22 ਅਕਤੂਬਰ, 2015 ਨੂੰ ਭਾਖੜ੍ਹਾ ਡੈਮ ਦੇ ਸਥਾਪਨਾ ਦਿਵਸ ਸਬੰਧੀ ਵਿਸ਼ੇਸ਼।   
22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਨੇ ਇਸ ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ।

ਭਾਖੜ੍ਹਾ ਨੰਗਲ ਪ੍ਰੋਜੈਕਟ ਕੁੱਝ ਹੈਰਾਨੀਜਨਕ ਹੈ, ਕੁੱਝ ਚਮਤਕਾਰੀ ਹੈ ।  ਕੁੱਝ ਅਜਿਹਾ ਹੈ ਜਿਸਨੂੰ ਵੇਖਕੇ ਤੁਹਾਡੇ ਦਿਲ ਵਿੱਣ ਤੂਫਾਨ ਉੱਠਦਾ ਹੈ । ਭਾਖੜ੍ਹਾ ਡੈਮ ਅਜ਼ਾਦ ਭਾਰਤ ਦਾ ਨਵਾਂ ਮੰਦਿਰ ਹੈ ਅਤੇ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੈ -- ਸਾਬਕਾ ਪ੍ਰਧਾਨ ਮੰਤਰੀ ਸਵਰਗੀ ਪੰਡਿਤ ਜਵਾਹਰ ਲਾਲ ਨਹਿਰੂ ।  

ਦੇਸ਼ ਦਾ ਗੌਰਵ ਮੰਨੇ ਜਾਂਦੇ ਅਤੇ ਉਤਰੀ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਭਾਖੜਾ ਬੰਨ ਨੂੰ ਅੱਜ 52 ਸਾਲ ਪੂਰੇ ਹੋ ਰਹੇ ਹਨ। ਭਾਖੜਾ ਡੈਮ ਆਧੁਨਿਕ ਤਕਨਾਲੋਜੀ ਅਤੇ ਇੰਜੀਨੀਅਰਿੰਗ ਵਿਗਿਆਨ ਦੀ ਇੱਕ ਅਦਭੁਤ ਦੇਣ ਹੈ। ਇਹ ਉੱਤਰੀ ਭਾਰਤ ਦਾ ਇੱਕ ਪ੍ਰਭਾਵਸ਼ਾਲੀ ਅਤੇ ਬਹੁਤ ਵੱਡਾ ਡੈਮ ਹੈ ਜੋ ਇਸ ਖੇਤਰ ਵਿੱਚ ਸਿੰਚਾਈ ਲਈ ਪਾਣੀ, ਇੰਡਸਟਰੀ ਨੂੰ ਚਲਾਉਣ ਲਈ ਬਿਜਲੀ, ਸ਼ਹਿਰਾਂ ਦਾ ਬਿਜਲੀਕਰਨ, ਪਿੰਡਾਂ ਵਿੱਚ ਬਿਜਲੀ ਅਤੇ ਟਿਊਬਵੈੱਲਾਂ ਨੂੰ ਚਲਾਉਣ ਲਈ ਊਰਜਾ ਪ੍ਰਦਾਨ ਕਰਦਾ ਹੈ। ਇਸ ਪ੍ਰੋਜੈਕਟ ਨੂੰ ਬਣਾਉਣ ਦਾ ਖਿਆਲ ਬੇਸ਼ੱਕ ਅਜ਼ਾਦੀ ਤੋਂ ਪਹਿਲਾਂ ਹੀ ਆਇਆ ਸੀ ਪਰੰਤੂ ਇਸ ਪ੍ਰੋਜੈਕਟ ਦਾ ਨਿਰਮਾਣ ਅਜ਼ਾਦੀ ਤੋਂ ਬਾਦ ਹੀ ਸ਼ੁਰੂ ਹੋਇਆ ਸੀ। ਮੋਜੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜਿਲ੍ਹੇ ਵਿੱਚ ਸਥਿਤ ਭਾਖੜ੍ਹਾ ਡੈਮ ਪ੍ਰੋਜੈਕਟ ਨੂੰ ਬਣਾਉਣ ਦਾ ਵਿਚਾਰ ਸਭਤੋਂ ਪਹਿਲਾਂ ਸਰ ਲੂਈਸ ਡੈਨੇ ਦੁਆਰਾ 8 ਨਵੰਬਰ, 1908 ਦੀ ਟਿਪਣੀ ਵਿੱਚ ਉਤਪੰਨ ਹੋਇਆ ਸੀ ਅਤੇ ਇਸ ਸਬੰਧੀ ਵਿਸਥਾਰ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। 