ਲੜੀ ਨੰਬਰ : 06

 

3. ਸ਼ੋਸ਼ਣ ਵਿਰੁੱਧ ਅਧਿਕਾਰ

 

 (ਅਨੁਛੇਦ 23 ਅਤੇ 24)

ਲੜੀ ਨੰਬਰ 04 ਦਾ ਬਕਾਇਆ ......
ਸੰਵਿਧਾਨ ਦੇ ਅਨੁਛੇਦ 23 ਅਤੇ 24 ਮਨੁੱਖੀ ਸ਼ੋਸ਼ਣ ਵਿਰੁੱਧ ਵਿਵਸਥਾ ਪ੍ਰਦਾਨ ਕਰਦੇ ਹਨ।
(1)
ਮਨੁੱਖਾਂ ਦੇ ਖਰੀਦਣ ਅਤੇ ਵੇਚਣ ਅਤੇ ਜਬਰੀ ਮਜ਼ਦੂਰੀ ਦੀ ਮਨਾਹੀ: 
ਅਨੁਛੇਦ 23 ਅਧੀਨ, ਸੰਵਿਧਾਨ ਮਨੁੱਖ ਦੀ ਖਰੀਦ ਅਤੇ ਵੇਚ, ਬੇਗਾਰੀ ਅਤੇ ਇਹੋ ਜਿਹੀ ਕਿਸਮ ਦੀ ਜ਼ਬਰੀ ਮਜ਼ਦੂਰੀ ਦੀ ਮਨਾਹੀ ਕਰਦਾ ਹੈ। ਕਾਨੂੰਨ ਅਨੁਸਾਰ ਇਸ ਵਿਵਸਥਾ ਦੀ ਉਲੰਘਣਾ ਸਜ਼ਾਯੋਗ ਹੈ। ਦੂਜੇ ਸ਼ਬਦਾਂ ਵਿੱਚ, ਇਹ ਅਨੁਛੇਦ ਮਰਦਾਂ ਅਤੇ ਔਰਤਾਂ ਨੂੰ ਵੇਚਣਾ ਅਤੇ ਖਰੀਦਣਾ ਅਤੇ ਲੋਕਾਂ ਨੂੰ ਬੰਧੂਆਂ ਮਜ਼ਦੂਰਾਂ ਦੇ ਤੌਰ ਤੇ ਕਾਰਜ ਕਰਨ ਲਈ ਮਜ਼ਬੂਰ ਕਰਨਾ ਜਾਂ ਬਿਨਾਂ ਮਜ਼ਦੂਰੀ ਤੋਂ ਮੁੱਫਤ ਵਿੱਚ ਕੰਮ ਕਰਾਉਣਾ ਜੁਰਮ ਕਰਾਰ ਦਿੰਦਾ ਹੈ। ਔਰਤਾਂ ਨੂੰ ਅਨੈਤਿਕ ਮਕਸਦਾਂ ਲਈ ਵੇਚਣ ਅਤੇ ਖਰੀਦਣ ਵਿਰੁੱਧ ਸੁਰੱਖਿਆ ਲਈ, ਔਰਤਾਂ ਅਤੇ ਕੁੜੀਆਂ ਵਿੱਚ ਅਨੈਤਿਕ ਖਰੀਦ-ਵੇਚ ਨੂੰ ਦਬਾਉਣ ਦਾ ਅਧਿਨਿਯਮ ਐਸ. ਆਈ. ਟੀ. ਏ. 1956 ਤੋਂ ਲਾਗੂ ਅਤੇ 1986 ਵਿੱਚ ਇਸ ਵਿੱਚ ਸੋਧ ਕਰਕੇ ਪੀ ਆਈ ਟੀ ਏ ਐਕਟ-1986 ਲਾਗੂ ਕੀਤਾ ਗਿਆ ਹੈ।
ਪਰ ਇਹ ਅਨੁਛੇਦ ਰਾਜ ਨੂੰ ਜਨਤਕ ਮਕਸਦਾਂ ਲਈ ਲਾਜ਼ਮੀ ਸੇਵਾ ਠੋਸਣ ਤੋਂ ਨਹੀਂ ਰੋਕਦਾ, ਪਰੰਤੂ ਇਸ ਤਰ੍ਹਾਂ ਕਰਦਿਆਂ ਰਾਜ ਧਰਮ, ਨਸਲ, ਜਾਤ ਜਾਂ ਵਰਗ ਦੇ ਆਧਰ ਤੇ ਨਾਗਰਿਕਾਂ ਵਿਚਕਾਰ ਕੋਈ ਵਿਤਕਰਾ ਨਹੀਂ ਕਰ ਸਕਦਾ ਅਤੇ ਇਸ ਦੇ ਨਾਲ ਫੌਜ਼ ਅਤੇ ਪੁਲਿਸ ਦੀ ਜ਼ਬਰੀ ਭਰਤੀ ਨੂੰ ਵਗਾਰ ਨਹੀਂ ਮੰਨਿਆ ਜਾ ਸਕਦਾ। 
(2)
