13 ਅਪ੍ਰੈਲ, 2015 ਲਈ ਵਿਸ਼ੇਸ਼


96 ਸਾਲਾਂ ਬਾਦ ਵੀ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਪੂਰੀ ਪਹਿਚਾਣ ਅਤੇ ਸਨਮਾਨ ਨਾਂ ਮਿਲਿਆ।

ਅੱਜ ਦੇ ਦਿਨ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿੱਚ ਹੋਏ ਗੋਲੀਕਾਂਡ ਜਿਸ ਵਿੱਚ ਸੈਕੜੇ ਨਿਰਦੋਸ਼ ਲੋਕ ਮਾਰੇ ਗਏ ਅਤੇ ਜਖਮੀ ਹੋਏ ਨੂੰ ਯਾਦ ਕਰਕੇ ਹਰ ਭਾਰਤ ਵਾਸੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਪਰ ਇਸਤੋਂ ਵੀ ਵੱਡੇ ਦੁੱਖ ਅਤੇ ਰੋਸ ਦੀ ਗੱਲ ਹੈ ਕਿ ਜਲਿਆਂਵਾਲਾ ਬਾਗ ਵਿੱਚ 96 ਸਾਲ ਪਹਿਲਾਂ ਮਾਰੇ ਗਏ ਲੋਕਾਂ ਨੂੰ ਸਹੀ ਪਹਿਚਾਣ ਅਤੇ ਸਨਮਾਨ ਅਜ਼ਾਦੀ ਦੇ 67 ਸਾਲਾਂ ਬਾਦ ਵੀ ਹਾਸਲ ਨਹੀਂ ਹੋਇਆ ਹੈ। ਜਲਿਆਂ ਵਾਲਾ ਬਾਗ ਸਿੱਖ ਧਰਮ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੈ। ਜਲਿਆਂ ਵਾਲਾ ਬਾਗ ਸਰਦਾਰ ਹਿੰਮਤ ਸਿੰਘ ਦੇ ਪਰਿਵਾਰ ਦੀ ਸੰਪਤੀ ਸੀ ਜੋ ਕਿ ਪਿੰਡ ਜੱਲਾ ਤੋਂ ਉਹ ਇੱਥੇ ਆਏ ਸਨ ਜੋ ਕਿ ਹੁਣ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਪਰਿਵਾਰ ਨੂੰ ਜੱਲੇਵਾਲੇ ਜਾਂ ਜੱਲੇ ਜਾਂ ਜੱਲਾ ਆਦਿ ਕਿਹਾ ਜਾਂਦਾ ਸੀ। 01 ਅਗਸਤ 1920 ਨੂੰ ਇਸ ਸਥਾਨ ਨੂੰ ਇਸ ਪਰਿਵਾਰ ਕੋਲੋਂ 560472/- ਰੁਪਏ ਵਿੱਚ ਖਰੀਦਿਆ ਗਿਆ ਸੀ, ਪਰ ਮੌਜੂਦਾ ਲਾਟ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਹੀ ਬਣਾਈ ਗਈ ਸੀ। ਇਹ ਲਾਟ ਬਣਾਉਣ ਲਈ 925000/- ਰੁਪਏ ਦੀ ਲਾਗਤ ਆਈ ਸੀ। ਜੇਕਰ ਇਸ ਗੋਲੀਕਾਂਡ ਦਾ ਇਤਿਹਾਸ ਵੇਖੀਏ ਤਾਂ ਬ੍ਰਿਟਿਸ਼ ਸਰਕਾਰ ਵਲੋਂ ਪਾਸ ਕੀਤੇ ਗਏ ਰਾਅਲਟ ਐਕਟ ਦੇ ਵਿਰੋਧ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਸੀ। ਇਸ ਕਾਰਨ ਬ੍ਰਿਟਿਸ਼ ਸਰਕਾਰ ਵਲੋਂ ਦੋ ਪ੍ਰਮੁੱਖ ਲੀਡਰਾਂ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸਦੇ ਵਿਰੋਧ ਵਜੋਂ 