1920 ਤੋਂ ਲੈਕੇ 1938 ਤੱਕ ਇਸ ਸਬੰਧੀ ਵੱਖ ਵੱਖ ਤਰਾਂ ਦੇ ਸਰਵੇਖਣ ਹੋਏ ਅਤੇ 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ। ਸ਼ੁਰੂਆਤ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ ਸਿੰਚਾਈ ਲਈ ਪਾਣੀ ਇਕੱਠਾ ਕਰਨਾ ਹੀ ਸੀ ਅਤੇ ਇਸ ਪ੍ਰੋਜੈਕਟ ਵਿੱਚ ਭਾਖੜਾ ਬੰਨ, ਅਪਰ ਸਰਹਿੰਦ ਨਹਿਰ, ਹੇਠਲੀ ਸਰਹਿੰਦ ਨਹਿਰ ਅਤੇ ਪੱਛਮੀ ਜਮੁਨਾ ਨਹਿਰ ਦਾ ਵਿਸਥਾਰ ਸ਼ਾਮਿਲ ਸਨ। ਉਸ ਵੇਲੇ ਪ੍ਰਸਤਾਵਿਤ ਭਾਖੜਾ ਬੰਨ ਦੀ ਉਚਾਈ 395 ਫੁੱਟ ਹੋਣੀ ਸੀ ਅਤੇ ਵੱਧ ਤੋਂ ਵੱਧ 2.58 ਮਿਲੀਅਨ ਏਕੜ ਫੀਟ ਪਾਣੀ ਭੰਡਾਰਨ ਦੀ ਵਿਵਸਥਾ ਹੋਣੀ ਸੀ।  1944 ਵਿੱਚ ਡਾਕਟਰ ਜੇ. ਐਲ. ਸੈਵੇਜ ਜੋ ਅਮਰੀਕਾ ਦੀ ਬਿਉਰੋ ਫਾਰ ਰੈਕਲੇਮੇਸ਼ਨ ਦਾ ਚੀਫ਼ ਇੰਜੀਨੀਅਰ ਸੀ ਨੇ 1600 ਫੁੱਟ ਉਚਾਈ ਤੱਕ ਪਾਣੀ ਭੰਡਾਰਣ ਦੀ ਸਮੱਰਥਾ ਵਾਲਾ ਡੈਮ ਬਣਾਉਣ ਦਾ ਸੁਝਾਅ ਦਿਤਾ। ਯੂ.ਐਸ.ਏ. ਦੀ ਇੱਕ ਅੰਤਰਰਾਸ਼ਟਰੀ ਡੈਨਵਰ ਨਾਂਅ ਦੀ ਕੰਪਨੀ ਨੇ ਇਹ ਉਚਾਈ 1580 ਫੁੱਟ ਰੱਖਣ ਦੀ ਤਜਵੀਜ਼ ਰੱਖੀ ਜਿਸਦਾ ਮੁੱਖ ਕਾਰਨ ਇਹ ਸੀ ਕਿ ਉਚਾਈ ਵਧਾਉਣ ਕਾਰਨ ਰਾਜਾ ਬਿਲਾਸਪੁਰ ਦੇ ਮਹਿਲ ਤੇ ਕੁਝ ਮੰਦਿਰ ਡੈਮ ਦੀ ਝੀਲ ਵਿੱਚ ਡੁਬਦੇ ਸਨ ਅਤੇ ਰਾਜਾ ਬਿਲਾਸਪੁਰ ਨੇ ਇਸ ਸਬੰੀ ਇਤਰਾਜ਼ ਕੀਤਾ ਸੀ। ਆਜ਼ਾਦੀ ਤੋਂ ਬਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਦਖਲ ਦਿੱਤਾ ਜਿਸਤੋਂ ਬਾਦ ਬਿਲਾਸਪੁਰ ਦੇ ਰਾਜਾ ਨੇ ਆਪਣੇ ਇਤਰਾਜ਼ਾਂ ਨੂੰ ਵਾਪਸ ਲੈ ਲਿਆ ਅਤੇ ਡੈਮ ਦੇ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਤੱਕ ਰੱਖਿਆ ਗਿਆ। 1948 ਤੋਂ 1951 ਦੌਰਾਨ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈਐਨਸੀ ਯੂ ਐਸ ਏ ਵਿੱਚ 14 ਨਵੰਬਰ, 1948 ਨੂੰ ਹੋਏ ਸਮਝੋਤੇ ਅਨੁਸਾਰ ਇਸ ਪ੍ਰੋਜੈਕਟ ਸਬੰਧੀ ਕਾਗਜ ਅਤੇ ਡਿਜਾਇਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੋਂਪੇ ਗਏ। ਅਪ੍ਰੈਲ 1952 