ਦਲਿਤ ਨੇਤਾ ਸਵਰਗੀ ਬਾਬੂ ਕਾਂਸ਼ੀ ਰਾਮ ਦੇ ਜਨਮ
ਦਿਵਸ ਸਬੰਧੀ
15
ਮਾਰਚ ਲਈ ਵਿਸ਼ੇਸ਼।
ਦਲਿਤਾਂ ਦੇ ਵਿਕਾਸ ਅਤੇ ਦਲਿਤਾਂ ਨਾਲ ਹੋ ਰਹੇ ਭੇਦ
ਭਾਵ ਦੇ ਖਿਲਾਫ ਚਲਾਏ ਅਭਿਆਨ ਕਾਰਨ ਸਦਾ ਯਾਦ ਕੀਤਾ ਜਾਵੇਗਾ ਬਾਬੂ
ਕਾਂਸ਼ੀ ਰਾਮ ਜੀ ਨੂੰ - ਕੁਲਦੀਪ ਚੰਦ
|
ਸੰਸਾਰ ਦੇ ਕਈ ਦੇਸ਼ਾਂ
ਵਿੱਚ ਨਸਲ,
ਰੰਗ,
ਧਰਮ,
ਜਾਤ ਆਦਿ ਦੇ ਅਧਾਰ ਤੇ ਲੰਬਾ ਸਮਾਂ ਵਿਤਕਰਾ ਤੇ ਭੇਦਭਾਵ
ਹੁੰਦਾ ਰਿਹਾ ਹੈ। ਸਾਡੇ ਦੇਸ਼ ਭਾਰਤ ਵਿੱਚ ਵੀ ਸਦੀਆਂ ਤੱਕ ਜਾਤ ਅਧਾਰਤ
ਭੇਦਭਾਵ ਕਾਇਮ ਰਿਹਾ ਹੈ। ਸਾਡਾ ਦੇਸ਼ ਲੰਬਾ ਸਮਾਂ ਵਿਦੇਸ਼ੀਆਂ ਦਾ
ਗੁਲਾਮ ਰਿਹਾ ਹੈ ਪਰੰਤੂ ਦੇਸ਼ ਵਿੱਚ ਰਹਿਣ ਵਾਲੇ ਇੱਕ ਵਿਸ਼ੇਸ਼ ਵਰਣ ਦੇ
ਲੋਕ ਅਪਣੇ ਹੀ ਦੇਸ਼ ਦੇ ਲੋਕਾਂ ਦੇ ਗੁਲਾਮ ਰਹੇ ਹਨ। ਇਸ ਵਰਣ ਵਿਵਸਥਾ
ਅਤੇ ਜਾਤ ਅਧਾਰਤ ਵਿਤਕਰੇ ਖਿਲਾਫ ਸਮੇਂ ਸਮੇਂ ਤੇ ਸਮਾਜ ਅਤੇ ਧਰਮ ਦੇ
ਰਹਿਵਰਾਂ ਨੇ ਅਵਾਜ਼ ਉਠਾਈ ਹੈ ਅਤੇ ਇਸ ਸਮਾਜਿਕ ਢਾਂਚੇ ਨੂੰ ਬਦਲਣ ਦਾ
ਕੰਮ ਕੀਤਾ ਹੈ। ਇਨ੍ਹਾਂ ਰਹਿਵਰਾਂ ਵਿੱਚ ਦਲਿਤ ਆਗੂ ਅਤੇ ਬਹੁਜਨ ਸਮਾਜ
ਪਾਰਟੀ ਦੇ ਫਾਂਊਡਰ ਬਾਬੂ ਕਾਂਸ਼ੀ ਰਾਮ ਜੀ ਦਾ ਨਾਮ ਵੀ ਸ਼ਾਮਲ ਹੈ।
ਅਜ਼ਾਦੀ ਤੋਂ ਬਾਦ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ
ਅੰਬੇਡਕਰ ਦੁਆਰਾ ਸਦੀਆਂ ਤੋਂ ਲਿਤਾੜੇ ਵਰਗਾਂ ਦੀ ਭਲਾਈ ਲਈ ਸੰਵਿਧਾਨ
ਵਿੱਚ ਵਿਸ਼ੇਸ ਪ੍ਰਵਾਧਾਨ ਕੀਤੇ ਗਏ। ਇਨ੍ਹਾਂ ਨੂੰ ਲਾਗੂ ਕਰਵਾਣ ਲਈ
ਦਲਿਤ ਆਗੂ ਬਾਬੂ ਕਾਂਸ਼ੀ ਰਾਮ ਨੇ ਅਪਣੀ ਸਾਰੀ ਉਮਰ ਸੰਘਰਸ਼ ਕੀਤਾ ਹੈ
ਜਿਸ ਲਈ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਸਵਰਗੀ ਬਾਬੂ ਕਾਂਸ਼ੀ
ਰਾਮ ਜੀ ਜੋਕਿ ਰੂਪਨਗਰ ਜਿਲ੍ਹੇ ਦੇ ਪਿੰਡ ਖੁਆਸਪੁਰਾ ਦੇ ਰਹਿਣ ਵਾਲੇ
ਸਨ ਦਾ ਜਨਮ
15 ਮਾਰਚ
1934 ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਰੂਪਨਗਰ ਮੁੱਖ ਮਾਰਗ
ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿੱਚ ਹੋਇਆ। ਬਾਬੂ
ਕਾਂਸ਼ੀ ਰਾਮ ਜੀ ਅਪਣੇ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ
ਦੇ
7 ਬੱਚਿਆਂ ਵਿਚੋਂ ਸਭਤੋਂ ਵੱਡੇ ਸਨ। ਬਾਬੂ ਕਾਂਸ਼ੀ ਰਾਮ
ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ ਸਨ ਜੋਕਿ ਕਈ ਹੋਰ ਜਾਤਾਂ ਵਾਂਗ ਹੀ
ਸਦੀਆਂ ਤੋਂ ਅਛੂਤ ਰਹੀ ਹੈ ਅਤੇ ਬਹੁਤੇ ਲੋਕ ਇਸ ਵਰਗ ਦੇ ਲੋਕਾਂ ਨੂੰ
ਛੂਹਣਾ ਵੀ ਪਾਪ ਮੰਨਦੇ ਸਨ। ਬਾਬੂ ਕਾਂਸ਼ੀ ਰਾਮ ਨੇ ਸਾਇੰਸ ਵਿੱਚ
ਸਰਕਾਰੀ ਕਾਲਜ ਰੋਪੜ੍ਹ
ਤੋਂ ਗ੍ਰੈਜੂਏਸਨ ਕੀਤੀ। ਬਾਬੂ ਕਾਂਸ਼ੀ ਰਾਮ ਨੇ ਲੱਖਾਂ
ਅਛੂਤਾਂ ਵਾਂਗ ਅਛੂਤਾਂ ਨਾਂਲ ਹੋ ਰਹੇ ਗੈਰ ਮਨੁਖੀ ਵਿਤਕਰੇ ਨੂੰ ਅਪਣੇ
ਅੱਖੀਂ ਵੇਖਿਆਂ ਅਤੇ ਕਈ ਵਾਰ ਆਪ ਹੰਢਾਇਆ। ਬਾਬੂ ਜੀ ਨੇ ਮਹਾਂਰਸ਼ਟਰ
ਰਾਜ ਵਿੱਚ ਅਪਣੀ ਨੋਕਰੀ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ
ਦੀਆਂ ਲਿਖਤਾਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਕਾਫੀ ਜਿਆਦਾ ਪ੍ਰਭਾਵਿਤ
ਹੋਏ। ਬਾਬੂ ਜੀ ਨੇ
1957 ਵਿੱਚ ਐਕਸਪਲੋਸਿਵ ਰਿਸਰਚ ਐਂਡ ਡਿਵੈਲਪਮੈਂਟ ਲੈਵੋਰਟਰੀ
ਵਿੱਚ ਰਿਸਰਚ ਸਟਾਫ ਦੇ ਤੋਰ ਤੇ ਕੰਮ ਸ਼ੁਰੂ ਕੀਤਾ ਪਰ ਨਾਲ ਦੇ ਸਟਾਫ
ਮੈਂਬਰ ਜੋਕਿ ਅਛੂਤ ਸੀ ਦੀਨਾ ਭਾਨ ਦੇ ਇੱਕ ਕੇਸ ਵਿੱਚ ਸ਼ਾਮਿਲ ਹੋਣ
ਕਾਰਨ ਨੋਕਰੀ ਛੱਡ ਦਿਤੀ। ਵਰਣਨਯੋਗ ਹੈ ਕਿ ਦੀਨਾ ਭਾਨ ਜੋਕਿ
ਰਾਜਾਸਥਾਨ ਦਾ ਰਹਿਣ ਵਾਲਾ ਸੀ ਨੇ ਕੰਪਨੀ ਵਲੋਂ ਭਾਰਤੀ ਸੰਵਿਧਾਨ
ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਛੁਟੀ ਨਾਂ
ਕਰਨ ਕਾਰਨ ਰੋਸ ਪ੍ਰਦਰਸਨ ਕੀਤਾ ਸੀ। ਬਾਬੂ ਕਾਂਸ਼ੀ ਰਾਮ ਨੇ ਉਸਤੋਂ
ਬਾਦ ਜਾਤ ਅਧਾਰਤ ਵਿਤਕਰੇ ਨੂੰ ਖਤਮ ਕਰਵਾਉਣ ਲਈ ਮੁਹਿੰਮ ਸ਼ੁਰੂ ਕਰ
ਦਿਤੀ। ਬਾਬੂ ਜੀ ਨੇ ਦੀਨਾ ਭਾਨ ਨਾਲ ਮਿਲਕੇ ਸੰਘਰਸ ਕਰਕੇ ਤੇ ਲੰਬੀ
ਲੜਾਈ ਲੜਕੇ ਇਸ ਕੰਪਨੀ ਵਿੱਚ ਬਾਬਾ ਸਾਹਿਬ ਦੇ ਜਨਮ ਦਿਵਸ ਅਤੇ ਬੁੱਧ
ਜਯੰਤੀ ਦੀ ਬੰਦ ਕੀਤੀ ਗਈ ਛੁੱਟੀ ਮੁੜ੍ਹ
ਸ਼ੁਰੂ ਕਰਵਾਈ। ਇਸਤੋਂ ਬਾਦ ਬਾਬੂ ਜੀ ਨੇ ਅਪਣਾ ਸਾਰਾ ਜੀਵਨ