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਮੂਹਰੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀ ਆਪਣੇ 2 ਮਸ਼ਹੂਰ ਲੀਡਰਾਂ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਜਿਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਕਿਸੇ ਗੁੱਪਤ ਜਗ੍ਹਾ ਤੇ ਲੈ ਗਈ ਸੀ। ਬ੍ਰਿਟਿਸ਼ ਫੌਜ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਦੇਸ਼ਵਾਸੀਆਂ ਵਿੱਚ ਅੰਗਰੇਜ਼ਾ ਖਿਲਾਫ ਰੋਸ ਵੱਧ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਦਫ਼ਤਰਾਂ ਅਤੇ ਰੇਲਵੇ ਸਟੇਸ਼ਨਾਂ ਤੇ ਹਮਲਾ ਕਰਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਅਗਜਨੀ ਕਰਨ ਲੱਗ ਪਏ। ਇਸ ਦੌਰਾਨ 5 ਯੂਰਪੀ ਨਾਗਰਿਕਾਂ ਸਮੇਤ ਕਈ ਸਰਕਾਰੀ ਅਧਿਕਾਰੀ ਸਰਕਾਰੀ ਅਤੇ ਆਮ ਨਾਗਰਿਕ ਮਾਰੇ ਗਏ। ਇਸ ਦਿਨ ਫੌਜ਼ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਕਈ ਝੜਪਾਂ ਹੋਈਆਂ ਜਿਸ ਵਿੱਚ 8 ਤੋਂ 20 ਪ੍ਰਦਰਸ਼ਨਕਾਰੀ ਮਾਰੇ ਗਏ। ਇਸਤੋਂ ਬਾਅਦ 11 ਅਪ੍ਰੈਲ, 1919 ਨੂੰ ਮਿਸ ਮਾਰਸੇਲਾ ਸ਼ੇਰਵੁੱਡ ਜੋ ਕਿ ਇੱਕ ਅੰਗਰੇਜ਼ ਮਿਸ਼ਨਰੀ ਸੀ ਅਤੇ ਸਕੂਲ ਚਲਾ ਰਹੀ ਸੀ ਨੇ ਸਕੂਲ ਬੰਦ ਕਰ ਦਿੱਤਾ ਅਤੇ ਲੱਗਭੱਗ 600 ਭਾਰਤੀ ਵਿਦਿਆਰਥੀਆਂ ਨੂੰ ਵਾਪਿਸ ਘਰ ਭੇਜ ਦਿੱਤਾ ਸੀ। ਇਸਦੇ ਰੋਸ ਵਜੋਂ ਭੜਕੀ ਭੀੜ ਨੇ ਕੂਚਾ ਕੂਰੀਚਨ ਤੰਗ ਗਲੀ ਵਿੱਚ ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਕੁੱਟਿਆ ਜਿਸਨੂੰ ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੇ ਭੀੜ ਹੱਥੋਂ ਬਚਾਇਆ। ਇਸਤੋਂ ਬਾਅਦ ਜਨਰਲ ਡਾਇਰ ਨੇ ਉਸੇ ਗਲੀ ਵਿੱਚ ਭਾਰਤੀਆਂ ਨੂੰ ਗੋਡਿਆਂ ਅਤੇ ਹੱਥਾਂ ਭਾਰ ਰੇਂਗ ਕੇ ਚੱਲਣ ਲਈ ਮਜ਼ਬੂਰ ਕੀਤਾ ਸੀ। ਇਸਤੋਂ ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ ਰਹੀਆਂ। ਪੰਜਾਬ ਵਿੱਚ ਰੇਲ ਦੀਆਂ ਪਟੜੀਆਂ ਨੂੰ ਉਖਾੜ ਦਿੱਤਾ ਗਿਆ, ਟੈਲੀਫੋਨ ਸੇਵਾ ਠੱਪ ਕਰ ਦਿੱਤੀ ਗਈ ਅਤੇ ਸਰਕਾਰੀ ਭਵਨਾਂ ਨੂੰ ਅੱਗਾਂ ਲਗਾਈਆਂ ਗਈਆਂ ਅਤੇ ਤਿੰਨ ਯੂਰਪੀ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਸਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ। ਇਸ ਲਾਅ ਅਨੁਸਾਰ ਕਿਤੇ ਵੀ ਚਾਰ ਤੋਂ ਵੱਧ ਭਾਰਤੀ ਇੱਕੋ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਸਨ। ਇਸਤੋਂ ਬਾਅਦ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਨੇੜੇ ਜ਼ਲਿਆਵਾਲਾ ਬਾਗ ਵਿੱਚ ਲੋਕਾਂ ਦਾ ਭਾਰੀ ਇਕੱਠ ਸ਼ਾਂਤੀਪੂਰਵਕ ਸਭਾ ਕਰ ਰਿਹਾ ਸੀ। ਇਹ ਜਲਸਾ ਸ਼ਾਮ ਦੇ 4 ਵੱਜ ਕੇ 30 ਮਿੰਟ ਤੇ ਸ਼ੁਰੂ ਹੋਇਆ ਸੀ। ਇਸ ਵਿੱਚ ਵੱਖ ਵੱਖ ਪਿੰਡਾਂ ਦੇ ਲੋਕ ਸ਼ਾਮਿਲ ਸਨ। ਸ਼ਾਮ ਦੇ 5 ਵੱਜ ਕੇ 30 ਮਿੰਟ ਤੇ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੀ ਕਮਾਂਡ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ਵਿੱਚ 65 ਫੌਜੀ ਗੋਰਖਾ ਅਤੇ 25 ਫੌਜੀ ਬਲੋਚ ਸਨ ਨੇ ਆ ਕੇ ਸ਼ਾਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ। ਇਹ ਫੌਜੀ 303 ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲਾਂ ਨਾਲ ਲੈਸ ਸਨ। ਇਸ ਮੌਕੇ ਜਨਰਲ ਡਾਇਰ ਆਪਣੇ ਨਾਲ ਦੋ ਗੱਡੀਆਂ ਵਿੱਚ ਮਸ਼ੀਨਗੰਨਾਂ ਵੀ ਲੈ ਕੇ ਆਇਆ ਸੀ। ਜਨਰਲ ਡਾਇਰ ਨੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉਥੇ ਮਸ਼ੀਨਗੰਨਾਂ ਬੀੜ ਦਿੱਤੀਆਂ। ਜਨਰਲ ਡਾਇਰ ਨੇ ਬਿਨਾਂ ਕੋਈ ਚੇਤਾਵਨੀ ਦਿੱਤੇ ਹੀ ਜਲਸੇ ਉਤੇ ਫਾਈਰਿੰਗ ਦਾ ਹੁਕਮ ਦੇ ਦਿੱਤਾ। ਫੌਜ ਨੇ 10 ਮਿੰਟ ਤੱਕ ਗੋਲਾਬਾਰੀ ਕੀਤੀ ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ। ਕੁਝ ਲੋਕਾਂ ਨੇ ਖੂਹ ਵਿੱਚ ਛਾਲਾ ਮਾਰ ਦਿੱਤੀਆਂ ਪਰ ਆਪਣੀ ਜਾਨ ਨਾ ਬਚਾ ਸਕੇ। ਕੁਝ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੋਲੀਆਂ ਦੀ ਮਾਰ ਤੋਂ ਬਚ ਨਾ ਸਕੇ। ਇਹ ਗੋਲੀਬਾਰੀ ਉਦੋਂ ਹੀ ਖਤਮ ਹੋਈ ਜਦੋਂ ਫੌਜੀਆਂ ਦੀਆਂ ਗੋਲੀਆਂ ਖਤਮ ਹੋ ਗਈਆਂ। ਜਨਰਲ ਡਾਇਰ ਅਨੁਸਾਰ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਖੂਹ ਵਿੱਚੋਂ 120 ਲਾਸ਼ਾਂ ਕੱਢੀਆਂ ਗਈਆਂ ਸੀ। ਇਸਤੋਂ ਬਾਅਦ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ। ਉਸ ਵੇਲੇ ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਵੀ ਵੱਖ ਵੱਖ ਦਰਸਾਈ ਗਈ। ਅੰਗਰੇਜ਼ ਸਰਕਾਰ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਮਾਰੇ ਗਏ ਸਨ ਅਤੇ ਲੱਗਭੱਗ 1100 ਵਿਅਕਤੀ ਜਖਮੀ ਹੋਏ ਸਨ, ਸਿਵਲ ਸਰਜਨ ਡਾਕਟਰ ਵਿਲੀਅਮਜ਼ ਡੀਮੈਡੀ ਅਨੁਸਾਰ ਇਸ ਗੋਲੀਕਾਂਡ ਵਿੱਚ 1526 ਵਿਅਕਤੀ ਸ਼ਹੀਦ ਹੋਏ ਹਨ, ਇੰਡੀਅਨ ਨੈਸ਼ਨਲ ਕਾਂਗਰਸ ਅਨੁਸਾਰ ਇਨ੍ਹਾਂ ਦੀ ਗਿਣਤੀ 1500 ਤੋਂ ਵੱਧ ਦੱਸੀ ਗਈ ਸੀ, ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਦਫਤਰ ਵਿੱਚ ਲਗਾਈ ਗਈ ਸੂਚੀ ਅਨੁਸਾਰ ਇਸ ਗੋਲੀਕਾਂਡ ਵਿੱਚ 484 ਵਿਅਕਤੀ ਸ਼ਹੀਦ ਹੋਏ ਸਨ ਜਦਕਿ ਜਲਿਆਂਵਾਲਾ ਬਾਗ ਵਿੱਚ ਸਿਰਫ 388 ਵਿਅਕਤੀਆਂ ਦੀ ਹੀ ਸੂਚੀ ਹੈ। ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅਨੁਸਾਰ ਇਸ ਗੋਲੀਕਾਂਡ ਵਿੱਚ 379 ਵਿਅਕਤੀ ਸਹੀਦ ਹੋਏ ਸਨ ਜਿਨ੍ਹਾਂ ਵਿੱਚ 337 ਪੁਰਸ਼, 41 ਨਾਬਾਲਿਗ ਲੜਕੇ ਅਤੇ 01 ਛੇ ਹਫਤੇ ਦਾ ਬੱਚਾ ਸ਼ਾਮਿਲ ਸੀ। ਉਨ੍ਹਾਂ ਅਨੁਸਾਰ ਇਸ ਗੋਲੀਕਾਂਡ ਵਿੱਚ 200 ਵਿਅਕਤੀ ਜਖਮੀ ਹੋਏ ਸਨ। ਉਸ ਵੇਲੇ ਦਰਬਾਰ ਸਾਹਿਬ ਤੇ  ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਦਰਬਾਰ ਸਾਹਿਬ ਦੇ ਮੁਖੀ ਅਰੂੜਾ ਸਿੰਘ ਨੇ 1919 ਵਿੱਚ ਜਨਰਲ ਡਾਇਰ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ ਸੀ। ਜਲਿਆਵਾਲਾ ਬਾਗ ਦੇ ਖੂਨੀ ਕਾਂਡ ਦਾ ਬਦਲਾ ਇੱਕ ਅਣਖੀਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਜੋਕਿ ਖੁਦ ਇਸ ਗੋਲੀਕਾਂਡ ਮੌਕੇ ਬਾਗ ਵਿੱਚ ਸੀ ਅਤੇ ਜਖ਼ਮੀ ਹੋਇਆ ਸੀ ਨੇ ਲਿਆ ਸੀ। ਮਾਈਕਲ ਓਡਵਾਇਰ ਜੋ ਕਿ ਜਲਿਆਵਾਲਾ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ ਅਤੇ ਜਨਰਲ ਡਾਇਰ ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਨੂੰ ਊਧਮ ਸਿੰਘ ਨੇ 13 ਮਾਰਚ 1940 ਨੂੰ ਇੱਕ ਸਭਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਅਤੇ 31 ਜੁਲਾਈ 1940 ਨੂੰ ਅੰਗਰੇਜ਼ ਸਰਕਾਰ ਨੇ ਊਧਮ ਸਿੰਘ ਨੂੰ ਫਾਂਸੀ ਦੇ ਤਖਤੇ ਦੇ ਲਟਕਾ ਕੇ ਸ਼ਹੀਦ ਕਰ ਦਿੱਤਾ। ਉਸ ਸਮੇਂ ਭਾਰਤ ਦੇ ਮਹਾਨ ਲੀਡਰਾਂ ਵਿੱਚੋਂ ਸਿਰਫ ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੀ ਤਾਰੀਫ ਕੀਤੀ ਸੀ ਅਤੇ ਉਸਨੂੰ ਮਹਾਨ ਸ਼ਹੀਦ ਕਰਾਰ ਦਿੱਤਾ ਸੀ ਜਦਕਿ ਕਈ ਲੀਡਰਾਂ ਨੇ ਉਲਟ ਸ਼ਹੀਦ ਊਧਮ ਸਿੰਘ ਨੂੰ ਹੀ ਮਾੜਾ ਕਿਹਾ ਸੀ। 1920 ਵਿੱਚ ਇੰਡੀਅਨ ਨੈਸ਼ਨਲ ਕਾਂਗਸਰ ਪਾਰਟੀ ਵਲੋਂ ਮਤਾ ਪਾਕੇ ਇੱਕ ਟਰੱਸਟ ਬਣਾਇਆ ਗਿਆ ਅਤੇ 1923 ਵਿੱਚ ਇਸ ਟਰੱਸਟ ਨੇ ਇਹ ਜਮੀਨ ਖਰੀਦੀ। ਇਸ ਸਥਾਨ ਦਾ ਡਿਜਾਇਨ  ਅਮਰੀਕਾ ਦੇ ਪ੍ਰਸਿੱਧ ਆਰਕੀਟੈਕਟ ਬੈਂਜਾਮੀਨ ਪੋਲਕ ਨੇ ਤਿਆਰ ਕੀਤਾ ਅਤੇ 13 ਅਪ੍ਰੈਲ 1961 ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰਾ ਪ੍ਰਸਾਦ ਨੇ ਇਸਦਾ ਉਦਘਾਟਨ ਕੀਤਾ ਸੀ। ਪੰਜਾਬ ਦੇ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਸੀ ਅਤੇ ਹਜ਼ਾਰਾਂ ਪੰਜਾਬੀਆਂ ਨੇ ਅੰਗਰੇਜ਼ਾਂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਪਰ ਅੰਗਰੇਜ਼ਾਂ ਨੇ ਇਸਦੇ ਬਦਲੇ ਵਿੱਚ ਜਲਿਆਵਾਲਾ ਬਾਗ ਵਿੱਚ ਨਿਹੱਥੇ ਪੰਜਾਬੀ ਪੇਂਡੂਆਂ ਦੇ ਖੂਨ ਦੀ ਹੌਲੀ ਖੇਡੀ। ਪਰ ਉਹ ਤਾਂ ਅੰਗਰੇਜ਼ ਸੀ ਅਤੇ ਬੇਗਾਨੇ ਦੇਸ਼ ਦੇ ਵਾਸੀ ਸਨ ਪਰ ਸੋਚਣ ਵਾਲੀ ਗੱਲ ਹੈ ਕਿ ਸਾਡੇ ਆਪਣੇ ਦੇਸ਼ ਦੇ ਹਾਕਮਾਂ ਨੇ ਜਲਿਆਬਾਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਅੱਜ ਤੱਕ ਸ਼ਹੀਦਾਂ ਦਾ ਦਰਜਾ ਤੱਕ ਨਹੀਂ ਦਿੱਤਾ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ 13 ਅਪ੍ਰੈਲ 1919 ਨੂੰ ਜ਼ਲਿਆਵਾਲਾ ਬਾਗ ਵਿੱਚ ਸ਼ਹੀਦ ਹੋਣ ਵਾਲੇ ਲੋਕ 96 ਸਾਲਾਂ ਬਾਦ ਵੀ ਇੱਕ ਬੁਝਾਰਤ ਹੀ ਬਣੇ ਹੋਏ ਹਨ ਅਤੇ ਸ਼ਹੀਦ ਹੋਏ ਦੇਸਵਾਸੀਆਂ ਦੀ ਅਸਲੀਅਤ ਅਜੇ ਤੱਕ ਲੋਕਾਂ ਸਾਹਮਣੇ ਨਹੀਂ ਆ ਰਹੀ ਹੈ। ਇਨ੍ਹਾਂ ਸ਼ਹੀਦਾਂ ਨੂੰ ਸਨਮਾਨ ਦੇਣਾ ਤਾਂ ਦੂਰ ਉਨ੍ਹਾਂ ਦੀ ਪੂਰੀ ਗਿਣਤੀ ਦੀ ਸੂਚੀ ਵੀ ਨਹੀਂ ਹੈ। ਰੋਜਾਨਾ ਹਜਾਰਾਂ ਲੋਕ ਇਸ ਥਾਂ ਤੇ ਆਕੇ ਆਪਣੀ ਸ਼ਰਧਾਂਜ਼ਲੀ ਤਾਂ ਭੇਟ ਕਰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਉਹ ਆਪਣੀ ਸ਼ਰਧਾਂਜ਼ਲੀ ਕਿਸਨੂੰ ਦੇਣ Îਕਿਉਂਕਿ ਆਪਣੀ ਜਾਨ ਦੇਣ ਵਾਲੇ ਲੋਕਾਂ ਦੀ ਵਿਸਥਾਰ ਵਿੰਚ ਕੋਈ ਵੀ ਜਾਣਕਾਰੀ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਲਿਆਂਵਾਲਾ ਬਾਗ ਕਾਂਡ ਵਿੱਚ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਨੂੰ ਅਗਿਆਤ ਨਾ ਰਹਿਣ ਦੇਵੇ ਸਗੋਂ ਉਹਨਾਂ ਦੇ ਨਾਮ ਅਤੇ ਤਸਵੀਰਾਂ ਸਨਮਾਨ ਸਹਿਤ ਇਸ ਥਾ ਤੇ ਲਗਾਈਆਂ ਜਾਣ ਤਾਂ ਜੋ ਆਮ ਜਨਤਾ ਨੂੰ ਪਤਾ ਲੱਗ ਸਕੇ ਕਿ ਕਿਹਨਾਂ ਲੋਕਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾਈ ਸੀ। ਸਰਕਾਰ ਨੂੰ ਬਿਨਾਂ ਕਿਸੇ ਦੇਰੀ ਕੀਤੇ ਜ਼ਲਿਆਂਵਾਲਾ ਬਾਗ ਕਾਂਡ ਵਿੱਚ ਮਰਨ ਵਾਲੇ ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦਾ ਸਨਮਾਨ ਦੇਣਾ ਚਾਹੀਦਾ ਹੈ ਅਤੇ ਮੁਕੰਮਲ ਜਾਣਕਾਰੀ ਲੋਕਾਂ ਤੱਕ ਪਹੁੰਚਾਣ ਲਈ ਪੁੱਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਨਹੀਂ ਤਾਂ ਸਾਡੀ ਆਣ ਵਾਲੀ ਪੀੜੀ ਦੇਸ਼ ਦੇ ਇਸ ਗੌਰਵਮਈ ਇਤਿਹਾਸ ਤੋਂ ਬਾਂਝੀ ਰਹਿ ਜਾਵੇਗੀ। 


ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ 
ਪੰਜਾਬ
9417563054

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466