ਵਿੱਚ ਐਮ ਹਾਰਵੇ ਸਲੋਕਮ ਅਮਰੀਕਾ ਤੋਂ ਅਪਣੇ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਨਾਲ ਆਏ ਤੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ। ਇਸ ਪ੍ਰੋਜੈਕਟ ਦੇ ਨਿਰਿਖਣ ਅਤੇ ਪ੍ਰਗਤੀ ਸਬੰਧੀ ਇੱਕ ਕਮੇਟੀ ਭਾਖੜਾ ਨਿਯੰਤਰਣ ਬੋਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਰਾਜਸਥਾਨ ਅਤੇ ਪੈਪਸੂ ਦੇ ਪ੍ਰਤੀਨਿਧੀ ਸ਼ਾਮਿਲ ਸਨ। ਇਸ ਵਿੱਚ ਪੰਜਾਬ ਦੇ ਰਾਜਪਾਲ ਨੂੰ ਕਮੇਟੀ ਦਾ ਚੇਅਰਮੈਨ, ਭਾਰਤ ਸਰਕਾਰ ਦੇ ਵਿੱਤ ਮੰਤਰਾਲਿਆ ਦੇ ਸਕੱਤਰ ਨੂੰ ਉਪੱ ਚੇਅਰਮੈਨ, ਕੇਂਦਰੀ ਜਲ ਅਤੇ ਊਰਜਾ ਆਯੋਗ ਭਾਰਤ ਸਰਕਾਰ ਦੇ ਚੇਅਰਮੈਨ ਨੂੰ ਮੈਂਬਰ, ਵੱਖ ਵੱਖ ਰਾਜ ਸਰਕਾਰਾਂ ਦੇ ਸਿੰਚਾਈ ਵਿਭਾਗ ਦੇ ਸਕੱਤਰਾਂ ਅਤੇ  ਊਰਜਾ ਵਿਭਾਗ ਦੇ ਇੰਚਾਰਜਾਂ ਨੂੰ ਵਿੱਤ ਮੈਂਬਰ, ਭਾਖੜਾ ਡੈਮ ਦੇ ਨਿਰਮਾਣ ਵਿੱਚ ਲੱਗੇ ਹੋਏ ਸਾਰੇ ਮੁੱਖ ਇੰਜਨੀਅਰਾਂ ਨੂੰ ਮੈਂਬਰ ਅਤੇ ਸੰਯੁਕਤ ਸਕੱਤਰ ਵਿੱਤ ਮੰਤਰਾਲਿਆ ਭਾਰਤ ਸਰਕਾਰ ਨੂੰ ਮੈਂਬਰ ਬਣਾਇਆ ਗਿਆ ਸੀ। 1952 ਵਿੱਚ ਡਾਕਟਰ ਏ ਐਨ ਖੋਸਲਾ ਦੀ ਚੇਅਰਮੈਨਸ਼ਿਪ ਅਧੀਨ ਬੋਰਡ ਆਫ ਕਾਂਸਿਉਲੇਟਸ ਦੀ ਸਥਾਪਨਾ ਵੀ ਕੀਤੀ ਗਈ। ਇਸ ਦੌਰਾਨ ਨੰਗਲ ਨੂੰ ਰੇਲਵੇ ਤੇ ਸੜਕੀ ਆਵਾਜਾਈ ਨਾਲ ਜੋੜਿਆ ਗਿਆ। 1951 ਵਿੱਚ ਹੀ ਨੰਗਲ ਵਿੱਚ ਇੱਕ 50 ਬਿਸਤਰਿਆਂ ਵਾਲਾ ਹਸਪਤਾਲ ਬਣਾਇਆ ਗਿਆ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ 18 ਨਵੰਬਰ, 1955 ਨੂੰ ਕੰਕਰੀਟ ਦੀ ਪਹਿਲੀ ਟੋਕਰੀ ਪਾਕੇ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਮੁੱਖ ਤੋਰ ਤੇ ਭਾਖੜ੍ਹਾ ਬੰਨ ਅਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ, ਨੰਗਲ ਹਾਇਡਲ ਚੈਨਲ, ਨੰਗਲ ਹਾਇਡਲ ਚੈਨਲ ਤੇ ਗੰਗੂਵਾਲ ਅਤੇ ਕੋਟਲਾ ਪਾਵਰ ਹਾਊਸਜ਼, ਰੋਪੜ੍ਹ ਹੈਡ ਵਰਕਸ ਦਾ ਪੁਨਰਨਿਰਮਾਣ, ਸਰਹੰਦ ਨਹਿਰ ਦਾ ਪੁਨਰ- ਨਿਰਮਾਣ, ਭਾਖੜ੍ਹਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ, ਭਾਖੜ੍ਹਾ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। ਭਾਖੜਾ ਬੰਨ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬਮੀਨਾਰ ਦੀ ਉਚਾਈ ਤੋਂ ਵੀ 3 ਗੁਣਾ ਵੱਧ ਹੈ। ਇਸ ਡੈਮ ਦੀ ਉਸਾਰੀ ਲਈ ਵੱਖ ਵੱਖ ਤਰਾਂ ਦੀ ਮਸ਼ੀਨਰੀ ਤੋਂ ਇਲਾਵਾ ਲੱਗਭੱਗ 13000 ਕਾਮੇ, 300 ਇੰਜੀਨੀਅਰ, 30 ਅਮਰੀਕਨ ਮਾਹਿਰ ਲਗਾਏ ਗਏ ਜਿਨ੍ਹਾਂ ਨੇ ਦਿਨ-ਰਾਤ ਕੰਮ ਕੀਤਾ। ਭਾਖੜਾ ਬੰਨ ਦੇ ਨਿਰਮਾਣ ਵਿੱਚ ਵਰਤੀ ਗਈ ਸੀਮੇਂਟ, ਕੰਕਰੀਟ ਦੀ ਮਾਤਰਾ ਧਰਤੀ ਦੇ ਭੂ-ਮੱਧ ਰੇਖਾ ਤੇ 2.44 ਮੀਟਰ ਚੋੜੀ ਸੜਕ ਬਣਾਉਣ ਵਿੱਚ ਸਮਰੱਥ ਸੀ। ਇਸਦੇ ਨਿਰਮਾਣ ਵਿੱਚ ਕੁੱਲ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ ਸੀ। ਉਸ ਵੇਲੇ ਦੇ ਇੰਜਨੀਅਰਾਂ ਦੀ ਤਕਨੀਕ ਦਾ ਹੀ ਕਮਾਲ ਹੈ ਕਿ ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ਤੇ ਭਾਖੜਾ ਬੰਨ 2 ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ ਅਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 10 ਵਾਰ ਦੌਰਾ ਕੀਤਾ। ਵਰਣਨਯੋਗ ਹੈ ਕਿ ਉਨ੍ਹਾਂ ਨੇ ਇਸ ਪਰਿਯੋਜਨਾ ਦੀ ਸਾਈਟ ਤੇ ਹੀ ਪੰਚਸ਼ੀਲ ਸਮਝੌਤੇ ਤੇ ਚੀਨ ਦੇ ਪ੍ਰਧਾਨਮੰਤਰੀ ਚਾਓ ਇਨ ਲਾਈ ਦੇ ਨਾਲ ਗੱਲਬਾਤ ਕੀਤੀ ਸੀ। ਇਸ ਪ੍ਰੋਜੈਕਟ ਦਾ ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨ ਜਿਵੇਂ ਕਿ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਰ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ਼ ਟੀਟੋ, ਚੀਨ ਦੇ ਪ੍ਰਧਾਨ ਮੰਤਰੀ ਚੂਇਨ ਲਾਈ, ਉੱਤਰੀ ਵੀਅਤਨਾਮ ਦੇ ਰਾਸ਼ਟਰਪਤੀ ਹੋਚੀ ਮਿਨ, ਕਲੈਮੈਂਟ ਐਂਟਲੀ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਖੁਰਸ਼ਚੇਵ, ਸੋਵੀਅਤ ਰੂਸ ਦੇ ਪ੍ਰਿੰਸ ਫਿਲਪ ਡਯੂਕ ਆਫ਼ ਐਡਨਸਰਾ, ਬੋਧ ਗੁਰੂ ਦਲਾਈਲਾਮਾ, ਪੰਚਨਲਾਮਾ, ਈਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਆਦਿ ਕਈ ਮਹਾਨ ਵਿਅਕਤੀ ਇਸ ਡੈਮ ਦਾ ਦੌਰਾ ਕਰ ਚੁੱਕੇ ਹਨ। ਭਾਖੜਾ ਬੰਨ ਦੇ ਪਿੱਛੇ ਬਣੀ ਝੀਲ ਦਾ ਨਾਮਕਰਨ ਸਿੱਖਾਂ ਦੇ ਮਹਾਨ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ  ਜੀ ਦੇ ਨਾਮ ਤੇ ਹੀ ਗੋਬਿੰਦ ਸਾਗਰ ਝੀਲ ਰੱਖਿਆ ਗਆ ਹੈ। ਇਹ ਝੀਲ 96.56 ਕਿਲੀਮੀਟਰ ਲੰਬੀ ਹੈ ਅਤੇ 168.35 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਹੈ। ਬੰਨ ਤੱਕ ਸਤਲੁਜ ਦਰਿਆ ਦਾ ਕੁੱਲ ਕੈਚਮੈਂਟ ਏਰੀਆਂ 56980 ਵਰਗ ਕਿਲੋਮੀਟਰ ਹੈ ਜਿਸ ਵਿੱਚ 37050 ਵਰਗ ਕਿਲੋਮੀਟਰ ਖੇਤਰ ਤਿੱਬਤ ਅਤੇ ਬਾਕੀ 19930 ਵਰਗ ਕਿਲੋਮੀਟਰ ਭਾਰਤ ਵਿੱਚ ਹੈ। ਗਰਮੀਆਂ ਦੇ ਮੌਸਮ ਵਿੱਚ ਮਾਨ ਸਰੋਵਰ ਝੀਲ ਅਤੇ ਰਸਤੇ ਦੀ ਬਰਫ ਦਾ ਪਿਘਲਿਆ ਹੋਇਆ ਪਾਣੀ ਅਤੇ ਬਾਰਿਸ਼ ਦੀ ਰੁੱਤ ਵਿੱਚ ਕੈਚਮੈਂਟ ਏਰੀਆਂ ਤੋਂ ਆਉਣ ਵਾਲਾ ਵਰਖਾ ਦਾ ਪਾਣੀ ਬੰਨ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਸ ਬੰਨ ਵਿੱਚ 50 ਤੋਂ 60 ਫੀਸਦੀ ਪਾਣੀ ਬਰਫ ਦੇ ਪਿਘਲਣ ਕਾਰਨ ਆਉਂਦਾ ਹੈ ਅਤੇ ਬਾਕੀ ਬਾਰਿਸ਼ ਤੋਂ। ਝੀਲ ਵਿੱਚ 1680 ਫੁੱਟ ਤੱਕ 93400 ਲੱਖ ਘਣਮੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ। ਝੀਲ ਵਿੱਚ ਬਰਸਾਤ ਦੇ ਦਿਨਾਂ ਵਿੱਚ ਜਮ੍ਹਾ ਕੀਤੇ ਜਾਣ ਵਾਲੇ ਪਾਣੀ ਦੀ ਬਦੋਲਤ ਜਿੱਥੇ ਪੰਜਾਬ, ਹਰਿਆਣਾ ਅਤੇ ਹੋਰ ਪ੍ਰਾਂਤਾ ਦੇ ਇਲਾਕਿਆਂ ਨੂੰ ਹੜ੍ਹ ਤੋਂ ਰਾਹਤ ਮਿਲਦੀ ਹੈ। ਇਸ ਝੀਲ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 65 ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੁੰਦੀ ਹੈ। ਭਾਖੜਾ ਬੰਨ ਤੋਂ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ ਅਤੇ ਦਿੱਲੀ ਦੇ ਮੁੱਖ ਸ਼ਹਿਰਾਂ ਦੇ ਲਈ ਪੀਣ ਦੇ ਪਾਣੀ ਦੀ ਪੂਰਤੀ ਵੀ ਕੀਤੀ ਜਾਂਦੀ ਹੈ। ਭਾਖੜਾ ਡੈਮ ਤੋਂ ਬਾਦ ਪੰਜਾਬ ਦੇ ਰੂਪਨਗਰ ਜਿਲ੍ਹੇ ਵਿੱਚ ਇੱਕ ਹੋਰ ਡੈਮ ਨੰਗਲ ਡੈਮ ਬਣਾਇਆ ਗਿਆ ਜਿਸ ਵਿੱਚ ਭਾਖੜਾ ਡੈਮ ਤੋਂ ਆਣ ਵਾਲੇ ਪਾਣੀ ਨੂੰ ਰੋਕਕੇ ਅੱਗੇ ਵੱਖ ਵੱਖ ਨਹਿਰਾਂ ਵਿੱਚ ਛੱਡਿਆ ਜਾਂਦਾ ਹੈ। ਭਾਖੜਾ ਬੰਨ ਕਾਰਨ ਰਾਸ਼ਟਰ ਵਿੱਚ ਹਰੀ ਕ੍ਰਾਂਤੀ ਦਾ ਸੁਪਨਾ ਸਾਕਾਰ ਹੋ ਸਕਿਆ ਹੈ। ਭਾਖੜਾ ਬੰਨ ਦੀ ਝੀਲ ਦੀ ਕੁੱਲ ਭੰਡਾਰਨ ਸਮਰੱਥਾ 9340 ਮਿਲੀਅਨ ਘਣਮੀਟਰ ਹੈ। 283.90 ਕਰੋੜ ਰੁਪਏ ਦੀ ਲਾਗਤ ਨਾਲ ਸਾਲ 1962 ਵਿੱਚ ਬਣ ਕੇ ਤਿਆਰ ਹੋਇਆ ਭਾਖੜਾ ਬੰਨ ਉਸ ਵੇਲੇ ਏਸ਼ੀਆਂ ਵਿੱਚ ਸਭ ਤੋਂ ਉਚਾ ਅਤੇ ਵਿਸ਼ਵ ਵਿੱਚ ਦੂਜੇ ਨੰਬਰ ਤੇ ਸੀ। ਭਾਖੜਾ ਡੈਮ ਦੇ ਦੋਨੋਂ ਪਾਸੇ ਪਾਵਰ ਪਲਾਂਟ ਬਣਾਏ ਗਏ ਹਨ ਜਿੱਥੇ ਟਰਵਾਇਨਾਂ ਰਾਹੀਂ ਬਿਜ਼ਲੀ ਪੈਦਾ ਕੀਤੀ ਜਾਂਦੀ ਹੈ ਅਤੇ ਦੇਸ਼ ਦੇ ਵੱਖ ਵੱਖ ਭਾਗਾਂ ਨੂੰ ਸਪਲਾਈ ਕੀਤੀ ਜਾਂਦੀ ਹੈ।

22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਵੱਲੋਂ ਇਸ ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਉਸ ਵੇਲੇ ਅਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਸੀ ਭਾਖੜ੍ਹਾ ਨੰਗਲ ਪ੍ਰੋਜੈਕਟ ਕੁੱਝ ਹੈਰਾਨੀਜਨਕ ਹੈ, ਕੁੱਝ ਚਮਤਕਾਰੀ ਹੈ, ਕੁੱਝ ਅਜਿਹਾ ਹੈ ਜਿਸਨੂੰ ਵੇਖਕੇ ਤੁਹਾਡੇ ਦਿਲ ਵਿੱਚ ਤੁਫਾਨ ਉਠੱਦਾ ਹੈ, ਭਾਖੜ੍ਹਾ ਅਜਾਦ ਭਾਰਤ ਦਾ ਨਵਾਂ ਮੰਦਿਰ ਹੈ ਅਤੇ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੈ।

 ਉਦੋਂ ਤੋਂ ਹੀ ਸਿੰਚਾਈ ਦੁਆਰਾ ਪਰਿਯੋਜਨਾ ਦੇ ਲਾਭ ਦੇਸ਼ ਦੇ ਕਿਸਾਨਾਂ ਨੂੰ ਮਿਲਣੇ ਸ਼ੁਰੂ ਹੋ ਗਏ ਸਨ। ਵਰਣਨਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਬਿਜਲੀ ਉਦਪਾਦਨ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੁਆਰਾ ਨਿਰਧਾਰਤ ਟੀਚਿਆਂ ਤੋਂ ਲਗਾਤਾਰ ਵੱਧ ਰਿਹਾ ਹੈ। ਇਸਦਾ ਜਲ ਭੰਡਾਰਨ ਦੇਸ਼ ਦੇ ਸਭ ਤੋਂ ਵੱਡੇ ਜਲ ਭੰਡਾਰਾ ਵਿੱਚੋਂ ਇੱਕ ਹੈ। ਜਿਸਦੀ ਸਮਰੱਥਾ 9620 ਅਤੇ 8570 ਮਿਲੀਅਨ ਘਣਮੀਟਰ ਹੈ। ਭਾਖੜਾ ਡੈਮ ਦੇ ਦੋਨਾਂ ਪਾਸੇ ਬਿਜਲੀ ਪੈਦਾ ਕਰਨ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ ਜਿੱਥੇ ਟਰਬਾਇਨਾਂ ਰਾਹੀਂ 1325 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਇਹ ਡੈਮ ਸਿਰਫ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਪੈਦਾ ਕਰਕੇ ਰਾਸ਼ਟਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। 22 ਅਕਤੂਬਰ 2013 ਨੂੰ ਭਾਖੜਾ ਡੈਮ ਪ੍ਰੋਜੈਕਟ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਸਮਾਰੋਹ ਕਰਵਾਇਆ ਗਿਆ ਸੀ ਜਿਸ ਵਿੱਚ ਕੇਂਦਰੀ ਜਲ ਸੰਸਾਧਨ ਮੰਤਰੀ ਹਰੀਸ਼ ਰਾਵਤ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਸਨ। ਇਸ ਸਮਾਰੋਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੂਡਾ, ਹਿਮਾਚਲ ਪ੍ਰਦੇਸ਼ ਦੇ ਮੰਤਰੀ ਡਾਕਟਰ ਧੰਨੀ ਰਾਮ ਸ਼ਾਂਡਲੀਆ, ਪੰਜਾਬ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਪ੍ਰਦੀਪ ਕੁਮਾਰ ਸਿਨਹਾ ਸਕੱਤਰ ਊਰਜਾ ਭਾਰਤ ਸਰਕਾਰ, ਕੁਲਵੀਰ ਸਿੰਘ ਚੀਫ ਪੋਸਟ ਮਾਸਟਰ ਜਨਰਲ ਪੰਜਾਬ, ਚੇਅਰਮੈਨ ਬੀ ਬੀ ਐਮ ਬੀ ਏ ਬੀ ਅਗਰਵਾਲ ਆਦਿ ਹਾਜਰ ਸਨ। ਇਸ ਸਮਾਰੋਹ ਦੌਰਾਨ ਸਰਕਾਰ ਵਲੋਂ ਵਿਸ਼ੇਸ਼ ਤੋਰ ਤੇ ਭਾਖੜ੍ਹਾ ਡੈਮ ਤੇ ਡਾਕ ਟਿਕਟ ਜਾਰੀ ਕੀਤਾ ਗਿਆ ਸੀ। ਵਰਣਨਯੋਗ ਹੈ ਕਿ ਭਾਖੜਾ ਬੰਨ ਭਾਰਤ ਦੀ ਅਜ਼ਾਦੀ ਦੇ ਬਾਅਦ ਦਾ ਅਜਿਹਾ ਇਕੱਲਾ ਢਾਂਚਾ ਅਤੇ ਪ੍ਰੋਜੈਕਟ ਹੈ ਜਿਸਨੂੰ ਦੂਸਰੇ ਸਮਾਰਕ ਟਿਕਟ ਦੇਣ ਦਾ ਸਨਮਾਨ ਦਿੱਤਾ ਗਿਆ ਹੈ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ,
ਜਿਲ੍ਹਾ ਰੂਪਨਗਰ (ਪੰਜਾਬ)
9417563054
mail: kuldipnangal0gmail.com