15 ਅਗਸਤ, 2015 ਲਈ ਅਜ਼ਾਦੀ ਦਿਵਸ ਸਬੰਧੀ ਵਿਸ਼ੇਸ਼। |
ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਅਧੂਰੇ ਪਏ ਸੁਪਨੇ, ਬਹੁਤੇ ਲੋਕਾਂ ਤੱਕ ਨਹੀ ਪਹੁੰਚੀ ਅਜ਼ਾਦੀ ਦੀ ਰੋਸ਼ਨੀ । ਸਾਡਾ ਦੇਸ਼ ਲੰਬਾ ਸਮਾਂ ਗੁਲਾਮ ਰਿਹਾ ਹੈ ਪਹਿਲਾਂ ਮੁਗਲਾਂ ਦਾ ਅਤੇ ਫਿਰ ਅੰਗਰੇਜਾਂ ਦਾ। ਇਸ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਣਗਣਿਤ ਦੇਸ਼ਭਗਤਾਂ ਨੇ ਲੜਾਈਆਂ ਲੜੀਆਂ ਤੇ ਕੁਰਬਾਨੀਆਂ ਦਿਤੀਆਂ। ਇਨ੍ਹਾਂ ਕੁਰਬਾਨੀਆਂ ਸਦਕਾ ਆਖਿਰ 15 ਅਗੱਸਤ 1947 ਨੂੰ ਸਾਨੂੰ ਅਜ਼ਾਦੀ ਹਾਸਲ ਹੋਈ ਪਰੰਤੂ ਹਕੀਕਤ ਵਿੱਚ ਇਸ ਅਜ਼ਾਦੀ ਦੀ ਰੋਸ਼ਨੀ ਅਜੇ ਤੱਕ ਵੀ ਬਹੁਤੇ ਦੇਸ਼ਵਾਸੀਆਂ ਤੱਕ ਨਹੀਂ ਪਹੁੰਚੀ ਹੈ ਅਤੇ ਉਹ ਅਜੇ ਵੀ ਗੁਲਾਮਾਂ ਵਰਗਾ ਜੀਵਨ ਜੀਅ ਰਹੇ ਹਨ। ਭਾਰਤ ਦੇਸ਼ ਜਿਸਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਵਿੱਚ ਅਜ਼ਾਦੀ ਦੇ 68 ਸਾਲ ਬੀਤਣ ਦੇ ਬਾਵਜੂਦ ਬਹੁਤੇ ਲੋਕ ਮੁਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ। ਦੇਸ਼ ਦੀ ਜ਼ਿਆਦਾਤਰ ਜਨਤਾ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਦੀ ਸ਼ਿਕਾਰ ਹੈ। ਇਹਨਾਂ ਲੋਕਾਂ ਨੂੰ ਜੀਵਨ ਜਿਉਣ ਲਈ ਜ਼ਰੂਰੀ ਸਾਧਨ ਉਪਲਬੱਧ ਨਹੀਂ ਹੋਏ। ਆਰਥਿਕ ਵਿਕਾਸ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਨੂੰ ਇਹ ਸਭ ਨਜ਼ਰ ਨਹੀਂ ਆ ਰਿਹਾ ਅਤੇ ਵਿਕਾਸ ਦੇ ਦਾਅਵੇ ਕਰਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਹੀ ਨਜਰ ਆਂਦੀਆਂ ਹਨ ਕਦੇ ਕਿਸੇ ਗਰੀਬ ਦੀ ਕੁਲੀ ਵੱਲ ਨਜਰ ਨਹੀਂ ਗਈ। ਜਦੋਂ ਵੀ ਕੋਈ ਜਨ ਸਮੱਸਿਆਵਾਂ ਦੀ ਗੱਲ ਕਰਦਾ ਹੈ ਤਾਂ ਸਰਕਾਰ ਆਰਥਿਕ ਵਿਕਾਸ ਦੇ ਵਾਧੇ ਦੀ ਦਰ ਦੇ ਗੁਣ ਗਾਣ ਲੱਗ ਪੈਂਦੀ ਹੈ। ਜ਼ਿਆਦਾ ਆਬਾਦੀ ਨੂੰ ਅੱਜ ਵੀ ਪੀਣ ਵਾਲਾ ਸਾਫ ਪਾਣੀ ਅਤੇ ਸਿਹਤ ਸਹੂਲਤਾਂ ਪ੍ਰਾਪਤ ਨਹੀਂ ਹਨ। ਕਰੋੜਾਂ ਲੋਕਾਂ ਕੋਲ ਅੱਜ ਵੀ ਰਹਿਣ ਲਈ ਮਕਾਨ ਨਹੀਂ ਹਨ ਅਤੇ ਫੁੱਟਪਾਥਾਂ, ਰੇਲਵੇ ਸਟੇਸਨਾਂ ਆਦਿ ਤੇ ਰਾਤਾਂ ਕੱਟਦੇ ਹਨ, ਵਿਕਸਿਤ ਦੇਸ਼ਾਂ ਦੀ ਲੜੀ ਵਿੱਚ ਸ਼ਾਮਲ ਹੋਣ ਜਾ ਰਹੇ ਭਾਰਤ ਵਿੱਚ ਮਹਿਲਾਵਾਂ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਕਈ ਮਹਿਲਾਵਾਂ ਨੂੰ ਪਰਿਵਾਰ ਦਾ ਪੇਟ ਪਾਲਣ ਲਈ ਜਿਸਮ ਤੱਕ ਵੇਚਣੇ ਪੈਂਦੇ ਹਨ। ਬਹੁਤੇ ਲੋਕ ਦਵਾਈਆਂ ਨਾਂ ਮਿਲਣ ਕਾਰਨ ਇਲਾਜ਼ ਬਿਨਾਂ ਮਰ ਜਾਂਦੇ ਹਨ ਜਦਕਿ ਸਾਡੇ ਮੰਤਰੀ ਸੰਤਰੀ ਛੋਟੀ-ਛੋਟੀ ਬਿਮਾਰੀ ਹੋਣ ਤੇ ਵੀ ਵਿਦੇਸ਼ਾਂ ਵਿੱਚ ਸਰਕਾਰੀ ਖਰਚੇ ਤੇ ਇਲਾਜ਼ ਕਰਵਾਂਦੇ ਹਨ। ਹਰ ਸਾਲ ਲੱਖਾਂ ਟਨ ਆਨਾਜ ਗੋਦਾਮਾਂ ਵਿੱਚ ਸੜ ਰਿਹਾ ਹੈ ਪਰ ਸਰਕਾਰੀ ਮੰਤਰੀ ਕਿਸੇ ਗਰੀਬ ਦੇ ਮੂੰਹ ਵਿੱਚ ਨਹੀਂ ਪੈਣ ਦਿੰਦੇ ਹਨ, ਉਲਟਾ ਆਨਾਜ ਦੀ ਥੁੜ੍ਹ ਦੱਸ ਕੇ ਬਾਹਰਲੇ ਦੇਸ਼ਾਂ ਤੋਂ ਆਨਾਜ ਆਯਾਤ ਕਰਦੇ ਹਨ ਅਤੇ ਕਮੀਸ਼ਨ ਨਾਲ ਆਪਣੀਆਂ ਤਿਜੋਰੀਆਂ ਭਰਦੇ ਹਨ। ਇੱਕ ਗਰੀਬ ਵਿਅਕਤੀ ਦਿਨ ਭਰ ਦੀ ਹੱਡ ਭੰਨਵੀ ਮਿਹਨਤ ਕਰਕੇ ਦੋ ਵਕਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਖਾਂਦਾ ਹੈ ਦੂਸਰੇ ਪਾਸੇ ਇੱਕ ਸਰਕਾਰੀ ਅਫਸਰ ਸਰਕਾਰ ਤੋਂ ਤਨਖਾਹ ਵੀ ਲੈਂਦਾ ਹੈ ਅਤੇ ਲੋਕਾਂ ਦੇ ਕੰਮ ਕਰਨ ਦੇ ਬਦਲੇ ਰਿਸ਼ਵਤ ਵੀ ਲੈਂਦਾ ਹੈ। ਦੇਸ਼ ਵਿੱਚ ਕਾਨੂੰਨ ਇਸ ਤਰਾਂ ਲਾਗੂ ਕੀਤਾ ਜਾਂਦਾ ਹੈ ਕਿ ਅਮੀਰ ਜੁਰਮ ਕਰਕੇ ਵੀ ਬਚ ਜਾਂਦਾ ਹੈ ਪਰ ਗਰੀਬ ਜੁਰਮ ਨਾ ਕਰਕੇ ਵੀ ਫਸ ਜਾਂਦਾ ਹੈ। ਅੱਜ ਦੀ ਪੁਲਿਸ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਜਨਤਾ ਤੇ ਕਰਦੀ ਹੈ। ਸਾਰੇ ਮੰਤਰੀ ਕਾਨੂੰਨ ਤੋਂ ਉਪਰ ਹਨ ਅਤੇ ਲੱਖਾਂ ਕਰੋੜ ਦੇ ਘੋਟਾਲੇ ਕਰਕੇ ਵੀ ਆਜ਼ਾਦ ਘੁੰਮਦੇ ਹਨ ਅਤੇ ਕਾਨੂੰਨ ਦਾ ਮਜ਼ਾਕ ਉਡਾਉਂਦੇ ਹਨ। ਬੱਚੇ ਅੱਜ ਵੀ ਸਿਰ ਤੇ ਮੈਲ ਢੋਕੇ ਆਪਣਾ ਢਿੱਡ ਭਰਦੇ ਹਨ ਕੂੜੇ ਦੇ ਢੇਰਾਂ ਤੇ ਕਾਗਜ ਇਕੱਠੇ ਕਰਦਿਆਂ ਬਚਪਨ ਗੁਜਾਰਦੇ ਹਨ, ਬਹੁਤੇ ਰਾਜਨੀਤਿਕ ਆਗੂ ਜੋ ਆਏ ਦਿਨ ਗਿਰਗਿਟ ਵਾਂਗ ਰੰਗ ਬਦਲਦੇ ਹਨ ਰਾਜਨੀਤਿਕ ਲਾਭ ਲੈਣ ਲਈ ਭੋਲੇ ਭਾਲੇ ਲੋਕਾਂ ਨੂੰ ਲੈਕੇ ਰੋਸ ਪ੍ਰਦਰਸ਼ਨ ਕਰਦੇ ਹਨ। ਇਹ ਆਗੂ ਅਕਸਰ ਰਾਜਨੀਤਿਕ ਪਾਰਟੀਆਂ ਵੀ ਬਦਲਦੇ ਹਨ ਅਤੇ ਰਾਤੋ ਰਾਤ ਇੱਕ ਨੰਬਰ ਦੀ ਦੁਸ਼ਮਣ ਅਤੇ ਦੇਸ਼ ਵਿਰੋਧੀ ਪਾਰਟੀ ਇਨ੍ਹਾਂ ਨੂੰ ਜਾਨ ਤੋਂ ਪਿਆਰੀ ਲੱਗਣ ਲੱਗ ਜਾਂਦੀ ਹੈ। ਬਹੁਤੇ ਪਰਿਵਾਰਾਂ ਵਿੱਚ ਤਾਂ ਵੱਖ-ਵੱਖ ਮੈਂਬਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿੱਚ ਬੈਠੇ ਹੋਏ ਹਨ ਅਤੇ ਸਮੇਂ ਅਨੁਸਾਰ ਅਪਣਾ ਅਪਣਾ ਕੰਮ ਕਰਦੇ ਹਨ। ਸਾਡੇ ਦੇਸ ਵਿੱਚ ਫੈਲੀਆਂ ਸੈਕੜ੍ਹੇ ਸਮਾਜਿਕ ਕੁਰਿਤੀਆਂ ਜਾਤਿ ਪ੍ਰਥਾ, ਦਾਜ ਪ੍ਰਥਾ, ਬਾਲ ਵਿਆਹ ਪ੍ਰਥਾ, ਸਤੀ ਪ੍ਰਥਾ, ਬਾਲ ਮਜਦੂਰੀ, ਧਰਮ, ਜਾਤਿ ਦੇ ਨਾਮ ਤੇ ਕੀਤੇ ਜਾ ਰਹੇ ਅਤਿਆਚਾਰ ਬਹੁਤੇ ਰਾਜਨੀਤਿਕ ਆਗੂਆਂ ਲਈ ਸਿਰਫ ਚੋਣ ਮੁੱਦਾ ਹੀ ਰਹਿੰਦੇ ਹਨ। ਸਰਕਾਰੀ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਵਲੋਂ ਮਚਾਈ ਜਾ ਰਹੀ ਲੁੱਟ, ਮੋਟੇ ਕਮਿਸ਼ਨ ਦੇ ਚੱਕਰ ਵਿੱਚ ਕਰਵਾਏ ਜਾਂਦੇ ਟੈਸਟਾਂ ਬਾਰੇ ਫਿਲਮੀ ਕਲਾਕਾਰ ਅਮੀਰ ਖਾਨ ਨੇ ਅਪਣੇ ਟੀ ਵੀ ਸ਼ੋਅ ਸਤਿਆਮੇਵ ਜਯਤੇ ਵਿੱਚ ਬਹੁਤ ਹੀ ਵਿਸਥਾਰ ਨਾਲ ਦੱਸਿਆ ਸੀ। ਉਸ ਸ਼ੋਅ ਵਿੱਚ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਖਾਪ ਪੰਚਾਇਤ ਦੇ ਨਜਾਇਜ ਫੈਸਲੇ, ਜਾਤਿ ਪ੍ਰਥਾ ਦੇ ਅਧਾਰ ਤੇ ਹੋ ਰਹੇ ਅਤਿਆਚਾਰ, ਲਿੰਗ ਅਧਾਰਤ ਚੱਲ ਰਹੇ ਆਬਰਸ਼ਨਜ਼ ਆਦਿ ਬਾਰੇ ਦੱਸਿਆ ਗਿਆ ਸੀ। ਉਸ ਸ਼ੋਅ ਵਿੱਚ ਰਾਜਨੀਤਿਕ ਆਗੂਆਂ ਦੀ ਸਚਾਈ ਵੀ ਸਾਹਮਣੇ ਆ ਰਹੀ ਸੀ ਕਿ ਇਨ੍ਹਾਂ ਦੀ ਕਹਿਣੀ ਅਤੇ ਕਥਨੀ ਵਿੱਚ ਕਿੰਨਾ ਅੰਤਰ ਹੈ। ਸਿਖਿਆ ਦਾ ਅਧਿਕਾਰ ਹਕੀਕਤ ਵਿੱਚ ਲਾਗੂ ਨਹੀਂ ਹੋ ਰਿਹਾ ਹੈ ਅਤੇ ਬੱਚੇ ਸਕੂਲ ਜਾਣ ਦੀ ਥਾਂ ਰੋਟੀ ਦੀ ਭਾਲ ਵਿੱਚ ਕੰਮ ਕਰਦੇ ਹਨ। ਪਰ ਇਹ ਸਭ ਕੁੱਝ ਬਹੁਤੇ ਰਾਜਨੀਤਿਕ ਆਗੂਆਂ ਨੂੰ ਨਜਰ ਨਹੀਂ ਆ ਰਿਹਾ। ਵਿਧਾਨ ਸਭਾਵਾਂ, ਸੰਸਦ ਵਿੱਚ ਬੈਠੇ ਹਜਾਰਾਂ ਵਿਧਾਇਕ ਅਤੇ ਸਾਂਸਦ ਅਪਣੀਆਂ ਸਹੂਲਤਾਂ ਲਈ ਇੱਕਮੁੱਠ ਹੋ ਜਾਂਦੇ ਹਨ ਜਦਕਿ ਲੋਕਾਂ ਦੀਆਂ ਸਹੂਲਤਾਂ ਵਾਲੇ ਬਿੱਲ ਸਾਲਾਂ ਵੱਧੀ ਲਟਕਦੇ ਰਹਿੰਦੇ ਹਨ। ਸਾਡੇ ਦੇਸ ਵਿੱਚ ਅੱਜ ਵੀ ਬਹੁਤੇ ਮਨੁਖਾਂ ਦੀ ਜਿੰਦਗੀ ਦੀ ਅਹਮੀਅਤ ਜਾਨਵਰਾਂ ਨਾਲੋਂ ਵੀ ਘਟ ਹੈ। ਜਾਨਵਰ ਮਰਨ ਤੇ ਬਹੁਤ ਵਾਰ ਬਬਾਲ ਮਚਦਾ ਹੈ ਪਰ ਕਈ ਵਿਅਕਤੀਆਂ ਦੇ ਮਰਨ ਤੇ ਕੋਈ ਅਫਸੋਸ ਵੀ ਪ੍ਰਗਟ ਨਹੀਂ ਕਰਦਾ ਹੈ। ਇਸ ਦੇਸ਼ ਵਿੱਚ ਮੰਤਰੀਆਂ ਨੂੰ ਘੋਟਾਲੇ ਕਰਨ ਦੀ ਆਜ਼ਾਦੀ, ਸਰਕਾਰੀ ਕਰਮਚਾਰੀਆਂ ਅਤੇ ਅਫਸਰਾਂ ਨੂੰ ਰਿਸ਼ਵਤ ਲੈਣ ਦੀ ਆਜ਼ਾਦੀ, ਮਿਲਾਵਟਖੋਰਾਂ ਨੂੰ ਮਿਲਾਵਟ ਕਰਨ ਦੀ ਆਜ਼ਾਦੀ, ਡਾਕਟਰਾਂ ਨੂੰ ਮਰੀਜ਼ਾਂ ਦੀ ਜਾਨ ਨਾਲ ਖੇਡਣ ਦੀ ਆਜ਼ਾਦੀ, ਪੁਲਿਸ ਨੂੰ ਜਨਤਾ ਤੇ ਅਤਿਆਚਾਰ ਕਰਨ ਦੀ ਆਜ਼ਾਦੀ, ਠੇਕੇਦਾਰਾਂ ਨੂੰ ਘਟੀਆਂ ਕੰਮ ਕਰਨ ਦੀ ਆਜ਼ਾਦੀ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਨਾ ਪੜ੍ਹਾਉਣ ਦੀ ਆਜ਼ਾਦੀ ਮਿਲੀ ਹੋਈ ਹੈ। ਹੁਣ ਸਰਕਾਰ ਸਾਰਾ ਕੁਝ ਪ੍ਰਾਈਵੇਟ ਕਰਕੇ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਤੋਂ ਮੁਕੱਤ ਹੋ ਜਾਣਾ ਚਾਹੁੰਦੀ ਹੈ। ਸਰਕਾਰੀ ਮਹਿਕਮਿਆਂ ਨੂੰ ਘਾਟੇ ਵਾਲੇ ਸਾਬਿਤ ਕਰਕੇ ਬੰਦ ਕੀਤਾ ਜਾ ਰਿਹਾ ਹੈ ਅਤੇ ਕੰਮ ਨਿੱਜੀ ਹੱਥਾਂ ਵਿੰਚ ਦਿਤਾ ਜਾ ਰਿਹਾ ਹੈ। ਸੜਕਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਆਮ ਲੋਕਾਂ ਦੀ ਸੜਕਾਂ ਤੋਂ ਲੰਘਣ ਦੀ ਆਜ਼ਾਦੀ ਖੋਹ ਲਈ ਗਈ ਹੈ। ਸਰਵਜਨਿਕ ਕੰਪਨੀਆਂ ਨੂੰ ਜਿਹੜੀਆਂ ਕਿ ਜਨਤਾ ਦੇ ਦਿੱਤੇ ਟੈਕਸਾਂ ਨਾਲ ਬਣਾਈਆਂ ਗਈਆਂ ਹਨ ਨੂੰ ਪ੍ਰਾਈਵੇਟ ਹੱਥਾਂ ਕੋਲ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਸਰਵਜਨਕ ਕੰਪਨੀਆਂ ਨੂੰ ਖਰੀਦਣ ਵਾਲੇ ਵੀ ਮੰਤਰੀਆਂ ਦੇ ਰਿਸ਼ਤੇਦਾਰ ਅਤੇ ਸੰਗੀ ਸਾਥੀ ਹੀ ਹਨ। ਦੇਸ਼ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾਣ ਵਾਲੇ ਕਿਸਾਨ ਅਤੇ ਮਜਦੂਰ ਸਰਕਾਰਾਂ ਦੀਆਂ ਬਦਨੀਤੀਆਂ ਕਾਰਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹਨ ਅਤੇ ਸਰਕਾਰਾਂ ਫੋਕੇ ਵਿਕਾਸ ਦੇ ਦਾਅਵੇ ਕਰ ਰਹੀਆਂ ਹਨ। ਵਿਕਾਸ ਦਾ ਅਧਾਰ ਮੰਨੇ ਜਾਂਦੇ ਵਿਦਿਅਕ ਢਾਂਚੇ ਨੂੰ ਵੀ ਸਰਕਾਰਾਂ ਨੇ ਨਿੱਜੀ ਹੱਥਾਂ ਵਿੱਚ ਦੇਕੇ ਲੋਕਾਂ ਦੀ ਲੁੱਟ ਕਰਨ ਦੀ ਖੁੱਲ ਦਿਤੀ ਹੋਈ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲਣਾ ਚਾਹੀਦਾ ਸੀ ਪਰ ਅੱਜ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ। ਜਿੰਨੀ ਦੇਰ ਤੱਕ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਉਦੋ ਤੱਕ ਅਜਿਹੀ ਆਜ਼ਾਦੀ ਦਾ ਕੋਈ ਫਾਇਦਾ ਨਹੀਂ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਸੁਪਨੇ ਅਧੁਰੇ ਰਹਿਣਗੇ ਅਤੇ ਇਹ ਉਦੋਂ ਹੀ ਪੂਰੇ ਹੋਣਗੇ ਜਦੋਂ ਦੇਸ ਦਾ ਆਮ ਵਿਅਕਤੀ ਸਮਾਜਿਕ, ਆਰਥਿਕ, ਰਾਜਨੀਤਿਕ ਤੋਰ ਤੇ ਅਜਾਦ ਹੋਵੇਗਾ। ਦੇਸ ਦਾ ਹਰ ਨਾਗਰਿਕ ਉਦੋਂ ਹੀ ਅਜ਼ਾਦੀ ਦੀ ਹਵਾ ਦਾ ਅਨੰਦ ਮਾਣ ਸਕੇਗਾ ਜਦੋਂ ਸਮਾਜਿਕ ਤੇ ਆਰਥਿਕ ਪਾੜਾ ਘੱਟ ਹੋਵੇਗਾ, ਆਮ ਲੋਕਾਂ ਦੀਆਂ ਸਮਸਿਆਵਾਂ ਦੇ ਹੱਲ ਅਤੇ ਵਿਕਾਸ ਲਈ ਸਰਕਾਰਾਂ ਤਨਦੇਹੀ ਨਾਲ ਕੰਮ ਕਰਨਗੀਆਂ, ਦੇਸ਼ ਵਿਚੋਂ ਭੁੱਖਮਰੀ ਖਤਮ ਹੋ ਜਾਵੇਗੀ, ਕੋਈ ਵੀ ਨਾਗਰਿਕ ਇਲਾਜ ਲਈ ਨਹੀਂ ਤਰਸੇਗਾ, ਜਾਤ ਅਤੇ ਧਰਮ ਦੇ ਅਧਾਰ ਤੇ ਹੋ ਰਿਹਾ ਵਿਤਕਰਾ ਖਤਮ ਹੋ ਜਾਵੇਗਾ। ਅੱਜ ਅਜ਼ਾਦੀ ਦਿਵਸ ਤੇ ਸਾਨੂੰ ਸਭਨੂੰ ਇਹ ਸਕੰਲਪ ਕਰਨਾ ਹੋਵੇਗਾ ਕਿ ਇਸ ਅਜ਼ਾਦੀ ਦੀ ਹਵਾ ਹਰ ਨਾਗਰਿਕ ਤੱਕ ਪਹੁੰਚਾਣ ਲਈ ਅਸੀਂ ਸਭ ਮਿਲਕੇ ਕੰਮ ਕਰਾਂਗੇ ਤਾਂ ਜੋ ਸਹੀ ਅਰਥਾਂ ਵਿੱਚ ਦੇਸ਼ ਵਿਕਸਿਤ ਹੋ ਸਕੇ ਤੇ ਭਾਰਤ ਮਹਾਨ ਬਣ ਸਕੇ।
ਕੁਲਦੀਪ ਚੰਦ |