ਔਰਤਾਂ ਦੇ ਹੋ ਰਹੇ ਸਰੀਰਕ ਸ਼ੋਸ਼ਣ ਲਈ
ਮਨੂੰਵਾਦੀ ਸੋਚ ਜਿੰਮੇਵਾਰ
ਹਰਜਿੰਦਰ ਪਾਲ ਹੀਰ
ਅੱਜ ਦੇ ਆਧੁਨਿਕ ਯੁੱਗ ਵਿਚ ਵੀ
ਭਾਰਤ ਵਿਚ ਦਲਿਤ ਸਮਾਜ ਨਾਲ ਦੇਖੋ ਕਿਸ ਤਰ੍ਹਾਂ ਅਨਿਆ ਹੋ ਰਿਹਾ
ਹੈ। ਇਕ ਛੋਟੀ ਜਿਹੀ ਸਟੇਟ ਹਰਿਆਣਾ ਵਿਚ ਆਏ ਦਿਨ ਬਲਾਤਕਾਰ ਹੋ
ਰਹੇ ਹਨ। ਕੁਝ ਕੁ ਕਸੂਰਵਾਰ ਲੋਕਾਂ ਤੇ ਕੇਸ ਰਜਿਸਟਰ ਹੋਏ ਹਨ ਪਰ
ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਮ੍ਹਣੇ ਆਏ ਹਨ
ਜਿਸ ਵਿਚ ਇਨ੍ਹਾਂ ਘਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ
ਲੋਕਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਕੋਈ ਵੀ ਕੇਸ
ਰਜਿਸਟਰ ਨਹੀਂ ਹੋਇਆ। ਪਿਛਲੇ ਦਿਨੀਂ ਇਕ ਮਹੀਨੇ ਅੰਦਰ 15
ਬਲਾਤਕਾਰ ਦੀਆਂ ਘਟਨਾਵਾਂ ਸਾਮ੍ਹਣੇ ਆ ਚੁੱਕੀਆਂ ਹਨ। ਦਲਿਤਾਂ ਤੇ
ਹੋ ਰਹੇ ਇਸ ਘਨੌਣੇ ਅੱਤਿਆਚਾਰਾਂ ਦੇ ਮਾਮਲੇ ਤੇ ਹੁਣ ਖਾਪ
ਪੰਚਾਇਤਾਂ ਵੀ ਚੁੱਪ ਸਨ, ਹੁਣ ਸ਼ਰਮ ਦੇ ਮਾਰੇ ਤਰੋੜ-ਮਰੋੜ ਕੇ ਇਹ
ਬਿਆਨਬਾਜੀ ਕਰ ਰਹੀਆਂ ਹਨ ਕਿ ਲੜਕੀਆਂ ਦੇ ਵਿਆਹ ਦੀ ਉਮਰ ਘਟਾ ਕੇ
15 ਸਾਲ ਕਰ ਦਿੱਤੀ ਜਾਵੇ। ਹੋਰ ਤਾਂ ਹੋਰ ਹਰਿਆਣਾ ਦੇ ਸਾਬਕਾ
ਮੁੱਖ ਮੰਤਰੀ ਨੇ ਵੀ ਇਸ ਗੱਲ ਨੂੰ ਮੰਨਦਿਆਂ ਇਸ ਨਾਵਾਜਬ ਗੱਲ ਦੀ
ਹਾਮੀ ਭਰੀ। ਕਿੰਨੇ ਸ਼ਰਮ ਦੀ ਗੱਲ ਹੈ ਕਿ ਔਰਤਾਂ ਤੇ ਹੋ ਰਹੇ
ਅੱਤਿਆਚਾਰਾਂ ਨੂੰ ਰੋਕਣ ਦੀ ਬਜਾਏ ਇਸ ਜਿੰਮੇਵਾਰੀ ਤੋਂ ਸਭ ਕਿਸ
ਤਰ੍ਹਾਂ ਆਪਣਾ ਪੱਲਾ ਛੁਡਾ ਰਹੇ ਹਨ। ਇਸ ਵਾਰ ਮਨੂੰਵਾਦੀ
ਮਾਨਸਿਕਤਾ ਵਾਲੇ ਲੋਕਾਂ ਨੇ ਇਕ ਵਾਰ ਫਿਰ ਦੱਸ ਦਿੱਤਾ ਹੈ ਕਿ ਇਹ
ਔਰਤ ਨੂੰ ਪੈਰ ਦੀ ਜੁੱਤੀ ਦੇ ਸਮਾਨ ਹੀ ਸਮਝਦੇ ਹਨ। ਮੈਂ ਚੋਟਾਲਾ
ਸਾਹਿਬ ਤੋਂ ਇਹ ਪੁੱਛਣਾ ਚਾਹਾਂਗਾ ਕਿ ਉਹ ਛੇ-ਛੇ ਸਾਲ ਦੀਆਂ
