}
                                                                           

Articles

Home

ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਸਬੰਧੀ ਵਿਸ਼ੇਸ਼।
ਧਰਤੀ ਤੇ ਮਿਲਣ ਵਾਲੇ ਜੀਵ ਜੰਤੂਆਂ ਅਤੇ ਪੌਦਿਆਂ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੁਆਰਾ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਅਤੇ ਵਿਕਾਸ ਲਈ ਵਰਤੋਂ ਕੀਤੀ ਜਾਂਦੀ ਹੈ।
ਮਨੁਖੀ ਹੋਂਦ ਦੀ ਰੱਖਿਆ ਦੇ ਲਈ ਜੀਵ-ਵਿਭਿੰਨਤਾ ਦੀ ਸੁਰੱਖਿਆ ਜ਼ਰੂਰੀ ਹੈ।ਜੇਕਰ ਜੰਗਲਾਂ ਦੇ ਵਿਨਾਸ਼ ਨੂੰ ਨਾਂ ਰੋਕਿਆ ਗਿਆ ਤਾਂ 21ਵੀਂ ਸਦੀ ਦੇ ਸ਼ੁਰੂ ਵਿੱਚ ਲਗਭੱਗ 2250 ਲੱਖ ਹੈਕਟੇਅਰ ਖੇਤਰ ਵਿੱਚ ਫੈਲੇ ਜੰਗਲਾਂ ਦੇ ਨਸ਼ਟ ਹੋ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਸੰਪੂਰਨ ਵਿਸ਼ਵ ਦੇ ਲਗਭੱਗ 10 ਤੋਂ 20 ਫੀਸਦੀ ਬਨਸਪਤੀ ਅਤੇ ਜੀਵ-ਜੰਤੂ ਖਤਮ ਹੋ ਜਾਣਗੇ। ਇਸ ਧਰਤੀ ਤੇ 3 ਤੋਂ 5 ਕਰੋੜ ਪ੍ਰਜਾਤੀਆਂ ਵਿੱਚੋਂ ਲਗਭੱਗ 100 ਪ੍ਰਜਾਤੀਆਂ ਪ੍ਰਤੀਦਿਨ ਖਤਮ ਹੁੰਦੀਆਂ ਜਾ ਰਹੀਆਂ ਹਨ।ਜੰਗਲਾਂ ਦੀ ਕਟਾਈ ਤੋਂ ਹਰ ਸਾਲ ਲੱਗਭੱਗ 50000 ਭਾਵ ਹਰ ਰੋਜ ਲੱਗਭੱਗ 140 ਜੀਵਾਂ ਦਾ ਵਿਨਾਸ਼ ਹੋ ਰਿਹਾ ਹੈ।ਪੰਜਾਬ ਰਾਜ ਜੀਵ-ਵਿਭਿੰਨਤਾ ਲਈ ਪ੍ਰਸਿੱਧ ਸੀ ਪਰ ਅਜੋਕੇ ਖੇਤੀਬਾੜੀ ਪ੍ਰਬੰਧ ਨੇ ਜੀਵ-ਵਿਭਿੰਨਤਾ ਨੂੰ ਵੱਡੀ ਪੱਧਰ ਤੇ ਖੋਰਾ ਲਾਇਆ ਹੈ।
ਸਾਲ 1992 ਤੋਂ ਹਰ ਸਾਲ 22 ਮਈ ਦਾ ਦਿਨ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਸਦੀ  ਸ਼ੁਰੂਆਤ ਰਿਓ ਡੀ ਜਨੇਰੋ ਵਿਖੇ ਸਾਲ 1992 ਨੂੰ ਕਰਵਾਏ ਗਏ ਧਰਤੀ ਸੰਮੇਲਨ ਤੋਂ ਹੋਈ। ਧਰਤੀ ਉੱਤੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਅਤੇ ਜੀਵ-ਜੰਤੂ ਆਪਣੇ ਕੁਦਰਤੀ ਨਿਵਾਸ ਵਿੱਚ ਰਹਿੰਦੇ ਹਨ। ਜੀਵ ਵਿਭਿੰਨਤਾ ਸ਼ਬਦ ਆਮ ਤੌਰ ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਮਨੁੱਖ ਸਮੇਤ ਸਭ ਜੀਵ-ਜੰਤੂ ਅਤੇ ਪੌਦੇ ਸ਼ਾਮਲ ਹਨ। ਧਰਤੀ ਤੇ ਮਿਲਣ ਵਾਲੇ ਜੀਵ ਜੰਤੂਆਂ ਅਤੇ ਪੌਦਿਆਂ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੁਆਰਾ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਅਤੇ ਵਿਕਾਸ ਲਈ ਵਰਤੋਂ ਕੀਤੀ ਜਾਂਦੀ ਹੈ। ਜੀਵ ਵਿਭਿੰਨਤਾ ਦੇ ਪਿਤਾਮਾ ਕਹੇ ਜਾਂਦੇ ਪ੍ਰਸਿੱਧ ਅਮਰੀਕੀ ਵਿਗਿਆਨੀ ਈ.ਓ. ਵਿਲਸਨ ਨੇ ਜੀਵ ਵਿਭਿੰਨਤਾ ਨੂੰ ਜੀਵਨ ਦਾ ਕੱਚਾ ਮਾਲ ਮੰਨਿਆ ਹੈ। ਕਾਈ ਤੋਂ ਬੋਹੜ ਦੇ ਰੁੱਖ, ਕਿਟਾਣੂਆਂ ਤੋਂ ਹਾਥੀ ਅਤੇ ਵੇਲ ਮੱਛੀ ਤੱਕ ਜੀਵਾਂ ਦੀ ਅਨੇਕਤਾਂ ਹੀ ਧਰਤੀ ਨੂੰ ਸੁਰੱਖਿਅਤ ਰੱਖਦੀ ਹੈ। ਸਾਡੀ ਆਪਣੀ ਹੋਂਦ ਲਈ ਵੀ ਜੀਵ ਵਿਭਿੰਨਤਾ ਜ਼ਰੂਰੀ ਹੈ। ਭਾਰਤੀ ਆਯੁਰਵੇਦ ਦੇ ਪਿਤਾਮਾ ਚਰਕ ਨੇ ਆਪਣੀ ਕਿਤਾਬ ਚਰਕ ਸਮੀਹਤਾਂ ਵਿੱਚ ਜੀਵਾਂ ਦੀ 200 ਅਤੇ ਪੌਦਿਆਂ ਦੀਆਂ 340 ਕਿਸਮਾਂ ਦਾ ਹੀ ਵਰਣਨ ਕੀਤਾ ਹੈ। ਇੱਕ ਅੰਦਾਜ਼ੇ ਮੁਤਾਬਕ ਜੀਵ ਵਿਭਿੰਨਤਾ ਦੀ ਇਹ ਗਿਣਤੀ ਲੱਗਭੱਗ ਇੱਕ ਕਰੋੜ ਛੱਤੀ ਲੱਖ ਵੀਹ ਹਜ਼ਾਰ ਹੈ ਜਦੋਂ ਕਿ ਵਿਗਿਆਨੀ ਹੁਣ ਤੱਕ ਸਿਰਫ 17 ਲੱਖ ਜੂਨਾਂ ਹੀ ਲੱਭ ਸਕੇ ਹਨ। ਸਾਰੇ ਬ੍ਰਹਿਮੰਡ ਵਿੱਚ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਹਰ ਤਰਾਂ ਦਾ ਜੀਵਨ ਹੈ। ਇੱਥੇ ਸੂਖਮ ਪੌਦਿਆਂ ਤੋਂ ਲੈ ਕੇ ਵਿਸ਼ਾਲ ਪੌਦੇ ਮੌਜੂਦ ਹਨ, ਸੂਖਮ ਅਮੀਬਾ ਤੋਂ ਲੈ ਕੇ ਵਿਸ਼ਾਲ ਵੇਲ੍ਹ ਮੱਛੀ ਵਰਗੇ ਵਿਸ਼ਾਲ ਪ੍ਰਾਣੀ ਵੀ ਹਨ। ਇਹਨਾਂ ਜੀਵਾਂ ਵਿੱਚ ਮਨੁੱਖ ਦਾ ਸਥਾਨ ਸਭ ਤੋਂ ਉਪੱਰ ਅਤੇ ਪ੍ਰਮੁੱਖ ਹੈ। ਜੈਵ ਵਿਭਿੰਨਤਾ ਵਿੱਚ ਪੌਦਿਆਂ, ਪਸ਼ੂਆਂ ਅਤੇ ਸੂਖਮ ਜੀਵਾਂ ਦੀਆਂ ਸਾਰੀਆਂ ਪ੍ਰਜਾਤੀਆਂ ਅਤੇ ਪਰਿਸਥਿਤੀਆਂ ਅਤੇ ਉਸ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਸ਼ਾਮਿਲ ਹਨ। ਧਰਤੀ ਤੇ ਪ੍ਰਕਿਰਤੀ ਦਾ ਵਿਕਾਸ ਕਰੋੜਾਂ ਸਾਲਾਂ ਦੀ ਲੰਬੀ ਪ੍ਰਕਿਰਿਆਂ ਤੋਂ ਬਾਅਦ ਹੋਇਆ ਹੈ। ਧਰਤੀ ਤੇ ਵੱਖ ਵੱਖ ਕਿਸਮਾਂ ਦੇ ਜੀਵਾਂ ਦੀ ਉਤਪਤੀ ਹੋਈ ਅਤੇ ਇਹਨਾਂ ਵਿੱਚੋਂ ਕਈ ਜੀਵ ਸਮੇਂ-ਸਮੇਂ ਤੇ ਲੁਪਤ ਵੀ ਹੋ ਗਏ, ਜਿਵੇਂ ਡਾਇਨਾਸੋਰ ਅਤੇ ਉਸਦੀਆਂ ਹੋਰ ਪ੍ਰਜਾਤੀਆਂ ਅੱਜ ਤੋਂ ਲਗਭੱਗ 7.5 ਕਰੋੜ ਸਾਲਾਂ ਪਹਿਲਾਂ ਹੀ ਧਰਤੀ ਤੋਂ ਖਤਮ ਹੋ ਗਈਆਂ। ਜੈਵ-ਵਿਭਿੰਨਤਾ ਪ੍ਰਕਿਰਤਿਕ ਸੰਤੁਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੈਵਿਕ ਵਿਭਿੰਨਤਾ ਪ੍ਰਜਾਤੀਆਂ ਦੀ ਵਿਭਿੰਨਤਾ ਬਣਾਈ ਰੱਖਣ ਵਿੱਚ ਵੀ ਇੱਕ ਮਹੱਤਵਪੂਰਨ ਹਥਿਆਰ ਦੇ ਤੌਰ ਤੇ ਕੰਮ ਕਰਦੀ ਹੈ। ਭੂਮੀ ਦੀ ਉਪਜਾਊ ਸ਼ਕਤੀ ਬਣਾਕੇ ਰੱਖਣਾ, ਜਲ ਦੀ ਅਪੂਰਤੀ ਨੂੰ ਸੰਤੁਲਿਤ ਰੱਖਣਾ, ਜਲਵਾਯੂ ਚੱਕਰ ਨੂੰ ਨਿਯਮਿਤ ਬਣਾਕੇ ਰੱਖਣਾ, ਨਮੀ ਨੂੰ ਕਾਇਮ ਰੱਖਣਾ ਅਤੇ ਕਚਰੇ ਨੂੰ ਨਿਯੰਤਰਿਤ ਕਰਨਾ ਆਦਿ ਜੈਵ-ਵਿਭਿੰਨਤਾ ਨਾਲ ਹੀ ਸੰਭਵ ਹੈ। ਜੈਵ-ਵਿਭਿੰਨਤਾ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ। ਜੈਵ-ਵਿਭਿੰਨਤਾ ਕੀਟਾਂ ਅਤੇ ਰੋਗਾਂ ਤੋਂ ਬਚਾਓੇ ਲਈ ਅਤਿ ਜ਼ਰੂਰੀ ਹੈ। ਮਨੁਖੀ ਜਨਸੰਖਿਆ ਵਿੱਚ ਪਿਛਲੇ ਕੁੱਝ ਦਹਾਕਿਆਂ ਦੌਰਾਨ ਅਥਾਹ ਵਾਧਾ ਹੋਇਆ ਹੈ ਅਤੇ ਇਸ ਜਨਸੰਖਿਆ ਦੇ ਵਾਧੇ ਦਾ ਭਾਰੀ ਦਬਾਅ ਅਤੇ ਪ੍ਰਭਾਵ ਜੈਵ-ਵਿਭਿੰਨਤਾ ਤੇ ਵੀ ਪਿਆ ਹੈ। ਮਨੁੱਖ ਸ਼ਾਇਦ ਵਰਤਮਾਨ ਯੁੱਗ ਦਾ ਸਭ ਤੋਂ ਵੱਧ ਤੇਜ਼ ਦਿਮਾਗ ਵਾਲਾ ਜੀਵ ਹੈ। ਆਪਣੇ ਵਿਕਾਸ ਲਈ ਉਸਨੇ ਹੋਰ ਜੀਵਾਂ ਦੇ ਜੀਵਨ ਦੀ ਬਹੁਤ ਹੀ ਜ਼ਿਆਦਾ ਅਣਦੇਖੀ ਕੀਤੀ ਹੈ, ਭੋਤਿਕਵਾਦ, ਸ਼ਹਿਰੀਕਰਣ ਅਤੇ ਉਦਯੋਗੀਕਰਨ ਦੀ ਦੋੜ ਵਿੱਚ ਕੁਦਰਤ ਦੇ ਸਾਰੇ ਨਿਯਮਾਂ ਦੀ ਅਣਦੇਖੀ ਕਰ ਦਿੱਤੀ ਹੈ। ਜਿਸ ਪ੍ਰਕਾਰ ਧਰਤੀ ਤੇ ਬਦਲਾਓ ਆ ਰਿਹਾ ਹੈ ਉਸੇ ਤਰ੍ਹਾਂ ਵਿਭਿੰਨ ਪ੍ਰਕਾਰ ਦੀਆਂ ਪ੍ਰਜਾਤੀਆਂ ਵੀ ਵਿਨਾਸ਼ ਦੇ ਮੂੰਹ ਵਿੱਚ ਜਾ ਰਹੀਆਂ ਹਨ। ਵਿਗਿਆਨੀਆਂ ਅਨੁਸਾਰ 3 ਤੋਂ 5 ਕਰੋੜ ਦੀਆਂ ਪ੍ਰਜਾਤੀਆਂ ਵਿੱਚੋਂ ਲਗਭੱਗ 100 ਪ੍ਰਜਾਤੀਆਂ ਧਰਤੀ ਤੋਂ ਪ੍ਰਤੀਦਿਨ ਖਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਇਸਦਾ ਮੁੱਖ ਕਾਰਨ ਖੇਤੀ ਨਾਲ ਸਬੰਧਿਤ ਪਰਿਯੋਜਨਾਵਾਂ, ਉਦਯੋਗਿਕ ਵਿਕਾਸ, ਬੰਨ੍ਹਾਂ ਦਾ ਨਿਰਮਾਣ, ਵਾਤਾਵਰਨ ਵਿੱਚ ਵਧ ਰਿਹਾ ਪ੍ਰਦੂਸ਼ਣ, ਭੂਮੀ ਖੋਰਨ ਆਦਿ ਹੈ। ਜੈਵਿਕ ਵਿਭਿੰਨਤਾ ਅਤੇ ਵਾਤਾਵਰਨ ਦੀ ਵਰਤਮਾਨ ਸਥਿਤੀ ਤੇ ਹੋਈ ਇੱਕ ਖੋਜ ਅਨੁਸਾਰ ਲਗਭੱਗ 170 ਕਰੋੜ ਹੈਕਟੇਅਰ ਇਲਾਕੇ ਵਿੱਚ ਜੈਵ-ਵਿਭਿੰਨਤਾ ਵਾਲੇ ਜੰਗਲ ਜ਼ਿਆਦਾਤਰ ਅਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੀ ਹਨ। ਇਸ ਅਨੁਸਾਰ, ਜੰਗਲਾਂ ਦੀ ਕਟਾਈ ਤੋਂ ਹਰ ਸਾਲ ਲੱਗਭੱਗ 50000 ਭਾਵ ਹਰ ਰੋਜ 140 ਜੀਵਾਂ ਦਾ ਵਿਨਾਸ਼ ਹੋ ਰਿਹਾ ਹੈ। ਜੇਕਰ ਜੰਗਲਾਂ ਦੇ ਵਿਨਾਸ਼ ਨੂੰ ਨਾਂ ਰੋਕਿਆ ਗਿਆ ਤਾਂ 21ਵੀਂ ਸਦੀ ਦੇ ਸ਼ੁਰੂ ਵਿੱਚ ਲਗਭੱਗ 2250 ਲੱਖ ਹੈਕਟੇਅਰ ਖੇਤਰ ਵਿੱਚ ਫੈਲੇ ਜੰਗਲਾਂ ਦੇ ਨਸ਼ਟ ਹੋ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਸੰਪੂਰਨ ਵਿਸ਼ਵ ਦੇ ਲਗਭੱਗ 10 ਤੋਂ 20 ਫੀਸਦੀ ਬਨਸਪਤੀ ਅਤੇ ਜੀਵ-ਜੰਤੂ ਖਤਮ ਹੋ ਜਾਣਗੇ। ਜੀਵ-ਵਿਭਿੰਨਤਾ ਦੇ ਮਾਮਲੇ ਵਿੱਚ ਭਾਰਤ ਇੱਕ ਅਮੀਰ ਦੇਸ਼ ਹੈ। ਦੁਨੀਆਂ ਵਿੱਚ ਪਾਈਆ ਜਾਣ ਵਾਲੀਆਂ ਵਿਭਿੰਨ ਪ੍ਰਜਾਤੀਆਂ ਦਾ ਲਗਭੱਗ 40 ਫੀਸਦੀ ਭਾਰਤ ਵਿੱਚ ਨਿਵਾਸ ਕਰਦਾ ਹੈ ਅਤੇ ਜੀਵ-ਜੰਤੂਆਂ ਦੀ ਸਭ ਤੋਂ ਵੱਧ ਵਿਭਿੰਨਤਾ ਵਾਲੇ ਖੇਤਰ ਵਿੱਚ ਅਫਰੀਕਾ ਤੋਂ ਬਾਅਦ ਭਾਰਤ ਦਾ ਹੀ ਸਥਾਨ ਹੈ। ਭਾਰਤ ਸੰਸਾਰ ਵਿੱਚ ਜੈਵਿਕ ਅਨੇਕਤਾ ਦੇ 12 ਭੰਡਾਰਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਜੀਵ ਵਿਭਿੰਨਤਾ ਦੇ ਕੁਦਰਤੀ ਭੰਡਾਰ ਜੰਗਲਾਂ, ਸਿੱਲੀਆਂ ਧਰਤੀਆਂ, ਚਰਾਂਦਾਂ ਆਦਿ ਹਨ। ਅਨੇਕਾਂ ਪੌਦੇ ਜੰਤੂ ਅਤੇ ਸੂਖ਼ਮ ਜੀਵ ਉਨ੍ਹਾਂ ਇਲਾਕਿਆਂ ਵਿੱਚ ਜੀਅ ਸਕਦੇ ਹਨ ਜਿੱਥੇ ਮਨੁੱਖ ਨਹੀਂ ਜੀਅ ਸਕਦਾ ਹੈ ਜਿਵੇਂ ਜੰਮੇ ਹੋਏ ਆਰਕਟਿਕ ਟੁੰਡਰਾਂ, ਸੁੱਕੇ ਮਾਰਥਲ ਜਾਂ ਡੂੰਘੇ ਸਮੁੰਦਰ ਆਦਿ। ਤਾਜ਼ਾ ਪਾਣੀ, ਲੂਣ-ਜਲੀ, ਸਮੁੰਦਰੀ ਤੱਟ, ਮਨੁੱਖੀ ਨਿਰਮਾਣਤ ਖੇਤ, ਬਾਗ, ਦਰਿਆ, ਜੰਗਲ, ਚਰਾਗਾਹਾਂ, ਮਾਰੂਥਲ ਜੀਵ ਵਿਭਿੰਨਤਾਂ ਦੇ ਵੱਡਮੁੱਲੇ ਨਿਵਾਸ ਸਥਾਨ ਹਨ। ਇੱਥੇ ਲਗਭੱਗ 75000 ਤਰ੍ਹਾਂ ਦੀਆਂ ਜੀਵ-ਪ੍ਰਜਾਤੀਆਂ ਹਨ, ਜਿਹਨਾਂ ਵਿੱਚੋਂ 500 ਥਣਧਾਰੀ, 2000 ਮੱਛਲੀਆਂ, 50000 ਤਰ੍ਹਾਂ ਦੀਆਂ ਕੀਟ ਪ੍ਰਜਾਤੀਆਂ, 4000 ਤਰ੍ਹਾਂ ਦੇ ਛੋਟੇ ਸਮੁੰਦਰੀ ਅਤੇ ਪਾਣੀ ਵਾਲੇ ਜੀਵ ਅਤੇ ਰੀੜਵਿਹੀਨ ਜੀਵ ਆਦਿ ਹਨ। ਇੱਥੇ ਬੂਟਿਆਂ ਦੀਆਂ 15000 ਪ੍ਰਜਾਤੀਆਂ ਪਾਈਆਂ ਜਾਂਦੀਆ ਹਨ, ਜਿਹਨਾਂ ਵਿੱਚੋਂ 35 ਪ੍ਰਜਾਤੀਆਂ ਸਿਰਫ ਦੇਸੀ ਹੀ ਹਨ ਅਤੇ ਇਹ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀਆਂ ਹਨ। ਦੇਸ਼ ਦੀ ਬਨਸਪਤੀ ਵਿੱਚ ਨਾ ਸਿਰਫ ਫੁੱਲ ਅਤੇ ਫਲਾਂ ਵਾਲੇ ਬੂਟੇ ਹਨ, ਬਲਕਿ ਫੁੱਲ-ਫਲ ਰਹਿਤ ਬੂਟੇ ਵੀ ਸ਼ਾਮਿਲ ਹਨ। ਪੰਜਾਬ ਦਾ 85% ਖੇਤਰ ਖੇਤੀ ਹੇਠ ਅਤੇ ਕਰੀਬ 6% ਖੇਤਰ ਜੰਗਲ ਹਨ। ਸੋ ਇੱਥੇ ਮੁੱਖ ਪ੍ਰਸਥਿਤਿਕ ਪ੍ਰਬੰਧ ਫਸਲੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਰਾਜ ਜੀਵ-ਵਿਭਿੰਨਤਾ ਲਈ ਪ੍ਰਸਿੱਧ ਸੀ। ਪਰ ਅਜੋਕੇ ਖੇਤੀਬਾੜੀ ਪ੍ਰਬੰਧ ਨੇ ਜੀਵ-ਵਿਭਿੰਨਤਾ ਨੂੰ ਵੱਡੀ ਪੱਧਰ ਤੇ ਖੋਰਾ ਲਾਇਆ ਹੈ। ਕਿਉਂਕਿ ਰਸਾਇਣਿਕ ਖਾਦਾਂ ਦੀ ਭਾਰੀ ਵਰਤੋਂ ਨੇ ਜੀਵਾਂ ਦੀ ਪ੍ਰਜਨਣ ਕਿਰਿਆ ਤੇ ਬੁਰਾ ਅਸਰ ਪਾਇਆ ਹੈ। ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨੇ ਮਿੱਤਰ ਕੀੜਿਆਂ ਅਤੇ ਪੌਦਿਆਂ ਨੂੰ ਨਸ਼ਟ ਕਰ ਦਿੱਤਾ ਹੈ। ਪਾਣੀ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਪਾਣੀ ਵਿਚਲੀਆਂ ਜੀਵ ਪ੍ਰਜਾਤੀਆਂ ਤੇ ਮਾੜਾ ਅਸਰ ਪੈ ਰਿਹਾ ਹੈ। ਧਰਤੀ ਤੇ ਮੁੱਢਲੇ ਉਤਪਾਦਕ ਪੌਦੇ ਹਨ। ਭਾਰਤ ਦੇ ਰਵਾਇਤੀ ਵੈਦ ਪੌਦਿਆਂ ਦੀਆਂ 2500 ਕਿਸਮਾਂ ਦੀ ਵਰਤੋਂ ਦਵਾਈਆਂ ਦੇ ਤੌਰ ਤੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਲਈ ਕਰਦੇ ਹਨ। ਪੈਨਿਸੀਲੀਨ ਵਰਗੀਆਂ ਕਈ ਪ੍ਰਤੀ ਜੈਵਿਕ ਦਵਾਈਆਂ ਉੱਲੀਆਂ ਤੋਂ ਪ੍ਰਾਪਤ ਹੁੰਦੀਆਂ ਹਨ। ਮਲੇਰੀਆ ਦੀ ਰੋਕਥਾਮ ਲਈ ਸਿਨੋਕਨਾ ਰੁੱਖ ਦੇ ਛਿੱਲੜ ਦੀ ਵਰਤੋਂ ਕੁਨੀਨ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ। ਯਿਉ ਰੁੱਖ ਦੇ ਛਿੱਲੜ ਤੋਂ ਅੰਡੇਦਾਨੀ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ। ਟਰਮੀਨੇਲੀਆ ਪ੍ਰਜਾਤੀ ਤੋਂ ਕਬਜ਼ ਰੋਕੂ ਅਤੇ ਸੋਜ ਉਤਾਰਨ ਲਈ ਦਵਾਈ ਤਿਆਰ ਹੁੰਦੀ ਹੈ। ਜੀਵ-ਵਿਭਿੰਨਤਾ ਵਾਤਾਵਰਣ ਪੱਖ ਤੋਂ ਵੀ ਮਹੱਤਵਪੂਰਨ ਹੈ ਜਿਵੇਂ ਹਵਾ ਅਤੇ ਜਲ ਸ਼ੁੱਧੀਕਰਨ, ਸੋਕਾ ਅਤੇ ਹੜ੍ਹਾਂ ਨੂੰ ਰੋਕਣਾ, ਪੌਸ਼ਟਿਕ ਤੱਤਾਂ ਦਾ ਚੱਕਰ ਆਦਿ। ਉਦਯੋਗੀਕਰਣ ਅਤੇ ਨਗਰੀਕਰਣ ਦੇ ਦਬਾਅ ਵਿੱਚ ਹੋ ਰਹੀ ਜੰਗਲਾਂ ਦੀ ਅੰਨੇਵਾਹ ਕਟਾਈ, ਗੈਰਕਾਨੂੰਨੀ ਸ਼ਿਕਾਰ ਅਤੇ ਜੰਤੂਆਂ ਦੀ ਖੱਲ, ਸਿੰਗ, ਹੱਡੀਆਂ ਆਦਿ ਦੇ ਅੰਤਰਰਾਸ਼ਟਰੀ ਵਪਾਰ ਵਿੱਚ ਵਾਧੇ ਦੇ ਕਾਰਨ ਭਾਰਤ ਦੀ ਜੀਵ ਵਿਭਿੰਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਾਰੀ ਦੁਨੀਆਂ ਦੇ ਦੇਸ਼ ਵਿਅਕਤੀਗਤ ਅਤੇ ਸਮੂਹਿਕ ਪੱਧਰ ਤੇ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ ਕਿ ਜਲਦੀ ਤੋਂ ਜਲਦੀ ਇਸ ਅਸੰਤੁਲਨ ਨੂੰ ਦੂਰ ਕਰ ਲਿਆ ਜਾਵੇ। ਓਜੋਨ ਪਰਤ ਵਿੱਚ ਛੇਕ, ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ ਆਦਿ ਸਮੱਸਿਆਵਾਂ ਮਨੁੱਖ ਨੇ ਆਪ ਹੀ ਖੜ੍ਹੀਆਂ ਕੀਤੀਆਂ ਹਨ ਅਤੇ ਦੂਰ ਵੀ ਉਹੀ ਕਰ ਸਕਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਇਸ ਦਿਸ਼ਾ ਵਿੱਚ ਕੁਝ ਠੋਸ ਕਦਮ ਵੀ ਚੁੱਕੇ ਗਏ ਹਨ। ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਿਕ ਅਤੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੁਆਰਾ 1970 ਵਿੱਚ 'ਮਨੁੱਖ ਅਤੇ ਜੀਵਮੰਡਲ' ਵਿਸ਼ੇ ਤੇ ਇੱਕ ਸੰਮੇਲਨ ਆਯੋਜਤ ਕੀਤਾ ਜਿਸ ਵਿੱਚ ਜੀਵਾਂ ਦੀਆਂ ਵਿਭਿੰਨ ਪ੍ਰਜਾਤੀਆਂ ਦੀ ਸੁਰੱਖਿਆ ਅਤੇ ਵਿਕਾਸ ਦੇ ਉਪਾਵਾਂ ਤੇ ਸਲਾਹ-ਮਸ਼ਵਰਾ ਕੀਤਾ ਗਿਆ। 1971 ਦਾ ਰਾਮਸਰ ਸੰਮੇਲਨ, 1973 ਦਾ ਸੀ.ਆਈ.ਟੀ.ਆਈ.ਐਸ. ਦੁਆਰਾ ਆਯੋਜਿਤ ਸੰਮੇਲਨ ਅਤੇ 1983 ਦਾ ਐਫ.ਏ.ਓ. ਸੰਮੇਲਨ ਆਦਿ ਵੀ ਇਸ ਦਿਸ਼ਾ ਵਿੱਚ ਚੁੱਕੇ ਗਏ ਮਹੱਤਵਪੂਰਨ ਕਦਮ ਹਨ। 22 ਮਈ, 1992 ਨੂੰ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਜੈਵ-ਵਿਭਿੰਨਤਾ ਸੁਰੱਖਿਆ ਸੰਧੀ ਕੀਤੀ ਗਈ। ਇਸ ਵਿੱਚ ਵਿਕਾਸਸ਼ੀਲ ਦੇਸ਼ ਆਪਣੇ ਜੰਗਲਾਂ ਦੇ ਕੁਝ ਹਿੱਸਿਆ ਨੂੰ ਸੁਰੱਖਿਅਤ ਘੋਸ਼ਿਤ ਕਰਨ ਲਈ ਤਿਆਰ ਸੀ, ਪਰੰਤੂ ਇਸਦੇ ਲਈ ਉਹਨਾਂ ਨੇ ਦੋ ਸ਼ਰਤਾਂ ਰੱਖੀਆ ਕਿ ਵਿਕਸਿਤ ਦੇਸ਼ ਉਹਨਾਂ ਦੇ ਰਾਜਸਵ ਵਿੱਚ ਹੋਣ ਵਾਲੀ ਕਮੀ ਦੀ ਪੂਰਤੀ ਕਰਨ ਅਤੇ ਸੋਧ ਦੇ ਲਈ ਉਹਨਾਂ ਦੇ ਸੁਰੱਖਿਅਤ ਜੰਗਲਾਂ ਦਾ ਉਪਯੋਗ ਕਰਨ ਵਾਲੀਆਂ ਕੰਪਨੀਆਂ ਜੋ ਰਿਪੋਰਟ ਦੇਣ, ਉਹ ਉਪਲਬੱਧ ਕਰਾਈਆ ਜਾਣ। ਜੂਨ 1992 ਵਿੱਚ ਜੈਵ-ਵਿਭਿੰਨਤਾ ਦੀ ਸਮੱਸਿਆ ਤੇ ਸਲਾਹ-ਮਸ਼ਵਰੇ ਦੇ ਲਈ ਸਭ ਤੋਂ ਵੱਡਾ ਸੰਮੇਲਨ ਬ੍ਰਾਜ਼ੀਲ ਦੀ ਰਾਜਧਾਨੀ ਰਿਓ ਡੀ ਜੇਨੇਰੋ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਨੇ ਇਸ ਸੰਮੇਲਨ ਵਿੱਚ ਭਾਗ ਲਿਆ। ਇਸ ਸੰਮੇਲਨ ਵਿੱਚ ਜੈਵ-ਵਿਭਿੰਨਤਾ ਤੇ ਪੈਣ ਵਾਲੇ ਦਬਾਅ, ਉਹਨਾਂ ਤੋਂ ਵਾਤਾਵਰਨ ਤੇ ਪੈਣ ਵਾਲੇ ਪ੍ਰਭਾਵ ਅਤੇ ਵਾਤਾਵਰਨ ਪ੍ਰਦੂਸ਼ਣ ਕਾਰਨ ਹੋਣ ਵਾਲੇ ਅਸਰ ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਦੇ ਉਪਾਵਾਂ ਸਬੰਧੀ ਵਿਸਥਾਰ ਵਿੱਚ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਧਰਤੀ ਸਿਖਰ-ਸੰਮੇਲਨ ਵਿੱਚ 27 ਉਪਬੰਧਾਂ ਵਾਲੀ ਇੱਕ ਕਾਰਜਸੂਚੀ ਪੇਸ਼ ਕੀਤੀ ਗਈ। ਇਸ ਸੰਮੇਲਨ ਵਿੱਚ ਦੋ ਮਹੱਤਵਪੂਰਨ ਮੁੱਦਿਆਂ ਜੰਗਲ ਸੁਰੱਖਆ ਸੰਧੀ ਅਤੇ ਜੀਵ-ਵਿਭਿੰਨਤਾ ਸੁਰੱਖਿਆ ਸੰਧੀ ਤੇ ਸਲਾਹ-ਮਸ਼ਵਰੇ ਤੋਂ ਬਾਅਦ ਵਿਕਾਸਸ਼ੀਲ ਦੇਸ਼ਾਂ ਨੇ ਇਹਨਾਂ ਸੰਧੀਆਂ ਨੂੰ ਸ਼ੰਕਾਪੂਰਨ ਦੱਸਿਆ। ਜੈਵ-ਵਿਭਿੰਨਤਾ ਸੁਰੱਖਿਆ ਸੰਧੀ ਵਿੱਚ ਸ਼ਾਮਿਲ ਸੀ ਕਿ ਉਦਯੋਗਿਕ ਦੇਸ਼ ਜਦੋਂ ਪਿਛੜੇ ਦੇਸ਼ਾਂ ਦੇ ਜੈਵ-ਸੰਸਾਧਨਾਂ ਦਾ ਪ੍ਰਯੋਗ ਕਰਨ, ਉਦੋਂ ਆਪਣੀ ਜੈਵ-ਤਕਨੀਕ ਅਤੇ ਲਾਭਾਂ ਨੂੰ ਉਹਨਾਂ ਨਾਲ ਵੰਡਣ। ਅਮਰੀਕਾ ਨੇ ਇਸ ਸੰਧੀ ਨੂੰ ਅਸਵੀਕਾਰ ਕਰ ਦਿੱਤਾ। ਇਸ ਨਾਲ ਇਨ੍ਹਾਂ ਸੰਧੀਆਂ ਦੀ ਹੋਂਦ ਹੀ ਸ਼ੱਕ ਦੇ ਘੇਰੇ ਵਿੱਚ ਹੈ। ਜੰਗਲਾਂ ਦੇ ਘੱਟਣ, ਰੇਗਿਸਤਾਨ ਵਿੱਚ ਵਾਧਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਮੀ ਤੇ ਨਿਯੰਤਰਣ ਵੀ ਜ਼ਰੂਰੀ ਹੈ। ਭਾਰਤ ਨੇ ਜੈਵ-ਵਿਭਿੰਨਤਾ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਅਨੇਕ ਕਦਮ ਚੁੱਕੇ ਹਨ। ਭਾਰਤ ਦੁਨੀਆਂ ਦਾ ਅਜਿਹਾ ਪਹਿਲਾਂ ਦੇਸ਼ ਹੈ, ਜਿਸਨੇ ਜੰਗਲੀ ਜੀਵ ਸੁਰੱਖਿਆ ਅਧਿਨਿਯਮ ਲਾਗੂ ਕੀਤਾ ਹੈ। 1952 ਵਿੱਚ ਭਾਰਤ ਵਿੱਚ ਜੰਗਲੀ ਜਾਨਵਰਾਂ ਦੀ ਸੁਰੱਖਿਆ ਦੇ ਲਈ ਜੰਗਲੀ ਜੀਵ ਬੋਰਡ ਦੀ ਸਥਾਪਨਾ ਕੀਤੀ ਗਈ। ਇਸ ਬੋਰਡ ਨੇ ਪਸ਼ੂ-ਪੰਛੀਆਂ ਅਤੇ ਬੂਟੇ-ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਕੀਮਤੀ ਸੁਝਾਓ ਦਿੱਤੇ। ਇਸਦੇ ਨਾਲ ਹੀ ਇਸ ਬੋਰਡ ਦੁਆਰਾ ਖਤਮ ਹੋ ਰਹੇ ਪ੍ਰਾਣੀਆਂ ਦੀ ਸੂਚੀ ਤਿਆਰ ਕੀਤੀ ਗਈ। ਦੇਸ਼ ਭਰ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਰਾਸ਼ਟਰੀ ਪਾਰਕ ਅਤੇ ਆਸਰਾ ਸਥਾਨਾਂ ਦਾ ਨਿਰਮਾਣ ਵੀ ਕੀਤਾ ਗਿਆ। ਭਾਰਤ ਸਰਕਾਰ ਦੁਆਰਾ ਵਾਤਾਵਰਨ ਅਤੇ ਵਿਕਾਸ ਸਬੰਧੀ ਜੂਨ,1992 ਵਿੱਚ ਸਵੀਕਾਰ ਰਾਸ਼ਟਰੀ ਸੁਰੱਖਿਆ ਕਾਰਜਨੀਤੀ ਅਤੇ ਨੀਤੀਕਰਨ ਵਿੱਚ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਵਿਕਾਸ ਗਤੀਵਿਧੀਆਂ ਦੇ ਨਾਲ ਵਾਤਾਵਰਨ ਸਬੰਧੀ ਪਹਿਲੂਆਂ ਨੂੰ ਜੋੜਨ ਦੀ ਕਾਰਜਨੀਤੀਆਂ ਅਤੇ ਕੰਮਾਂ ਦਾ ਉਲੇਖ ਕੀਤਾ ਗਿਆ ਹੈ, ਜਿਸ ਨਾਲ ਸਥਾਈ ਵਿਕਾਸ ਦਾ ਰਸਤਾ ਖੁੱਲ ਗਿਆ ਹੈ। ਰਾਸ਼ਟਰੀ ਸੁਰੱਖਿਆ ਨੀਤੀ, 1992 ਦੇ ਅੰਤਰਗਤ ਭਾਰਤ ਸਰਕਾਰ ਨੇ ਜੈਵ-ਵਿਭਿੰਨਤਾ ਦੀ ਸੁਰੱਖਿਆ ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਤੇ ਜ਼ੋਰ ਦਿੱਤਾ ਹੈ। ਜੈਵ-ਵਿਭਿੰਨਤਾ ਸਾਡੀ ਰਾਸ਼ਟਰੀ ਧਰੋਹਰ ਹੈ ਅਤੇ ਇਸਦੀ ਸੁਰੱਖਿਆ ਅਤਿ ਜ਼ਰੂਰੀ ਹੈ। ਭਾਰਤ ਨੇ ਜੂਨ,1992 ਵਿੱਚ ਜੈਵ-ਵਿਭਿੰਨਤਾ ਸੁਰੱਖਿਆ ਸੰਧੀ ਤੇ ਦਸਤਖਤ ਕੀਤੇ ਸੀ ਅਤੇ 19 ਮਈ, 1994 ਤੋਂ ਇਸਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਜੈਵ-ਵਿਭਿੰਨਤਾ ਦੇ ਸਬੰਧ ਵਿੱਚ ਇੱਕ ਰਾਸ਼ਟਰੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਰੇਗਿਸਤਾਨ ਦੇ ਵਿਸਥਾਰ ਨੂੰ ਨਿਯੰਤਰਣ ਕਰਨ ਦੇ ਲਈ ਭਾਰਤ ਨੇ ਅੰਤਰਰਾਸ਼ਟਰੀ ਸੰਧੀ ਤੇ ਦਸਤਖਤ ਕੀਤੇ ਹਨ, ਇਸ ਲਈ ਰਾਸ਼ਟਰੀ ਪ੍ਰੋਗਰਾਮ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਚੱਲ ਰਹੇ ਹਨ। ਮਾਨਵੀ ਹੋਂਦ ਦੀ ਰੱਖਿਆ ਦੇ ਲਈ ਜੈਵ-ਵਿਭਿੰਨਤਾ ਜ਼ਰੂਰੀ ਹੈ, ਇਸ ਸੱਚ ਨੂੰ ਹਰੇਕ ਮਨੁੱਖ ਨੂੰ ਸਮਝਣਾ ਹੋਵੇਗਾ। ਵਾਤਾਵਰਣ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਧਰਤੀ ਤੇ ਵਾਤਾਵਰਨ ਅਤੇ ਜੈਵ-ਵਿਭਿੰਨਤਾ ਦੀ ਰੱਖਿਆ ਦਾ ਮਨੁੱਖ ਦੇ ਲਈ ਇਹ ਆਖਰੀ ਮੌਕਾ ਹੈ ਜੇਕਰ ਉੁਹ ਸਮਾਂ ਰਹਿੰਦਾ ਸੁਚੇਤ ਨਹੀਂ ਹੋਇਆ, ਤਾਂ ਕੁਦਰਤ ਤੋਂ ਬੇਮੁੱਖ ਹੋਣਾ ਉਸਦੇ ਲਈ ਅਤੀ ਆਤਮਘਾਤੀ ਸਿੱਧ ਹੋਵੇਗਾ। ਭਾਰਤ ਦੁਆਰਾ ਸੁਰੱਖਿਆ ਦੀ ਦਿਸ਼ਾ ਵਿੱਚ ਚੁੱਕੇ ਜਾ ਰਹੇ ਕਦਮ ਪ੍ਰਸ਼ੰਸ਼ਾਯੋਗ  ਹਨ, ਪਰੰਤੂ ਇਸ ਦਿਸ਼ਾ ਵਿੱਚ ਹੋਰ ਸਕਾਰਾਤਮਕ ਕਦਮ ਚੁੱਕਣ ਦੀ ਜ਼ਰੂਰਤ ਹੈ। ਸਰਕਾਰ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਸ ਪ੍ਰਤੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਧਰਤੀ ਤੇ ਰਹਿਣ ਵਾਲੇ ਵੱਖ ਵੱਖ ਕਿਸਮਾਂ ਦੇ ਜੀਵ ਜੰਤੂਆਂ ਅਤੇ ਪੌਦਿਆਂ ਨੂੰ ਬਚਾਇਆ ਜਾ ਸਕੇ।  
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ
9417563054
5mail: kuldipnangal0gmail.com