|
13 ਅਪ੍ਰੈਲ, 2016 ਲਈ ਵਿਸ਼ੇਸ਼
97 ਸਾਲਾਂ ਬਾਦ ਵੀ ਜਲਿਆਂਵਾਲਾ
ਬਾਗ ਦੇ ਸ਼ਹੀਦਾਂ ਨੂੰ ਪੂਰੀ ਪਹਿਚਾਣ ਅਤੇ ਸਨਮਾਨ ਨਾਂ ਮਿਲਿਆ।
|
ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅਨੁਸਾਰ
ਇਸ ਗੋਲੀਕਾਂਡ ਵਿੱਚ 379 ਵਿਅਕਤੀ ਸਹੀਦ ਹੋਏ ਸਨ ਜਿਨ੍ਹਾਂ ਵਿੱਚ 337 ਪੁਰਸ਼, 41
ਨਾਬਾਲਿਗ ਲੜਕੇ ਅਤੇ 01 ਛੇ ਹਫਤੇ ਦਾ ਬੱਚਾ ਸ਼ਾਮਿਲ ਸੀ।
ਅੱਜ
ਦੇ ਦਿਨ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿੱਚ ਹੋਏ
ਗੋਲੀਕਾਂਡ ਜਿਸ ਵਿੱਚ ਅਣਗਿਣਤ ਨਿਹੱਥੇ ਨਿਰਦੋਸ਼ ਲੋਕ ਮਾਰੇ ਗਏ ਅਤੇ ਜਖਮੀ ਹੋਏ ਨੂੰ
ਯਾਦ ਕਰਕੇ ਹਰ ਭਾਰਤ ਵਾਸੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਪਰ ਇਸਤੋਂ ਵੀ ਵੱਡੇ
ਦੁੱਖ ਅਤੇ ਰੋਸ ਦੀ ਗੱਲ ਹੈ ਕਿ ਜਲਿਆਂਵਾਲਾ ਬਾਗ ਵਿੱਚ 97 ਸਾਲ ਪਹਿਲਾਂ ਮਾਰੇ ਗਏ
ਲੋਕਾਂ ਨੂੰ ਸਹੀ ਪਹਿਚਾਣ ਅਤੇ ਸਨਮਾਨ ਅਜ਼ਾਦੀ ਦੇ 67 ਸਾਲਾਂ ਬਾਦ ਵੀ ਹਾਸਲ ਨਹੀਂ
ਹੋਇਆ ਹੈ। ਜਲਿਆਂ ਵਾਲਾ ਬਾਗ ਸਿੱਖ ਧਰਮ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ
ਸਾਹਿਬ ਸ਼੍ਰੀ ਅ੍ਿਰਮਤਸਰ ਦੇ ਨੇੜੇ ਹੈ। ਪੰਜਾਬ ਦੇ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ
ਵਿੱਚ ਅੰਗਰੇਜ਼ਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਸੀ ਅਤੇ ਹਜ਼ਾਰਾਂ ਪੰਜਾਬੀਆਂ ਨੇ
ਅੰਗਰੇਜ਼ਾਂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਪਰ ਅੰਗਰੇਜ਼ਾਂ ਨੇ ਇਸਦੇ ਬਦਲੇ
ਵਿੱਚ ਜਲਿਆਵਾਲਾ ਬਾਗ ਵਿੱਚ ਨਿਹੱਥੇ ਪੰਜਾਬੀ ਪੇਂਡੂਆਂ ਦੇ ਖੂਨ ਦੀ ਹੌਲੀ ਖੇਡੀ।
ਜਲਿਆ ਵਾਲਾ ਬਾਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਅੱਜ ਤੱਕ ਤਾਂ ਪੂਰੀ
ਗਿਣਤੀ ਅਤੇ ਜਾਣਕਾਰੀ ਹੀ ਪਤਾ ਨਹੀਂ ਚੱਲ ਸਕੀ ਹੈ ਅਤੇ ਨਾਂ ਹੀ ਅੱਜ ਤੱਕ ਉਨ੍ਹਾਂ
ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਹੈ। ਇਸ ਦਰਦਨਾਕ ਗੈਰ ਮਨੁਖੀ ਗੋਲੀਕਾਂਡ ਸਬੰਧੀ
