ ਵਿਧਾਇਕ ਬਣੇ ਅਤੇ 1952 ਤੱਕ ਵਿਧਾਇਕ ਰਹੇ। ਲੱਗਭੱਗ 50 ਸਾਲ ਬਾਦ 1996 ਵਿੱਚ ਦਲਿਤ ਆਗੂ ਬਾਬੂ ਕਾਂਸ਼ੀ ਰਾਮ ਲੋਕ ਸਭਾ ਚੌਣ ਲੜੇ ਤੇ ਲੋਕ ਸਭਾ ਮੈਂਬਰ ਬਣੇ। ਬਾਬੂ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਆਦਿ ਧਰਮ ਮੁਹਿੰਮ ਦੇ 75 ਸਾਲ ਪੂਰੇ ਹੋਣ ਤੇ  18 ਫਰਵਰੀ 2001 ਨੂੰ  ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਾਬੂ ਕਾਂਸ਼ੀ ਰਾਮ ਨੇ ਆਦਿ ਧਰਮ ਮੁਹਿੰਮ ਦੇ ਸਿਧਾਂਤਾਂ ਤੇ ਚੱਲਣ ਦਾ ਸੁਨੇਹਾ ਦਿਤਾ। 1998 ਵਿੱਚ ਬਾਬੂ ਜੀ ਨੇ ਇਹ ਵਾਅਦਾ ਕੀਤਾ ਕਿ ਉਹ ਉਦੋਂ ਤੱਕ ਆਪ ਚੋਣ ਨਹੀਂ ਲੜਣਗੇ ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘੱਟ 100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ ਬਣਾਈ। ਬਾਬੂ  ਕਾਂਸ਼ੀ ਰਾਮ ਜੋ ਕਿ ਸ਼ੂਗਰ ਦੀ ਬਿਮਾਰੀ ਤੋਂ ਪੀੜ੍ਹਿਤ ਸਨ ਨੂੰ 1994 ਵਿੱਚ ਦਿਲ ਦਾ ਦੌਰਾ ਪੈ ਗਿਆ। 2003 ਵਿੱਚ ਬਾਬੂ ਜੀ ਦੀ ਹਾਲਤ ਹੋਰ ਜਿਆਦਾ ਖਰਾਬ ਹੋ ਗਈ ਅਤੇ 2004 ਤੋਂ ਬਾਦ ਬਾਬੂ ਜੀ ਨੇ ਹਰ ਤਰਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿਤਾ। ਅੰਤ ਬਾਬੂ ਜੀ ਲੰਬੀ ਬਿਮਾਰੀ ਬਾਦ ਮਿਤੀ 09 ਅਕਤੂਬਰ 2006 ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ। ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਵਲੋਂ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾ ਦੇ ਨਾਨਕੇ ਪਿੰਡ ਪ੍ਰਿਥੀਪੁਰ ਬੂੰਗਾ ਵਿੱਚ ਇੱਕ ਮੰਦਰ ਬਣਾਇਆ ਗਿਆ ਹੈ ਜਿਸ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ ਵਸਤਾਂ ਦੀ ਇੱਕ ਲਾਇਬ੍ਰੇਬੀ ਤਿਆਰ ਕੀਤੀ ਗਈ ਹੈ। ਵਰਣਨਯੋਗ ਹੈ ਕਿ ਇਸ ਮੰਦਿਰ ਦਾ ਨੀਂਹ ਪੱਥਰ ਉਤੱਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਮੋਜੂਦਾ ਬੀ ਐਸ ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ 01 ਅਗਸਤ, 1997 ਨੂੰ ਰੱਖਿਆ ਸੀ ਅਤੇ ਇਸਦਾ ਉਦਘਾਟਨ ਬਾਬੂ ਜੀ ਦੇ ਜਨਮ ਦਿਵਸ ਤੇ 15 ਮਾਰਚ, 2013 ਨੂੰ ਪੀ ਐਲ ਪੂਨੀਆ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤਿ ਆਯੋਗ ਨੇ ਕੀਤਾ ਸੀ। ਇਸ ਮੋਕੇ ਕਰਵਾਏ ਗਏ ਸਮਾਗਮ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ, ਸ਼ਮਸ਼ੇਰ ਸਿੰਘ ਦੂਲੋ, ਰਾਣਾ ਕੇ ਪੀ ਸਿੰਘ, ਪਵਨ ਕੁਮਾਰ ਟੀਨੂੰ, ਸ਼ਿੰਗਾਰਾ ਰਾਮ ਸਹੂੰਗੜਾ ਆਦਿ ਹਾਜਰ ਸਨ। ਬਾਬੂ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਵੀ ਬਾਬੂ ਕਾਂਸ਼ੀ ਰਾਮ ਦੇ ਸਨਮਾਨ ਵਿੱਚ ਵਿਸ਼ੇਸ਼ ਯਾਤਰਾ ਕੱਢੀ ਗਈ, ਆਰ ਪੀ ਆਈ ਆਗੂ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੋਤੇ ਪ੍ਰਕਾਸ਼ ਅੰਬੇਡਕਰ, ਭਾਰਤੀ ਸ਼ੋਸ਼ਿਤ ਸਮਾਰ ਸੰਘਰਸ਼ ਸੰਗਠਨ ਦੇ ਆਗੂ ਜਸਵਿੰਦਰ ਕੌਰ, ਹਰਨੇਕ ਸਿੰਘ, ਕੁਲਦੀਪ ਚੰਦ, ਪਰਮਿੰਦਰ ਪਾਲ, ਕ੍ਰਿਪਾਲ ਸਿੰਘ, ਜੇਮਜ਼ ਰਾਇਲ, ਤ੍ਰਿਲੋਕੀ ਨਾਥ, ਰਾਕੇਸ਼ ਕੁਮਾਰ, ਕਾਂਗਰਸੀ ਆਗੂ ਲੋਕ ਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵੀ ਅਪਣੇ ਹੋਰ ਸਾਥੀਆਂ ਨਾਲ ਇਸ ਸਥਾਨ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਸਨ। ਇਸੇ ਤਰਾਂ ਸਮੇਂ ਸਮੇਂ ਤੇ ਸਮਾਜਿਕ, ਧਾਰਮਿਕ ਅਤੇ ਵੱਖ ਵੱਖ ਪਾਰਟੀਆਂ ਦੇ ਹੋਰ ਆਗੂ ਬਾਬੂ ਜੀ ਦੇ ਨਾਮ ਤੇ ਬਣਾਏ ਗਏ ਟਰੱਸਟ ਵਿੱਚ ਜਾਂਦੇ ਹਨ ਅਤੇ ਬਾਬੂ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦੇ ਹਨ।

ਕੁਲਦੀਪ ਚੰਦ
ਪ੍ਰਧਾਨ,
ਭਾਰਤੀ ਸ਼ੋਸ਼ਿਤ ਸਮਾਜ ਸੰਘਰਸ਼ ਸੰਗਠਨ (ਬੀ ਐਸ-4) ਪੰਜਾਬ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054