ਲਿਤਾੜੇ ਵਰਗਾਂ ਦੀ ਭਲਾਈ ਲਈ ਲਗਾ ਦਿਤਾ। ਬਾਬੂ ਜੀ ਨੇ ਅਪਣੀ ਨਵੀਂ
ਲੜਾਈ ਵਿੱਚ ਘਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਵੀ ਸ਼ਾਮਿਲ
ਕਰਕੇ ਇੱਕ ਵੱਡੀ ਤਾਕਤ ਬਣਾਈ। ਬਾਬੂ ਜੀ ਨੇ ਦਲਿਤਾਂ ਨੂੰ ਇਸ ਦੇਸ਼ ਦੇ
ਮੁਢਲੇ ਵਾਸੀ ਕਹਿਕੇ ਆਦਿ ਦਾ ਨਾਮ ਦਿਤਾ। ਬਾਬੂ ਜੀ ਪੂਨਾ ਪੈਕਟ ਬਾਰੇਅਕਸਰ
ਕਹਿੰਦੇ ਸਨ ਕਿ ਇਸ ਨੇ ਦੇਸ ਦੇ ਕਰੋੜ੍ਹਾਂ ਦਲਿਤਾਂ ਨੂੰ ਕਮਜੋਰ
ਬਣਾਇਆ ਹੈ। ਬਾਬੂ ਕਾਂਸ਼ੀ ਰਾਮ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ
ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਜੋਕਿ ਬਾਬ ਸਾਹਿਬ ਡਾਕਟਰ ਭੀਮ ਰਾਓ
ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੋਤਾ ਸੀ ਨੇ ਸਿਰਫ
ਚਮਚੇ ਹੀ ਪੈਦਾ ਕੀਤੇ ਹਨ। ਉਹ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ
ਕਹਿੰਦੇ ਸਨ ਕਿ ਇਸ ਸਮਝੋਤੇ ਕਾਰਨ ਪੀ ਐਮ ਰਾਮਸੇ ਮੈਕਡੋਨਲਡ ਦੇ
ਕਮਿਊਨਲ ਐਵਾਰਡ ਦੁਆਰਾ ਦੱਸੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ
ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਬਾਬੂ ਜੀ ਨੇ ਇਸ
ਸਬੰਧੀ ਅਪਣੀ ਕਿਤਾਬ ਚਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ
ਹੈ। ਬਾਬੂ ਜੀ ਨੇ ਦਲਿਤ ਕਰਮਚਾਰੀਆਂ ਨੂੰ ਸੰਗਠਿਤ ਕੀਤਾ ਅਤੇ ਉਚੱ
ਜਾਤਿ ਦੇ ਕਰਮਚਾਰੀਆਂ ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ
ਦਾ ਵਿਰੋਧ ਕਰਨ ਲਈ ਤਿਆਰ ਕੀਤਾ। ਇਸ ਸਮੇਂ ਦੋਰਾਨ ਹੀ ਬਾਬੂ ਜੀ ਨੇ
ਅਪਣਾ ਜੀਵਨ ਲਿਤਾੜ੍ਹੇ ਵਰਗਾਂ ਦੇ ਨਾਮ ਕਰਕੇ ਵਿਆਹ ਨਾਂ ਕਰਵਾਉਣ ਦਾ
ਫੈਸਲਾ ਕੀਤਾ। ਇਸਤੋਂ ਬਾਦ ਨਾਂ ਤਾਂ ਬਾਬੂ ਜੀ ਨੇ ਵਿਆਹ ਹੀ ਕਰਵਾਇਆ
ਅਤੇ ਨਾਂ ਹੀ ਮੁੜ੍ਹਕੇ ਅਪਣੇ ਘਰ ਆਏ। ਬਾਬੂ ਜੀ ਨੇ ਦਲਿਤ ਸਮਾਜ ਵਿੱਚ