ਇਤਿਹਾਸ ਵੇਖੀਏ ਤਾਂ ਬ੍ਰਿਟਿਸ਼ ਸਰਕਾਰ ਵਲੋਂ ਪਾਸ ਕੀਤੇ ਗਏ ਰਾਅਲਟ ਐਕਟ ਦੇ ਵਿਰੋਧ
ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਸੀ। ਇਸ ਕਾਰਨ
ਬ੍ਰਿਟਿਸ਼ ਸਰਕਾਰ ਵਲੋਂ ਦੋ ਪ੍ਰਮੁੱਖ ਲੀਡਰਾਂ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ
ਗ੍ਰਿਫਤਾਰ ਕੀਤਾ ਗਿਆ ਸੀ। ਇਸਦੇ ਵਿਰੋਧ ਵਜੋਂ 10 ਅਪ੍ਰੈਲ 1919 ਨੂੰ ਅੰਮ੍ਰਿਤਸਰ
ਦੇ ਡਿਪਟੀ ਕਮਿਸ਼ਨਰ ਦੇ ਘਰ ਮੂਹਰੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਪ੍ਰਦਰਸ਼ਨਕਾਰੀ ਆਪਣੇ 2 ਮਸ਼ਹੂਰ ਲੀਡਰਾਂ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਦੀ ਰਿਹਾਈ
ਦੀ ਮੰਗ ਕਰ ਰਹੇ ਸਨ ਜਿਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਕਿਸੇ ਗੁੱਪਤ ਜਗ੍ਹਾ ਤੇ
ਲੈ ਗਈ ਸੀ। ਬ੍ਰਿਟਿਸ਼ ਫੌਜ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਕਈ
ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਦੇਸ਼ਵਾਸੀਆਂ ਵਿੱਚ
ਅੰਗਰੇਜ਼ਾ ਖਿਲਾਫ ਰੋਸ ਵੱਧ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਦਫ਼ਤਰਾਂ ਅਤੇ
ਰੇਲਵੇ ਸਟੇਸ਼ਨਾਂ ਤੇ ਹਮਲਾ ਕਰਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਅਗਜਨੀ ਕਰਨ ਲੱਗ
ਪਏ। ਇਸ ਦੌਰਾਨ 5 ਯੂਰਪੀ ਨਾਗਰਿਕਾਂ ਸਮੇਤ ਕਈ ਸਰਕਾਰੀ ਅਧਿਕਾਰੀ ਸਰਕਾਰੀ ਅਤੇ ਆਮ
ਨਾਗਰਿਕ ਮਾਰੇ ਗਏ। ਇਸ ਦਿਨ ਫੌਜ਼ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਕਈ ਝੜਪਾਂ ਹੋਈਆਂ ਜਿਸ
ਵਿੱਚ 8 ਤੋਂ 20 ਪ੍ਰਦਰਸ਼ਨਕਾਰੀ ਮਾਰੇ ਗਏ। ਇਸਤੋਂ ਬਾਅਦ 11 ਅਪ੍ਰੈਲ, 1919 ਨੂੰ
ਮਿਸ ਮਾਰਸੇਲਾ ਸ਼ੇਰਵੁੱਡ ਜੋ ਕਿ ਇੱਕ ਅੰਗਰੇਜ਼ ਮਿਸ਼ਨਰੀ ਸੀ ਅਤੇ ਸਕੂਲ ਚਲਾ ਰਹੀ ਸੀ
ਨੇ ਸਕੂਲ ਬੰਦ ਕਰ ਦਿੱਤਾ ਅਤੇ ਲੱਗਭੱਗ 600 ਭਾਰਤੀ ਵਿਦਿਆਰਥੀਆਂ ਨੂੰ ਵਾਪਿਸ ਘਰ
ਭੇਜ ਦਿੱਤਾ ਸੀ। ਇਸਦੇ ਰੋਸ ਵਜੋਂ ਭੜਕੀ ਭੀੜ ਨੇ ਕੂਚਾ ਕੂਰੀਚਨ ਤੰਗ ਗਲੀ ਵਿੱਚ
ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਕੁੱਟਿਆ ਜਿਸਨੂੰ ਕੁੱਝ ਵਿਦਿਆਰਥੀਆਂ ਦੇ
ਮਾਪਿਆਂ ਨੇ ਭੀੜ ਹੱਥੋਂ ਬਚਾਇਆ। ਇਸਤੋਂ ਬਾਅਦ ਜਨਰਲ ਡਾਇਰ ਨੇ ਉਸੇ ਗਲੀ ਵਿੱਚ
ਭਾਰਤੀਆਂ ਨੂੰ ਗੋਡਿਆਂ ਅਤੇ ਹੱਥਾਂ ਭਾਰ ਰੇਂਗ ਕੇ ਚੱਲਣ ਲਈ ਮਜ਼ਬੂਰ ਕੀਤਾ ਸੀ।
ਇਸਤੋਂ ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ
ਰਹੀਆਂ। ਪੰਜਾਬ ਵਿੱਚ ਰੇਲ ਦੀਆਂ ਪਟੜੀਆਂ ਨੂੰ ਉਖਾੜ ਦਿੱਤਾ ਗਿਆ, ਟੈਲੀਫੋਨ ਸੇਵਾ
ਠੱਪ ਕਰ ਦਿੱਤੀ ਗਈ ਅਤੇ ਸਰਕਾਰੀ ਭਵਨਾਂ ਨੂੰ ਅੱਗਾਂ ਲਗਾਈਆਂ ਗਈਆਂ ਅਤੇ ਤਿੰਨ
ਯੂਰਪੀ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਸਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ
ਪੰਜਾਬ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ। ਇਸ ਲਾਅ ਅਨੁਸਾਰ ਕਿਤੇ ਵੀ ਚਾਰ ਤੋਂ ਵੱਧ
ਭਾਰਤੀ ਇੱਕੋ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਸਨ। ਇਸਤੋਂ ਬਾਅਦ 13 ਅਪ੍ਰੈਲ 1919
ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਨੇੜੇ ਜ਼ਲਿਆਵਾਲਾ ਬਾਗ
ਵਿੱਚ ਲੋਕਾਂ ਦਾ ਭਾਰੀ ਇਕੱਠ ਸ਼ਾਂਤੀਪੂਰਵਕ ਸਭਾ ਕਰ ਰਿਹਾ ਸੀ। ਇਹ ਜਲਸਾ ਸ਼ਾਮ ਦੇ 4
ਵੱਜ ਕੇ 30 ਮਿੰਟ ਤੇ ਸ਼ੁਰੂ ਹੋਇਆ ਸੀ। ਇਸ ਵਿੱਚ ਵੱਖ ਵੱਖ ਪਿੰਡਾਂ ਦੇ ਲੋਕ ਸ਼ਾਮਿਲ
ਸਨ। ਸ਼ਾਮ ਦੇ 5 ਵੱਜ ਕੇ 30 ਮਿੰਟ ਤੇ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੀ
ਕਮਾਂਡ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ਵਿੱਚ 65 ਫੌਜੀ ਗੋਰਖਾ ਅਤੇ 25
ਫੌਜੀ ਬਲੋਚ ਸਨ ਨੇ ਆ ਕੇ ਸ਼ਾਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ। ਇਹ ਫੌਜੀ