ਲੜਕੀਆਂ ਨਾਲ ਜੋ ਬਲਾਤਕਾਰ ਹੋ ਰਹੇ ਹਨ ਉਨ੍ਹਾਂ ਦਾ ਵਿਆਹ ਕਿੰਨੇ
ਸਾਲ ਪਹਿਲਾਂ ਕਰਨਾ ਚਾਹੀਦਾ ਹੈ। ਮਨੂੰਵਾਦੀ ਲੋਕ ਲੜਕੀਆਂ ਨੂੰ
ਅੱਗੇ ਵਧਣ ਅਤੇ ਪੜ੍ਹਨ-ਲਿਖਣ ਅਤੇ ਆਪਣਾ ਭਵਿੱਖ ਉਜਵਲ ਬਣਾਉਣ ਦੇ
ਸਾਰੇ ਮੌਕਿਆਂ ਤੇ ਪੂਰੀ ਤਰ੍ਹਾਂ ਪਾਬੰਧੀ ਲਗਾ ਦੇਣਾ ਚਾਹੁੰਦੇ
ਹਨ। ਕਿਸੇ ਵੀ ਸਮਾਜ ਦੀ ਤਰੱਕੀ ਦੀ ਨਿਸ਼ਾਨੀ ਉਸ ਸਮਾਜ ਦੀਆਂ
ਪੜ੍ਹੀਆਂ ਲਿਖੀਆਂ ਔਰਤਾਂ ਹੁੰਦੀਆਂ ਹਨ। ਇਸੇ ਲਈ ਬਾਬਾ ਸਾਹਿਬ
ਡਾ. ਅੰਬੇਡਕਰ ਜੀ ਨੇ ਔਰਤ ਦੀ ਆਜਾਦੀ ਲਈ ਅਤੇ ਔਰਤ ਤੇ ਹੋ ਰਹੇ
ਅੱਤਿਆਚਾਰਾਂ ਵਿਰੁੱਧ ਹਿੰਦੂ ਕੋਡ ਬਿਲ ਪਾਸ ਕਰਵਾਉਣ ਲਈ ਸਰਕਾਰ
ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ। ਓਦੋਂ ਵੀ ਮਨੂੰਵਾਦੀ ਲੋਕਾਂ
ਨੇ ਬਾਬਾ ਸਾਹਿਬ ਦਾ ਵਿਰੋਧ ਕੀਤਾ ਸੀ ਕਿਉਂਕਿ ਮਨੂੰਸਮ੍ਰਿਤੀ
ਵਿਚ ਦਰਜ ਹੈ- ਇਨ੍ਹਾਂ ਔਰਤਾਂ ਦੇ ਜਾਤ ਕਰਮ ਆਦਿ ਸੰਸਕਾਰ
ਵੇਦਾਂ ਦੇ ਮੰਤਰਾਂ ਨਾਲ ਮੇਲ ਨਹੀਂ ਹੁੰਦੇ। ਇਸ ਲਈ ਵੇਦ ਮੰਤਰਾਂ
ਦਾ ਅਧਿਕਾਰ ਨਾ ਹੋਣ ਕਰਕੇ ਇਹ ਅਪਵਿੱਤਰ ਹੀ ਰਹਿੰਦੀਆਂ ਹਨ
(ਮਨੂੰ ਸਿਮ੍ਰਿਤੀ, 18) ਅਤੇ ਤੁਲਸੀਦਾਸ ਦਾ ਵੀ ਕਹਿਣਾ ਹੈ-
ਢੋਰ, ਸ਼ੂਦਰ ਔਰ ਨਾਰੀ, ਤੀਨੋਂ ਤਾੜਨ ਕੇ ਅਧਿਕਾਰੀ।ਇਨ੍ਹਾਂ
ਗੱਲਾਂ ਨੂੰ ਹੀ ਮੰਨਦਾ ਆਇਆ ਹੈ ਸਾਡੇ ਦੇਸ਼ ਦਾ ਹਰ ਬਸ਼ਿੰਦਾ ਅਤੇ
ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਔਰਤ ਮੁਕਤੀ ਲਈ ਆਪਣਾ ਪੂਰਾ
ਧਿਆਨ ਅਤੇ ਦਿਨ-ਰਾਤ ਇਕ ਕਰਕੇ ਔਰਤ ਨੂੰ ਸਾਰੇ ਸੰਵਿਧਾਨਕ ਹੱਕ
ਦੁਆਏ। ਪਰ ਅੱਜ ਦੀ ਮਨੂੰਵਾਦੀ ਸਰਕਾਰਾਂ ਔਰਤਾਂ ਤੇ ਹੋ ਰਹੇ
ਅੱਤਿਆਚਾਰਾਂ ਵਿਰੁੱਧ ਬੇਬੱਸ ਹੋ ਕੇ ਬੈਠੀਆਂ ਹਨ ਕੋਈ ਵੀ ਦਲਿਤ
ਔਰਤਾਂ ਤੇ ਹੋ ਰਹੇ ਇਨ੍ਹਾਂ ਅੱਤਿਆਚਾਰਾਂ ਨੂੰ ਰੋਕਣ ਲਈ ਯੋਗ
ਉਪਰਾਲੇ ਨਹੀਂ ਕਰ ਰਿਹਾ ਕਿਉਂਕਿ ਇਨ੍ਹਾਂ ਲੋਕਾਂ ਦੀ ਮਨੂੰਵਾਦੀ
ਸੋਚ ਇਨ੍ਹਾਂ ਨੂੰ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ
ਬੋਲਣ ਨਹੀਂ ਦੇ ਰਹੀ ਸਗੋਂ ਇਸ ਨੂੰ ਜਾਇਜ ਮੰਨ ਕੇ ਔਰਤਾਂ ਤੇ ਹੀ
ਪਾਬੰਧੀਆਂ ਲਗਾਈਆਂ ਜਾ ਰਹੀਆਂ ਹਨ।
ਮੌਕੇ ਦੀ
ਸਰਕਾਰ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਯੋਗ
ਉਪਰਾਲੇ ਨਹੀਂ ਕਰ ਰਹੀ। ਇਕ ਪਾਸੇ ਦਲਿਤਾਂ ਦੀ ਅਣਖ ਨੂੰ ਮਿੱਟੀ
ਵਿਚ ਰੁਲਾਇਆ ਜਾ ਰਿਹਾ ਹੈ ਦੂਜੇ ਪਾਸੇ ਦਲਿਤਾਂ ਨੂੰ ਆਰਥਿਕ
ਪੱਧਰ ਤੇ ਪੂਰੀ ਤਰ੍ਹਾਂ ਰੁਲਾਇਆ ਜਾ ਰਿਹਾ ਹੈ। ਦਲਿਤ ਰਹਿਬਰ
ਭਗਵਾਨ ਵਾਲਮਿਕ ਨੇ ਫ਼ਰਮਾਇਆ ਹੈ ਕਿ ਜਨਨੀ (ਮਾਤਾ, ਪਤਨੀ ਅਤੇ
ਭੈਣ) ਅਤੇ ਜਨਮ ਭੂਮੀ (ਘਰ ਅਤੇ ਵਾਤਾਵਰਣ) ਹੀ ਸੱਚਾ ਸਵਰਗ ਹੈ
ਪਰ ਲੱਗਦਾ ਹੈ ਕਿ ਭਾਰਤ ਵਿਚ ਦਲਿਤਾਂ ਲਈ ਇਹ ਸਵਰਗ ਬਹੁਤ ਦੂਰ
ਹੈ ਅਜੇ। ਕਿਉਂਕਿ ਜਿੱਥੇ ਦਲਿਤ ਔਰਤਾਂ ਦੀ ਇੱਜਤ ਦੀ ਕੋਈ ਵੀ
ਕੀਮਤ ਨਹੀਂ ਸਮਝੀ ਜਾਂਦੇ, ਜਿੱਥੇ ਦਲਿਤਾਂ ਦੇ ਜੀਵਨ ਪੱਧਰ ਨੂੰ
ਉੱਚਾ ਚੁੱਕਣ ਲਈ ਕੋਈ ਯੋਗ ਉਪਰਾਲੇ ਨਹੀਂ ਕੀਤੇ ਜਾ ਰਹੇ ਉੱਥੇ
ਤਾਂ ਦਲਿਤਾਂ ਲਈ ਨਰਕ ਹੀ ਨਰਕ ਮੌਜੂਦ ਹੈ। ਉਦਾਹਰਣ ਦੇ ਤੌਰ ਤੇ
ਦਲਿਤਾਂ ਲਈ ਪੀਣ ਵਾਲੇ ਪਾਣੀ ਦਾ ਕੋਈ ਵੀ ਯੋਗ ਪ੍ਰਬੰਧ ਨਹੀਂ ਹੈ
ਸਗੋਂ ਪਾਣੀ ਦੇ ਨਿਕਾਸ ਤੇ ਪਾਬੰਧੀਆਂ ਲਗਾਈਆਂ ਜਾ ਰਹੀਆਂ ਹਨ।
ਦਲਿਤਾਂ ਲਈ ਅਲਾਟ ਹੋਈਆਂ ਰੂੜੀਆਂ ਵਾਲੀਆਂ ਥਾਵਾਂ ਅਤੇ
ਸ਼ਮਸ਼ਾਨਘਾਟ ਧੱਕੇ ਨਾਲ ਖੋਹੇ ਜਾ ਰਹੇ ਹਨ। ਦਲਿਤਾਂ ਨੂੰ ਧੱਕੇ
ਨਾਲ ਉਠਾਇਆ ਜਾ ਰਿਹਾ ਹੈ, ਦਲਿਤ ਬਸਤੀਆਂ ਨੂੰ ਅੱਗਾਂ ਲਾ ਕੇ
ਫੂਕਿਆ ਜਾ ਰਿਹਾ ਹੈ। ਦਲਿਤ ਘਰੋਂ ਬੇਘਰ ਹੋ ਰਹੇ ਹਨ।
ਦਲਿਤਾਂ ਨੂੰ ਅਛੂਤ ਦੱਸ ਕੇ, ਚੂੜ੍ਹੇ-ਚਮਾਰ ਜਾਂ ਢੇਢ ਕਹਿ ਕੇ
ਇਨ੍ਹਾਂ ਦੀ ਬੇਇਜ਼ਤੀ ਕੀਤੀ ਜਾਂਦੀ ਹੈ। ਹੁਣ ਦਲਿਤ ਸਮਾਜ ਨੂੰ
ਚੁੱਪ ਕਰਕੇ ਬੈਠਣਾ ਨਹੀਂ ਚਾਹੀਦਾ ਸਾਡੇ ਸਮਾਜ ਨੂੰ ਇਕ
ਜਾਗ੍ਰਿਤੀ ਦਾ ਬਿਗੁਲ ਵਜਾ ਦੇਣਾ ਚਾਹੀਦਾ ਹੈ ਤਾਂ ਕਿ ਪੂਰੀ
ਦੁਨੀਆਂ ਨੂੰ ਪਤਾ ਲੱਗ ਸਕੇ ਕਿ ਹੁਣ ਦਲਿਤਾਂ ਤੇ ਹੋ ਰਹੇ
ਇਨ੍ਹਾਂ ਅੱਤਿਆਚਾਰਾਂ ਨੂੰ ਹੋਰ ਸਹਿਣ ਨਹੀਂ ਕੀਤਾ ਜਾਵੇਗਾ।
ਉਪਰੋਕਤ
ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਦਾ ਕਾਰਣ ਕੀ ਹੈ, ਕੀ ਦਲਿਤਾਂ
ਦੀ ਗਿਣਤੀ ਸਵਰਣਾ ਨਾਲੋਂ ਘੱਟ ਹੈ। ਭਾਵੇਂ ਕਿ ਦਲਿਤਾਂ ਦੀ
ਗਿਣਤੀ ਸਵਰਣ ਸਮਝੀਆਂ ਜਾਂਦੀਆਂ ਜਾਤਾਂ ਨਾਲੋਂ ਬਹੁਤ ਵੱਧ ਹੈ ਪਰ
ਪੂਰੇ ਭਾਰਤ ਵਿਚ ਸਵਰਣ ਜਾਤੀਆਂ ਦਾ ਏਕਾ ਹੈ। ਦੂਜੇ ਪਾਸੇ ਦਲਿਤ
ਦਿਨੋਂ ਦਿਨ ਵੰਡ ਹੋਈ ਜਾ ਰਹੇ ਹਨ। ਸਵਰਣ ਜਾਤੀਆਂ ਦੇ ਦਿਲਾਂ
ਵਿਚ ਬ੍ਰਾਹਮਣਵਾਦ ਦੀ ਸੋਚ ਘਰ ਕਰ ਚੁੱਕੀ ਹੈ ਪਰ ਸਾਡੇ ਦਿਲਾਂ
ਵਿਚ ਡਾ. ਬਾਬਾ ਸਾਹਿਬ ਦੀ ਸੋਚ ਅਤੇ ਸਾਡੇ ਮਹਾਨ ਦਲਿਤ ਰਹਿਬਰਾਂ
ਦੀ ਸੋਚ ਅਜੇ ਤੱਕ ਪੱਕੇ ਤੌਰ ਤੇ ਘਰ ਨਹੀਂ ਬਣਾ ਪਾਈ। ਅਸੀਂ ਲੋਕ
ਵੀ ਦਿਨੋਂ ਦਿਨ ਬ੍ਰਾਹਮਣਵਾਦ ਦੇ ਝਾਂਸੇ ਵਿਚ ਆ ਜਾਂਦੇ ਹਾਂ। ਇਸ
ਲਈ ਆਏ ਦਿਨ ਸਾਡੇ ਤੇ ਅੱਤਿਆਚਾਰ ਵੱਧ ਰਹੇ ਹਨ। ਸਵਰਣ ਜਾਤੀ ਦੇ
ਲੋਕ ਕਾਨੂੰਨ ਵੀ ਨਜ਼ਰਅੰਦਾਜ ਕਰਕੇ ਬ੍ਰਾਹਮਣਵਾਦੀ ਸੋਚ ਨੂੰ
ਪਹਿਲ ਦਿੰਦੇ ਹਨ ਪਰ ਅਸੀਂ ਲੋਕ ਬਹੁਗਿਣਤੀ ਹੋਣ ਦੇ ਬਾਵਜੂਦ
ਕਾਨੂੰਨ ਦਾ ਸਹਾਰਾ ਲੈ ਕੇ ਵੀ ਬ੍ਰਾਹਮਣਵਾਦ ਦਾ ਕੁਝ ਨਹੀਂ
ਵਿਗਾੜ ਪਾ ਰਹੇ। ਦਲਿਤਾਂ ਦੀ ਚੁੱਪ ਕਰਕੇ ਹੀ ਉਹ ਲੋਕ ਸੱਚ ਨੂੰ
ਝੂਠ ਵਿਚ ਬਦਲਣ ਵਿਚ ਕਾਮਯਾਬ ਹੋ ਜਾਂਦੇ ਹਨ। ਸਾਡੇ ਦਲਿਤ
ਰਹਿਬਰਾਂ ਜਿਵੇਂ ਕਿ ਡਾ. ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਜੀ
ਦੇ ਚਲੇ ਜਾਣ ਤੋਂ ਬਾਅਦ ਕੋਈ ਵੀ ਦਲਿਤ ਆਗੂ ਸਹੀ ਢੰਗ ਨਾਲ
ਦਲਿਤਾਂ ਨੂੰ ਸਹੀ ਦਿਸ਼ਾ ਦੇਣ ਵਿਚ ਸਫ਼ਲ ਨਹੀਂ ਹੋ ਪਾ ਰਿਹਾ ਹੈ,
ਖਾਸ ਕਰਕੇ ਪੰਜਾਬ ਤੇ ਹਰਿਆਣਾ ਵਿਚ। ਜਿੱਥੇ ਦਲਿਤਾਂ ਦੇ
ਪੜ੍ਹ-ਲਿਖ ਜਾਣ ਦੇ ਬਾਵਜੂਦ ਦਲਿਤ ਸਮਾਜ ਹਨੇਰੇ ਵਿਚ ਭਟਕ ਰਿਹਾ
ਹੈ। ਬਾਕੀ ਹੋਰ ਗਰੀਬ ਦਲਿਤਾਂ ਦੀ ਗੱਲ ਤਾਂ ਕੀ ਕਰਨੀ ਹੈ, ਗਰੀਬ
ਦਲਿਤ ਪਰਿਵਾਰਾਂ ਨਾਲ ਜੋ ਵਿਤਕਰਾ ਅਤੇ ਤਸ਼ੱਦਦ ਹੋ ਰਿਹਾ ਹੈ ਉਸ
ਨੂੰ ਇਹ ਲੋਕ ਆਪਣੀ ਕਿਸਮਤ ਮੰਨੀ ਬੈਠੇ ਹਨ ਅਤੇ ਕਿਸੇ ਕੋਲੋਂ ਵੀ
ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਉਹ ਉਮੀਦ ਨਹੀਂ
ਰੱਖਦੇ।
ਮੈਨੂੰ ਬੜੇ
ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਬਾਬੂ ਕਾਂਸ਼ੀ ਰਾਮ ਜੀ ਨੇ
ਆਪਣੇ ਜੀਵਨ ਦੇ 20 ਸਾਲ ਲਗਾ ਕੇ ਬਹੁਤ ਸੰਘਰਸ਼ ਕਰਕੇ ਜੋ ਬਾਮਸੇਫ
ਸੰਗਠਨ ਬਣਾਇਆ ਸੀ ਇਸ ਸੰਗਠਨ ਤੇ ਜੋ ਮਿਹਨਤ ਬਾਬੂ ਕਾਂਸ਼ੀ ਰਾਮ
ਜੀ ਨੇ ਕੀਤੀ ਸੀ ਉਸ ਤਰ੍ਹਾਂ ਹੋਰ ਕੋਈ ਨਹੀਂ ਕਰ ਰਿਹਾ। ਮਤਲਬ
ਪ੍ਰਸਤ ਲੋਕ ਇਸ ਸੰਗਠਨ ਨੂੰ ਛੱਡ ਕੇ ਹੋਰ ਵਿਰੋਧੀ ਪਾਰਟੀਆਂ
ਜਿਵੇਂ ਕਿ ਕਾਂਗਰਸ ਵਿਚ ਜਾ ਰਲੇ।ਹੁਣ ਤੱਕ ਦਾ ਇਤਿਹਾਸ ਦੇਖ ਲਓ,
ਹੋਰ ਕਿਸੇ ਵੀ ਪਾਰਟੀ ਵਿਚ ਸਾਡੇ ਸਮਾਜ ਦੇ ਚੁਣੇ ਹੋਏ
ਨੁਮਾਇੰਦਿਆ ਨੇ ਸਮਾਜਕ ਤਰੱਕੀ ਅਤੇ ਬਹੁਜਨ ਮੁਕਤੀ ਲਈ ਕੋਈ ਵੀ
ਸਾਰਥਕ ਕਈ ਕਦਮ ਨਹੀਂ ਚੁੱਕੇ। ਬਿਕਾਉ ਕਿਸਮ ਦੀ ਰਾਜਨੀਤੀ ਨੇ
ਸਾਡੇ ਸਮਾਜ ਦਾ ਬਹੁਤ ਹੀ ਨੁਕਸਾਨ ਕਰ ਦਿੱਤਾ ਹੈ। ਸਾਡੇ ਸਮਾਜ
ਦੇ ਪੜ੍ਹੇ-ਲਿਖੇ ਲੋਕ ਬਾਬੂ ਕਾਂਸ਼ੀ ਰਾਮ ਦੀ ਸੱਚੀ-ਸੁੱਚੀ ਸੋਚ
ਨੂੰ ਸਮਝ ਨਹੀਂ ਸਕੇ ਉਹਨਾਂ ਨੇ ਬਾਬੂ ਕਾਂਸ਼ੀ ਰਾਮ ਜੀ ਤੋਂ ਮੂੰਹ
ਫੇਰ ਲਿਆ। ਉਨ੍ਹਾਂ ਨੇ ਬਾਬੂ ਕਾਂਸੀ ਰਾਮ ਜੀ ਤੋਂ ਹੀ ਮੂੰਹ
ਨਹੀਂ ਫੇਰਿਆ ਆਪਣੇ ਸਮਾਜ ਤੋਂ ਵੀ ਮੂੰਹ ਫੇਰ ਲਿਆ। ਜਿਹੜੇ ਲੋਕ
ਤਾਂ ਐੱਸ. ਸੀ. ਕੋਟੇ ਵਿਚੋਂ ਨੌਕਰੀਆਂ ਲੈ ਕੇ ਅੱਗੇ ਵਧੇ ਉਹ ਵੀ
ਆਪਣੇ ਪਰਿਵਾਰ ਤੱਕ ਹੀ ਸੀਮਤ ਰਹੇ ਅਤੇ ਸਾਡੇ ਸਮਾਜ ਦੇ ਐਨ. ਆਰ.
ਆਈ. ਭਰਾਵਾਂ ਨੇ ਬਾਬੂ ਕਾਂਸ਼ੀ ਰਾਮ ਦੀ ਬਹੁਤੀ ਮਦਦ ਨਹੀਂ ਕੀਤੀ,
ਉਹ ਵਿਰੋਧੀਆਂ ਦੀਆਂ ਦੀਆਂ ਸੁਣੀਆਂ-ਸੁਣਾਈਆਂ ਗੱਲਾਂ ਵਿਚ ਆਉਂਦੇ
ਰਹੇ ਅਤੇ ਬਾਬੂ ਕਾਂਸ਼ੀ ਰਾਮ ਜੀ ਤੇ ਪੈਸਾ ਇਕੱਠਾ ਕਰਨ ਦਾ ਇਲਜਾਮ
ਲਗਾਉਂਦੇ ਰਹੇ ਜੋ ਕਿ ਸਮਾਜ ਨੂੰ ਇਕ ਕਰਨ ਅਤੇ ਜਾਗ੍ਰਿਤ ਕਰਨ
ਵਿਚ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਦੇ ਸਨ। ਇਕ ਵਾਰ ਦੀ
ਗੱਲ ਹੈ ਕਿ ਬਾਬੂ ਕਾਂਸ਼ੀ ਰਾਮ ਜੀ ਸਾਡੇ ਐੱਨ. ਆਰ. ਆਈ. ਭਰਾਵਾਂ
ਦਾ ਪਾਰਟੀ ਲਈ ਇਕੱਠਾ ਕੀਤਾ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ
ਸੀ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਪਾਰਟੀ ਦਾ ਇੰਨਾ ਖ਼ਰਚਾ ਹੀ
ਇਕ ਦਿਨ ਦਾ ਹੈ ਅਤੇ ਤੁਸੀਂ ਸਾਰੀ ਜਿੰਦਗੀ ਮੈਨੂੰ ਇਹ ਇਲਜਾਮ
ਲਗਾਉਣੇ ਹਨ ਕਿ ਸਾਡਾ ਪੈਸਾ ਕਾਂਸ਼ੀ ਰਾਮ ਨੇ ਖਾ ਲਿਆ। ਇਹ ਗੱਲਾਂ
ਮੈਂ ਤਾਂ ਲਿਖ ਰਿਹਾ ਹਾਂ ਕਿਉਂਕਿ ਸਾਡਾ ਸਮਾਜ ਹੀ ਆਪਣੇ ਦਲਿਤ
ਰਹਿਬਰਾਂ ਦੀ ਸੋਚ ਨੂੰ ਨਹੀਂ ਸਮਝ ਪਾਉਂਦਾ ਅਤੇ ਉਨ੍ਹਾਂ ਦਾ ਸਾਥ
ਨਹੀਂ ਦੇ ਪਾਉਂਦਾ। ਇਸ ਤੋਂ ਇਲਾਵਾ ਜੋ ਲੋਕ ਡਾ. ਅੰਬੇਡਕਰ ਦੀ
ਬਦੌਲਤ ਨੌਕਰੀਆਂ ਤੇ ਲੱਗੇ ਹੋਏ ਹਨ ਉਹ ਵੀ ਸਮਾਜਕ ਸੰਗਠਨਾਂ ਲਈ
ਖਾਸ ਯੋਗਦਾਨ ਨਹੀਂ ਦਿੰਦੇ।ਸਾਡੇ ਸਮਾਜ ਦੇ ਬਹੁਤ ਸਾਰੇ ਐਸੇ ਲੋਕ
ਹਨ ਜਿਨ੍ਹਾਂ ਨੂੰ ਨੌਕਰੀਆਂ ਦੌਰਾਨ ਕਾਫੀ ਦਫ਼ਤਰੀ ਅਤੇ ਕਾਨੂੰਨੀ
ਤਜਰਬਾ ਹੋ ਚੁੱਕਾ ਹੈ। ਉਹ ਦਫ਼ਤਰੀ ਪੈਚੀਦਗੀਆਂ ਨੂੰ ਚੰਗੀ
ਤਰ੍ਹਾਂ ਜਾਣਦੇ ਹਨ। ਉਨ੍ਹਾਂ ਨੂੰ ਸਮਾਜਿਕ ਕੰਮਾਂ ਲਈ ਅੱਗੇ
ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਮੇਰੇ ਵੀਰ ਛੋਟੀ-ਮੋਟੀ
ਨੌਕਰੀ ਕਰਦੇ ਹਨ ਉਨ੍ਹਾਂ ਨੂੰ ਵੀ ਸਮਜਾਕ ਤਰੱਕੀ ਲਈ ਆਪਣਾ ਆਪਣਾ
ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਐਨ. ਆਰ. ਆਈ. ਭਰਾਵਾਂ ਨੂੰ
ਬਾਮਸੇਫ ਵਰਗੇ ਸੰਗਠਨਾਂ ਅਤੇ ਦਲਿਤਾਂ ਖਾਤਰ ਮਨੂੰਵਾਦੀਆਂ ਨਾਲ
ਲੜ ਰਹੀ ਪਾਰਟੀ ਦਾ ਆਰਥਿਕ ਸਹਿਯੋਗ ਕਰਨਾ ਚਾਹੀਦਾ ਹੈ। ਜੋ ਵੀ
ਸਾਡੇ ਸਮਾਜ ਦੀ ਗੱਲ ਕਰਦਾ ਹੈ ਜਿਵੇਂ ਮਹਾਤਮਾ ਜੋਤੀ ਰਾਓ ਫੂਲੇ,
ਡਾ. ਅੰਬੇਡਕਰ, ਬਾਬੂ ਕਾਂਸ਼ੀ ਰਾਮ, ਭੈਣ ਕੁਮਾਰੀ ਮਾਇਆਵਤੀ,
ਸਾਨੂੰ ਇਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਦੇ ਹੋਏ ਇਨ੍ਹਾਂ ਦੇ
ਆਦਾਰਿਆਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜੋ
ਵੀ ਸਾਡੇ ਸਮਾਜ ਵਿਚ ਮਨੂੰਵਾਦੀਆਂ ਨਾਲ ਲੜਦਾ ਹੈ ਉਸ ਦੀ ਸਹਾਇਤਾ
ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੀ ਬਦੌਲਤ ਹੀ ਸਾਡੇ ਸਮਾਜ
ਵਿਚ ਅੱਤਿਆਚਾਰਾਂ ਵਿਰੁੱਧ ਲੜਨ ਦੀ ਤਾਕਤ ਮਿਲਦੀ ਹੈ। ਆਓ, ਅਸੀਂ
ਆਪਣੇ ਦਲਿਤ ਰਹਿਬਰਾਂ ਦੀ ਉਸਾਰੂ ਸੋਚ ਨੂੰ ਅਪਣਾ ਕੇ ਸਮਾਜ ਨੂੰ
ਸਹੀ ਦਿਸ਼ਾ ਵੱਲ ਲੈ ਕੇ ਜਾਈਏ।
ਅੱਜ ਗੱਲ
ਫਿਰ ਦਲਿਤ ਸੰਗਠਨ ਦੀ ਕਰਨੀ ਪੈ ਰਹੀ ਹੈ, ਵੈਸੇ ਤਾਂ ਦਲਿਤਾਂ ਦੇ
ਛੋਟੇ ਛੋਟੇ ਸੰਗਠਨ ਬਹੁਤ ਹਨ ਪਰ ਇਨ੍ਹਾਂ ਸਾਰੇ ਸੰਗਠਨਾਂ ਨੂੰ