ਜਾਗਰੂਕਤਾ ਪੈਦਾ ਕਰਨ ਲਈ ਅਪਣੇ ਕੁੱਝ ਸਾਥੀਆਂ ਨਾਲ ਸਾਇਕਲ ਯਾਤਰਾ
ਕੀਤੀ।
6 ਦਿਸੰਬਰ,
1978 ਨੂੰ ਬਾਬੂ ਜੀ ਨੇ ਬੈਕਵਰਡ ਐਂਡ ਮਨਾਰਟੀਜ਼ ਕਮਿਊਨਿਟੀ
ਇੰਪਲਾਇਜ਼ ਫੈਡਰੇਸ਼ਨ ਬਾਮਸੇਫ ਨਾਮ ਦਾ ਕਰਮਚਾਰੀ ਸੰਗਠਨ ਬਣਾਇਆ ਅਤੇ
3 ਸਾਲ ਬਾਦ
6 ਦਿਸੰਬਰ
1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4
ਨਾਮ ਦਾ ਸੰਗਠਨ ਤਿਆਰ ਕੀਤਾ।
14 ਅਪ੍ਰੈਲ
1984 ਨੂੰ ਬਾਬੂ ਜੀ ਨੇ ਰਾਜਨੀਤਿਕ ਪਾਰਟੀ ਬਹੁਜਨ ਸਮਾਜ
ਪਾਰਟੀ ਬਣਾ ਦਿਤੀ ਅਤੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ
ਦਿਤਾ। ਬਾਬੂ ਜੀ ਦੁਆਰਾ
6000 ਜਾਤਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਅਤੇ
85 ਫਿਸਦੀ ਵਰਗ ਦੇ ਲੋਕਾਂ ਨੂੰ ਬਹੁਜ਼ਨ ਸਮਝਣ ਦੇ ਤਜ਼ਰਬੇ
ਕਾਰਨ ਬੀ ਐਸ ਪੀ ਜਲਦੀ ਹੀ ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ ਕਈ
ਸਾਲਾਂ ਤੋਂ ਚਲਦੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡਕੇ ਤੀਜੇ
ਨੰਬਰ ਤੇ ਪਹੁੰਚ ਗਈ।
1989 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਬੂ ਕਾਂਸ਼ੀ ਰਾਮ ਦੀ
ਅਗਵਾਈ ਵਿੱਚ ਦੇਸ਼ ਵਿੱਚ
2.07 ਫਿਸਦੀ ਵੋਟਾਂ ਲਈਆਂ ਅਤੇ
3 ਲੋਕ ਸਭਾ ਮੈਂਬਰ ਬਣੇ ਜੋਕਿ
15ਵਂ ਲੋਕ ਸਭਾ ਤੱਕ
21 ਤੱਕ ਪਹੁੰਚ ਗਏ।
1992 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ
ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ
ਵਿੱਚ
9 ਵਿਧਾਇਕ ਚੁਣੇ ਗਏ ਅਤੇ ਮੁੱਖ ਵਿਰੋਧੀ ਪਾਰਟੀ ਬਣੀ।
1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ੍
ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ
67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਬਾਬੂ ਜੀ ਆਪ
ਦੋ ਵਾਰ
1991 ਅਤੇ
1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ।
1998 ਵਿੱਚ ਬਾਬੂ ਜੀ ਨੇ ਇਹ ਵਾਅਦਾ ਕੀਤਾ ਕਿ ਉਹ ਉਦੋਂ ਤੱਕ
ਆਪ ਚੋਣ ਨਹੀਂ ਲੜਣਗੇ ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘਟ
100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ
ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ
ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ
ਉਤਰੱ ਪ੍ਰਦੇਸ ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ ਬਣਾਈ ਅਤੇ ਬਹੁਜਨ
ਸਮਾਜ ਪਾਰਟੀ ਨੇਤਾ ਪਹਿਲੀ ਦਲਿਤ ਮਹਿਲਾ ਕੁਮਾਰੀ ਮਾਇਆਵਤੀ ਮੁੱਖ
ਮੰਤਰੀ ਬਣੀ। ਬਾਬੂ ਕਾਂਸ਼ੀ ਰਾਮ ਦੀ ਮਿਹਨਤ ਅਤੇ ਕੋਸ਼ਿਸ ਦਾ ਹੀ ਨਤੀਜਾ
ਹੈ ਕਿ ਮੋਜੂਦਾ ਸਮੇਂ ਦੇਸ਼ ਦੇ ਕਈ ਸੂਬਿਆਂ ਵਿੱਚ ਬੀ ਐਸ ਪੀ ਦੇ
ਵਿਧਾਇਕ ਬੈਠੇ ਹਨ,
21 ਲੋਕ ਸਭਾ ਮੈਂਬਰ ਅਤੇ
15 ਰਾਜ ਸਭਾ ਮੈਂਬਰ ਪਾਰਟੀ ਦੀ ਅਗਵਾਈ ਕਰ ਰਹੇ ਹਨ। ਬਾਬੂ
ਜੀ ਲੰਬੀ ਬਿਮਾਰੀ ਬਾਦ ਮਿਤੀ
09 ਅਕਤੂਬਰ
2006 ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਦੇ
ਪਰਿਵਾਰ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾ ਦੇ ਨਾਨਕੇ ਪਿੰਡ ਇੱਕ
ਮੰਦਰ ਬਣਾਇਆ ਗਿਆ ਹੈ ਜਿਸ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ
ਵਸਤਾਂ ਦੀ ਇੱਕ ਲਾਇਬ੍ਰੇਬੀ ਵੀ ਤਿਆਰ ਕੀਤੀ ਗਈ ਹੈ। ਸਵਰਗੀ ਬਾਬੂ
ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ
ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ
ਹੈ। ਭਾਰਤੀ ਜਨਤਾ ਪਾਰਟੀ ਵਲੋਂ ਵੀ ਪਿਛਲੇ ਦਿਨੀਂ ਬਾਬੂ ਕਾਂਸ਼ੀ ਰਾਮ
ਦੇ ਸਨਮਾਨ ਵਿੱਚ ਵਿਸ਼ੇਸ਼ ਯਾਤਰਾ ਕੱਢੀ ਗਈ। ਦੇਸ ਵਿੱਚ ਦਲਿਤ ਰਾਜਨੀਤੀ
ਦਾ ਧੁਰਾ ਰਹੇ ਬਾਬੂ ਕਾਂਸ਼ੀ ਰਾਮ ਦਾ ਨਾਮ ਰਹਿੰਦੀ ਦੁਨੀਆਂ ਤੱਕ
ਲੋਕਾਂ ਦੇ ਦਿਲਾਂ ਵਿੱਚ ਵਸਿਆ ਰਹੇਗਾ।
ਕੁਲਦੀਪ ਚੰਦ
9417563054