ਬੱਚਿਆਂ ਨੂੰ ਕੰਮ ਤੇ ਲਾਉਣ ਦੀ ਮਨਾਹੀ (ਅਨੁਛੇਦ 24) ਅਨੁਛੇਦ 24 ਲਿਖਦਾ ਹੈ ਕਿ ਕਿਸੇ ਵੀ ਚੌਦਾ ਸਾਲ ਤੋਂ ਹੇਠਾਂ ਦੀ ਉਮਰ ਦੇ ਬੱਚੇ ਨੂੰ ਕਾਰਜ ਕਰਨ ਲਈ ਕਿਸੇ ਕਾਰਖਾਨੇ ਜਾਂ ਖਾਣ ਜਾਂ ਕਿਸੇ ਵੀ ਜ਼ੋਖਮ ਭਰੇ ਕਾਰਜ ਉਪਰ ਨਹੀਂ ਲਗਾਇਆ ਜਾ ਸਕਦਾ। ਇਹ ਵਿਵਸਥਾ ਬੱਚਿਆਂ ਦੇ ਸ਼ੋਸ਼ਣ ਤੋਂ ਉਨ੍ਹਾਂ ਦੀ ਰੱਖਿਆ ਕਰਦੀ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਉਲਟ ਪ੍ਰਭਾਵ ਪੈ ਸਕਦਾ ਹੈ।
4.
ਧਰਮ ਦੀ ਸੁਤੰਤਰਤਾ ਦਾ ਅਧਿਕਾਰ (ਅਨੁਛੇਦ 25 ਤੋਂ 28)
ਧਰਮ ਦੀ ਸੁਤੰਤਰਤਾ ਦਾ ਅਧਿਕਾਰ ਧਰਮ-ਨਿਰਪੱਖਤਾ ਦੇ ਸਕਾਰਾਤਮਕ ਪੱਖ ਨੂੰ ਯਕੀਨੀ ਬਣਾਉਂਦਾ ਹੈ ਜਿਵੇਂ ਕਿ ਇਹ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਸੁਤੰਤਰ ਰੂਪ ਵਿੱਚ ਦਿੰਦਾ ਹੈ। ਇਸ ਅਧਿਕਾਰ ਦੀ ਵਿਆਖਿਆ 4 ਅਨੁਛੇਦਾਂ ਵਿੱਚ ਕੀਤੀ ਗਈ ਹੈ।
(1)
ਜ਼ਮੀਰ ਦੀ ਸੁਤੰਤਰਤਾ ਅਤੇ ਸੁਤੰਤਰ ਧਰਮ ਵਿਸ਼ਵਾਸ ਅਤੇ ਪ੍ਰਚਾਰ ਦੀ ਸੁਤੰਤਰਤਾ (ਅਨੁਛੇਦ 25): ਇਹ ਅਨੁਛੇਦ ਸਾਰੇ ਵਿਅਕਤੀਆਂ ਨੂੰ ਜ਼ਮੀਰ ਦੀ ਸੁਤੰਤਰਤਾ ਅਪਣਾਉਣ, ਅਭਿਆਸ ਅਤੇ ਕਿਸੇ ਵੀ ਧਰਮ ਦਾ ਪ੍ਰਚਾਰ ਕਰਨ ਦੀ ਗਾਰੰਟੀ ਦਿੰਦਾ ਹੈ। ਭਾਰਤ ਵਿੱਚ ਜ਼ਬਰੀ ਧਰਮ ਪਰਿਵਰਤਨ ਦੀ ਮਨਾਹੀ ਕੀਤੀ ਗਈ ਹੈ। ਭਾਰਤ ਵਿੱਚ ਰਾਜ ਦਾ ਕੋਈ ਧਰਮ ਨਹੀਂ ਹੈ। ਸਾਰੇ ਧਰਮ ਬਰਾਬਰ ਹਨ। ਲੋਕ ਧਾਰਮਿਕ ਸੁਤੰਤਰਤਾ ਮਾਣਦੇ ਹਨ ਅਤੇ ਉਹ ਕਿਸੇ ਵੀ ਧਰਮ ਨੂੰ ਅਪਣਾਉਣ ਜਾਂ ਦੂਰ ਰਹਿਣ ਲਈ ਸੁਤੰਤਰ ਹਨ।
(2)
ਧਾਰਮਿਕ ਮਾਮਲਿਆਂ ਦੇ ਪ੍ਰਬੰਧ ਦੀ ਸੁਤੰਤਰਤਾ (ਅਨੁਛੇਦ 26): ਸੰਵਿਧਾਨ ਦਾ ਅਨੁਛੇਦ 26 ਦਰਸਾਉਂਦਾ ਹੈ ਕਿ ਕਿਸੇ ਧਰਮ ਦੇ ਹਰੇਕ ਵਿਅਕਤੀ ਦਾ ਇਹ ਹੱਕ ਹੈ ਕਿ ਉਹ:
(i)
ਧਾਰਮਿਕ ਅਤੇ ਖੈਰਾਇਤੀ ਮਕਸਦਾਂ ਲਈ ਸੰਸਥਾਵਾਂ ਦੀ ਸਥਾਪਨਾ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਚਲਾ ਸਕਦਾ ਹੈ।
(ii)
ਧਰਮ ਦੇ ਸਬੰਧ ਵਿੱਚ ਆਪਣੇ ਮਾਮਲਿਆਂ ਦਾ ਪ੍ਰਬੰਧ ਕਰ ਸਕਦਾ ਹੈ।
(iii)
ਚੱਲ ਅਤੇ ਅਚੱਲ ਜਾਇਦਾਦ ਨੂੰ ਪ੍ਰਾਪਤ ਕਰ ਸਕਦਾ ਹੈ।
(iv)
ਕਾਨੂੰਨ ਅਨੁਸਾਰ ਅਜਿਹੀ ਜਾਇਦਾਦ ਦਾ ਪ੍ਰਸ਼ਾਸਨ ਚਲਾ ਸਕਦਾ ਹੈ।
(3)
ਕਿਸੇ ਧਰਮ ਦੀ ਉੱਨਤੀ ਲਈ ਕਰ ਨਾ ਲਗਾਏ ਜਾਣ ਦੀ ਵਿਵਸਥਾ (ਅਨੁਛੇਦ 27): ਅਨੁਛੇਦ 27 ਅਧੀਨ, ਸੰਵਿਧਾਨ ਦਰਸਾਉਂਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਅਜਿਹਾ ਕਰ ਅਦਾ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ, ਜਿਸ ਦੀ ਪ੍ਰਕਿਰਿਆ ਕਿਸੇ ਵਿਸ਼ੇਸ਼ ਧਰਮ ਦੀ ਉੱਨਤੀ ਅਤੇ ਸਥਾਪਤੀ ਲਈ ਖਰਚੇ ਅਦਾ ਕਰਨ ਲਈ ਵਿਸ਼ੇਸ਼ ਤੌਰ ਤੇ ਯੋਗ ਸਮਝੀ ਗਈ ਹੋਵੇ।
(4)
ਧਾਰਮਿਕ ਸਮਾਰੋਹਾਂ ਵਿੱਚ ਹਾਜ਼ਰ ਹੋਣ ਦੀ ਸੁਤੰਤਰਾ (ਅਨੁਛੇਦ 28): ਅਨੁਛੇਦ 28 ਕਿਸੇ ਵੀ ਵਿਦਿਅਕ ਸੰਸਥਾ ਵਿੱਚ ਧਾਰਮਿਕ ਸਿੱਖਿਆ ਦੇਣ ਦੀ ਮਨਾਹੀ ਕਰਦਾ ਹੈ, ਜੋ ਰਾਜ ਕੋਸ਼ ਵੱਲੋਂ ਸਹਾਇਤਾ ਪ੍ਰਾਪਤ ਕਰਕੇ ਪੂਰੀ ਤਰ੍ਹਾਂ ਸਥਾਪਿਤ ਕੀਤੀ ਗਈ ਹੋਵੇ।
ਪਰ, ਇਹ ਵਿਵਸਥਾ ਉਸ ਵਿਦਿਅਕ ਸੰਸਥਾ ਉੱਪਰ ਲਾਗੂ ਨਹੀਂ ਹੁੰਦੀ ਜਿਸ ਦਾ ਪ੍ਰਸ਼ਾਸਨ ਤਾਂ ਰਾਜ ਵੱਲੋਂ ਕੀਤਾ ਜਾਂਦਾ ਹੈ ਪਰੰਤੂ ਇਹ ਕਿਸੇ ਵਕਫ ਜਾਂ ਟਰੱਸਟ ਦੁਆਰਾ ਸਥਾਪਿਤ ਕੀਤੀ ਗਈ ਹੋਵੇ।
ਕੋਈ ਵੀ ਵਿਅਕਤੀ, ਜੋ ਕਿਸੇ ਵਿਦਿਅਕ ਸੰਸਥਾ ਵਿੱਚ ਪੜ੍ਹਦਾ ਹੈ, ਨੂੰ ਕਿਸੇ ਧਾਰਮਿਕ ਪੂਜਾ-ਪਾਠ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ, ਜੋ ਸੰਸਥਾ ਵਿੱਚ ਕਰਵਾਈ ਜਾ ਰਹੀ ਹੋਵੇ।