ਚਾਹੀਦਾ ਹੈ ਕਿ ਆਪਸੀ ਤਾਲਮੇਲ ਬਣਾ ਕੇ ਰੱਖਣ ਇਕ ਜਿਲ੍ਹੇ ਦੀਆਂ
ਡਾ. ਅੰਬੇਡਕਰ ਸਭਾਵਾਂ ਅਤੇ ਬਾਮਸੇਫ ਦੀਆਂ ਸਭਾਵਾਂ ਦਾ ਦੂਜੇ
ਜਿਲ੍ਹੇ ਨਾਲ ਪੂਰਾ ਪੂਰਾ ਤਾਲਮੇਲ ਹੋਣਾ ਚਾਹੀਦਾ ਹੈ। ਇਸੇ
ਤਰ੍ਹਾਂ ਇਕ ਸਟੇਟ ਦਾ ਦੂਜੇ ਸਟੇਟ ਦੀਆਂ ਸਭਾਵਾਂ ਨਾਲ ਆਪਸੀ
ਤਾਲਮੇਲ ਹੋਣਾ ਚਾਹੀਦਾ ਹੈ। ਇਕ ਦੂਜੇ ਦੇ ਯਤਨਾਂ ਨਾਲ ਆਪਸੀ
ਤਾਲਮੇਲ ਨਾਲ ਹੀ ਆਉਣ ਵਾਲੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਇਆ
ਜਾ ਸਕੇਗਾ ਅਤੇ ਮਨੂੰਵਾਦੀ ਸੋਚ ਦੀਆਂ ਜੜ੍ਹਾਂ ਪੁੱਟੀਆਂ ਜਾ
ਸਕਣਗੀਆਂ। ਬਾਕੀ ਛੋਟੇ ਛੋਟੇ ਦਲਿਤ ਸੰਗਠਨਾਂ ਨੂੰ ਆਪਸੀ
ਵੈਰ-ਵਿਰੋਧ ਛਡ ਕੇ ਸਮਾਜ ਨਾਲ ਹੋ ਰਹੀ ਧੱਕੇ-ਸ਼ਾਹੀ ਨੂੰ ਰੋਕਣ
ਲਈ ਅੱਗੇ ਆਉਣਾ ਚਾਹੀਦਾ ਹੈ। ਸਾਰੇ ਰਲ ਕੇ ਸਮਾਜ ਨਾਲ ਹੋ ਰਹੀਆਂ
ਵਧੀਕੀਆਂ ਅਤੇ ਮਹਾਨ ਦਲਿਤ ਮਹਾਂਪੁਰਸ਼ਾਂ ਤੇ ਆਗੂਆਂ ਦੀਆਂ
ਕੁਰਬਾਨੀਆਂ ਨੂੰ ਲੋਕਾਂ ਵਿਚ ਦੱਸਣ। ਗਰੀਬ ਅਤੇ ਅਨਪੜ੍ਹ ਦਲਿਤਾਂ
ਨੂੰ ਭਰੋਸਾ ਦੁਆਇਆ ਜਾਵੇ ਕਿ ਅਸੀਂ ਤੁਹਾਡੇ ਨਾਲ ਹਾਂ ਜੇਕਰ ਉਹ
ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਤਾਂ ਉਨ੍ਹਾਂ ਦੀ ਮਦਦ
ਕੀਤੀ ਜਾਵੇ ਤਾਂ ਕਿ ਅਜਿਹੇ ਬੱਚੇ ਦੇਸ਼ ਦਾ ਸੁਨਹਿਰਾ ਭਵਿੱਖ ਬਣ
ਸਕਣ। ਬਾਕੀ ਸਮੇਂ ਦੀਆਂ ਸਰਕਾਰਾਂ ਨੂੰ ਵੀ ਤਾੜਨਾ ਹੈ ਕਿ ਉਹ
ਦਲਿਤ ਸਮਾਜ ਨਾਲ ਹੋ ਰਹੀਆਂ ਵਧੀਕੀਆਂ ਨੂੰ ਠੋਸ ਕਦਮ ਉਠਾ ਕੇ
ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਕੋਈ ਠੋਸ ਕਾਨੂੰਨ ਬਣਾਵੇ
ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦਲਿਤ ਸਮਾਜ ਆਪਣੇ ਸੁਨਿਹਰੀ
ਭਵਿੱਖ ਲਈ ਅਤੇ ਆਜਾਦੀ ਲਈ ਬਗਾਵਤ ਦੇ ਰਸਤੇ ਤੇ ਆ ਖੜ੍ਹਾ
ਹੋਵੇਗਾ। |