303 ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲਾਂ ਨਾਲ ਲੈਸ ਸਨ। ਇਸ ਮੌਕੇ ਜਨਰਲ ਡਾਇਰ ਆਪਣੇ
ਨਾਲ ਦੋ ਗੱਡੀਆਂ ਵਿੱਚ ਮਸ਼ੀਨਗੰਨਾਂ ਵੀ ਲੈ ਕੇ ਆਇਆ ਸੀ। ਜਨਰਲ ਡਾਇਰ ਨੇ ਬਾਹਰ ਜਾਣ
ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉਥੇ ਮਸ਼ੀਨਗੰਨਾਂ ਬੀੜ ਦਿੱਤੀਆਂ। ਜਨਰਲ ਡਾਇਰ ਨੇ
ਬਿਨਾਂ ਕੋਈ ਚੇਤਾਵਨੀ ਦਿੱਤੇ ਹੀ ਜਲਸੇ ਉਤੇ ਫਾਈਰਿੰਗ ਦਾ ਹੁਕਮ ਦੇ ਦਿੱਤਾ। ਫੌਜ ਨੇ
10 ਮਿੰਟ ਤੱਕ ਗੋਲਾਬਾਰੀ ਕੀਤੀ ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ ਅਤੇ
ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ। ਇਹ ਬਾਗ ਦੋ ਸੋ ਗਜ ਲੰਮਾ ਅਤੇ ਇੱਕ ਸੋ ਗਜ
ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ
ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ।ਕੁਝ ਲੋਕਾਂ ਨੇ ਖੂਹ ਵਿੱਚ ਛਾਲਾ ਮਾਰ
ਦਿੱਤੀਆਂ ਪਰ ਆਪਣੀ ਜਾਨ ਨਾ ਬਚਾ ਸਕੇ। ਕੁਝ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ
ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੋਲੀਆਂ ਦੀ ਮਾਰ ਤੋਂ ਬਚ ਨਾ ਸਕੇ। ਇਹ
ਗੋਲੀਬਾਰੀ ਉਦੋਂ ਹੀ ਖਤਮ ਹੋਈ ਜਦੋਂ ਫੌਜੀਆਂ ਦੀਆਂ ਗੋਲੀਆਂ ਖਤਮ ਹੋ ਗਈਆਂ। ਜਨਰਲ
ਡਾਇਰ ਅਨੁਸਾਰ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਖੂਹ ਵਿੱਚੋਂ 120 ਲਾਸ਼ਾਂ
ਕੱਢੀਆਂ ਗਈਆਂ ਸੀ। ਇਸਤੋਂ ਬਾਅਦ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ। ਉਸ ਵੇਲੇ ਇਸ
ਗੋਲੀਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਵੀ ਵੱਖ ਵੱਖ ਦਰਸਾਈ ਗਈ। ਅੰਗਰੇਜ਼
ਸਰਕਾਰ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਮਾਰੇ ਗਏ ਸਨ ਅਤੇ ਲੱਗਭੱਗ 1100
ਵਿਅਕਤੀ ਜਖਮੀ ਹੋਏ ਸਨ, ਸਿਵਲ ਸਰਜਨ ਡਾਕਟਰ ਵਿਲੀਅਮਜ਼ ਡੀਮੈਡੀ ਅਨੁਸਾਰ ਇਸ
ਗੋਲੀਕਾਂਡ ਵਿੱਚ 1526 ਵਿਅਕਤੀ ਸ਼ਹੀਦ ਹੋਏ ਹਨ, ਇੰਡੀਅਨ ਨੈਸ਼ਨਲ ਕਾਂਗਰਸ ਅਨੁਸਾਰ
ਇਨ੍ਹਾਂ ਦੀ ਗਿਣਤੀ 1500 ਤੋਂ ਵੱਧ ਦੱਸੀ ਗਈ ਸੀ, ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ
ਦਫਤਰ ਵਿੱਚ ਲਗਾਈ ਗਈ ਸੂਚੀ ਅਨੁਸਾਰ ਇਸ ਗੋਲੀਕਾਂਡ ਵਿੱਚ 484 ਵਿਅਕਤੀ ਸ਼ਹੀਦ ਹੋਏ
ਸਨ ਜਦਕਿ ਜਲਿਆਂਵਾਲਾ ਬਾਗ ਵਿੱਚ ਸਿਰਫ 388 ਵਿਅਕਤੀਆਂ ਦੀ ਹੀ ਸੂਚੀ ਹੈ। ਬ੍ਰਿਟਿਸ਼
ਸਰਕਾਰ ਦੇ ਰਿਕਾਰਡ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਸਹੀਦ ਹੋਏ ਸਨ
ਜਿਨ੍ਹਾਂ ਵਿੱਚ 337 ਪੁਰਸ਼, 41 ਨਾਬਾਲਿਗ ਲੜਕੇ ਅਤੇ 01 ਛੇ ਹਫਤੇ ਦਾ ਬੱਚਾ ਸ਼ਾਮਿਲ
ਸੀ। ਉਨ੍ਹਾਂ ਅਨੁਸਾਰ ਇਸ ਗੋਲੀਕਾਂਡ ਵਿੱਚ 200 ਵਿਅਕਤੀ ਜਖਮੀ ਹੋਏ ਸਨ। ਉਸ ਵੇਲੇ
ਦਰਬਾਰ ਸਾਹਿਬ ਤੇ ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਦਰਬਾਰ ਸਾਹਿਬ ਦੇ ਮੁਖੀ
ਅਰੂੜਾ ਸਿੰਘ ਨੇ 1919 ਵਿੱਚ ਜਨਰਲ ਡਾਇਰ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ ਸੀ।
ਇਸ ਹੱਤਿਆਕਾਂਡ ਦੇ ਵਿਰੋਧ ਵਿੱਚ ਰਬਿੰਦਰਨਾਥ ਟੈਗੋਰ ਨੇ ਸਰ ਦੀ ਉਪਾਧੀ ਮੋੜ ਦਿੱਤੀ।
ਜਲਿਆਂ ਵਾਲਾ ਬਾਗ ਸਰਦਾਰ ਹਿੰਮਤ ਸਿੰਘ ਦੇ ਪਰਿਵਾਰ ਦੀ ਸੰਪਤੀ ਸੀ ਜੋ ਕਿ ਪਿੰਡ
ਜੱਲਾ ਤੋਂ ਉਹ ਇੱਥੇ ਆਏ ਸਨ ਜੋ ਕਿ ਹੁਣ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ
ਸਥਿਤ ਹੈ। ਇਸ ਪਰਿਵਾਰ ਨੂੰ ਜੱਲੇਵਾਲੇ ਜਾਂ ਜੱਲੇ ਜਾਂ ਜੱਲਾ ਆਦਿ ਕਿਹਾ ਜਾਂਦਾ ਸੀ।
1920 ਵਿੱਚ ਇੰਡੀਅਨ ਨੈਸ਼ਨਲ ਕਾਂਗਸਰ ਪਾਰਟੀ ਵਲੋਂ ਮਤਾ ਪਾਕੇ ਇੱਕ ਟਰੱਸਟ ਬਣਾਇਆ
ਗਿਆ ਅਤੇ 1923 ਵਿੱਚ ਇਸ ਟਰੱਸਟ ਨੇ ਇਹ ਜਮੀਨ ਖਰੀਦੀ। 01 ਅਗਸਤ 1920 ਨੂੰ ਇਸ
ਸਥਾਨ ਨੂੰ ਇਸ ਪਰਿਵਾਰ ਕੋਲੋਂ 560472/- ਰੁਪਏ ਵਿੱਚ ਖਰੀਦਿਆ ਗਿਆ ਸੀ, ਪਰ ਮੌਜੂਦਾ
ਲਾਟ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਹੀ ਬਣਾਈ ਗਈ ਸੀ। ਇਹ ਲਾਟ ਬਣਾਉਣ ਲਈ 925000/-