ਦੂਜੇ ਮੌਲਿਕ ਅਧਿਕਾਰਾਂ ਦੀ ਤਰ੍ਹਾਂ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੇ ਪ੍ਰਤੀ ਕੁਝ ਵਿਸ਼ੇਸ਼ ਅਪਵਾਦ ਹਨ। ਇਹ ਅਧਿਕਾਰ ਜਨਤਕ ਵਿਵਸਥਾ, ਨੈਤਿਕਤਾ ਅਤੇ ਸਿਹਤ ਦੇ ਅਧੀਨ ਹੀ ਲਾਗੂ ਕੀਤਾ ਜਾ ਸਕਦਾ ਹੈ। ਇਹ ਇਸ ਦੀ ਵਿਵਸਥਾ ਵੀ ਕਰਦੀ ਹੈ ਕਿ ਰਾਜ ਨੂੰ ਕਿਸੇ ਵੀ ਆਰਥਿਕ, ਵਿੱਤੀ, ਰਾਜਨੀਤਿਕ ਜਾਂ ਦੂਜੀ ਧਰਮ ਨਿਰਪੱਖ ਕਿਰਿਆ, ਜੋ ਕਿਸੇ ਧਾਰਮਿਕ ਅਮਲ ਨਾਲ ਜੁੜੀ ਹੋਵੇ, ਨੂੰ ਨਿਯਮਿਤ ਜਾਂ ਸੀਮਿਤ ਕਰਨ ਦਾ ਅਧਿਕਾਰ ਹੈ, ਜਾਂ ਸਮਾਜਿਕ ਭਲਾਈ ਅਤੇ ਸੁਧਾਰ ਲਈ ਜਨਤਕ ਕਿਸਮ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ ਹਿੰਦੂ ਸਵਰਗ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੁਲ੍ਹਾ ਰੱਖਣ ਦੀ ਕਾਰਵਾਈ ਕਰ ਸਕਦਾ ਹੈ। ਮਦ ਹਿੰਦੂ ਵਿੱਚ ਸਿੱਖ, ਜੈਨ ਅਤੇ ਬੁੱਧ ਧਰਮਾਂ ਦੇ ਮੰਨਣ ਵਾਲੇ ਵਿਅਕਤੀ ਵੀ ਸ਼ਾਮਿਲ ਹਨ। ਸੰਵਿਧਾਨ ਵਿੱਚ ਸਿੱਖ ਧਰਮ ਨੂੰ ਅਪਣਾਉਣ ਦੇ ਹਿੱਸੇ ਵਜੋਂ ਕ੍ਰਿਪਾਨ ਪਹਿਨਣ ਅਤੇ ਲਿਜਾਣ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਗਈ ਹੈ। ਰਾਜ ਭਲਾਈ ਪ੍ਰੋਗਰਾਮਾਂ ਅਤੇ ਸਮਾਜਿਕ ਸੁਧਾਰਾਂ ਨੂੰ ਲਾਗੂ ਕਰਨ ਲਈ ਧਰਮ ਨਾਲ ਜੁੜੀਆਂ ਗੱਲਾਂ ਨੂੰ ਨਿਯਮਿਤ ਕਰ ਸਕਦਾ ਹੈ।                                          .........ਚਲਦਾ  

ਇਸ ਲੜੀ ਦੇ ਸਾਰੇ ਲੇਖਾਂ ਦਾ ਤਤਕਰਾ

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466