26 ਜਨਵਰੀ 2014 ਗਣਤੰਤਰ ਦਿਵਸ ਸਬੰਧੀ ਵਿਸ਼ੇਸ਼।


24 ਜਨਵਰੀ, 2014 (ਕੁਲਦੀਪ ਚੰਦ) ਲੰਬੀ ਲੜਾਈ ਅਤੇ ਲੱਖਾਂ ਲੋਕਾਂ ਦੀਆਂ ਸ਼ਹੀਦੀਆਂ ਤੋਂ ਬਾਦ 15 ਅਗਸਤ 1947 ਨੂੰ ਭਾਰਤ ਦੇਸ਼ ਨੂੰ ਅਜ਼ਾਦੀ ਮਿਲੀ। ਆਜ਼ਾਦੀ ਤੋਂ ਬਾਅਦ ਕਈ ਵਾਰ ਸੰਸ਼ੋਧਨ ਕਰਨ ਦੇ ਬਾਅਦ ਭਾਰਤੀ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ ਗਿਆ ਜੋਕਿ ਅਜਾਦੀ ਤੋਂ 3 ਸਾਲ ਬਾਅਦ 26 ਨਵੰਬਰ 1949 ਨੂੰ ਕੰਸਟੀਟਿਊਸ਼ਨਲ ਅਸੈਂਬਲੀ ਵਲੋਂ ਅਧਿਕਾਰਿਕ ਰੂਪ ਨਾਲ ਪਾਸ ਕੀਤਾ ਗਿਆ ਅਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਉਦੋਂ ਤੋਂ ਹੀ ਹਰ ਸਾਲ 26 ਜਨਵਰੀ ਦੇ ਦਿਹਾੜੇ ਨੂੰ ਅਸੀਂ ਗਣਤੰਤਰ ਦਿਵਸ ਵਜੋਂ ਮਨਾਉਂਦੇ ਆ ਰਹੇ ਹਾਂ। 26 ਜਨਵਰੀ ਦਾ ਹੀ ਦਿਨ ਸੀ ਜਦੋਂ 1930 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਸਵੈਰਾਜ ਅਤੇ ਅਜ਼ਾਦੀ ਦੀ ਘੋਸ਼ਣਾ ਕੀਤੀ ਸੀ। ਭਾਰਤੀ ਲੋਕਤੰਤਰ ਅਵਸਥਾ ਪਿਛਲੇ ਸਮੇਂ ਦੌਰਾਨ ਕਈ ਉਤਾਰ ਚੜਾਅ ਦੇਖੇ ਹਨ। ਇਸ ਦੌਰਾਨ ਲੋਕਤੰਤਰ ਅਵਸਥਾ ਦੇ ਪ੍ਰਤੀ ਕਈ ਥਾਵਾਂ ਤੇ ਅਸੰਤੋਸ਼ ਵੀ ਪ੍ਰਗਟਾਇਆ ਗਿਆ। ਅਸੰਤੋਸ਼ ਦਾ ਕਾਰਨ ਭ੍ਰਿਸ਼ਟ ਸ਼ਾਸ਼ਨ, ਪ੍ਰਸ਼ਾਸ਼ਨ ਅਤੇ ਰਾਜਨੀਤੀ ਦਾ ਅਪਰਾਧੀਕਰਨ ਰਿਹਾ। ਭਾਰਤ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਅਤੇ ਸੰਗਠਨ ਹਨ ਜੋ ਭਾਰਤੀ ਸੰਵਿਧਾਨ ਦੇ ਪ੍ਰਤੀ ਸ਼ਰਧਾ ਨਹੀਂ ਰੱਖਦੇ, ਇਸਦਾ ਕਾਰਨ ਸਾਡਾ ਸੰਵਿਧਾਨ ਨਹੀਂ ਹੈ, ਸੰਵਿਧਾਨ ਅਨੁਸਾਰ ਕੰਮ ਨਹੀਂ ਕਰਨਾ ਹੈ। ਮਾਓਵਾਦੀ ਵਰਗੇ ਪੂਰਬਉਤੱਰ ਦੇ ਕਈ ਸੰਗਠਨ ਅੱਜ ਵੀ ਜੇਕਰ ਚੱਲ ਰਹੇ ਹਨ ਤਾਂ ਕਾਰਨ ਸਿਰਫ ਇੰਨਾ ਹੈ ਕਿ ਭ੍ਰਿਸ਼ਟ ਗੈਰਜਿੰਮੇਦਾਰ ਰਾਜਨੀਤਿਕਾਂ ਅਤੇ ਅਪਰਾਧੀਆਂ ਦੇ ਚੱਲਦੇ ਉਹਨਾਂ ਦਾ ਲੋਕਤੰਤਰ ਤੋਂ ਵਿਸ਼ਵਾਸ਼ ਉਠ ਗਿਆ। ਇਹ ਵੀ ਅਟਲ ਸਚਾਈ ਹੈ ਕਿ ਜਬਰਦਸਤੀ ਵਿਵਸਥਾ ਅਤੇ ਤਾਨਾਸ਼ਾਹ ਕਦੀ ਦੁਨੀਆਂ ਤੇ ਚੱਲ ਨਹੀਂ ਪਾਇਆ ਹੈ। ਮੰਨਿਆ ਕਿ ਲੋਕਤੰਤਰ ਦੀਆਂ ਕਈ ਖਾਮੀਆਂ ਹੁੰਦੀਆਂ ਹਨ, ਪਰ ਤਾਨਾਸ਼ਾਹੀ ਜਾਂ ਧਾਰਮਿਕ ਕਾਨੂੰਨ ਦੀ ਵਿਵਸਥਾ ਵਿਅਕਤੀਗਤ ਸੁਤੰਤਰਤਾ ਦਾ ਅਧਿਕਾਰ ਖੋਹ ਲੈਂਦੀ ਹੈ। ਜਰਮਨੀ ਅਤੇ ਅਫਗਾਨਿਸਤਾਨ ਵਿੱਚ ਕੀ ਹੋਇਆ ਇਹ ਸਾਰੇ ਜਾਣਦੇ ਹਨ। ਸੋਵੀਅਤ ਸੰਘ ਕਿਉਂ ਵਿਖਰ ਗਿਆ ਇਹ ਵੀ ਕਹਿਣ ਦੀ ਗੱਲ ਨਹੀਂ ਹੈ। ਸਾਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਹੋਣ ਦਾ ਗਰਵ ਹੈ। ਸਾਡਾ ਲੋਕਤੰਤਰ ਹੌਲੀ-ਹੌਲੀ ਪਰਿਪੱਕ ਹੋ ਰਿਹਾ ਹੈ। ਅਸੀਂ ਪਹਿਲਾਂ ਤੋਂ ਕਿਤੇ ਜ਼ਿਆਦਾ ਸਮਝਦਾਰ ਹੁੰਦੇ ਜਾ ਰਹੇ ਹਾਂ। ਹੌਲੀ-ਹੌਲੀ ਸਾਨੂੰ ਲੋਕਤੰਤਰ ਦੀ ਸਮਝ ਆਉਣ ਲੱਗੀ ਹੈ। ਸਿਰਵ ਲੋਕਤੰਤਰਿਕ ਵਿਵਸਥਾ ਵਿੱਚ ਹੀ ਵਿਅਕਤੀ ਖੁੱਲ ਕੇ ਜੀਅ ਸਕਦਾ ਹੈ। ਆਪਣੇ ਆਪ ਦੇ ਵਿਅਕਤੀਤਵ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੀਆਂ ਸਾਰੀਆਂ ਮਹੱਤਵਕਾਸ਼ਾਂ ਪੂਰੀਆਂ ਕਰ ਸਕਦਾ ਹੈ। ਜਿਹੜੇ ਲੋਕ ਇਹ ਸੋਚਦੇ ਹਨ ਕਿ ਇਸ ਦੇਸ਼ ਵਿੱਚ ਤਾਨਾਸ਼ਾਹੀ ਜ਼ਾਂ ਕੱਟੜ ਧਾਰਮਿਕ ਨਿਯਮ ਹੋਣੇ ਚਾਹੀਦੇ ਹਨ ਉਹ ਇਹ ਨਹੀਂ ਜਾਣਦੇ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਕੀ ਹੋਇਆ। ਉੱਥੇ ਦੀ ਜਨਤਾ ਹੁਣ ਖੁਲ ਕੇ ਜਿਉਣ ਲਈ ਤਰਸ ਰਹੀਂ ਹੈ। ਇਹ ਸਿਰਫ ਨਾਮਾਤਰ ਦੇ ਦੇਸ਼ ਹਨ। ਭਾਵੇਂ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਅੱਜ ਸਾਡੇ ਲੋਕਤੰਤਰ ਤੇ ਭ੍ਰਿਸ਼ਟਤੰਤਰ, ਅਪਰਾਧੀਤੰਤਰ, ਮਾਫੀਆਤੰਤਰ, ਮਹਿੰਗਾਈਤੰਤਰ, ਕਾਰਪੋਰੇਟਤੰਤਰ, ਰਿਸ਼ਵਤਤੰਤਰ, ਸਿਫਾਰਿਸ਼ਤੰਤਰ ਹਾਵੀ ਹੋ ਗਿਆ ਹੈ ਜਿਸ ਕਾਰਨ ਅੱਜ ਸਾਡੇ ਦੇਸ਼ ਨੂੰ ਸਾਰੀ ਦੁਨੀਆਂ ਸਾਹਮਣੇ ਸ਼ਰਮਿੰਦਗੀ ਉਠਾਣੀ ਪੈ ਰਹੀ ਹੈ। ਗਣਤੰਤਰ ਦਿਵਸ ਨੂੰ ਦੇਸ਼ ਦੀ ਰੱਖਿਆ ਲਈ ਫੌਜ਼ਾਂ ਦੀ ਤਿਆਰੀ ਨੂੰ ਦਿਖਾਇਆ ਜਾਂਦਾ ਹੈ ਪਰ ਸਾਡੇ ਦੇਸ਼ ਦੇ ਰਾਜਨੀਤਿਕਾਂ ਨੇ ਹਥਿਆਰਾਂ ਦੀ ਖਰੀਦ ਫਰੋਖਤ ਵਿੱਚ ਵੀ ਭ੍ਰਿਸ਼ਟਾਚਾਰ ਕਰਕੇ ਅਤੇ ਦਲਾਲੀ, ਕਮਿਸ਼ਨ ਖਾ ਕੇ ਘਟੀਆਂ ਹਥਿਆਰਾਂ ਦੀ ਖਰੀਦ ਕਰਕੇ ਦੇਸ਼ ਦੀ ਜਨਤਾ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਾਡੇ ਦੇਸ਼ ਦੇ ਰਾਜਨੀਤਿਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਦੇਸ਼ ਦੀ ਰੱਖਿਆ ਕਰਨ ਵਾਲੀਆਂ ਫੌਜ਼ਾਂ ਅਤੇ ਉਹਨਾਂ ਦੇ ਜੰਗੀ ਸਾਜੋਸਮਾਨ ਨੂੰ ਤਾਂ ਸਾਫ ਸੁਥਰਾ ਰਹਿਣ ਦਿੰਦੇ। ਜੇਕਰ ਹਥਿਆਰ ਹੀ ਘਟੀਆਂ ਖਰੀਦ ਲਏ ਜਾਣ ਤਾਂ ਦੇਸ਼ ਦੀ ਰੱਖਿਆ ਕਿਵੇਂ ਹੋ ਸਕੇਗੀ। ਸਾਡਾ ਦੇਸ਼ ਅਤੇ ਸਮਾਜ ਬਦਲ ਰਿਹਾ ਹੈ। ਮੀਡੀਆ ਜਾਗ੍ਰਿਤ ਹੋ ਰਿਹਾ ਹੈ। ਜਨਤਾ ਵੀ ਜਾਗ ਰਹੀ ਹੈ। ਯੁਵਾ ਸੋਚ ਦਾ ਵਿਕਾਸ ਹੋ ਰਿਹਾ ਹੈ। ਸਿੱਖਿਆ ਦਾ ਪੱਧਰ ਵੱਧ ਰਿਹਾ ਹੈ। ਤਕਨਾਲੋਜੀ ਸਬੰਧੀ ਲੋਕਾਂ ਦੀ ਫੌਜ ਵੱਧ ਰਹੀ ਹੈ। ਇਸ ਸਭ ਦੇ ਚੱਲਦੇ ਦੇਸ਼ ਦਾ ਰਾਜਨੀਤਿਕ ਵੀ ਸੁਚੇਤ ਹੋ ਗਿਆ ਹੈ। ਹੁਣ ਜ਼ਿਆਦਾ ਸਮੇਂ ਤੱਕ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਵਿੱਚ ਭ੍ਰਿਸ਼ਟਾਚਾਰ, ਅਪਰਾਧ ਅਤੇ ਅਯੋਗਤਾ ਨਹੀਂ ਚੱਲ ਪਾਏਗੀ ਅਤੇ ਸਾਡੇ ਭਵਿੱਖ ਦਾ ਗਣਤੰਤਰ ਗੁਣਤੰਤਰ ਤੇ ਅਧਾਰਿਤ ਹੋਵੇਗਾ।
ਕੁਲਦੀਪ ਚੰਦ