UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

          

ਦਲਿਤਾਂ ਤੇ ਦਿਨੋਂ-ਦਿਨ ਵਧ ਰਿਹਾ ਤਸ਼ੱਦਦ

ਹਰਜਿੰਦਰ ਪਾਲ ਹੀਰ (ਪੁਰਤਗਾਲ)

ਭਾਰਤ ਦੇਸ਼ ਨੂੰ ਆਜਾਦ ਹੋਏ 65 ਸਾਲ ਹੋ ਚੁੱਕੇ ਹਨ। ਭਾਰਤ ਦੀਆਂ ਕਿੰਨੀਆਂ ਹੀ ਸਰਕਾਰਾਂ ਆ ਆ ਕੇ ਚਲੀਆਂ ਗਈਆਂ ਪਰ ਭਾਰਤ ਦੀ ਨੁਹਾਰ ਕੋਈ ਬਦਲ ਨਹੀਂ ਸਕਿਆ। ਮੌਕੇ ਦੀਆਂ ਸਰਕਾਰਾਂ ਵਲੋਂ ਇਹ ਦਿਖਾਵਾ ਕੀਤਾ ਜਾਂਦਾ ਹੈ ਕਿ ਭਾਰਤ ਤਰੱਕੀ ਬਹੁਤ ਕਰ ਰਿਹਾ ਹੈ ਪਰ ਕਿਸੇ ਵੀ ਦੇਸ਼ ਦੀ ਤਰੱਕੀ ਦਾ ਅਨੁਮਾਨ ਓਥੋਂ ਦੇ ਨਾਗਰਿਕਾਂ ਦੇ ਜੀਵਨ ਪੱਧਰ ਤੋਂ ਵੇਖ ਕੇ ਲਗਾਇਆ ਜਾ ਸਕਦਾ ਹੈ। ਆਜਾਦੀ ਤੋਂ ਮਗਰੋਂ ਜਿਹੜਾ ਸੰਵਿਧਾਨ ਦੇਸ਼ ਨੂੰ ਲੋਕਤੰਤਰ ਦੇ ਰੂਪ ਵਿਚ ਦਿੱਤਾ ਗਿਆ ਉਸਨੂੰ 1950 ਤੋਂ ਲਾਗੂ ਕੀਤਾ ਜਾ ਚੁੱਕਾ ਹੈ ਇਸ ਦੇ ਬਾਵਜੂਦ ਇਹ ਸੰਵਿਧਾਨ ਇਕ ਬੰਦ ਕਿਤਾਬ ਦੀ ਤਰ੍ਹਾਂ ਪਿਆ ਹੋਇਆ ਹੈ ਕਿਉਂਕਿ ਜਿਹੜੇ ਗਰੀਬ ਦਲਿਤ ਸਮਾਜ ਨੂੰ ਬਰਾਬਰੀ ਦੇ ਹੱਕ ਦਵਾਉਣ ਲਈ ਇਸ ਸੰਵਿਧਾਨ ਦੀ ਸਿਰਜਣਾ ਕੀਤੀ ਗਈ ਸੀ, ਉਹ ਸਮਾਜ ਅੱਜ ਵੀ ਪਹਿਲਾਂ ਵਾਲੇ ਹਲਾਤਾਂ ਵਿਚ ਹੀ ਗੁਜਰ ਰਿਹਾ ਹੈ।

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਦਲਿਤਾਂ ਤੇ ਹੋ ਰਹੇ ਇਨ੍ਹਾਂ ਅੱਤਿਆਚਾਰਾਂ ਨੂੰ ਰੋਕਣ ਲਈ ਹੀ ਅੰਗਰੇਜਾਂ ਤੋਂ ਦਲਿਤਾਂ ਦੇ ਅਧਿਕਾਰਾਂ ਦੀ ਮੰਗ ਕੀਤੀ ਸੀ ਪਰ ਮਹਾਤਮਾ ਗਾਂਧੀ ਨੇ ਡਾ. ਅੰਬੇਡਕਰ ਦੀ ਇਸ ਮੰਗ ਦੇ ਵਿਰੁੱਧ ਮਰਨ ਵਰਤ ਰੱਖ ਲਿਆ ਸੀ। ਫਿਰ ਡਾ. ਅੰਬੇਡਕਰ ਅਤੇ ਮਹਾਤਮਾ ਗਾਂਧੀ ਦੇ ਵਿਚਕਾਰ ਸਮਝੌਤਾ ਹੋਇਆ, ਇਹ ਸਮਝੌਤਾ ਪੂਨਾ ਪੈਕਟ ਦੇ ਨਾਮ ਨਾਲ ਮਸ਼ਹੂਰ ਹੋਇਆ। ਬਸ, ਇਸ ਸਮਝੌਤੇ ਤੋਂ ਬਾਅਦ ਜਿਹੜੇ ਸਾਨੂੰ ਅਧਿਕਾਰ ਮਿਲ ਗਏ ਉਹੀ ਮਿਲ ਗਏ, ਉਸ ਤੋਂ ਬਾਅਦ ਨਾ ਹੀ ਕਿਸੇ ਨੇ ਦਲਿਤ ਸਮਾਜ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਅਤੇ ਨਾ ਹੀ ਕਿਸੇ ਨੇ ਡਾ. ਅੰਬੇਡਕਰ ਦੀ ਤਰ੍ਹਾਂ ਇਸ ਵਿਚ ਰੁੱਚੀ ਵਿਖਾਈ। ਅੱਜ ਵੀ ਅਸੀਂ ਟੈਲੀਵਿਜਨ ਅਤੇ ਅਖ਼ਬਾਰਾਂ ਵਿਚ ਦਲਿਤ ਸਮਾਜ ਤੇ ਹੋ ਰਹੇ ਅੱਤਿਆਚਾਰਾਂ ਦੀ ਦਾਸਤਾਨ ਦੇਖ ਸਕਦੇ ਹਾਂ। ਅਜਿਹੇ ਅੱਤਿਆਚਾਰ ਜੋ ਬਹੁਤ ਹੀ ਘਨੌਣੇ ਤਰੀਕੇ ਨਾਲ ਕੀਤੇ ਜਾਂਦੇ ਹਨ। ਜਦੋਂ ਇਸ ਸਮਾਜ ਦੇ ਲੋਕਾਂ ਤੇ ਅੱਤਿਆਚਾਰ ਹੋ ਰਹੇ ਹੁੰਦੇ ਹਨ ਉਸ ਸਮੇਂ ਇਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ ਪਰ ਬਾਅਦ ਵੋਟਾਂ ਦੇ ਸਮੇਂ ਐਮ. ਪੀ. ਅਤੇ ਐਮ. ਐਲ. ਏ. ਦਲਿਤਾਂ ਦੇ ਘਰੋ-ਘਰੀਂ ਆਪਣੀ ਜਾਤ ਦੀ ਦੁਹਾਈ ਪਿੱਟਦੇ ਵੋਟਾਂ ਮੰਗਣ ਤੁਰ ਪੈਂਦੇ ਹਨ। ਉਹੀ ਮੰਤਰੀ ਜਾਂ ਅਫ਼ਸਰ ਜਦੋਂ ਕਿਸੇ ਉੱਚੇ ਅਹੁੱਦੇ ਤੇ ਪਹੁੰਚ ਜਾਂਦੇ ਹਨ ਤਾਂ ਆਪਣੇ ਸਮਾਜ ਨੂੰ ਹੀ ਭੁੱਲ ਜਾਂਦੇ ਹਨ। ਭੁੱਲਣ ਵੀ ਕਿਉਂ ਨਾ ਕਿਉਂਕਿ ਇਹ ਰੀਤ ਹੀ ਚੱਲੀ ਆ ਰਹੀ ਹੈ ਕਿ ਦਲਿਤ ਸਮਾਜ ਨੂੰ ਕਿਸੇ ਨੇ ਅੱਗੇ ਤਾਂ ਪੁੱਛਿਆ ਨਹੀਂ ਫਿਰ ਮੈਨੂੰ ਕਿ ਪੁੱਛਣ ਦੀ ਜਰੂਰਤ ਹੈ, ਉਹ ਸੋਚਦੇ ਹਨ ਕਿ ਇਸ ਚੱਲ ਰਹੀ ਰੀਤ ਨੂੰ ਤੋਡ਼ਨ ਦਾ ਕੀ ਫਾਇਦਾ।

ਅੱਜ ਦਲਿਤ ਵਰਗ ਦੇ ਬੱਚੇ ਸਕੂਲ ਜਾਂਦੇ ਹਨ ਤਾਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਪਹਿਲੀ ਗੱਲ ਤਾਂ ਦਲਿਤ ਸਮਾਜ ਦੇ ਬੱਚੇ ਜਿਨ੍ਹਾਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਉਨ੍ਹਾਂ ਸਕੂਲਾਂ ਵਿਚ ਪੜ੍ਹਾਈ ਵਧੀਆ ਢੰਗ ਨਾਲ ਮੁਹੱਈਆ ਨਹੀਂ ਕਰਵਾਈ ਜਾਂਦੀ। ਜਿਸ ਕਾਰਨ ਦਲਿਤ ਸਮਾਜ ਦੇ ਬੱਚਿਆਂ ਦੀ ਵਰਤਮਾਨ ਭਵਿੱਖ ਵਿਗੜ ਜਾਂਦਾ ਹੈ ਕਿਉਂਕ ਜਦ ਨੀਂਹ ਹੀ ਮਜਬੂਤ ਨਹੀਂ ਹੁੰਦੀ ਤਾਂ ਉਸ ਉਪਰ ਉਸਾਰੀ ਜਾ ਰਹੀ ਜਿੰਦਗੀ ਕਿਵੇਂ ਸੁਰੱਖਿਅਤ ਹੋ ਸਕਦੀ ਹੈ। ਅੱਜ ਦੇ ਸਮੇਂ ਵਿਚ ਭਾਰਤ ਅੰਦਰ ਜਿੱਥੇ ਵਿਦਿੱਆ ਨੂੰ ਵੀ ਇਕ ਬਿਜਨੈੱਸ ਦੇ ਤੌਰ ਤੇ ਅਪਣਾਇਆ ਜਾ ਚੁੱਕਾ ਹੈ, ਓਥੇ ਦਲਿਤ ਗਰੀਬ ਵਰਗ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਪੱਧਰ ਇੰਨਾ ਗਿਰ ਹੋ ਚੁੱਕਾ ਹੈ ਕਿ ਦਲਿਤਾਂ ਤੋਂ ਇਲਾਵਾ ਹੋਰ ਕੋਈ ਵਰਗ ਸਰਕਾਰੀ ਸਕੂਲਾਂ ਵਿਚ ਆਪਣੇ ਬੱਚੇ ਭੇਜਣ ਵਿਚ ਆਪਣੀ ਬੇਇਜ਼ਤੀ ਮਹਿਸੂਸ ਕਰਦਾ ਹੈ। ਜੇਕਰ ਦਲਿਤਾਂ ਦੇ ਬੱਚੇ ਸਕੂਲ ਜਾਂਦੇ ਵੀ ਹਨ ਤਾਂ ਇਨ੍ਹਾਂ ਨਾਲ ਓਥੇ ਵੀ ਵਿਤਕਰਾ ਕੀਤਾ ਜਾਂਦਾ ਹੈ, ਇਸ ਪ੍ਰਕਾਰ ਬੱਚੇ ਆਪਣੇ ਆਪ ਨੂੰ ਨੀਂਵਾ ਸਮਝ ਕੇ ਮੁਢਲੀ ਪੜ੍ਹਾਈ ਪੰਜਵੀਂ ਤੱਕ ਹੀ ਵਿਚਾਲੇ ਛੱਡ ਜਾਂਦੇ ਹਨ। ਮਾਂ ਬਾਪ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਪਰ ਬੱਚੇ ਦਾ ਸਕੂਲ ਤੋਂ ਮਨ ਖੱਟਾ ਹੋਣ ਕਰਕੇ ਉਹ ਪੜ੍ਹਾਈ ਵੱਲ ਮੂੰਹ ਨਹੀਂ ਕਰਦਾ ਜਿਸਦਾ ਖਮਿਆਜਾ ਉਸਨੂੰ ਪੂਰੀ ਜਿੰਦਗੀ ਭੁਗਤਣਾ ਪੈਂਦਾ ਹੈ।

ਕੁਝ ਦਲਿਤਾਂ ਦੀ ਆਰਥਿਕਤਾ ਥੋੜ੍ਹੀ ਠੀਕ ਹੁੰਦੀ ਹੈ ਜੇਕਰ ਉਹ ਬੱਚੇ ਪ੍ਰੇਰਣਾ ਨਾਲ ਸਕੂਲ ਜਾਣ ਲਈ ਰਾਜੀ ਕਰਦੇ ਹਨ ਤਾਂ ਬੱਚਾ ਸਕੂਲ ਤਾਂ ਚਲਾ ਜਾਂਦਾ ਹੈ ਪਰ ਸਕੂਲ ਦੇ ਮਾਹੌਲ ਅੰਦਰ ਉਸਨੂੰ ਹੀਣ-ਭਾਵਨਾ ਦਾ ਸ਼ਿਕਾਰ ਹੋਣਾ ਪੈਂਦਾ ਹੈਮੈਟ੍ਰਿਕ ਤੱਕ ਪਹੁੰਚਦੇ-ਪਹੁੰਚਦੇ ਉਹ ਇਸ ਸਮਾਜਿਕ ਵਿਤਕਰੇ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਸਾਡੇ ਨਾਲ ਜਿੰਦਗੀ ਵਿਚ ਹਰ ਪਾਸੇ ਵਿਤਕਰਾ ਹੋ ਰਿਹਾ ਹੈ ਇਸ ਲਈ ਇਸ ਨੂੰ ਹੱਲ ਕਰਨ ਬਾਰੇ ਉਹ ਸੋਚਦੇ ਹਨ।ਜੇਕਰ ਅਚਨਚੇਤ ਅੱਪਰ ਕਲਾਸ ਦੇ ਦੋਸਤ-ਮਿੱਤਰ ਅਜਿਹੇ ਮਿਲ ਜਾਣ ਜੋ ਰੂੜੀਵਾਦੀ ਗੱਲਾਂ ਵਿਚ ਯਕੀਨ ਨਹੀਂ ਕਰਦੇ ਅਤੇ ਜਿਨ੍ਹਾਂ ਦੇ ਮਨ ਵਿਚ ਜਾਤ-ਪਾਤ ਪ੍ਰਤੀ ਨਫ਼ਰਤ ਨਹੀਂ ਹੁੰਦੀ ਅਤੇ ਜੇ ਅਧਿਆਪਕ ਵੀ ਅਜਿਹੇ ਟੱਕਰ ਪੈਣ ਜੋ ਜਾਤ-ਪਾਤ ਵਿਚ ਵਿਸ਼ਵਾਸ਼ ਨਾ ਰੱਖਦੇ ਹੋਣ ਅਤੇ ਦਲਿਤ ਬੱਚਿਆਂ ਨੂੰ ਪਿਆਰ ਨਾਲ ਗਾਇਡ ਕਰਨ ਤਾਂ ਉਹ ਬੱਚੇ ਆਪਣੀ ਮੰਜਿਲ ਨੂੰ ਸਹੀ ਤਰੀਕੇ ਨਾਲ ਹਾਸਲ ਕਰ ਲੈਂਦੇ ਹਨ ਅਤੇ ਹੀਣਭਾਵਨਾ ਦਾ ਸ਼ਿਕਾਰ ਹੋਣ ਤੋਂ ਵੀ ਬਚ ਜਾਂਦੇ ਹਨ।

ਮਸਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ ਜਦੋਂ ਦਲਿਤਾਂ ਨੂੰ ਐਜੂਕੇਸ਼ਨ ਤੋਂ ਬਾਅਦ ਨੌਕਰੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਦਫ਼ਤਰਾਂ ਵਿਚ ਵੀ ਜਾਤ-ਬਰਾਦਰੀ ਵਾਲੀ ਭਾਵਨਾ ਅਤੇ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮਤਲਬ ਕਿ ਜਨਰਲ ਕੈਟਾਗਿਰੀ ਦੇ ਲੋਕ ਜਿਆਦਾ ਗਿਣਤੀ ਵਿਚ ਨੌਕਰੀਆਂ ਤੇ ਹੁੰਦੇ ਹਨ। ਪਰ ਇਸਦੇ ਉਲਟ ਗਰੀਬੀ ਤੇ ਅਨਪੜ੍ਹਤਾ ਹੋਣ ਕਰਕੇ ਦਲਿਤ ਪਰਿਵਾਰਾਂ ਵਿਚੋਂ ਨੌਕਰੀਆਂ ਦੇ ਮੌਕੇ ਬਹੁਤ ਘੱਟ ਲੋਕਾਂ ਨੂੰ ਮਿਲਦੇ ਹਨ। ਜਨਰਲ ਕੈਟਾਗਿਰੀ ਦੇ ਜਿਆਦਾ ਮੁਲਾਜਮ ਹੋਣ ਕਰਕੇਅਤੇ ਦਫ਼ਤਰਾਂ ਵਿਚ ਦਲਿਤ ਮੁਲਾਜ਼ਮ ਘੱਟ ਹੋਣ ਕਾਰਨ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਭਾਵੇਂ ਉਹ ਨੌਕਰੀ ਵਿਚ ਇਕੋ ਜਿਹੇਅਹੁੱਦੇ ਤੇ ਹੁੰਦੇ ਹਨ, ਤਨਖਾਹ ਇਕ ਬਰਾਬਰ ਲੈਂਦੇ ਹਨ ਅਤੇ ਕੰਮ-ਕਾਜਵੀ ਇਕ ਬਰਾਬਰ ਕਰਦੇ ਹਨ ਪਰ ਫਿਰ ਵੀ ਦਲਿਤ ਮੁਲਾਜ਼ਮਾਂ ਨੂੰ ਵੱਖੋ-ਵੱਖਰੇ ਢੰਗ-ਤਰੀਕਿਆਂ ਨਾਲ ਅਪਮਾਨਿਤ ਕੀਤਾ ਜਾਂਦਾ ਹੈਦਲਿਤ ਸਮਾਜ ਵਿਚ ਚਾਹੇ ਕੋਈ ਆਈ. ਐੱਸ. ਅਫ਼ਸਰ ਹੋਵੇ, ਆਈ. ਪੀ. ਐੱਸ. ਅਫ਼ਸਰ ਹੋਵੇ, ਐੱਸ. ਐੱਚ. ਓ. ਹੋਵੇ ਜਾਂ ਕਿਸੇ ਵੀ ਉੱਚ ਮਹਿਕਮੇ ਵਿਚ ਹੋਵੇ ਉਹ ਸਭ ਤੋਂ ਪਹਿਲਾਂ ਚਮਾਰ ਹੈ, ਚੂੜ੍ਹਾ ਹੈ, ਜੁਲਾਹਾ ਹੈ, ਬਾਅਦ ਵਿਚ ਉਹ ਅਫਸਰ ਹੈ, ਉਸ ਨੂੰ ਉਹ ਆਦਰ ਸਤਿਕਾਰ ਨਹੀਂ ਦਿੱਤਾ ਜਾਂਦਾ ਜੋ ਅੱਪਰ ਕਾਸਟ ਦੇ ਚਪੜਾਸੀ ਨੂੰ ਦਿੱਤਾ ਜਾਂਦਾ ਹੈ। ਇਹੋ ਜਿਹਾ ਵਿਤਕਰਾ ਹੀ ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਹੋਇਆ ਸੀ, ਇੰਨੀਆਂ ਡਿਗਰੀਆਂ ਲੈਣ ਦੇ ਬਾਵਜੂਦ ਉਸਨੂੰ ਉੱਚੀ ਕਾਸਟ ਦਾ ਚਪੜਾਸੀ ਪਾਣੀ ਨਹੀਂ ਸੀ ਪਿਲਾਉਂਦਾ ਹੁੰਦਾ, ਬਾਬਾ ਸਾਹਿਬ ਖੁਦ ਪਾਣੀ ਪੀਂਦੇ ਸਨ

ਹੁਣ ਨਜ਼ਰ ਮਾਰਦੇ ਹਾਂ ਸਾਡੇ ਸਮਾਜ ਵਿਚ ਦਲਿਤ ਔਰਤਾਂ ਦੀ ਦੁਰਦਸ਼ਾ ਉੱਤੇ। ਦਲਿਤ ਸਮਾਜ ਵਿਚ ਔਰਤਾਂ ਦੀ ਜੋ ਦੁਰਦਸ਼ਾ ਕੀਤੀ ਜਾ ਰਹੀ ਹੈ ਉਸਦੀ ਦਰਦਨਾਕ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ। ਦਲਿਤ ਮਹਿਲਾ ਸਮਾਜਿਕ ਵਿਤਕਰਾ, ਪਰਿਵਾਰਕ ਗਰੀਬੀ ਅਤੇ ਸਰੀਰਕ ਸ਼ੋਸ਼ਣ ਜਿਹੀਆਂ ਲਾਹਣਤਾਂ ਤੋਂ ਇੰਨੀ ਕੁ ਪੀੜਤ ਹੈ ਕਿ ਉਸਨੇ ਜਿੰਦਗੀ ਨਾਲੋਂ ਜਿਆਦਾ ਮੌਤ ਨੂੰ ਗਲੇ ਲਗਾਇਆ ਹੋਇਆ ਹੈ। ਦਿਨੋਂ ਦਿਨ ਦਲਿਤ ਮਹਿਲਾਵਾਂ ਵਿਚ ਖੁਦਕੁਸ਼ੀ ਦਾ ਰੁਜਾਨ ਵੱਧ ਰਿਹਾ ਹੈ। ਦਲਿਤ ਔਰਤ ਜੇਕਰ ਆਪਣੇ ਦੋ ਡੰਗ ਦੀ ਰੋਟੀ ਖਾਤਰ ਕਿਤੇ ਵੀ ਕੰਮ ਕਰਦੀ ਹੈ ਤਾਂ ਉਸ ਨੂੰ ਉਸਦੀ ਮਿਹਨਤ ਦੇ ਪੂਰੇ ਪੈਸੇ ਨਹੀਂ ਦਿੱਤੇ ਜਾਂਦੇ, ਉਸਨੂੰ ਕੰਮ ਤੋਂ ਕੱਢਣ ਦੀਆਂ ਧਮਕੀਆਂ ਦੇ ਕੇ ਉਸਦਾ ਸਰੀਰਕ ਸ਼ੋਸ਼ਣ ਤੱਕ ਕੀਤਾ ਜਾਂਦਾ ਹੈ।

ਪਿੰਡਾ ਵਿਚ ਵੀ ਬਹੁਤੇ ਸਕੂਲਾਂ ਵਿਚ ਦਲਿਤ ਲੜਕੀਆਂ ਨੂੰ ਬੇਸਹਾਰਾ ਅਤੇ ਗਰੀਬ ਸਮਝ ਕੇ ਬੇਇਜ਼ੱਤ ਕੀਤਾ ਜਾਂਦਾ ਹੈ। ਦਲਿਤ ਬੱਚੀਆਂ ਨੂੰ ਸਕੂਲ ਵਿਚ ਅਜਿਹੀਆਂ ਕਠੋਰ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਉਹ ਸਕੂਲ ਜਾਣ ਵਿਚ ਸ਼ਰਮ ਮਹਿਸੂਸ ਕਰਦੀਆਂ ਹਨ। ਉਨ੍ਹਾਂ ਦੇ ਕੱਪੜੇ ਤੱਕ ਉਤਾਰ ਕੇ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ ਗਰੀਬ ਦਲਿਤ ਪਰਿਵਾਰਾਂ ਦੀਆਂ ਵਦਿਆਰਥਣਾ ਦਾ ਸ਼ਹਿਰਾਂ ਵਿਚ ਵੀ ਵੱਖਰੇ ਵੱਖਰੇ ਤਰੀਕੇ ਨਾਲ ਅੱਤਿਆਚਾਰ ਤੇ ਸ਼ੋਸ਼ਣ ਕੀਤਾ ਜਾਂਦਾ ਹੈ। ਕਈ ਵਾਰ ਤਾਂ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਘਰ ਵਾਲੇ ਚੁੱਪ ਰਹਿਣ ਵਿਚ ਹੀ ਆਪਣਾ ਭਲਾ ਸਮਝਦੇ ਹਨ ਕਿਉਂਕਿ ਆਰਥਿਕ ਤੰਗੀਆਂ ਹੋਣ ਕਰਕੇ ਉਨ੍ਹਾਂ ਦੀ ਸਰਕਾਰ ਅਤੇ ਪੁਲਿਸ ਕੋਈ ਮਦਦ ਨਹੀਂ ਕਰਦੀ ਅਤੇ ਤਾਕਤਵਰ ਧਿਰ ਦੀ ਗੱਲ ਕਰਦਿਆਂ ਪੁਲਿਸ ਵੀ ਉਨ੍ਹਾਂ ਨੂੰ ਚੁੱਪ ਕਰਨ ਦੀ ਸਲਾਹ ਹੀ ਦਿੰਦੀ ਹੈ। ਇਨਸਾਫ਼ ਚਾਹੁੰਦੇ ਹੋਏ ਵੀ ਦਲਿਤਾਂ ਦੇ ਕੇਸ ਰਜਿਸਟਰ ਨਹੀਂ ਕੀਤੇ ਜਾਂਦੇ, ਸਗੋਂ ਉਨ੍ਹਾਂ ਨੂੰ ਹੋਰ ਬੇਇਜ਼ਤ ਕੀਤਾ ਜਾਂਦਾ ਹੈ। ਇਸ ਪ੍ਰਕਾਰ ਸਾਰਾ ਢਾਂਚਾ ਜਾਤ-ਪਾਤ ਦੇ ਅਧੀਨ ਵਿਚਰਦਾ ਨਜ਼ਰ ਆਉਂਦਾ ਹੈ ਜਿਸਦੇ ਸਿੱਟੇ ਇੱਜਤਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਹੋਰ ਹੌਸਲਾ ਮਿਲਦਾ ਰਹਿੰਦਾ ਹੈ। ਕਦੇ ਕਦੇ ਮੀਡੀਆ ਦੀ ਮਿਹਰਬਾਨੀ ਨਾਲ ਜੇਕਰ ਕੋਈ ਕੇਸ ਰਜਿਸਟਰ ਹੋ ਵੀ ਜਾਏ ਤਾਂ ਫਿਰ ਮੰਤਰੀਆਂ, ਅਫ਼ਸਰਾਂ ਜਾਂ ਕਿਸੇ ਅਸਰ ਰਸੂਖ ਵਾਲੇ ਆਦਮੀ ਦੇ ਕਹਿਣ ਤੇ ਕੇਸ ਰਫਾ-ਦਫਾ ਕਰਵਾ ਦਿੱਤੇ ਜਾਂਦੇ ਹਨ। ਇੱਥੋਂ ਤੱਕ ਕਿ ਕਈ ਵਾਰ ਦਲਿਤ ਪਰਿਵਾਰਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਹਰਿਆਣੇ ਦੀਆਂ ਘਟਨਾਵਾਂ ਨੂੰ ਅਜੇ ਬਹੁਤੀ ਦੇਰ ਨਹੀਂ ਹੋਈ ਜਿਸ ਵਿਚ ਦਲਿਤ ਲੜਕੀਆਂ ਦਾ ਸਰੀਰ ਸ਼ੋਸ਼ਣ ਵੀ ਹੋਇਆਇਕ ਲੜਕੀ ਦੇ ਬਾਪ ਨੇ ਬੇਇਜ਼ਤੀ ਨਾਲ ਆਤਮਹੱਤਿਆ ਕਰ ਲਈ ਸੀ ਇਸ ਤੋਂ ਪਹਿਲਾਂ ਦੀਆਂ ਖ਼ਬਰਾਂ ਯਾਦ ਹੋਣਗੀਆਂ ਜਦੋਂ ਦਲਿਤਾਂ ਦੇ ਘਰ ਵੀ ਫੂਕੇ ਗਏ ਸਨ।

ਅਜਿਹਾ ਕਿਉਂ ਹੋ ਰਿਹਾ ਹੈ ਕਿ ਇਕ ਪਾਸੇ ਤਾਂ ਗਰੀਬਾਂ ਦਲਿਤਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਦਲਿਤਾਂ ਦੀ ਕੋਈ ਪਹੁੰਚ ਨਹੀਂ ਹੈ। ਦਲਿਤ ਗਰੀਬ ਬੰਦੇ ਨੂੰ ਤਾਂ ਆਪਣੇ ਪਰਿਵਾਰ ਲਈ ਦੋ ਡੰਗ ਦੀ ਰੋਟੀ ਦਾ ਹੀ ਫਿਕਰ ਲੱਗਾ ਰਹਿੰਦਾ ਹੈ ਇਸ ਲਈ ਉਹ ਆਪਣੇ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਉਣਾ ਹੀ ਨਹੀਂ ਚਾਹੁੰਦਾ। ਦਲਿਤ ਇਸ ਹੋ ਰਹੇ ਵਿਤਕਰੇ ਤੋਂ ਵਾਕਫ ਹੁੰਦੇ ਹੋਏ ਵੀ ਆਪਣੀ ਜਿੰਦਗੀ ਦੀ ਮਜਬੂਰੀ ਸਮਝ ਕੇ ਜੀਅ ਰਹੇ ਹਨ।

ਅਜੌਕੇ ਸਮੇਂ ਵਿਚ ਸਰਕਾਰਾਂ ਨੇ ਇਕ ਪਾਸੇ ਤਾਂ ਦਲਿਤ ਸਮਾਜ ਨੂੰ ਆਰਥਿਕ ਤੌਰ ਤੇ ਗਰੀਬ ਕੀਤਾ ਅਤੇ ਲੱਕ-ਤੋੜ ਮਹਿੰਗਾਈ ਨੇ ਹੋਰ ਦੁਰਦਸ਼ਾ ਕਰ ਦਿੱਤੀ ਹੈ। ਦੂਜੇ ਪਾਸੇ ਮਾਨਸਿਕ ਤਸੀਹੇ ਦੇ ਦੇ ਕੇ ਦਲਿਤ ਸਮਾਜ ਪਿਛਲੇ ਦੌਰ ਵਿਚ ਲਿਜਾਏ ਜਾਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੌਰ ਵਿਚੋਂ ਡਾ. ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਾਨੂੰ ਕੱਢਿਆ ਸੀ। ਮੌਕੇ ਦੀਆਂ ਸਰਕਾਰਾਂ ਨੇ ਅਜੇ ਤੱਕ ਜਾਤ-ਪਾਤ ਵਾਲੀ ਮਾਨਸਿਕਤਾ ਅਧੀਨ ਦਲਿਤ ਵਰਗ ਦੀਆਂ ਕਮਜੋਰੀਆਂ ਤੋਂ ਫਾਇਦਾ ਉਠਾਇਆ ਹੈਅੱਜ ਦੀਆਂ ਸਰਕਾਰਾਂ ਦਲਿਤ ਸਮਾਜ ਦਾ ਖਾਤਮਾ ਕਰਨ ਵੱਲ ਤੁਲੀਆਂ ਹਨ ਅਤੇ ਬੜੇ ਢੰਗ ਤਰੀਕੇ ਨਾਲ ਦਲਿਤਾਂ ਦਾ ਸਮੂਹਿਕ ਖਾਤਮਾ ਕੀਤਾ ਜਾ ਰਿਹਾ ਹੈ। ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਕਦੇ ਵੀ ਵਿਰੋਧੀ ਪਾਰਟੀਆਂ ਨੇ ਆਵਾਜ਼ ਨਹੀਂ ਉਠਾਈ। ਗਰੀਬਾਂ ਦੀ ਪੀੜਾ ਦਿਨ-ਬ-ਦਿਨ ਇੰਨੀ ਵੱਧਦੀ ਜਾ ਰਹੀ ਹੈ ਕਿ ਇਹ ਸਹਾਰਨੀ ਮੁਸ਼ਕਲ ਹੀ ਨਹੀਂ ਬਲਕਿ ਇਕ ਮੌਤ ਦੀ ਤਰ੍ਹਾਂ ਦਿਖਾਈ ਦੇ ਰਹੀ ਹੈ।

ਦਲਿਤ ਸਮਾਜ ਇਸ ਪੀੜ੍ਹਾ ਵਿਚੋਂ ਕਿਵੇਂ ਬਾਹਰ ਨਿਕਲੇਗਾ, ਗੁਲਾਮੀ ਦੀਆਂ ਜੰਜੀਰਾਂ ਕਿਵੇਂ ਤੋੜੀਆਂ ਜਾ ਸਕਦੀਆਂ ਹਨ ਇਨ੍ਹਾਂ ਜੰਜੀਰਾਂ ਨੂੰ ਤੋੜਨ ਲਈ ਮੈਂ ਚਾਹੁੰਦਾ ਹਾਂ ਕਿ ਸਾਡਾ ਸਮਾਜ ਇਕੱਠਾ ਹੋ ਜਾਵੇ ਅਤੇ ਇਕ ਅਜਿਹਾ ਸੰਘਰਸ਼ ਅਰੰਭ ਕਰ ਲਵੇ ਜੋ ਆਰ-ਪਾਰ ਦੀ ਲੜਾਈ ਵਾਂਗਰ ਹੋਵੇ। ਜਿਸ ਤਰ੍ਹਾਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਇਹ ਪ੍ਰਣ ਕੀਤਾ ਸੀ ਕਿ ਜੇ ਮੈਂ ਆਪਣੇ ਸਮਾਜ ਲਈ ਕੁਝ ਨਾ ਕਰ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ਤਮ ਕਰ ਲਵਾਂਗਾ। ਇਸ ਪ੍ਰਕਾਰ ਸਾਡੇ ਦਲਿਤ ਸਮਾਜ ਨੂੰ ਆਪਣੇ ਹੱਕਾਂ ਦੀ ਰਾਖੀ ਲਈ, ਆਪਣੀ ਹਾਲਤ ਸੁਧਾਰਨ ਲਈ ਇਸ ਤਰ੍ਹਾਂ ਦਾ ਪ੍ਰਣ ਕਰ ਲੈਣਾ ਚਾਹੀਦਾ ਹੈ। ਗਰੀਬ ਦਲਿਤ ਵਰਗ ਦਾ ਹਰ ਬੰਦਾ ਇਹ ਸੋਚੇ ਕਿ ਪਲ-ਪਲ ਦੀ ਮੌਤ ਮਰ ਜਾਣ ਨਾਲੋਂ ਇਕੋ ਵਾਰ ਮਰਨਾ ਚੰਗਾ ਹੈ ਜਦੋਂ ਦਲਿਤ ਵਰਗ ਦਾ ਹਰੇਕ ਬੰਦਾ ਇਸ ਗੱਲ ਦਾ ਪ੍ਰਣ ਕਰ ਲਵੇਗਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਦਲਿਤ ਵਰਗ ਸਦਾ ਲਈ ਗੁਲਾਮੀ ਦੀਆਂ ਜੰਜੀਰਾਂ ਤੋਂ ਛੁਟਕਾਰਾ ਪਾ ਲਵੇਗਾ।