ਰੁਪਏ ਦੀ ਲਾਗਤ ਆਈ ਸੀ। ਜਲਿਆ ਵਾਲਾ ਬਾਗ ਵਿੱਚ ਦੇਸ਼ ਦੀ ਅਜਾਦੀ ਤੋਂ ਕਈ ਸਾਲਾਂ ਬਾਦ
1961 ਵਿੱਚ ਜੋਤੀ ਦੇ ਅਕਾਰ ਦਾ 45 ਫੁੱਟ ਉੱਚਾ ਲਾਲ ਪੱਥਰਾਂ ਵਾਲਾ ਖੰਭਾ ਇਸ
ਗੋਲੀਕਾਂਡ ਵਿੱਚ ਮਾਰੇਗਏ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ। ਇੱਥੇ ਇੱਕ ਅਮਰ ਜੋਤੀ
ਵੀ ਬਣਾਈ ਗਈ ਹੈ ਜੋਕਿ ਹਮੇਸ਼ਾ ਜਲਦੀ ਰਹਿੰਦੀ ਹੈ। ਬ੍ਰਿਟਿਸ਼ ਸਰਕਾਰ ਦੇ ਕਈ ਆਗੂਆਂ
ਨੇ ਸਮੇਂ ਸਮੇਂ ਤੇ ਇਸ ਬਾਗ ਦਾ ਦੌਰਾ ਕੀਤਾ ਹੈ। ਇਸ ਦਰਦਨਾਕ ਘਟਨਾ ਤੋਂ ਕਈ ਸਾਲਾਂ
ਬਾਦ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਇਸ ਇਤਿਹਾਸਕ ਬਾਗ ਵਿੱਚ ਆਏ ਸਨ ਅਤੇ
ਉਨ੍ਹਾਂ ਨੇ 13 ਅਪ੍ਰੈਲ 1919 ਨੂੰ ਵਾਪਰੇ ਗੋਲੀਕਾਂਡ ਨੂੰ ਇੱਕ ਸ਼ਰਮਨਾਕ ਘਟਨਾ ਕਰਾਰ
ਦਿਤਾ, ਬ੍ਰਿਟਿਸ਼ ਪ੍ਰਧਾਨ ਮੰਤਰੀ ਬਿਸਟਲ ਚਰਚਿਲ ਨੇ ਇਸ ਘਟਨਾ ਨੂੰ ਰਾਖਸ਼ਸ਼ੀ ਘਟਨਾ
ਤੱਕ ਕਿਹਾ ਸੀ। 1997 ਵਿੱਚ ਮਹਾਰਾਣੀ ਐਲਿਜਾਵੈਥ ਦੂਜੀ ਅਤੇ ਉਸਦੇ ਪਤੀ ਅਤੇ ਡਿਉਕ
ਆਫ ਐਡਿਨਵਰਗ ਪ੍ਰਿੰਸ ਫਿਲਿਪ ਲੇ ਵੀ ਇਸ ਥਾਂ ਦਾ ਦੌਰਾ ਕੀਤਾ। ਜਲਿਆਵਾਲਾ ਬਾਗ ਦੇ
ਖੂਨੀ ਕਾਂਡ ਦਾ ਬਦਲਾ ਇੱਕ ਅਣਖੀਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਜੋਕਿ ਖੁਦ ਇਸ
ਗੋਲੀਕਾਂਡ ਮੌਕੇ ਬਾਗ ਵਿੱਚ ਸੀ ਅਤੇ ਜਖ਼ਮੀ ਹੋਇਆ ਸੀ ਨੇ ਲਿਆ ਸੀ। ਮਾਈਕਲ ਓਡਵਾਇਰ
ਜੋ ਕਿ ਜਲਿਆਵਾਲਾ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ ਅਤੇ ਜਨਰਲ ਡਾਇਰ
ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਨੂੰ ਊਧਮ ਸਿੰਘ ਨੇ 13 ਮਾਰਚ 1940 ਨੂੰ
ਇੱਕ ਸਭਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਅਤੇ 31 ਜੁਲਾਈ 1940 ਨੂੰ ਅੰਗਰੇਜ਼
ਸਰਕਾਰ ਨੇ ਊਧਮ ਸਿੰਘ ਨੂੰ ਫਾਂਸੀ ਦੇ ਤਖਤੇ ਦੇ ਲਟਕਾ ਕੇ ਸ਼ਹੀਦ ਕਰ ਦਿੱਤਾ। ਇਸ
ਸਥਾਨ ਦਾ ਡਿਜਾਇਨ ਅਮਰੀਕਾ ਦੇ ਪ੍ਰਸਿੱਧ ਆਰਕੀਟੈਕਟ ਬੈਂਜਾਮੀਨ ਪੋਲਕ ਨੇ ਤਿਆਰ
