ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜੀ ਦੀ 8ਵੀਂ ਬਰਸੀ ਤੇ 08 ਅਕਤੂਬਰ, 2014 ਲਈ ਵਿਸ਼ੇਸ਼।


ਸੰਸਾਰ ਦੇ ਕਈ ਦੇਸ਼ਾਂ ਵਿੱਚ ਨਸਲ, ਰੰਗ, ਧਰਮ, ਜਾਤ ਆਦਿ ਦੇ ਅਧਾਰ ਤੇ ਲੰਬਾ ਸਮਾਂ ਵਿਤਕਰਾ ਤੇ ਭੇਦਭਾਵ ਹੁੰਦਾ ਰਿਹਾ ਹੈ। ਸਾਡੇ ਦੇਸ਼ ਭਾਰਤ ਵਿੱਚ ਵੀ ਸਦੀਆਂ ਤੱਕ ਜਾਤ ਅਧਾਰਤ ਭੇਦਭਾਵ ਕਾਇਮ ਰਿਹਾ ਹੈ। ਸਾਡਾ ਦੇਸ਼ ਲੰਬਾ ਸਮਾਂ ਵਿਦੇਸ਼ੀਆਂ ਦਾ ਗੁਲਾਮ ਰਿਹਾ ਹੈ ਪਰੰਤੂ ਦੇਸ਼ ਵਿੱਚ ਰਹਿਣ ਵਾਲੇ ਇੱਕ ਵਿਸ਼ੇਸ਼ ਵਰਣ ਦੇ ਲੋਕ ਅਪਣੇ ਹੀ ਦੇਸ਼ ਦੇ ਲੋਕਾਂ ਦੇ ਗੁਲਾਮ ਰਹੇ ਹਨ। ਇਸ ਵਰਣ ਵਿਵਸਥਾ ਅਤੇ ਜਾਤ ਅਧਾਰਤ ਵਿਤਕਰੇ ਖਿਲਾਫ ਸਮੇਂ ਸਮੇਂ ਤੇ ਸਮਾਜ ਅਤੇ ਧਰਮ ਦੇ ਰਹਿਵਰਾਂ ਨੇ ਅਵਾਜ਼ ਉਠਾਈ ਹੈ ਅਤੇ ਇਸ ਸਮਾਜਿਕ ਢਾਂਚੇ ਨੂੰ ਬਦਲਣ ਦਾ ਕੰਮ ਕੀਤਾ ਹੈ। ਇਨ੍ਹਾਂ ਰਹਿਬਰਾਂ ਵਿੱਚ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ ਮਾਨਿਆਵਾਰ ਕਾਂਸ਼ੀ ਰਾਮ ਵੀ ਕਿਹਾ ਜਾਂਦਾ ਦਾ ਨਾਮ ਵੀ ਸ਼ਾਮਲ ਹੈ। ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰਸਟ ਦੇ ਚੇਅਰਮੈਨ ਬਾਬੂ ਜੀ ਦੀ ਭੈਣ ਸਵਰਨ ਕੌਰ ਅਤੇ ਭਾਣਜੇ ਰਵਿੰਦਰ ਸਿੰਘ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਸਵਰਗੀ ਬਾਬੂ ਕਾਂਸ਼ੀ ਰਾਮ ਜੀ ਦਾ ਪਰਿਵਾਰ ਰੂਪਨਗਰ ਜਿਲ੍ਹੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਬਾਬੂ ਜੀ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸਬੰਧਿਤ ਰੱਖਦੇ ਸਨ ਪ੍ਰੰਤੂ ਬਾਬੂ ਜੀ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨ੍ਹਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਬਾਬੂ ਜੀ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਰੂਪਨਗਰ ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿੱਚ ਹੋਇਆ। ਬਾਬੂ ਜੀ ਦੇ ਨਾਨਾ ਜੀ ਦਾ ਨਾਮ ਸਾਹਿਬ ਦਿਤਾ ਸੀ ਅਤੇ ਉਨ੍ਹਾਂ ਦਾ ਬਾਬੂ ਜੀ ਦੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਚੁੱਕਾ ਸੀ। ਬਾਬੂ ਜੀ ਦੀ ਨਾਨੀ ਦਾ ਨਾਮ ਪ੍ਰਸਿੰਨੀ ਦੇਵੀ ਸੀ ਅਤੇ ਬਾਬੂ ਜੀ ਦੇ ਨਾਨਕੇ ਪਰਿਵਾਰ ਵਿੱਚ ਹੋਰ ਕੋਈ ਮਾਮਾ ਨਾਂ ਹੋਣ ਕਾਰਨ ਬਾਬੂ ਜੀ ਦਾ ਅਪਣੀ ਨਾਨੀ ਨਾਲ ਬਹੁਤ ਗੂੜਾ ਪਿਆਰ ਸੀ ਜਿਸ ਕਰਕੇ ਬਾਬੂ ਜੀ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ। ਨਾਨਕੇ ਪਿੰਡ ਨਾਲ ਪਿਆਰ ਕਾਰਨ ਹੀ ਬਾਬੂ ਜੀ ਨੇ ਆਪਣਾ ਮਕਾਨ ਵੀ ਨਾਨਕੇ ਪਿੰਡ ਵਿੱਚ ਹੀ ਬਣਾਇਆ ਸੀ। ਬਾਬੂ ਕਾਂਸ਼ੀ ਰਾਮ ਜੀ ਅਪਣੇ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ। ਬਾਬੂ ਕਾਂਸ਼ੀ ਰਾਮ ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ ਸਨ ਜੋਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ ਅਤੇ ਬਹੁਤੇ ਲੋਕ ਇਸ ਵਰਗ ਦੇ ਲੋਕਾਂ ਨੂੰ ਛੂਹਣਾ ਵੀ ਪਾਪ ਮੰਨਦੇ ਸਨ। ਬਾਬੂ ਕਾਂਸ਼ੀ ਰਾਮ ਨੇ ਸਾਇੰਸ ਵਿੱਚ ਸਰਕਾਰੀ ਕਾਲਜ ਰੋਪੜ੍ਹ ਤੋਂ ਗ੍ਰੈਜੂਏਸਨ ਕੀਤੀ। ਬਾਬੂ ਕਾਂਸ਼ੀ ਰਾਮ ਨੇ ਲੱਖਾਂ ਅਛੂਤਾਂ ਵਾਂਗ ਅਛੂਤਾਂ ਨਾਂਲ ਹੋ ਰਹੇ ਗੈਰ ਮਨੁਖੀ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆਂ ਅਤੇ ਕਈ ਵਾਰ ਆਪ ਹੰਢਾਇਆ। ਬਾਬੂ ਜੀ ਨੇ ਮਹਾਂਰਸ਼ਟਰ ਰਾਜ ਵਿੱਚ ਅਪਣੀ ਨੋਕਰੀ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ ਲਿਖਤਾਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਕਾਫੀ ਜਿਆਦਾ ਪ੍ਰਭਾਵਿਤ ਹੋਏ। ਇਨ੍ਹਾਂ ਨੂੰ ਲਾਗੂ ਕਰਵਾਣ ਲਈ ਦਲਿਤ ਆਗੂ ਬਾਬੂ ਕਾਂਸ਼ੀ ਰਾਮ ਨੇ ਸਾਰੀ ਉਮਰ ਸੰਘਰਸ਼ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਹੀ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਇੱਕ ਕਰਨ ਦਾ ਸੁਪਨਾ ਸੱਚ ਕਰ ਦਿਖਾਇਆ। ਬਾਬੂ ਜੀ ਨੇ 1957 ਵਿੱਚ ਐਕਸਪਲੋਸਿਵ ਰਿਸਰਚ ਐਂਡ ਡਿਵੈਲਪਮੈਂਟ ਲੈਵੋਰਟਰੀ ਵਿੱਚ ਰਿਸਰਚ ਸਟਾਫ ਦੇ ਤੋਰ ਤੇ ਕੰਮ ਸ਼ੁਰੂ ਕੀਤਾ ਪਰ ਨਾਲ ਦੇ ਸਟਾਫ ਮੈਂਬਰ ਦੀਨਾ ਭਾਨ ਜੋਕਿ ਅਛੂਤ ਸੀ ਦੇ ਇੱਕ ਕੇਸ ਵਿੱਚ ਸ਼ਾਮਿਲ ਹੋਣ ਕਾਰਨ ਨੋਕਰੀ ਛੱਡ ਦਿਤੀ। ਵਰਣਨਯੋਗ ਹੈ ਕਿ ਦੀਨਾ ਭਾਨ ਜੋਕਿ ਰਾਜਾਸਥਾਨ ਦਾ ਰਹਿਣ ਵਾਲਾ ਸੀ ਨੇ ਕੰਪਨੀ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਛੁਟੀ ਨਾਂ ਕਰਨ ਕਾਰਨ ਰੋਸ ਪ੍ਰਦਰਸਨ ਕੀਤਾ ਸੀ। ਬਾਬੂ ਕਾਂਸ਼ੀ ਰਾਮ ਨੇ ਉਸਤੋਂ ਬਾਦ ਜਾਤ ਅਧਾਰਤ ਵਿਤਕਰੇ ਨੂੰ ਖਤਮ ਕਰਵਾਉਣ ਲਈ ਮੁਹਿੰਮ ਸ਼ੁਰੂ ਕਰ ਦਿਤੀ। ਬਾਬੂ ਜੀ ਨੇ ਦੀਨਾ ਭਾਨ ਨਾਲ ਮਿਲਕੇ ਸੰਘਰਸ ਕਰਕੇ ਤੇ ਲੰਬੀ ਲੜਾਈ ਲੜਕੇ ਇਸ ਕੰਪਨੀ ਵਿੱਚ ਬਾਬਾ ਸਾਹਿਬ ਦੇ ਜਨਮ ਦਿਵਸ ਅਤੇ ਬੁੱਧ ਜਯੰਤੀ ਦੀ ਬੰਦ ਕੀਤੀ ਗਈ ਛੁੱਟੀ ਮੁੜ੍ਹ ਸ਼ੁਰੂ ਕਰਵਾਈ। ਇਸਤੋਂ ਬਾਦ ਬਾਬੂ ਜੀ ਨੇ ਅਪਣਾ ਸਾਰਾ ਜੀਵਨ ਲਿਤਾੜੇ ਵਰਗਾਂ ਦੀ ਭਲਾਈ ਲਈ ਲਗਾ ਦਿਤਾ। ਬਾਬੂ ਜੀ ਨੇ ਅਪਣੀ ਨਵੀਂ ਲੜਾਈ ਵਿੱਚ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਵੀ ਸ਼ਾਮਿਲ ਕਰਕੇ ਇੱਕ ਵੱਡੀ ਤਾਕਤ ਬਣਾਈ। ਬਾਬੂ ਜੀ ਨੇ ਦਲਿਤਾਂ ਨੂੰ ਇਸ ਦੇਸ਼ ਦੇ ਮੁਢਲੇ ਵਾਸੀ ਕਹਿਕੇ ਆਦਿ ਦਾ ਨਾਮ ਦਿਤਾ। ਬਾਬੂ ਜੀ ਪੂਨਾ ਪੈਕਟ ਬਾਰੇ ਅਕਸਰ ਕਹਿੰਦੇ ਸਨ ਕਿ ਇਸ ਨੇ ਦੇਸ ਦੇ ਕਰੋੜ੍ਹਾਂ ਦਲਿਤਾਂ ਨੂੰ ਕਮਜੋਰ ਬਣਾਇਆ ਹੈ। ਬਾਬੂ ਕਾਂਸ਼ੀ ਰਾਮ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਜੋਕਿ ਬਾਬ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੋਤਾ ਸੀ ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ। ਉਹ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੋਤੇ ਕਾਰਨ ਪੀ ਐਮ ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦੱਸੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਬਾਬੂ ਜੀ ਨੇ ਇਸ ਸਬੰਧੀ ਅਪਣੀ ਕਿਤਾਬ ਚਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। ਬਾਬੂ ਜੀ ਨੇ ਦਲਿਤ ਕਰਮਚਾਰੀਆਂ ਨੂੰ ਸੰਗਠਿਤ ਕੀਤਾ ਅਤੇ ਉਚੱ ਜਾਤਿ ਦੇ ਕਰਮਚਾਰੀਆਂ ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਦਾ ਵਿਰੋਧ ਕਰਨ ਲਈ ਤਿਆਰ ਕੀਤਾ। ਇਸ ਸਮੇਂ ਦੋਰਾਨ ਹੀ ਬਾਬੂ ਜੀ ਨੇ ਅਪਣਾ ਜੀਵਨ ਲਿਤਾੜ੍ਹੇ ਵਰਗਾਂ ਦੇ ਨਾਮ ਕਰਕੇ ਵਿਆਹ ਨਾਂ ਕਰਵਾਉਣ ਦਾ ਫੈਸਲਾ ਕੀਤਾ। ਇਸਤੋਂ ਬਾਦ ਬਾਬੂ ਜੀ ਨੇ ਦਲਿਤ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਪਣੇ ਕੁੱਝ ਸਾਥੀਆਂ ਨਾਲ ਸਾਇਕਲ ਯਾਤਰਾ ਕੀਤੀ ਅਤੇ ਜਾਗਰੂਕਤਾ ਅਭਿਆਨ ਚਲਾਇਆ। ਇਸ ਲਈ 6 ਦਿਸੰਬਰ, 1978 ਨੂੰ ਬਾਬੂ ਜੀ ਨੇ ਬੈਕਵਰਡ ਐਂਡ ਮਨਾਰਟੀਜ਼ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ ਬਾਮਸੇਫ ਨਾਮ ਦਾ ਕਰਮਚਾਰੀ ਸੰਗਠਨ ਬਣਾਇਆ ਅਤੇ 3 ਸਾਲ ਬਾਦ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4 ਨਾਮ ਦਾ ਸੰਗਠਨ ਤਿਆਰ ਕੀਤਾ। 14 ਅਪ੍ਰੈਲ 1984 ਨੂੰ ਬਾਬੂ ਜੀ ਨੇ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ ਬਣਾ ਦਿਤੀ ਅਤੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ। ਬਾਬੂ ਜੀ ਦੁਆਰਾ 6000 ਜਾਤਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਅਤੇ 85 ਫਿਸਦੀ ਵਰਗ ਦੇ ਲੋਕਾਂ ਨੂੰ ਬਹੁਜ਼ਨ ਸਮਝਣ ਦੇ ਤਜ਼ਰਬੇ ਕਾਰਨ ਬੀ ਐਸ ਪੀ ਜਲਦੀ ਹੀ ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡਕੇ ਤੀਜੇ ਨੰਬਰ ਤੇ ਪਹੁੰਚ ਗਈ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਬੂ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਬੀ ਐਸ ਪੀ ਨੇ ਦੇਸ਼ ਵਿੱਚ 2.07 ਫਿਸਦੀ ਵੋਟਾਂ ਲਈਆਂ ਅਤੇ 3 ਲੋਕ ਸਭਾ ਮੈਂਬਰ ਬਣੇ। 1992 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9 ਵਿਧਾਇਕ ਚੁਣੇ ਗਏ ਅਤੇ ਮੁੱਖ ਵਿਰੋਧੀ ਪਾਰਟੀ ਬਣੀ। 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ 67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਬਾਬੂ ਜੀ ਆਪ ਦੋ ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। 1998 ਵਿੱਚ ਬਾਬੂ ਜੀ ਨੇ ਇਹ ਵਾਅਦਾ ਕੀਤਾ ਕਿ ਉਹ ਉਦੋਂ ਤੱਕ ਆਪ ਚੋਣ ਨਹੀਂ ਲੜਣਗੇ ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘਟ 100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤਰੱ ਪ੍ਰਦੇਸ ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ ਬਣਾਈ ਬਾਬੂ ਜੀ ਲੰਬੀ ਬਿਮਾਰੀ ਬਾਦ ਮਿਤੀ 08 ਅਕਤੂਬਰ 2006 ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਵਲੋਂ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾ ਦੇ ਨਾਨਕੇ ਪਿੰਡ ਪ੍ਰਿਥੀਪੁਰ ਬੂੰਗਾ ਵਿੱਚ ਸੁਖਦੇਵ ਜੀ ਮਹਾਰਾਜ ਪੂਨੇ ਮਹਾਂਰਾਸ਼ਟਰ ਦੀ ਅਗਵਾਈ ਅਤੇ ਨਿਰਦੇਸ਼ਨ ਅਧੀਨ ਇੱਕ ਮੰਦਰ ਬਣਾਇਆ ਗਿਆ ਹੈ ਜਿਸ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ ਵਸਤਾਂ ਦੀ ਇੱਕ ਲਾਇਬ੍ਰੇਬੀ ਵੀ ਤਿਆਰ ਕੀਤੀ ਗਈ ਹੈ। ਵਰਣਨਯੋਗ ਹੈ ਕਿ ਇਸ ਮੰਦਿਰ ਦਾ ਨੀਂਹ ਪੱਥਰ ਉਤੱਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਮੋਜੂਦਾ ਬੀ ਐਸ ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ 01 ਅਗਸਤ, 1997 ਨੂੰ ਰੱਖਿਆ ਸੀ ਦਾ ਉਦਘਾਟਨ ਬਾਬੂ ਜੀ ਦੇ ਜਨਮ ਦਿਵਸ ਤੇ 15 ਮਾਰਚ, 2013 ਨੂੰ ਪੀ ਐਲ ਪੂਨੀਆ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤਿ ਆਯੋਗ ਨੇ ਕੀਤਾ ਹੈ। ਇਸ ਮੋਕੇ ਕਰਵਾਏ ਗਏ ਸਮਾਗਮ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ, ਸ਼ਮਸ਼ੇਰ ਸਿੰਘ ਦੂਲੋ, ਰਾਣਾ ਕੇ ਪੀ ਸਿੰਘ, ਪਵਨ ਕੁਮਾਰ ਟੀਨੂੰ, ਸ਼ਿੰਗਾਰਾ ਰਾਮ ਸਹੂੰਗੜਾ ਆਦਿ ਹਾਜਰ ਸਨ। ਹਰ ਸਾਲ ਦੀ ਤਰਾਂ ਪਰਿਵਾਰ ਅਤੇ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰਸਟ ਵਲੋਂ ਸਵਰਗੀ ਬਾਬੂ ਕਾਂਸ਼ੀ ਰਾਮ ਦੀ ਬਰਸੀ ਮਿਤੀ 08 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਬਾਬੂ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਵੀ ਬਾਬੂ ਕਾਂਸ਼ੀ ਰਾਮ ਦੇ ਸਨਮਾਨ ਵਿੱਚ ਵਿਸ਼ੇਸ਼ ਯਾਤਰਾ ਕੱਢੀ ਗਈ ਹੈ। ਦੇਸ਼ ਵਿੱਚ ਦਲਿਤ ਰਾਜਨੀਤੀ ਦਾ ਧੁਰਾ ਰਹੇ ਬਾਬੂ ਕਾਂਸ਼ੀ ਰਾਮ ਦਾ ਨਾਮ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਿਆ ਰਹੇਗਾ।   


ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054