ਕੀਤਾ ਅਤੇ 13 ਅਪ੍ਰੈਲ 1961 ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰਾ ਪ੍ਰਸਾਦ
ਨੇ ਇਸਦਾ ਉਦਘਾਟਨ ਕੀਤਾ ਸੀ। ਕਿੰਨੇ ਦੁੱਖ ਦੀ ਗੱਲ ਹੈ ਕਿ 13 ਅਪ੍ਰੈਲ 1919 ਨੂੰ
ਜ਼ਲਿਆਵਾਲਾ ਬਾਗ ਵਿੱਚ ਸ਼ਹੀਦ ਹੋਣ ਵਾਲੇ ਲੋਕ 97 ਸਾਲਾਂ ਬਾਦ ਵੀ ਇੱਕ ਬੁਝਾਰਤ ਹੀ
ਬਣੇ ਹੋਏ ਹਨ ਅਤੇ ਸ਼ਹੀਦ ਹੋਏ ਦੇਸਵਾਸੀਆਂ ਦੀ ਅਸਲੀਅਤ ਅਜੇ ਤੱਕ ਲੋਕਾਂ ਸਾਹਮਣੇ
ਨਹੀਂ ਆ ਰਹੀ ਹੈ। ਇਨ੍ਹਾਂ ਸ਼ਹੀਦਾਂ ਨੂੰ ਸਨਮਾਨ ਦੇਣਾ ਤਾਂ ਦੂਰ ਉਨ੍ਹਾਂ ਦੀ ਪੂਰੀ
ਗਿਣਤੀ ਦੀ ਸੂਚੀ ਵੀ ਨਹੀਂ ਹੈ। ਰੋਜਾਨਾ ਹਜਾਰਾਂ ਲੋਕ ਇਸ ਥਾਂ ਤੇ ਆਕੇ ਆਪਣੀ
ਸ਼ਰਧਾਂਜ਼ਲੀ ਤਾਂ ਭੇਟ ਕਰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਉਹ ਆਪਣੀ
ਸ਼ਰਧਾਂਜ਼ਲੀ ਕਿਸਨੂੰ ਦੇਣ Îਕਿਉਂਕਿ ਆਪਣੀ ਜਾਨ ਦੇਣ ਵਾਲੇ ਲੋਕਾਂ ਦੀ ਵਿਸਥਾਰ ਵਿੱਚ
ਕੋਈ ਵੀ ਜਾਣਕਾਰੀ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਲਿਆਂਵਾਲਾ ਬਾਗ ਕਾਂਡ
ਵਿੱਚ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਨੂੰ ਅਗਿਆਤ ਨਾ ਰਹਿਣ ਦੇਵੇ ਸਗੋਂ ਉਹਨਾਂ ਦੇ
ਨਾਮ ਅਤੇ ਤਸਵੀਰਾਂ ਸਨਮਾਨ ਸਹਿਤ ਇਸ ਥਾ ਤੇ ਲਗਾਈਆਂ ਜਾਣ ਤਾਂ ਜੋ ਆਮ ਜਨਤਾ ਨੂੰ
ਪਤਾ ਲੱਗ ਸਕੇ ਕਿ ਕਿਹਨਾਂ ਲੋਕਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾਈ ਸੀ। ਸਰਕਾਰ
ਨੂੰ ਜ਼ਲਿਆਂਵਾਲਾ ਬਾਗ ਕਾਂਡ ਵਿੱਚ ਮਰਨ ਵਾਲੇ ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ
ਬਣਦਾ ਸਨਮਾਨ ਦੇਣਾ ਚਾਹੀਦਾ ਹੈ ਅਤੇ ਮੁਕੰਮਲ ਜਾਣਕਾਰੀ ਲੋਕਾਂ ਤੱਕ ਪਹੁੰਚਾਣ ਲਈ
ਪੁੱਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਨਹੀਂ ਤਾਂ ਸਾਡੀ ਆਣ ਵਾਲੀ ਪੀੜੀ ਦੇਸ਼ ਦੇ ਇਸ
ਗੌਰਵਮਈ ਇਤਿਹਾਸ ਤੋਂ ਬਾਂਝੀ ਰਹਿ ਜਾਵੇਗੀ। ਕੁਲਦੀਪ ਚੰਦ ਨੇੜੇ ਸਰਕਾਰੀ
ਪ੍ਰਾਇਮਰੀ ਸਕੂਲ ਦੋਭੇਟਾ ਤਹਿਸੀਲ ਨੰਗਲ ਜਿਲ੍ਹਾ ਰੂਪਨਗਰ 9417563054
5mail: kuldipnangal0gmail.com
|
|